ਕਰਜ਼ਾ ਮੁਕਤੀ ਮੁਹਿੰਮ ਵਿਚ ਕਸੂਤੇ ਫਸੇ ਕੈਪਟਨ

ਵਾਅਦਾਖਿਲਾਫੀ ਦੇ ਲੱਗਣ ਲੱਗੇ ਦੋਸ਼
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਮਾਨਸਾ ਵਿਚ ਵੱਡਾ ਸਮਾਗਮ ਕਰ ਕੇ ਕਿਸਾਨਾਂ ਦੀ ਕਰਜ਼ ਮੁਆਫੀ ਲਈ ਪੜਾਅਵਾਰ ਸ਼ੁਰੂ ਕੀਤੀ ਮੁਹਿੰਮ ਨੇ ਕਿਸਾਨਾਂ ਪੱਲੇ ਨਿਰਾਸ਼ਾ ਹੀ ਪਾਈ ਹੈ। ਕਾਂਗਰਸ ਸਰਕਾਰ ਭਾਵੇਂ ਕਿਸਾਨਾਂ ਦੇ ਪੂਰੇ ਕਰਜ਼ੇ ‘ਤੇ ਲੀਕ ਮਾਰਨ ਵਾਲੇ ਵਾਅਦੇ ਤੋਂ ਪਹਿਲਾਂ ਹੀ ਭੱਜ ਚੁੱਕੀ ਹੈ,

ਹੁਣ ਢਾਈ ਤੇ ਪੰਜ ਏਕੜ ਵਾਲੇ ਕਰਜ਼ਾਈ ਕਿਸਾਨਾਂ ਨੂੰ ਵੀ ਦਾਅ ਲਾਉਣ ਤਿਆਰੀ ਵਿਚ ਹੈ। ਕੈਪਟਨ ਸਰਕਾਰ 9500 ਕਰੋੜ ਦੀ ਕਰਜ਼ ਮੁਆਫੀ ਵਾਲੇ ਵਾਅਦੇ ਨੂੰ ਪਹਿਲਾਂ 1500 ਕਰੋੜ ਤੱਕ ਹੇਠਾਂ ਲੈ ਆਈ ਅਤੇ ਹੁਣ 9 ਮਹੀਨਿਆਂ ਬਾਅਦ 170 ਕਰੋੜ ਦੀ ਯੋਜਨਾ ਨਾਲ ਮੈਦਾਨ ਵਿਚ ਨਿੱਤਰੀ ਹੈ।
ਮਾਨਸਾ ਦੇ ਪ੍ਰੋਗਰਾਮ ਵਿਚ 47 ਹਜ਼ਾਰ ਕਿਸਾਨਾਂ ਦੇ 170 ਕਰੋੜ ਰੁਪਏ ਦੇ ਮੁਆਫ ਹੋਏ ਕਰਜ਼ੇ ਮੁਤਾਬਕ ਪ੍ਰਤੀ ਕਿਸਾਨ ਹਿੱਸੇ ਔਸਤਨ 35 ਹਜ਼ਾਰ ਰੁਪਏ ਹੀ ਆਉਂਦੇ ਹਨ, ਜਦਕਿ ਕਿਸਾਨਾਂ ਸਿਰ ਕਰਜ਼ਾ 73 ਹਜ਼ਾਰ ਕਰੋੜ ਦਾ ਚੜ੍ਹਿਆ ਹੋਇਆ ਹੈ। ਪਹਿਲਾਂ ਕਾਂਗਰਸ ਨੇ ਤਕਰੀਬਨ 10 ਲੱਖ ਕਿਸਾਨਾਂ ਦਾ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਕੀਤੀ ਸੀ। ਪਿਛਲੇ ਸਾਲ ਜੂਨ ਮਹੀਨੇ ਵਿਧਾਨ ਸਭਾ ਦੇ ਇਜਲਾਸ ਵਿਚ ਮੁੱਖ ਮੰਤਰੀ ਨੇ ਆਪਣੇ ਵਾਅਦੇ ਤੋਂ ਪਿੱਛੇ ਹਟਦਿਆਂ ਛੋਟੇ ਕਿਸਾਨਾਂ ਦੇ ਦੋ ਲੱਖ ਤੱਕ ਦੇ ਕਰਜ਼ੇ ਮੁਆਫ ਕਰਨ ਦੀ ਗੱਲ ਆਖ ਦਿੱਤੀ। ਉਸ ਤੋਂ ਬਾਅਦ ਇਹ ਵਾਅਦਾ ਸਹਿਕਾਰੀ ਸਭਾਵਾਂ ਤੋਂ ਲਏ ਫਸਲੀ ਕਰਜ਼ੇ ਤੱਕ ਸਿਮਟ ਗਿਆ। ਉਂਜ, ਹੁਣ ਗੱਲ ਛੋਟੇ ਕਿਸਾਨਾਂ ਤੱਕ ਹੀ ਸੀਮਤ ਨਹੀਂ ਹੈ। ਖੇਤ ਮਜ਼ਦੂਰ ਵੀ ਆਪਣੇ ਸਿਰ ਚੜ੍ਹਿਆ ਕਰਜ਼ਾ ਮੁਆਫ ਕਰਨ ਦੀ ਮੰਗ ਨੂੰ ਲੈ ਕੇ ਮੈਦਾਨ ਵਿਚ ਉਤਰਨ ਲੱਗੇ ਹਨ।
ਸੂਬੇ ਵਿਚ 10 ਲੱਖ ਦੇ ਕਰੀਬ ਖੇਤ ਮਜ਼ਦੂਰ ਹਨ। ਇਕ ਅੰਦਾਜ਼ੇ ਅਨੁਸਾਰ ਇਕ ਖੇਤ ਮਜ਼ਦੂਰ ‘ਤੇ 90 ਹਜ਼ਾਰ ਦੇ ਕਰੀਬ ਕਰਜ਼ਾ ਚੜ੍ਹਿਆ ਹੋਇਆ ਹੈ। ਜੇ ਛੋਟੇ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ ਤਾਂ ਇਸ ਖੇਤਰ ਵਿਚ ਖੇਤ ਮਜ਼ਦੂਰਾਂ ਦੀ ਸੂਚੀ ਵੀ ਲੰਮੀ ਹੈ। ਮਾਨਸਾ ਸਮਾਗਮ ਵਿਚ ਕੈਪਟਨ ਨੇ ਜਿਥੇ ਖੇਤ ਮਜ਼ਦੂਰਾਂ ਲਈ ਕਰਜ਼ੇ ਮੁਆਫ ਕਰਨ ਦੀ ਗੱਲ ਕੀਤੀ ਹੈ, ਉਥੇ ਇਹ ਵੀ ਆਖ ਦਿੱਤਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਖਜ਼ਾਨਾ ਖਾਲੀ ਕਰ ਗਈ ਸੀ ਅਤੇ ਕੇਂਦਰ ਸਰਕਾਰ ਨੇ ਵੀ ਕੋਈ ਸਹਾਇਤਾ ਨਹੀਂ ਕੀਤੀ। 73 ਹਜ਼ਾਰ ਕਰੋੜ ਵਿਚੋਂ 170 ਕਰੋੜ ਦੀ ਪਹਿਲੀ ਕਿਸ਼ਤ ਜਾਰੀ ਹੋਣ ਸਮੇਂ ਤਕਨੀਕੀ ਅਤੇ ਪ੍ਰਸ਼ਾਸਨਿਕ ਕਮਜ਼ੋਰੀਆਂ ਸਾਹਮਣੇ ਆਈਆਂ। ਇਸ ਸ਼ੁਰੂਆਤ ਨੇ ਪ੍ਰਸੰਸਾ ਨਾਲੋਂ ਆਲੋਚਨਾ ਅਤੇ ਵਿਰੋਧ ਵਧੇਰੇ ਪੈਦਾ ਕੀਤਾ ਹੈ।
ਬੈਂਕਰਜ਼ ਕਮੇਟੀ ਮੁਤਾਬਕ ਪੰਜਾਬ ਦੇ ਕਿਸਾਨਾਂ ਸਿਰ 73 ਹਜ਼ਾਰ ਕਰੋੜ ਰੁਪਏ ਦਾ ਸੰਸਥਾਗਤ ਕਰਜ਼ਾ ਹੈ। ਇਸ ਵਿਚੋਂ 59 ਹਜ਼ਾਰ ਕਰੋੜ ਰੁਪਏ ਫਸਲੀ ਕਰਜ਼ਾ ਹੈ। ਇਸ ਕਰਜ਼ੇ ਸਬੰਧੀ ਡਾæ ਟੀæ ਹੱਕ ਦੀ ਅਗਵਾਈ ਵਿਚ ਬਣੀ ਕਮੇਟੀ ਨੇ ਆਪਣੀ ਰਿਪੋਰਟ ਦੇ ਦਿੱਤੀ ਸੀ। ਹੱਕ ਕਮੇਟੀ ਨੇ ਢਾਈ ਤੋਂ ਪੰਜ ਏਕੜ ਤੱਕ ਵਾਲੇ ਸਾਰੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕਰਨ ਅਤੇ ਇਸ ਤੋਂ ਉਪਰ ਵਾਲਿਆਂ ਦਾ ਇਕ ਸਾਲ ਦਾ ਵਿਆਜ ਮੁਆਫ ਕਰਨ ਦੀ ਸਿਫਾਰਸ਼ ਕੀਤੀ ਹੋਈ ਹੈ। ਜੇ ਪੰਜ ਏਕੜ ਤੱਕ ਸਭ ਦਾ ਕਰਜ਼ਾ ਮੁਆਫ ਹੋ ਜਾਵੇ ਤਾਂ ਸਰਕਾਰ ਨੂੰ ਤਕਰੀਬਨ ਸੱਤ ਹਜ਼ਾਰ ਕਰੋੜ ਰੁਪਏ ਦੀ ਹੋਰ ਜ਼ਰੂਰਤ ਹੋਵੇਗੀ। ਸ਼ਾਹੂਕਾਰਾ ਕਰਜ਼ਾ ਇਸ ਤੋਂ ਅਲੱਗ ਹੈ ਜੋ ਵੱਧ ਵਿਆਜ ਅਤੇ ਹੋਰ ਕਈ ਕਾਰਨਾਂ ਕਰ ਕੇ ਕਿਸਾਨਾਂ ਦਾ ਲੱਕ ਤੋੜ ਰਿਹਾ ਹੈ।
——————-
ਸਿਰਫ ਪੰਜ ਰੁਪਏ ਦੀ ਕਰਜ਼ ਮੁਆਫੀ?
ਜ਼ਿਲ੍ਹਾ ਸੰਗਰੂਰ ਦੇ ਪਿੰਡ ਕੌਲਸੇੜੀ ਵਿਚ ਇਕ ਕਿਸਾਨ ਨਾਲ ਸਰਕਾਰ ਨੇ ਕੋਝਾ ਮਜ਼ਾਕ ਕੀਤਾ। ਕਰਜ਼ਾ ਮੁਆਫੀ ਸੂਚੀ ਵਿਚ ਕਿਸਾਨ ਦਾ ਸਿਰਫ 5 ਰੁਪਏ ਦਾ ਕਰਜ਼ ਮੁਆਫ ਹੋਇਆ, ਜਦਕਿ ਉਸ ਦਾ ਕੁੱਲ ਕਰਜ਼ 65,000 ਰੁਪਏ ਹੈ। ਅਜਿਹੇ ਕਈ ਕਿਸਾਨ ਆਪਣੇ ਨਾਲ ਹੋਏ ਮਜ਼ਾਕ ਬਾਰੇ ਰੋਸ ਕਰ ਰਹੇ ਹਨ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰੀ ਸਮਾਗਮ ‘ਚ 67 ਫੀਸਦੀ ਹੱਕਦਾਰ ਕਿਸਾਨਾਂ ਨੂੰ ਕਰਜ਼ਾ ਮੁਆਫੀ ਤੋਂ ਵਾਂਝੇ ਰੱਖਿਆ ਗਿਆ ਹੈ, ਜਦੋਂ ਕਿ ਬਹੁਤ ਥਾਈਂ ਹੁਕਮਰਾਨਾਂ ਦੇ ਚਹੇਤੇ ਧਨਾਢ ਕਿਸਾਨਾਂ ਨੂੰ ਦੋ-ਦੋ ਲੱਖ ਦੇ ਗੱਫੇ ਦਿੱਤੇ ਗਏ ਹਨ।

This entry was posted in ਮੁੱਖ ਪੰਨਾ. Bookmark the permalink.