ਯੂਬਾ ਸਿਟੀ ਵਿਚ ਸਜਿਆ 38ਵਾਂ ਮਹਾਨ ਨਗਰ ਕੀਰਤਨ

ਯੂਬਾ ਸਿਟੀ (ਬਿਊਰੋ): ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਹਰ ਸਾਲ ਇਥੇ ਸਜਾਇਆ ਜਾਂਦਾ 38ਵਾਂ ਨਗਰ ਕੀਰਤਨ ਲੰਘੇ ਐਤਵਾਰ, 5 ਨਵੰਬਰ ਨੂੰ ਸਜਾਇਆ ਗਿਆ ਜਿਸ ਵਿਚ ਕਰੀਬ ਇਕ ਲੱਖ ਸੰਗਤਾਂ ਨੇ ਹਾਜ਼ਰੀ ਭਰੀ ਜਿਨ੍ਹਾਂ ਵਿਚ ਨਾ ਸਿਰਫ ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਤੋਂ ਹੀ ਸਗੋਂ ਬਾਹਰਲੇ ਮੁਲਕਾਂ ਤੋਂ ਵੀ ਸੰਗਤਾਂ ਸ਼ਾਮਲ ਸਨ। ਗੁਰਦੁਆਰਾ ਟਾਇਰਾ ਬਿਊਨਾ ਦੇ ਬਾਹਰ ਜਿੱਥੋਂ ਤੱਕ ਨਿਗ੍ਹਾ ਜਾਂਦੀ ਸੀ, ਰੰਗ-ਬਰੰਗੀਆਂ ਦਸਤਾਰਾਂ ਤੇ ਚੁੰਨੀਆਂ ਦਾ ਹੜ੍ਹ ਆਇਆ ਜਾਪਦਾ ਸੀ।

ਨਗਰ ਕੀਰਤਨ ਗੁਰਦੁਆਰਾ ਟਾਇਰਾ ਬਿਊਨਾ ਤੋਂ ਅਰਦਾਸ ਉਪਰੰਤ ਇਕ ਸੁੰਦਰ ਸਜਾਈ ਪਾਲਕੀ ਉਪਰ ਸ਼ੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੀ ਛਤਰਛਾਇਆ ਹੇਠ ਜੈਕਾਰਿਆਂ ਦੀ ਗੂੰਜ ਵਿਚ ਸਵੇਰੇ ਕਰੀਬ 10 ਵਜੇ ਅਰੰਭ ਹੋਇਆ। ਸਭ ਤੋਂ ਅੱਗੇ ਝਾੜੂਬਰਦਾਰ ਸੜਕ ਸਾਫ ਕਰ ਰਹੇ ਸਨ, ਉਪਰੰਤ ਰਵਾਇਤੀ ਅਸਤਰ-ਬਸਤਰ ਵਿਚ ਸਜੇ ਨਿਸ਼ਾਨਚੀ ਅਤੇ ਪੰਜ ਪਿਆਰੇ ਚੱਲ ਰਹੇ ਸਨ। ਨਿਸ਼ਾਨ ਸਾਹਿਬ ਅਤੇ ਅਮਰੀਕੀ ਝੰਡਾ ਵੀ ਝੂਲਦੇ ਜਾ ਰਹੇ ਸਨ। ਗੁਰੂ ਮਹਾਰਾਜ ਦੀ ਸਵਾਰੀ ਵਾਲੇ ਫਲੋਟ ਤੋਂ ਗੁਰਬਾਣੀ ਦਾ ਇਲਾਹੀ ਕੀਰਤਨ ਫਿਜ਼ਾ ਵਿਚ ਇਲਾਹੀ ਰੰਗ ਘੋਲ ਰਿਹਾ ਸੀ। ਸੰਗਤਾਂ ਦੀ ਸ਼ਰਧਾ ਸਾਰੇ ਪਾਸੇ ਡੁੱਲ੍ਹ ਡੁੱਲ੍ਹ ਪੈ ਰਹੀ ਸੀ।
ਗੁਰੂ ਮਹਾਰਾਜ ਦੀ ਸਵਾਰੀ ਦੇ ਪਿਛੇ ਵੱਖ ਵੱਖ ਗੁਰੂ ਘਰਾਂ, ਪੰਥਕ ਅਤੇ ਹੋਰ ਜਥੇਬੰਦੀਆਂ ਦੇ ਫਲੋਟ ਚੱਲ ਰਹੇ ਸਨ। ਕਈ ਫਲੋਟਾਂ ਤੋਂ ਜਥੇਬੰਦੀਆਂ ਆਪਣਾ ਪ੍ਰਚਾਰ ਕਰ ਰਹੀਆਂ ਸਨ। ਗਤਕੇ ਦੇ ਖਿਡਾਰੀ ਗਤਕੇ ਦੇ ਜੌਹਰ ਦਿਖਾ ਰਹੇ ਸਨ। ਜਗ੍ਹਾ ਜਗ੍ਹਾ ਸ਼ਰਧਾਲੂਆਂ ਨੇ ਭਾਂਤ-ਸੁਭਾਂਤੇ ਭੋਜਨ ਪਦਾਰਥਾਂ ਦੇ ਲੰਗਰ ਲਾਏ ਹੋਏ ਸਨ। ਸੰਗਤਾਂ ਸਟਾਲਾਂ ਤੋਂ ਪੀਜ਼ੇ, ਆਲੂ-ਟਿੱਕੀਆਂ, ਚਾਹ-ਪਾਣੀ ਅਤੇ ਗੰਨੇ ਦਾ ਰਸ ਛਕ ਰਹੀਆਂ ਸਨ। ਦਿਲਚਸਪ ਗੱਲ ਇਹ ਰਹੀ ਕਿ ਕੁਝ ਅਮਰੀਕੀ ਲੋਕ ਵੀ ਖਾਣੇ ਦੇ ਸਟਾਲ ਲਾ ਕੇ ਬੈਠੇ ਸਨ। ਇਕ ਮੈਕਸੀਕਨ ਪਰਿਵਾਰ ਟਾਇਰਾ ਬਿਊਨਾ ਰੋਡ ‘ਤੇ ਹਰ ਕਿਸੇ ਲਈ ਬਰੀਟੋ ਤਿਆਰ ਕਰ ਰਿਹਾ ਸੀ।
ਨਗਰ ਕੀਰਤਨ ਆਪਣੇ ਰਵਾਇਤੀ ਰੂਟ ਤੋਂ ਹੁੰਦਾ ਹੋਇਆ ਸ਼ਾਮੀਂ 4 ਵਜੇ ਗੁਰੂ ਘਰ ਵਾਪਸ ਆ ਕੇ ਅਰਦਾਸ ਉਪਰੰਤ ਸਮਾਪਤ ਹੋਇਆ।
ਨਗਰ ਕੀਰਤਨ ਦੇ ਸਮਾਗਮਾਂ ਦੌਰਾਨ ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ, ਭਾਈ ਹਰਚਰਨ ਸਿੰਘ ਖਾਲਸਾ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ), ਭਾਈ ਮਨੋਹਰ ਸਿੰਘ ਦਿੱਲੀ ਵਾਲੇ, ਭਾਈ ਦਲਬੀਰ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਹਰਪਾਲ ਸਿੰਘ ਰੀਨੋ ਅਤੇ ਗੁਰਦੁਆਰਾ ਸਾਹਿਬ ਯੂਬਾ ਸਿਟੀ ਦੇ ਰਾਗੀ ਜਥੇ ਨੇ ਸੰਗਤ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ। ਗਿਆਨੀ ਲਖਵਿੰਦਰ ਸਿੰਘ ਸੋਹਲ, ਨਾਭੇ ਵਾਲੀਆਂ ਬੀਬੀਆਂ, ਭਾਈ ਬਚਿੱਤਰ ਸਿੰਘ, ਸੈਨ ਹੋਜੇ ਤੋਂ ਬੀਬੀ ਚੰਚਲਦੀਪ ਕੌਰ ਅਤੇ ਸੁਖਵਿੰਦਰ ਸਿੰਘ ਗਰੇਵਾਲ ਦੇ ਢਾਡੀ ਜਥੇ ਨੇ ਸਿੱਖ ਇਤਿਹਾਸ ਬੀਰ ਰਸੀ ਵਾਰਾਂ ਵਿਚ ਪੇਸ਼ ਕਰਕੇ ਸੰਗਤਾਂ ਵਿਚ ਜੋਸ਼ ਦਾ ਪਰਵਾਹ ਚਲਾਇਆ। ਭਾਈ ਮਹਿਲ ਸਿੰਘ ਅਤੇ ਸਿਆਟਲ ਤੋਂ ਹਰਜੋਤ ਸਿੰਘ ਤੇ ਭਗੀਰਥ ਸਿੰਘ ਦੇ ਕਵੀਸ਼ਰੀ ਜਥਿਆਂ ਨੇ ਸਿੱਖ ਇਤਿਹਾਸ ਕਵੀਸ਼ਰੀ ਵਿਚ ਪੇਸ਼ ਕੀਤਾ। ਬੀਬੀ ਕਰਤਾਰ ਕੌਰ ਤੇ ਬੀਬੀ ਜਸਬੀਰ ਕੌਰ ਨੇ ਕਵਿਤਾ ਪੜ੍ਹੀ। 3 ਨਵੰਬਰ ਨੂੰ ਨਗਰ ਕੀਰਤਨ ਦੀਆਂ ਖੁਸ਼ੀਆਂ ਵਿਚ ਰਾਤ 8 ਵਜੇ ਆਤਿਸ਼ਬਾਜ਼ੀ ਹੋਈ। ਸਨਿਚਰਵਾਰ, 4 ਨਵੰਬਰ ਨੂੰ ਅੰਮ੍ਰਿਤ ਸੰਚਾਰ ਹੋਇਆ।
ਸਨਿਚਰਵਾਰ ਰਾਤ ਨੂੰ ਸਜੀ ਪੰਥਕ ਸਟੇਜ ਤੋਂ ਮਾਡੈਸਟੋ ਦੇ ਵਾਈਸ ਮੇਅਰ ਅਤੇ 2019 ‘ਚ ਸੈਨੇਟ ਲਈ ਚੋਣ ਲੜ ਰਹੇ ਮਨਮੀਤ ਸਿੰਘ ਗਰੇਵਾਲ ਨੇ ਗੁਰਗੱਦੀ ਦਿਵਸ ਦੀ ਵਧਾਈ ਦਿੰਦਿਆਂ ਸੰਗਤਾਂ ਨੂੰ ਅਮਰੀਕੀ ਰਾਜਨੀਤੀ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਵਾਸ਼ਿੰਗਟਨ ਡੀæ ਸੀæ ਤੋਂ ਆਏ ਡਾæ ਅਮਰਜੀਤ ਸਿੰਘ ਨੇ ਖਾਲਿਸਤਾਨ ਦੀ ਗੱਲ ਕਰਦਿਆਂ ਸੰਗਤ ਨੂੰ ਆਪਣਾ ਕੌਮੀ ਘਰ ḔਖਾਲਿਸਤਾਨḔ ਬਣਾਉਣ ਵਿਚ ਸਮਰਥਨ ਦੇਣ ਦੀ ਅਪੀਲ ਕੀਤੀ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨੀਤ ਸਿੰਘ ਮਾਨ ਦੇ ਸਪੁੱਤਰ ਇਮਾਨ ਸਿੰਘ ਮਾਨ ਨੇ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਦੀ ਗੱਲ ਕਰਦਿਆਂ ਇਕ ਝੰਡੇ ਥੱਲੇ ਇਕੱਠੇ ਹੋਣ ਦੀ ਅਪੀਲ ਕੀਤੀ ਤਾਂ ਕਿ ਕੌਮੀ ਮਸਲੇ ਹੱਲ ਹੋ ਸਕਣ। ਉਨ੍ਹਾਂ ਆਖਿਆ ਕਿ ਤੁਸੀਂ ਤਾਂ ਸਿਲੀਕਾਨ ਵੈਲੀ ਬੈਠੇ ਹੋ ਤੇ ਖੁਸ਼ਹਾਲ ਹੋ। ਕੋਈ ਐਸਾ ਹੱਲ ਲੱਭੋ ਕਿ ਪਿੰਡਾਂ ਵਿਚ ਬੈਠੇ ਲੋੜਵੰਦ ਲੋਕਾਂ ਦੀ ਮਦਦ ਕਰੀਏ ਤੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਮਦਦ ਕਰੀਏ।
ਪਾਰਟੀ ਆਗੂ ਬੂਟਾ ਸਿੰਘ ਖੜੌਦ ਨੇ ਸ਼ ਸਿਮਰਨਜੀਤ ਸਿੰਘ ਮਾਨ ਦੇ ਹੱਥ ਹੋਰ ਮਜਬੂਤ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਸ਼ ਮਾਨ ਪੰਜਾਬ ਵਿਚ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਹਨ, ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਅਕਾਲੀ ਦਲ (ਅੰਮ੍ਰਿਤਸਰ) ਯੂæ ਐਸ਼ ਏæ ਵੈਸਟ ਇਕਾਈ ਦੇ ਆਗੂ ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਵਿਚ ਸਰਬਤ ਖਾਲਸਾ ਵਿਚ ਹਾਜ਼ਰੀ ਭਰਨ ਗਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਬਿਨਾ ਵਜ੍ਹਾ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਈ ਅਮਨ-ਕਾਨੂੰਨ ਨਹੀਂ ਹੈ ਤੇ ਪੁਲਿਸ ਰਾਜ ਕਰ ਰਹੀ ਪਾਰਟੀ ਦੀ ਗੁਲਾਮ ਹੈ। ਉਨ੍ਹਾਂ ਸਭ ਪੰਥਕ ਜਥੇਬਦੀਆਂ ਨੂੰ ਅਪੀਲ ਕੀਤੀ ਕਿ ਰਲ ਕੇ ਰਹਿਣਾ ਚਾਹੀਦਾ ਹੈ, ਤਰੀਕੇ ਵੱਖੋ ਵੱਖ ਹੋ ਸਕਦੇ ਹਨ ਪਰ ਨਿਸ਼ਾਨਾ (ਖਲਿਸਤਾਨ) ਸਭ ਦਾ ਇਕੋ ਹੈ।
ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਸੁਖਵਿੰਦਰ ਸਿੰਘ ਥਾਣਾ ਨੇ 2020 ਦੇ ਸਿੱਖ ਰੈਫਰੈਂਡਮ ਬਾਰੇ ਗੱਲ ਕਰਦਿਆਂ ਇਸ ਲਈ ਤਿਆਰ ਰਹਿਣ ਦੀ ਅਪੀਲ ਕੀਤੀ।
ਨਗਰ ਕੀਰਤਨ ਕਮੇਟੀ ਦੇ ਚੇਅਰਮੈਨ ਗੁਰਨਾਮ ਸਿੰਘ ਪੰਮਾ ਨੇ ਪ੍ਰਬੰਧਕ ਕਮੇਟੀ ਦੀ ਤਰਫੋਂ ਨਗਰ ਕੀਰਤਨ ਵਿਚ ਹਾਜ਼ਰੀ ਭਰਨ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਸੁਚੱਜੇ ਪ੍ਰਬੰਧ ਦੀ ਕੋਸ਼ਿਸ਼ ਕੀਤੀ ਹੈ, ਫਿਰ ਵੀ ਜੇ ਕੋਈ ਘਾਟ ਰਹਿ ਗਈ ਹੋਵੇ ਤਾਂ ਸੰਗਤਾਂ ਤੋਂ ਮੁਆਫੀ ਚਾਹੁੰਦੇ ਹਾਂ।
ਲੈਕਚਰ ਸੈਸ਼ਨ: ਇਸ ਮੌਕੇ ਕਰਵਾਏ ਗਏ ਲੈਕਚਰ ਸੈਸ਼ਨ ਵਿਚ ਇੰਗਲੈਂਡ ਤੋਂ ਪਹੁੰਚੇ ਵਿਦਵਾਨ ਡਾæ ਇਕਤਿਦਾਰ ਚੀਮਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਐਸਾ ਸੀ ਕਿ ਹਰ ਬੰਦਾ ਆਪਣੇ ਆਪ ਨੂੰ ਸੁਰਖਿਅਤ ਸਮਝਦਾ ਸੀ ਤੇ ਹਰ ਧਰਮ ਸੁਰਖਿਅਤ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਾਰੀਆਂ ਭਾਸ਼ਾਵਾਂ ਨੇ ਤਰੱਕੀ ਕੀਤੀ। ਉਨ੍ਹਾਂ ਦੇ ਦਰਬਾਰ ਵਿਚ ਸਾਰੀਆਂ ਕੌਮਾਂ, ਧਰਮਾਂ ਦੇ ਲੋਕ ਸ਼ਾਮਲ ਸਨ। ਹਰ ਇਕ ਨੂੰ ਕਾਬਲੀਅਤ ਅਨੁਸਾਰ ਕੰਮ ਮਿਲਦਾ ਸੀ। ਜੇ ਉਹੋ ਜਿਹਾ ਢਾਂਚਾ ਹੋਵੇ ਤਾਂ ਬੜਾ ਕੁਝ ਬਦਲ ਸਕਦਾ ਹੈ। ਡਾæ ਚੀਮਾ ਨੇ ਕਿਹਾ ਕਿ ਜੇ ਕਿਸੇ ਕੌਮ ਕੋਲ ਆਪਣਾ ਖਿੱਤਾ ਹੋਵੇ ਤਾਂ ਉਹ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰੇ। ਉਨ੍ਹਾਂ ਯੂæ ਐਨæ ਓæ ਚਾਰਟਰ ਵਿਚ ਸਿੱਖ ਧਰਮ ਨੂੰ ਸ਼ਾਮਲ ਕੀਤੇ ਜਾਣ ਬਾਰੇ ਵੀ ਚਰਚਾ ਕੀਤੀ।
ਇੰਡੀਆ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾæ ਹਰਸ਼ਿੰਦਰ ਕੌਰ ਨੇ ਸਿੱਖੀ ਵਿਚ ਔਰਤਾਂ ਦੀ ਸਨਮਾਨਯੋਗ ਥਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਤਿਹਾਸ ਦੀ ਖੋਜ ਤੋਂ ਉਨ੍ਹਾਂ ਪਤਾ ਲਾਇਆ ਹੈ ਕਿ ਸਿੱਖ ਧਰਮ ਦੁਨੀਆਂ ਦਾ ਪਹਿਲਾ ਧਰਮ ਹੈ ਜਿਸ ਨੇ ਔਰਤਾਂ ਲਈ ਬਰਾਬਰੀ ਵਾਸਤੇ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ 17ਵੀਂ ਸਦੀ ਵਿਚ ਜਦੋਂ ਮੁਗਲਾਂ ਨੇ ਭਾਰਤ ਉਤੇ ਹਮਲੇ ਸ਼ੁਰੂ ਕੀਤੇ ਤਾਂ ਉਨ੍ਹਾਂ ਔਰਤਾਂ ਨੂੰ ਚੁੱਕ ਕੇ ਲੈ ਜਾਣਾ ਅਤੇ ਉਨ੍ਹਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ, ਉਸ ਸਮੇਂ ਸਿੱਖ ਸੂਰਮੇ ਹੀ ਸਨ ਜਿਨ੍ਹਾਂ ਨੇ ਔਰਤਾਂ ਨੂੰ ਜਾਲਮਾਂ ਦੇ ਹੱਥੋਂ ਛੁਡਾਉਣਾ ਸ਼ੁਰੂ ਕੀਤਾ। ਇਸ ਪਿਛੋਂ ਉਨ੍ਹਾਂ ਔਰਤਾਂ ਨੂੰ ਗਤਕਾ ਸਿਖਾ ਕੇ ਸਵੈ ਰੱਖਿਆ ਦੇ ਕਾਬਲ ਬਣਾਇਆ। ਡਾæ ਹਰਸ਼ਿੰਦਰ ਕੌਰ ਨੇ ਇਸ ਸਮੇਂ ਗੁਰੂ ਨਾਨਕ ਦੇਵ ਜੀ ਵਲੋਂ ਔਰਤਾਂ ਨੂੰ ਬਰਾਬਰੀ ਦੇ ਹੱਕ ਵਿਚ ਉਚਾਰੇ ਬੋਲਾਂ Ḕਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨḔ ਦਾ ਵੀ ਹਵਾਲਾ ਦਿੱਤਾ।
ਡਾæ ਹਰਸ਼ਿੰਦਰ ਕੌਰ ਨੇ ਸਿੱਖ ਇਤਿਹਾਸ ਦੇ ਹਵਾਲੇ ਨਾਲ ਕਿਹਾ ਕਿ ਬੀਬੀਆਂ ਮੋਢੇ ਨਾਲ ਮੋਢਾ ਜੋੜ ਕੇ ਲੜੀਆਂ। ਉਨ੍ਹਾਂ ਇਸ ਸਬੰਧੀ ਮਾਈ ਭਾਗੋ ਦਾ ਜ਼ਿਕਰ ਕੀਤਾ। ਉਨ੍ਹਾਂ ਬੀਬੀਆਂ ਨੂੰ ਆਪਣੀ ਜਿੰਮੇਵਾਰੀ ਸਮਝਣ, ਬੱਚਿਆਂ ਨੂੰ ਪੰਜਾਬੀ ਪੜ੍ਹਾਉਣ, ਭਰੂਣ ਹੱਤਿਆ ਤੇ ਨਸ਼ਿਆਂ ਵਿਰੁਧ ਖੜ੍ਹਨ ਅਤੇ ਦਿੱਲੀ ਦੰਗਿਆਂ ਦੀਆਂ ਪੀੜਤ ਬੀਬੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਯੂਨੈਸਕੋ ਦੇ ਚਾਰਟਰ ਮੁਤਾਬਕ ਸਭਿਅਤਾਵਾਂ ਦੇ ਖਤਮ ਹੋਣ ਦੀ ਗੱਲ ਕਰਦਿਆਂ ਪੰਜਾਬ ਦੇ ਪਾਣੀਆਂ ਦੇ ਥੱਲੇ ਜਾਣ ‘ਤੇ ਚਿੰਤਾ ਪ੍ਰਗਟਾਈ।
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੋਹਾਂ ਵਿਦਵਾਨਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਬੀਬੀ ਰਵੀਦੀਪ ਕੌਰ ਨੇ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਸਿੱਖੀ ਨਾਲ ਜੋੜਿਆ ਅਤੇ ਵਿਦਿਆ ਦੇ ਖੇਤਰ ਵਿਚ ਉਸਾਰੂ ਕੰਮ ਕੀਤਾ। ਸੰਤ ਬਾਬਾ ਤੇਜਾ ਸਿੰਘ ਨੇ ਬੜੂ ਸਾਹਿਬ ਅਕੈਡਮੀਆਂ ਬਣਾਈਆਂ ਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੇ ਕੁਝ ਪ੍ਰਾਪਤ ਕਰਨਾ ਹੈ ਤਾਂ ਐਜੂਕੇਸ਼ਨ ਦੇ ਨਾਲ ਨਾਲ ਧਰਮ ਦੀ ਗੱਲ ਕਰਨੀ ਵੀ ਜਰੂਰੀ ਹੈ।
ਐਤਵਾਰ ਨੂੰ ਨਗਰ ਕੀਰਤਨ ਅਰੰਭ ਹੋਣ ਤੋਂ ਪਹਿਲਾਂ ਸਿਟੀ ਦੇ ਮੇਅਰ, ਕੌਂਸਲਮੈਨ, ਕਾਊਂਟੀ ਸੁਪਰਵਾਈਜ਼ਰ ਤੇ ਹੋਰਨਾਂ ਦਾ ਗੁਰਨਾਮ ਸਿੰਘ ਪੰਮਾ, ਗੁਰਮੇਜ ਸਿੰਘ ਗਿੱਲ ਅਤੇ ਪ੍ਰਧਾਨ ਬਲਬੀਰ ਸਿੰਘ ਸੋਹਲ ਨੇ ਪਲੇਕਾਂ ਦੇ ਕੇ ਸਨਮਾਨ ਕੀਤਾ। ਪਰਮਿੰਦਰ ਸਿੰਘ ਗਰੇਵਾਲ ਨੇ ਯੂæ ਐਨæ ਓæ ਤੋਂ ਆਇਆ ਪ੍ਰੋਕਲੇਮੇਸ਼ਨ (ਐਲਾਨਨਾਮਾ) ਪੜ੍ਹਿਆ। ਸਟੇਜ ਦੀ ਸੇਵਾ ਗੁਰਮੇਜ ਸਿੰਘ ਗਿੱਲ ਨੇ ਨਿਭਾਈ।

ਝਲਕੀਆਂ
-ਕਪਾਹ ਦੀਆਂ ਫੁੱਟੀਆਂ ਵਰਗੀ ਖਿੜ੍ਹੀ ਧੁੱਪ ਨੇ ਸਾਰਾ ਦਿਨ ਚੌਗਿਰਦਾ ਲਿਸ਼ਕਾਈ ਰੱਖਿਆ ਅਤੇ ਚਾਅ ਉਲਾਸ ਨਾਲ ਭਰੇ ਸ਼ਰਧਾਲੂਆਂ ਦੇ ਜੋਸ਼ ਨੂੰ ਦੂਣ ਸਵਾਇਆ ਬਣਾਈ ਰੱਖਿਆ। ਪ੍ਰਬੰਧਕਾਂ ਨੇ ਸੰਗਤਾਂ ਨੂੰ ਮੀਂਹ-ਕਣੀ ਦੇ ਅੰਦੇਸ਼ੇ ਨਾਲ ਲੋੜ ਅਨੁਸਾਰ ਵਸਤਰ ਵਗੈਰਾ ਲੈ ਕੇ ਆਉਣ ਦੀ ਬੇਨਤੀ ਕੀਤੀ ਸੀ। ਨਗਰ ਕੀਰਤਨ ਤੋਂ ਪਹਿਲੇ ਦਿਨ ਤਾਂ ਥੋੜ੍ਹੀ-ਬਹੁਤੀ ਕਿਣਮਿਣ ਹੋਈ ਪਰ ਨਗਰ ਕੀਰਤਨ ਵਾਲੇ ਦਿਨ ਇੰਦਰ ਦੇਵਤਾ ਨੇ ਮਿਹਰ ਹੀ ਰੱਖੀ।
-ਇਸ ਵਾਰ ਬਾਦਲ ਦਲ ਦਾ ਨਾ ਕੋਈ ਫਲੋਟ ਦਿਖਾਈ ਦਿੱਤਾ ਅਤੇ ਨਾ ਹੀ ਉਨ੍ਹਾਂ ਦੀ ਕੋਈ ਨਫਰਤੀ ਨੁਕਤੇ ਤੋਂ ਬਣਾਈ ਹੋਈ ਤਸਵੀਰ।
-ਆਮ ਆਦਮੀ ਪਾਰਟੀ ਦੀ ਵੀ ਮੁਕੰਮਲ ਗੈਰ-ਹਾਜ਼ਰੀ ਸੀ।
-ਸਿੱਖਾਂ ਦਾ ਕੋਈ ਸਮਾਗਮ ਹੋਵੇ ਤਾਂ ਖੜਕਾ-ਦੜਕਾ ਨਾ ਹੋਵੇ, ਤਾਂ ਜਾਤ-ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰ ਸੇ ਮੰਗਾ, ਅਵਰ ਨਹੀਂ ਤੋ ਅਪਨ ਸੰਗਾ ਦੀ ਉਕਤੀ ਝੂਠੀ ਨਾ ਪੈ ਜਾਊ। ਬੇਸ਼ਕ ਪਿਛਲੇ ਕੁਝ ਸਾਲ ਵਾਂਗ ਕੋਈ ਵੱਡਾ ਝਗੜਾ ਤਾਂ ਨਹੀਂ ਹੋਇਆ ਪਰ ਨਗਰ ਕੀਰਤਨ ਤੋਂ ਇਕ ਦਿਨ ਪਹਿਲਾਂ ਪੀæ ਟੀæ ਸੀæ ਚੈਨਲ ਵਾਲਿਆਂ ਦੀ ਝਾੜ-ਝੰਬ ਕਰਕੇ ਖੜਕਾ-ਦੜਕਾ ਕਰਨ ਵਾਲੇ ਸੱਜਣਾਂ ਨੇ ਆਪਣੇ ਜੌਹਰ ਦਿਖਾ ਛੱਡੇ। ਪੀæ ਟੀæ ਸੀæ ਦੇ ਬੰਦੇ ਦਾ ਕੈਮਰਾ ਭੰਨ ਦਿੱਤਾ। ਉਂਜ ਪੁਲਿਸ ਸੂਤਰਾਂ ਅਨੁਸਾਰ ਨਗਰ ਕੀਰਤਨ ਦੌਰਾਨ ਅਮਨ ਅਮਾਨ ਰੱਖਣ ਲਈ ਕੋਈ ਚਾਲੀ ਪੁਲਿਸ ਅਫਸਰ ਤੈਨਾਤ ਕੀਤੇ ਗਏ ਸਨ।
-ਸਥਾਨਕ ਗੋਰੇ-ਗੋਰੀਆਂ ਦੇ ਹੱਥਾਂ ‘ਚ ਲਿਸ਼ਕਦੀਆਂ ਲਸੂੜੀ ਰੰਗੀਆਂ ਜਲੇਬੀਆਂ ਦੀਆਂ ਪਲੇਟਾਂ ਅਦਭੁੱਤ ਨਜ਼ਾਰਾ ਪੇਸ਼ ਕਰ ਰਹੀਆਂ ਸਨ।
-ਹਮੇਸ਼ਾ ਵਾਂਗ ਭਾਂਤ-ਸੁਭਾਂਤ ਖਰੀਦਦਾਰੀ ਦੇ ਸਟਾਲ ਲੱਗੇ ਹੋਏ ਸਨ। ਕਿਧਰੇ ਕਿਤਾਬਾਂ ਦੇ ਸਟਾਲ ‘ਤੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਜੁੜੇ ਹੋਏ ਸਨ ਤੇ ਕਿਧਰੇ ਸੂਟਾਂ ਤੇ ਗਹਿਣਿਆਂ ਦੇ ਸਟਾਲਾਂ ‘ਤੇ ਬੀਬੀਆਂ ਝੁਰਮਟ ਪਾਈ ਬੈਠੀਆਂ ਸਨ।
-ਨਗਰ ਕੀਰਤਨ ਤੋਂ ਅਗਲੇ ਦਿਨ ਸੇਵਾਦਾਰਾਂ ਨੇ ਗੁਰਦੁਆਰਾ ਟਾਇਰਾ ਬਿਊਨਾ ਦੇ ਆਲੇ-ਦੁਆਲੇ ਅਤੇ ਨਗਰ ਕੀਰਤਨ ਦੇ ਰਾਸਤੇ ਦੀ ਪੂਰੀ ਸਾਫ-ਸਫਾਈ ਕਰ ਦਿੱਤੀ ਤਾਂ ਜੋ ਕਿਸੇ ਨੂੰ ਕੋਈ ਉਲ੍ਹਾਮਾ ਦੇਣ ਦਾ ਮੌਕਾ ਨਾ ਮਿਲ ਸਕੇ।

This entry was posted in ਮੁੱਖ ਪੰਨਾ. Bookmark the permalink.