ਵਿਸ਼ਵ ਦੇ ਮਹਾਨ ਖਿਡਾਰੀ: ਏਸ਼ੀਆ ਦਾ ਉਡਣਾ ਦੌੜਾਕ ਅਬਦੁੱਲ ਖ਼ਾਲਿਕ

ਪ੍ਰਿੰ. ਸਰਵਣ ਸਿੰਘ
ਪਾਕਿਸਤਾਨ ਦਾ ਅਥਲੀਟ ਅਬਦੁੱਲ ਖ਼ਾਲਿਕ ਭਾਰਤ ਦੇ ਮਿਲਖਾ ਸਿੰਘ ਵਰਗਾ ਹੀ ਉਡਣਾ ਦੌੜਾਕ ਸੀ। ਦੋਹਾਂ ਦਾ ਜਨਮ ਲਹਿੰਦੇ ਪੰਜਾਬ `ਚ ਹੋਇਆ ਸੀ। ਮਿਲਖਾ ਸਿੰਘ ਦਾ ਪਿੰਡ ਗੋਬਿੰਦਪੁਰਾ, ਜ਼ਿਲ੍ਹਾ ਮੁਜ਼ੱਫਰਗੜ੍ਹ ਤੇ ਅਬਦੁੱਲ ਖ਼ਾਲਿਕ ਦਾ ਪਿੰਡ ਜੰਡ ਅਵਾਨ, ਜ਼ਿਲ੍ਹਾ ਚਕਵਾਲ ਸੀ। 1947 `ਚ ਪੰਜਾਬ ਦੇ ਦੋ ਟੁਕੜੇ ਕਰਨ ਵੇਲੇ ਅਬਦੁੱਲ ਖ਼ਾਲਿਕ ਤਾਂ ਪਾਕਿਸਤਾਨ `ਚ ਰਹਿ ਗਿਆ ਜਦਕਿ

ਮਿਲਖਾ ਸਿੰਘ ਨੂੰ ਉੱਜੜ-ਪੁੱਜੜ ਕੇ ਭਾਰਤ ਆਉਣਾ ਪਿਆ। ਜੁਆਨ ਹੋ ਕੇ ਦੋਵੇਂ ਹਿੰਦ-ਪਾਕਿ ਫੌਜਾਂ `ਚ ਭਰਤੀ ਹੋਏ ਤੇ ਏਸ਼ੀਆ ਦੇ ਸਭ ਤੋਂ ਤੇਜ਼-ਤਰਾਰ ਦੌੜਾਕ ਬਣੇ। ਦੋਹਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ `ਤੇ ਦਰਜਨਾਂ ਮੈਡਲ ਜਿੱਤੇ ਅਤੇ ਏਸ਼ੀਆ ਦੇ ਬੈੱਸਟ ਅਥਲੀਟ ਮੰਨੇ ਗਏ। 1954 `ਚ ਅਬਦੁੱਲ ਖ਼ਾਲਿਕ ਮਨੀਲਾ ਵਿਖੇ ਦੂਜੀਆਂ ਏਸ਼ਿਆਈ ਖੇਡਾਂ `ਚ ਦੌੜਿਆ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ ਨੇ ਉਸ ਨੂੰ ‘ਫਲਾਈਂਗ ਬਰਡ ਆਫ਼ ਏਸ਼ੀਆ’ ਕਹਿ ਕੇ ਸਲਾਹਿਆ। 1960 ਵਿਚ ਮਿਲਖਾ ਸਿੰਘ ਲਾਹੌਰ `ਚ ਦੌੜਿਆ ਤਾਂ ਪਾਕਿਸਤਾਨ ਦੇ ਸਦਰ ਅਯੂਬ ਖਾਂ ਨੇ ਉਸ ਨੂੰ ‘ਫਲਾਈਂਗ ਸਿੱਖ’ ਦਾ ਖ਼ਿਤਾਬ ਦਿੱਤਾ।
ਅਬਦੁੱਲ ਖ਼ਾਲਿਕ ਪਾਕਿਸਤਾਨ ਦਾ ਪਹਿਲਾ ਅਥਲੀਟ ਸੀ ਜਿਸ ਨੇ ਆਪਣੇ ਦੇਸ਼ ਦਾ ਨਾਂ ਏਸ਼ਿਆਈ ਖੇਡਾਂ `ਚ ਚਮਕਾਇਆ। ਉਸ ਨੇ 1954 ਤੇ 1958 ਦੀਆਂ ਏਸ਼ਿਆਈ ਖੇਡਾਂ `ਚੋਂ 5 ਮੈਡਲ ਜਿੱਤੇ। 2 ਸੋਨੇ, 2 ਚਾਂਦੀ ਤੇ 1 ਕਾਂਸੀ ਦਾ। ਉਸ ਦੀ ਪ੍ਰਮੁੱਖ ਦੌੜ 100 ਮੀਟਰ ਸੀ। ਉਂਜ ਉਹ 200 ਮੀਟਰ ਦੌੜ ਦਾ ਵੀ ਨਾਮੀ ਦੌੜਾਕ ਸੀ। 1958 ਵਿਚ ਟੋਕੀਓ ਦੀਆਂ ਏਸ਼ਿਆਈ ਖੇਡਾਂ `ਚ ਖ਼ਾਲਿਕ ਤੇ ਮਿਲਖਾ ਸਿੰਘ ਵਿਚਕਾਰ 200 ਮੀਟਰ ਦੀ ਦੌੜ ਬੜੀ ਕਾਂਟੇਦਾਰ ਲੱਗੀ ਸੀ। ਕੋਈ ਕਹਿੰਦਾ ਸੀ ਖ਼ਾਲਿਕ ਜਿੱਤੇਗਾ, ਕੋਈ ਮਿਲਖਾ ਸਿੰਘ। ਕਈਆਂ ਦੀਆਂ ਸ਼ਰਤਾਂ ਲੱਗ ਗਈਆਂ ਸਨ। 200 ਮੀਟਰ ਦੌੜ ਤੋਂ ਪਹਿਲਾਂ ਖ਼Lਾਲਿਕ 100 ਮੀਟਰ ਦੀ ਦੌੜ ਜਿੱਤ ਚੁੱਕਾ ਸੀ ਤੇ ਮਿਲਖਾ ਸਿੰਘ 400 ਮੀਟਰ ਦੀ। ਉਨ੍ਹਾਂ `ਚੋਂ ਜਿਹੜਾ ਵੀ 200 ਮੀਟਰ ਦੀ ਦੌੜ ਜਿੱਤਦਾ ਉਸੇ ਨੇ ਏਸ਼ਿਆਈ ਖੇਡਾਂ ਦਾ ਬੈੱਸਟ ਅਥਲੀਟ ਬਣਨਾ ਸੀ।
ਖੇਡ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਾਲਿਕ ਤੇ ਮਿਲਖਾ ਸਿੰਘ ਮੀਡੀਏ ਦੇ ਫੋਕਸ ਵਿਚ ਸਨ। ਜਦੋਂ ਉਹ ਟੋਕੀਓ ਦੇ ਖੇਡ ਪਿੰਡ ਪਹੁੰਚੇ ਤਾਂ ਵਧੇਰੇ ਕੈਮਰੇ ਉਨ੍ਹਾਂ ਦੋਹਾਂ ਦੁਆਲੇ ਸਨ। ਖ਼ਾਲਿਕ ਤਜਰਬੇ ਪੱਖੋਂ ਪ੍ਰੌਢ ਸੀ। ਉਸ ਨੂੰ 100 ਮੀਟਰ ਦੌੜ ਜਿੱਤ ਲੈਣ ਪਿੱਛੋਂ 200 ਮੀਟਰ ਦੌੜ ਜਿੱਤ ਲੈਣ ਦਾ ਪੂਰਾ ਭਰੋਸਾ ਸੀ। ਉਸ ਨੇ ਮੀਡੀਆ ਨੂੰ ਇਥੋਂ ਤਕ ਕਹਿ ਦਿੱਤਾ ਸੀ ਕਿ ਇਸ ਬਚੂੰਗੜੇ ਨੇ ਮੇਰਾ ਮੁਕਾਬਲਾ ਕੀ ਕਰਨਾ? ਉਥੇ ਹੀ ਇਕ ਲੜਕੀ ਨੇ ਮਿਲਖਾ ਸਿੰਘ ਨੂੰ ਕਿਹਾ ਸੀ, ‘ਜੇ ਅੱਜ ਅਬਦੁੱਲ ਖਾਲਿਕ ਨੂੰ ਹਰਾ ਦੇਵੇਂ ਤਾਂ ਜੋ ਮੰਗੇਗਾਂ ਸੋ ਮਿਲੇਗਾ।’
ਖ਼ਾਲਿਕ ਨੂੰ ਥੱਲਵੀਂ ਲੇਨ ਮਿਲੀ ਤੇ ਮਿਲਖਾ ਸਿੰਘ ਨੂੰ ਉਤਲੀ। ਦੌੜ ਸ਼ੁਰੂ ਹੋਈ ਤਾਂ ਕਰਵ `ਤੇ ਪਤਾ ਨਹੀਂ ਸੀ ਲੱਗਦਾ ਕਿ ਕਿਹੜਾ ਅੱਗੇ ਹੈ ਤੇ ਕਿਹੜਾ ਪਿੱਛੇ। ਸਟਰੇਟ `ਤੇ ਆਏ ਤਾਂ ਦੋਵੇਂ ਬਰਾਬਰ ਸਨ। ਫਿਨਿਸ਼ ਲਾਈਨ ਤੋਂ ਤਿੰਨ-ਚਾਰ ਮੀਟਰ ਪਿੱਛੇ ਮਿਲਖਾ ਸਿੰਘ ਦੀ ਸੱਜੀ ਲੱਤ ਦਾ ਮਸਲ ਖਿੱਚਿਆ ਗਿਆ ਜਿਸ ਨਾਲ ਸੱਜੀ ਲੱਤ ਖੱਬੀ `ਚ ਫਸ ਗਈ ਤੇ ਉਹ ਭੁੜਕ ਕੇ ਫਿਨਿਸ਼ ਲਾਈਨ ਉੱਤੇ ਜਾ ਡਿੱਗਾ। ਖ਼ਾਲਿਕ ਵੀ ਬਰਾਬਰ ਫੀਤੇ ਨੂੰ ਛੋਹਿਆ। ਦਰਸ਼ਕਾਂ ਨੂੰ ਪਤਾ ਹੀ ਨਾ ਲੱਗਾ ਕਿ ਫਸਟ ਕੌਣ ਹੈ ਤੇ ਸੈਕੰਡ ਕੌਣ? ਖ਼ਾਲਿਕ ਜੇਤੂ ਅੰਦਾਜ਼ `ਚ ਛਾਲਾਂ ਮਾਰਦਾ ਰਿਹਾ ਜਿਵੇਂ ਉਹੋ ਹੀ ਅੱਵਲ ਆਇਆ ਹੋਵੇ। ਆਖ਼ਰ ਕੈਮਰੇ ਦੇ ਫੋਟੋ ਪਰਖ ਕੇ ਅੱਧੇ ਘੰਟੇ ਪਿੱਛੋਂ ਐਲਾਨ ਹੋਇਆ ਕਿ ਮਿਲਖਾ ਸਿੰਘ ਅੱਵਲ, ਅਬਦੁੱਲ ਖ਼ਾਲਿਕ ਦੋਮ। ਐਲਾਨ ਸੁਣਨ ਸਾਰ ਖ਼ਾਲਿਕ ਦੀਆਂ ਅੱਖਾਂ ਭਰ ਆਈਆਂ। ਮਿਲਖਾ ਸਿੰਘ 200 ਤੇ 400 ਮੀਟਰ ਦੌੜਾਂ ਦੀ ਜਿੱਤ ਨਾਲ ਏਸ਼ੀਆ ਦਾ ਬੈੱਸਟ ਅਥਲੀਟ ਬਣ ਗਿਆ। ਹਾਲਾਂਕਿ ਅਬਦੁੱਲ ਖ਼ਾਲਿਕ 1956 ਦੀਆਂ ਓਲੰਪਿਕ ਖੇਡਾਂ ਵਿਚ ਮੈਲਬੌਰਨ ਵਿਖੇ ਮਿਲਖਾ ਸਿੰਘ ਤੋਂ ਕਿਤੇ ਬਿਹਤਰ ਕਾਰਗੁਜ਼ਾਰੀ ਵਿਖਾ ਚੁੱਕਾ ਸੀ।
ਅਬਦੁੱਲ ਖ਼ਾਲਿਕ ਦਾ ਜਨਮ 23 ਮਾਰਚ 1933 ਨੂੰ ਪਿੰਡ ਜੰਡ ਅਵਾਨ `ਚ ਸਜਾਵਲ ਖਾਂ ਦੇ ਘਰ ਹੋਇਆ ਸੀ ਤੇ ਮ੍ਰਿਤੂ 10 ਮਾਰਚ 1988 ਨੂੰ ਰਾਵਲਪਿੰਡੀ ਵਿਚ ਹੋਈ। ਉਹ ਛੋਟਾ ਹੁੰਦਾ ਹੀ ਪੰਜਾਬ ਦੀ ਦੇਸੀ ਖੇਡ ਕਬੱਡੀ ਖੇਡਣ ਲੱਗ ਪਿਆ ਸੀ। ਪੰਦਰਾਂ ਕੁ ਸਾਲਾਂ ਦਾ ਸੀ ਜਦੋਂ ਪਿੰਡ ਪੰਜਾਲ ਨੇੜੇ ਕਬੱਡੀ ਟੂਰਨਾਮੈਂਟ ਖੇਡਦਾ ਪਾਕਿਸਤਾਨ ਦੀ ਫੌਜ ਦੇ ਬ੍ਰਿਗੇਡੀਅਰ ਸੀ.ਐੱਚ.ਐੱਮ. ਰੋਡ੍ਹਮ ਦੀ ਨਜ਼ਰੇ ਚੜ੍ਹ ਗਿਆ। ਉਹ ਪਾਕਿਸਤਾਨ ਆਰਮੀ ਸਪੋਰਟਸ ਕੰਟਰੋਲ ਬੋਰਡ ਦਾ ਮੁਖੀ ਸੀ। ਉਸ ਨੇ ਹੀ ਖ਼ਾਲਿਕ ਨੂੰ 1948 ਵਿਚ ਬੱਚਾ ਕੰਪਨੀ `ਚ ਭਰਤੀ ਕੀਤਾ। ਫੌਜ `ਚ ਭਰਤੀ ਹੋ ਕੇ ਉਹ ਰਕਰੂਟੀ ਦੇ ਨਾਲ ਤੇਜ਼ ਤਰਾਰ ਦੌੜਾਂ ਦੀ ਕੋਚਿੰਗ ਵੀ ਲੈਣ ਲੱਗ ਪਿਆ।
ਉਸ ਤੋਂ ਪਹਿਲਾਂ ਸਪਰਿੰਟ ਦੌੜਾਂ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਬਾਅਦ ਵਿਚ ਮਿਲਖਾ ਸਿੰਘ ਵੀ ਫੌਜ `ਚ ਭਰਤੀ ਹੋ ਕੇ ਦੌੜਾਕ ਬਣਿਆ। ਉਦੋਂ ਤਕ ਮਿਲਖਾ ਸਿੰਘ ਨੂੰ ਵੀ ਨਹੀਂ ਸੀ ਪਤਾ ਕਿ 400 ਮੀਟਰ ਦੌੜ ਟ੍ਰੈਕ ਦੇ ਕਿੰਨੇ ਚੱਕਰ ਹੁੰਦੀ ਹੈ! ਜਦੋਂ ਉਸ ਨੂੰ ਦੱਸਿਆ ਗਿਆ ਕਿ 400 ਮੀਟਰ ਦੌੜ ਟ੍ਰੈਕ ਦਾ ਇਕੋ ਚੱਕਰ ਹੁੰਦੀ ਹੈ ਤਾਂ ਉਸ ਨੇ ਕਿਹਾ ਸੀ, ਮੈਂ ਇਕ ਚੱਕਰ ਦੀ ਥਾਂ ਦਸ ਚੱਕਰ ਦੌੜ ਸਕਦਾਂ। ਫਿਰ ਉਹਦੇ ਉਸਤਾਦ ਨੇ ਸਮਝਾਇਆ ਸੀ ਕਿ ਦਸਾਂ ਚੱਕਰਾਂ ਜਿੰਨਾ ਜ਼ੋਰ ਇਕੋ ਚੱਕਰ `ਚ ਲਾਉਣਾ ਹੁੰਦਾ। ਖ਼ਾਲਿਕ ਵੀ ਇਸੇ ਤਰ੍ਹਾਂ ਦੌੜਾਕ ਬਣਿਆ ਸੀ। ਟ੍ਰੈਕ ਦੀਆਂ ਦੌੜਾਂ ਦਾ ਉਸ ਨੂੰ ਵੀ ਕੋਈ ਗਿਆਨ ਨਹੀਂ ਸੀ। ਜਿਵੇਂ ਮਿਲਖਾ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਦੀਆਂ 82 ਦੌੜਾਂ ਵਿਚੋਂ 79 ਮੈਡਲ ਜਿੱਤੇ ਉਵੇਂ ਅਬਦੁੱਲ ਖ਼ਾਲਿਕ ਨੇ ਵੀ ਅੰਤਰਰਾਸ਼ਟਰੀ ਪੱਧਰ ਦੇ 36 ਗੋਲਡ, 15 ਸਿਲਵਰ ਤੇ 12 ਕਾਂਸੀ ਦੇ ਮੈਡਲ ਜੋੜ ਕੇ 63 ਮੈਡਲ ਜਿੱਤੇ!
ਅਬਦੁੱਲ ਖ਼ਾਲਿਕ ਨੇ ਸਕੂਲੀ ਪੜ੍ਹਾਈ ਲਾਗਲੇ ਪਿੰਡ ਹੰਸੋਲਾ ਦੇ ਮਿਡਲ ਸਕੂਲ ਤੋਂ ਕੀਤੀ। ਉਹ ਤਿੰਨ ਮੀਲ ਦੌੜ ਕੇ ਪੜ੍ਹਨ ਜਾਂਦਾ ਤੇ ਦੌੜਦਾ ਹੀ ਮੁੜਦਾ। ਉਹਦਾ ਦਮ ਪੱਕ ਗਿਆ ਸੀ। ਰਹਿੰਦਾ-ਖੂੰਹਦਾ ਰਕਰੂਟੀ ਨੇ ਪਕਾਅ ਦਿੱਤਾ ਸੀ। ਬੱਚਾ ਕੰਪਨੀ ਦੇ ਮੁਕਾਬਲੇ ਜਿੱਤਦਾ ਉਹ ਦੇਸ਼ ਭਰ ਦੀ ਫੌਜ ਦੇ ਮੁਕਾਬਲੇ ਜਿੱਤਣ ਲੱਗਾ। ਨੈਸ਼ਨਲ ਖੇਡਾਂ `ਚ ਉਹ ਫੌਜ ਵੱਲੋਂ ਜਾਂਦਾ ਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ `ਚ ਪਾਕਿਸਤਾਨ ਦੀ ਨੁਮਾਇੰਦਗੀ ਕਰਦਾ। 1954 ਦੀਆਂ ਦੂਜੀਆਂ ਏਸ਼ਿਆਈ ਖੇਡਾਂ ਇੰਡੋਨੇਸ਼ੀਆ ਦੇ ਸ਼ਹਿਰ ਮਨੀਲਾ `ਚ ਹੋਈਆਂ। ਖ਼ਾਲਕ ਉਥੇ ਪਹਿਲੀ ਵਾਰ ਪਾਕਿਸਤਾਨ ਵੱਲੋਂ ਭਾਗ ਲੈਣ ਗਿਆ। ਉਸ ਨੇ 100 ਮੀਟਰ ਦੌੜ 10.6 ਸੈਕੰਡ `ਚ ਲਾ ਕੇ ਏਸ਼ੀਆ ਦਾ ਨਵਾਂ ਰਿਕਾਰਡ ਰੱਖਿਆ। ਮਨੀਲਾ ਤੋਂ ਖ਼ਾਲਿਕ ਨੇ 1 ਗੋਲਡ ਮੈਡਲ ਜਿੱਤਿਆ ਤੇ 4+100 ਮੀਟਰ ਰਿਲੇਅ ਦੌੜ `ਚ 1 ਸਿਲਵਰ ਮੈਡਲ ਹਾਸਲ ਕੀਤਾ।
1954 `ਚ ਹੀ ਖ਼ਾਲਿਕ ਨੇ ਕਾਮਨਵੈਲਥ ਤੇ ਬ੍ਰਿਟਿਸ਼ ਅੰਪਾਇਰ ਖੇਡਾਂ `ਚ ਭਾਗ ਲਿਆ। ਉਥੇ ਉਹ 100 ਗਜ਼ ਦੌੜ ਦੇ ਸੈਮੀ ਫਾਈਨਲ ਅਤੇ 4+110 ਗਜ਼ ਦੌੜ ਦੇ ਫਾਈਨਲ ਵਿਚ ਪੁੱਜਾ। 1955 `ਚ ਉਸ ਨੇ ਏਥਨਜ਼ ਵਿਖੇ ਵਰਲਡ ਮਿਲਟਰੀ ਗੇਮਜ਼ ਵਿਚ ਭਾਗ ਲਿਆ। 1956 `ਚ ਵਰਲਡ ਮਿਲਟਰੀ ਗੇਮਜ਼ ਬਰਲਿਨ ਵਿਖੇ ਉਸ ਨੇ 100 ਮੀਟਰ 10.4 ਸੈਕੰਡ ਵਿਚ ਲਾ ਕੇ ਕਾਂਸੀ ਦਾ ਮੈਡਲ ਜਿੱਤਿਆ। ਉਥੇ ਉਸ ਨੇ 200 ਮੀਟਰ ਸਪਾਟ ਤੇ 4+100 ਮੀਟਰ ਰਿਲੇਅ ਦੌੜਾਂ `ਚ ਵੀ ਕਾਂਸੀ ਦੇ ਤਗ਼ਮੇ ਜਿੱਤੇ।
ਫਿਰ ਉਸਨੂੰ ਪਾਕਿਸਤਾਨ ਅਥਲੈਟਿਕਸ ਟ੍ਰੇਨਿੰਗ ਪ੍ਰੋਗਰਾਮ ਅਧੀਨ ਇੰਗਲੈਂਡ ਭੇਜਿਆ ਗਿਆ ਜਿਥੇ ਉਹ ਯੂਰਪੀਨ ਦੌੜਾਕਾਂ ਨਾਲ ਦੌੜਿਆ। ਉਸ ਨੇ 15 ਮੁਲਕਾਂ ਦੇ ਸਪਰਿੰਟਰਾਂ ਵਿਰੁੱਧ ਦੌੜਾਂ ਲਾਈਆਂ ਜਿਨ੍ਹਾਂ ਨਾਲ ਚੋਖਾ ਤਜਰਬਾ ਹਾਸਲ ਕੀਤਾ। ਓਲੰਪਿਕ ਪਾਰਕ ਵਿਚ 100 ਮੀਟਰ ਦੌੜ ਫਿਰ 10.4 ਸੈਕੰਡ `ਚ ਲਾਈ ਜੋ ਓਲੰਪਿਕ ਚੈਂਪੀਅਨ ਬੌਬੀ ਮਾਰੋ ਦੇ 10.3 ਸੈਕੰਡ ਦੇ ਕਰੀਬ ਸੀ। ਪਾਕਿਸਤਾਨੀਆਂ ਨੂੰ ਜਾਪਣ ਲੱਗ ਪਿਆ ਕਿ ਓਲੰਪਿਕ ਖੇਡਾਂ-1956 `ਚ ਉਹ ਕੋਈ ਮੈਡਲ ਜ਼ਰੂਰ ਜਿੱਤ ਸਕਦਾ ਹੈ। ਉਸ ਦਾ ਟਾਈਮ ਵਿਸ਼ਵ `ਚ ਸੱਤਵੇਂ ਥਾਂ ਗਿਣਿਆ ਗਿਆ। ਓਲੰਪਿਕ ਖੇਡਾਂ-1956 `ਚ ਉਹ 100 ਮੀਟਰ ਤੇ 200 ਮੀਟਰ ਦੌੜਾਂ ਦੇ ਸੈਮੀ ਫਾਈਨਲ `ਚ ਪੁੱਜ ਗਿਆ ਪਰ ਕੋਈ ਮੈਡਲ ਨਾ ਜਿੱਤ ਸਕਿਆ।
1956 `ਚ ਹੀ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿਚ ਪਹਿਲੀ ਇੰਡੋ/ਪਾਕਿ ਮੀਟ ਹੋਈ। ਉਥੇ ਉਸ ਨੇ 100 ਤੇ 200 ਮੀਟਰ ਦੌੜਾਂ ਦੇ ਨਵੇਂ ਏਸ਼ਿਆਈ ਰਿਕਾਰਡ ਰੱਖੇ। 100 ਮੀਟਰ ਦਾ 10.4 ਸੈਕੰਡ ਤੇ 200 ਮੀਟਰ ਦਾ 21.4 ਸੈਕੰਡ। 1957 ਵਿਚ ਖ਼ਾਲਿਕ ਨੇ ਇੰਗਲੈਂਡ, ਇਰਾਨ, ਯੂਨਾਨ ਤੇ ਸਕਾਟਲੈਂਡ ਦੀਆਂ ਅਥਲੈਟਿਕਸ ਮੀਟਾਂ `ਚੋਂ 1 ਸਿਲਵਰ ਤੇ 11 ਗੋਲਡ ਮੈਡਲ ਜਿੱਤੇ। 1958 ਦੀਆਂ ਏਸ਼ਿਆਈ ਖੇਡਾਂ `ਚੋਂ ਉਸ ਨੇ 100 ਮੀਟਰ ਦੌੜ ਦਾ ਗੋਲਡ, 200 ਮੀਟਰ ਦੌੜ ਦਾ ਸਿਲਵਰ ਤੇ 4+100 ਮੀਟਰ ਰਿਲੇਅ ਦੌੜ ਦਾ ਬਰਾਂਜ਼ ਮੈਡਲ ਜਿੱਤ ਕੇ ਧੰਨ-ਧੰਨ ਕਰਾਈ। ਉਹਦੀਆਂ ਜਿੱਤਾਂ ਸਦਕਾ ਏਸ਼ਿਆਈ ਖੇਡ ਦੀ ਤਗਮਾ ਸੂਚੀ `ਚ ਪਾਕਿਸਤਾਨ ਛੇਵੇਂ ਥਾਂ ਰਿਹਾ। 1958 `ਚ ਖ਼ਾਲਿਕ ਨੇ ਜਾਪਾਨ, ਚੀਨ ਤੇ ਸਕਾਟਲੈਂਡ `ਚ ਦੌੜਦਿਆਂ 3 ਹੋਰ ਮੈਡਲ ਜਿੱਤੇ। 1958 `ਚ ਕਾਰਡਿਫ ਦੀਆਂ ਕਾਮਨਵੈਲਥ ਖੇਡਾਂ ਦੇ ਸੈਮੀ ਫਾਈਨਲ `ਚ ਉਸ ਨੇ 100 ਗਜ਼ ਦੀ ਦੌੜ 9.8 ਸੈਕੰਡ `ਚ ਲਾਈ। 1959 `ਚ ਯੂ.ਕੇ, ਸਵੀਡਨ ਤੇ ਆਇਰਲੈਂਡ ਦੀਆਂ ਕੌਮਾਂਤਰੀ ਮੀਟਾਂ `ਚੋਂ 9 ਗੋਲਡ, 7 ਸਿਲਵਰ ਤੇ 4 ਬਰਾਂਜ਼ ਮੈਡਲ ਜਿੱਤੇ।
1960 `ਚ ਰੋਮ ਦੀਆਂ ਓਲੰਪਿਕ ਖੇਡਾਂ ਸਮੇਂ ਮਿਲਖਾ ਸਿੰਘ ਪੂਰੀ ਤਿਆਰੀ `ਚ ਸੀ ਜਦਕਿ ਅਬਦੁੱਲ ਖ਼ਾਲਿਕ ਓਨਾ ਆਸਵੰਦ ਨਹੀਂ ਸੀ। ਮਿਲਖਾ ਸਿੰਘ 400 ਮੀਟਰ ਦੌੜ `ਚ ਚੌਥੇ ਸਥਾਨ `ਤੇ ਰਿਹਾ ਪਰ ਖ਼ਾਲਿਕ ਨਾ 100 ਮੀਟਰ ਦੀ ਦੌੜ ਵਿਚ ਤੇ ਨਾ 4+100 ਮੀਟਰ ਦੀ ਰਿਲੇਅ ਰੇਸ `ਚ ਕੋਈ ਜਲਵਾ ਵਿਖਾ ਸਕਿਆ। 1960 `ਚ ਲਾਹੌਰ ਵਿਖੇ ਪਾਕਿਸਤਾਨ, ਭਾਰਤ ਤੇ ਇਰਾਨ ਦੀ ਅਥਲੈਟਿਕਸ ਮੀਟ ਹੋਈ। ਮਿਲਖਾ ਸਿੰਘ ਅਣਮੰਨੇ ਜਿਹੇ ਮਨ ਨਾਲ ਪਾਕਿਸਤਾਨ ਗਿਆ ਕਿਉਂਕਿ 1947 `ਚ ਮਾਰੇ ਗਏ ਉਹਦੇ ਮਾਂ-ਬਾਪ ਤੇ ਘਰ ਦੇ ਜੀਅ ਯਾਦ ਆ ਰਹੇ ਸਨ। ਪਰ ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ ਦੀ ਇੱਛਾ ਮੁਤਾਬਿਕ ਉਸ ਨੂੰ ਲਾਹੌਰ ਜਾਣਾ ਪਿਆ। ਉਹ ਸਟੇਡੀਅਮ `ਚ ਦਾਖਲ ਹੋਇਆ ਤਾਂ ਔਰਤਾਂ ਨੇ ਬੁਰਕੇ ਹਟਾ ਕੇ ਮਿਲਖਾ ਸਿੰਘ ਦੇ ਦਰਸ਼ਨ ਕੀਤੇ। ਉਥੇ ਵੀ ਟੋਕੀਓ ਵਾਲੇ ਹੀ ਨਤੀਜੇ ਨਿਕਲੇ। 100 ਮੀਟਰ ਦੀ ਦੌੜ ਅਬਦੁੱਲ ਖ਼ਾਲਿਕ ਨੇ ਜਿੱਤੀ ਸੀ ਤੇ 400 ਮੀਟਰ ਦੀ ਦੌੜ ਮਿਲਖਾ ਸਿੰਘ ਨੇ। 200 ਮੀਟਰ ਦੌੜ ਦਾ ਮੁਕਾਬਲਾ ਦੋਹਾਂ ਦੌੜਾਕਾਂ ਤੇ ਦੋਹਾਂ ਦੇਸ਼ਾਂ ਵਿਚਕਾਰ ਮੁੱਛ ਦਾ ਸਵਾਲ ਸੀ।
ਮਿਲਖਾ ਸਿੰਘ ਉਸ ਦੌੜ ਨੂੰ ਆਪਣੀ ਸਿਖਰ ਦੀ ਦੌੜ ਮੰਨਦਾ ਸੀ ਜੋ ‘ਭਾਗ ਮਿਲਖਾ ਭਾਗ’ ਫਿਲਮ ਵਿਚ ਵੀ ਫਿਲਮਾਈ ਗਈ। ਅਬਦੁੱਲ ਖ਼ਾਲਿਕ ਆਪਣੇ ਦੇਸ਼ ਵਿਚ ਇਸ ਦੌੜ ਨੂੰ ਹਰ ਹੀਲੇ ਜਿੱਤਣਾ ਚਾਹੁੰਦਾ ਸੀ। ਲਾਹੌਰ ਦੇ ਸਟੇਡੀਅਮ ਦਾ ਸਮੁੱਚਾ ਮਾਹੌਲ ਬੇਸ਼ਕ ਅਬਦੁੱਲ ਖ਼ਾਲਿਕ ਦੇ ਹੱਕ ਵਿਚ ਸੀ, ਉਹਦੀ ਜ਼ਿੰਦਾਬਾਦ ਵੀ ਹੋਰ ਰਹੀ ਸੀ ਪਰ ਮਿਲਖਾ ਸਿੰਘ ਨੇ ਉਹ ਦੌੜ ਏਨੇ ਜੋਸ਼ ਨਾਲ ਲਾਈ ਕਿ ਅਬਦੁੱਲ ਖ਼ਾਲਿਕ ਨੂੰ 10 ਮੀਟਰ ਪਿੱਛੇ ਛੱਡ ਗਿਆ। ਇਥੋਂ ਤਕ ਕਿ ਭਾਰਤ ਦਾ ਇੱਕ ਹੋਰ ਦੌੜਾਕ ਮੱਖਣ ਸਿੰਘ ਵੀ ਉਸ ਤੋਂ ਮੂਹਰੇ ਨਿਕਲ ਗਿਆ। ਅਨਾਊਂਸਰ ਨੇ ਕਿਹਾ ਕਿ ਇਹ ਦੌੜ ਮਿਲਖਾ ਸਿੰਘ ਨੇ ਦੌੜ ਕੇ ਨਹੀਂ ਉੁੱਡ ਕੇ ਲਾਈ ਹੈ। ਉਸ ਸਮੇਂ ਪਾਕਿਸਤਾਨ ਦਾ ਸਦਰ ਜਨਰਲ ਅਯੂਬ ਖਾਂ ਵੀ ਸਟੇਡੀਅਮ ਵਿਚ ਸੁਸ਼ੋਭਿਤ ਸੀ। ਉਸ ਨੇ ਵਿਕਟਰੀ ਸਟੈਂਡ ਉੱਤੇ ਮਿਲਖਾ ਸਿੰਘ ਨੂੰ ਮੈਡਲ ਪਹਿਨਾਉਂਦਿਆਂ ‘ਫਲਾਈਂਗ ਸਿੱਖ’ ਦਾ ਖ਼ਿਤਾਬ ਦਿੱਤਾ ਜੋ ਹਮੇਸ਼ਾਂ ਲਈ ਮਿਲਖਾ ਸਿੰਘ ਦੇ ਨਾਂ ਨਾਲ ਜੁੜ ਗਿਆ।
ਅਬਦੁੱਲ ਖ਼ਾਲਿਕ ਨੇ 1948 ਤੋਂ 78 ਤਕ ਪਾਕਿਸਤਾਨੀ ਫੌਜ `ਚ ਨੌਕਰੀ ਕੀਤੀ ਅਤੇ ਸੂਬੇਦਾਰ ਬਣ ਕੇ ਰਿਟਾਇਰ ਹੋਇਆ। ਇਸ ਦੌਰਾਨ ਉਹ ਪਾਕਿਸਤਾਨ ਦੀ ਫੌਜ ਅਤੇ ਪੰਜਾਬ ਖੇਡ ਮਹਿਕਮੇ ਦੇ ਅਥਲੀਟਾਂ ਨੂੰ ਗਾਹੇ ਬਗਾਹੇ ਕੋਚਿੰਗ ਵੀ ਦਿੰਦਾ ਰਿਹਾ। 1974 ਤੋਂ 78 ਤਕ ਉਹ ਨੈਸ਼ਨਲ ਕੋਚ ਰਿਹਾ। ਉਸ ਨੇ ਪਾਕਿਸਤਾਨ ਦੀ ਫੌਜ ਵੱਲੋਂ 1965 ਤੇ 71 ਦੀਆਂ ਜੰਗਾਂ ਵੀ ਲੜੀਆਂ। 1971 ਵਿਚ ਬੰਗਲਾ ਦੇਸ਼ ਦੀ ਲੜਾਈ ਦੌਰਾਨ ਪਾਕਿਸਤਾਨ ਦੇ 93 ਹਜ਼ਾਰ ਫੌਜੀਆਂ ਨੂੰ ਜਨਰਲ ਨਿਆਜ਼ੀ ਦੀ ਅਗਵਾਈ ਵਿਚ ਹਥਿਆਰ ਸੁੱਟਣੇ ਪਏ ਤਾਂ ਉਨ੍ਹਾਂ ਫੌਜੀਆਂ ਵਿਚ ਅਬਦੁੱਲ ਖ਼ਾਲਿਕ ਵੀ ਸ਼ਾਮਲ ਸੀ। ਉਹ ਕੁਝ ਸਮਾਂ ਗਵਾਲੀਅਰ ਤੇ ਕੁਝ ਸਮਾਂ ਮੇਰਠ ਦੀਆਂ ਜੇਲ੍ਹਾਂ ਵਿਚ ਕੈਦ ਰਿਹਾ। ਖੇਡ ਹਲਕਿਆਂ ਰਾਹੀਂ ਜਦੋਂ ਉਸ ਦਾ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਪਤਾ ਲੱਗਾ ਤਾਂ ਉਸ ਨੂੰ ਰਿਹਾਅ ਕਰਨ ਦੀ ਪੇਸ਼ਕਸ਼ ਹੋਈ। ਅਬਦੁੱਲ ਖ਼ਾਲਿਕ ਜਿਥੇ ਉੱਚ ਪੱਧਰ ਦਾ ਖਿਡਾਰੀ ਸੀ ਉਥੇ ਦੇਸ਼ਭਗਤ ਫੌਜੀ ਵੀ ਸੀ। ਉਸ ਨੇ ਇਕੱਲਿਆਂ ਰਿਹਾਅ ਹੋਣ ਦੀ ਪੇਸ਼ਕਸ਼ ਠੁਕਰਾਉਂਦਿਆਂ ਕਿਹਾ ਕਿ ਮੈਂ `ਕੱਲਾ ਨਹੀਂ, ਆਪਣੇ ਸਾਰੇ ਫੌਜੀ ਸਾਥੀਆਂ ਨਾਲ ਹੀ ਰਿਹਾਅ ਹੋਵਾਂਗਾ। ਤੇ ਹੋਇਆ ਵੀ ਇੰਜ ਹੀ।
ਹਾਂ ਇਹ ਜ਼ਰੂਰ ਹੋਇਆ ਕਿ ਉਸ ਨੇ ਏਸ਼ੀਆ ਦੇ ਚੈਂਪੀਅਨ ਪ੍ਰਦੁੱਮਣ ਸਿੰਘ, ਮਿਲਖਾ ਸਿੰਘ ਤੇ ਗੁਰਬਚਨ ਸਿੰਘ ਨੂੰ ਮਿਲਣ ਦੀ ਇੱਛਾ ਪਰਗਟ ਕੀਤੀ ਜੋ ਪੂਰੀ ਕਰ ਦਿੱਤੀ ਗਈ। ਪ੍ਰਦੁੱਮਣ ਸਿੰਘ ਤਾਂ ਫੌਜ `ਚ ਡਿਊਟੀ `ਤੇ ਹੋਣ ਕਰਕੇ ਉਸ ਨੂੰ ਮਿਲ ਨਾ ਸਕਿਆ ਜਿਸ ਦਾ ਉਸ ਨੂੰ ਮਰਦੇ ਦਮ ਤਕ ਮਲਾਲ ਰਿਹਾ! ਮਿਲਖਾ ਸਿੰਘ ਉਸ ਨੂੰ ਬੜੇ ਅਦਬ-ਪਿਆਰ ਨਾਲ ਮਿਲਿਆ ਤੇ ਘੁੱਟ ਗਲਵਕੜੀਆਂ ਪਾਈਆਂ। ਗੁਰਬਚਨ ਸਿੰਘ ਨੇ ਵੱਡਾ ਪੁਲਿਸ ਅਫਸਰ ਹੋਣ ਕਾਰਨ ਜੇਲ੍ਹ ਦੇ ਸਟਾਫ ਨੂੰ ਤਾਕੀਦ ਵੀ ਕੀਤੀ ਕਿ ਏਸ਼ੀਆ ਦੇ ਉਡਣੇ ਦੌੜਾਕ ਅਬਦੁੱਲ ਖ਼ਾਲਿਕ ਦੀ ਖੁਰਾਕ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ।
ਅਬਦੁੱਲ ਖ਼ਾਲਿਕ ਦਾ ਸਾਰਾ ਪਰਿਵਾਰ ਹੀ ਖਿਡਾਰੀਆਂ ਦਾ ਪਰਿਵਾਰ ਕਿਹਾ ਜਾਂਦਾ ਹੈ। ਉਸ ਦਾ ਛੋਟਾ ਭਰਾ ਅਬਦੁੱਲ ਮਲਿਕ ਵੀ ਇੰਟਰਨੈਸ਼ਨਲ ਅਥਲੀਟ ਰਿਹਾ। ਖ਼ਾਲਿਕ ਦੇ ਅੱਗੋਂ ਚਾਰ ਪੁੱਤਰ ਹੋਏ। ਵੱਡਾ ਗੁਲਾਮ ਅੱਬਾਸ ਤੇ ਉਸ ਤੋਂ ਛੋਟਾ ਮੁਹੰਮਦ ਅਸ਼ਫਾਕ ਪਾਕਿਸਤਾਨ ਦੀ ਫੌਜ `ਚ ਨੌਕਰੀ ਕਰਦੇ ਖੇਡਦੇ ਵੀ ਰਹੇ। ਮੁਹੰਮਦ ਅਸ਼ਫਾਕ ਦੀ ਟ੍ਰੈਕਟਰ ਚਲਾਉਂਦਿਆਂ ਟ੍ਰੈਕਟਰ ਉਲਟ ਜਾਣ ਕਾਰਨ ਮੌਤ ਹੋ ਗਈ। ਤੀਜਾ ਪੁੱਤਰ ਮੁਹੰਮਦ ਏਜਾਜ਼ ਪਾਕਿਸਤਾਨ ਸਪੋਰਟਸ ਬੋਰਡ ਵਿਚ ਕੋਚ ਤੇ ਸਭ ਤੋਂ ਛੋਟਾ ਪਿੰਡ ਦੇ ਸਕੂਲ ਵਿਚ ਪੀਟੀ ਮਾਸਟਰ ਰਿਹਾ। ਅਬਦੁੱਲ ਖ਼ਾਲਿਕ 10 ਮਾਰਚ 1988 ਨੂੰ ਕੇਵਲ 55 ਸਾਲ ਦੀ ਉਮਰੇ ਰਾਵਲਪਿੰਡੀ ਵਿਚ ਫੌਤ ਹੋਇਆ। ਪਾਕਿਸਤਾਨ ਦੇ ਉਸ ਮਹਾਨ ਅਥਲੀਟ ਨੂੰ ‘ਪ੍ਰਾਈਡ ਆਫ਼ ਪਾਕਿਸਤਾਨ’ ਦੇ ਸਭ ਤੋਂ ਵੱਡੇ ਖ਼ਿਤਾਬ ਨਾਲ ਸਨਮਾਨਿਆ ਗਿਆ ਅਤੇ ਉਸ ਦਾ ਸਟੈਚੂ ਰਾਵਲਪਿੰਡੀ ਦੇ ਅਯੂਬ ਪਾਰਕ ਵਿਚ ਸਥਾਪਿਤ ਕੀਤਾ ਗਿਆ।