ਡੇਰਾ ਮੁਖੀ ਨੂੰ ਮੁਆਫੀ ਬਾਰੇ ਖੁੱਲ੍ਹਣਗੇ ਰਾਜ

ਚੰਡੀਗੜ੍ਹ: ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਭਰਾ ਭਾਈ ਹਿੰਮਤ ਸਿੰਘ ਹੁਣ ਬੇਅਦਬੀ ਕਾਂਡ ਤੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਸਬੰਧੀ ਮਾਮਲਿਆਂ ਦੀਆਂ ਪਰਤਾਂ ਖੋਲ੍ਹਣਗੇ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਇਸ ਬਾਰੇ ਕਈ ਪੁਖਤਾ ਸਬੂਤ ਹਨ ਜਿਨ੍ਹਾਂ ਨੂੰ ਉਹ ਮਾਮਲੇ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸੌਂਪਣਗੇ। ਭਾਈ ਹਿੰਮਤ ਸਿੰਘ ਦੇ ਖੁਲਾਸੇ ਸ਼੍ਰੋਮਣੀ ਕਮੇਟੀ ਦੀਆਂ ਮੁਸ਼ਕਲਾਂ ਵਧਾ ਸਕਦੇ ਹਨ।

ਦਰਅਸਲ, ਭਾਈ ਹਿੰਮਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਨੌਕਰੀ ਤੋਂ ਅਸਤੀਫਾ ਦਿੰਦਿਆਂ ਕਮੇਟੀ ਅਧਿਕਾਰੀਆਂ ‘ਤੇ ਵੱਡੇ ਇਲਜ਼ਾਮ ਲਾਏ ਹਨ। ਉਹ ਹਰਿਆਣਾ ਦੇ ਜ਼ਿਲ੍ਹਾ ਜੀਂਦ ਵਿਚ ਗੁਰਦੁਆਰਾ ਧਮਧਾਨ ਸਾਹਿਬ ਵਿਚ ਸਹਾਇਕ ਗ੍ਰੰਥੀ ਵਜੋਂ ਤਾਇਨਾਤ ਸਨ ਤੇ ਅਚਾਨਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਭੇਜੇ ਅਸਤੀਫੇ ਵਿਚ ਭਾਈ ਹਿੰਮਤ ਸਿੰਘ ਨੇ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਵੱਲੋਂ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਹੈ।
ਉਨ੍ਹਾਂ ਦਾ ਤਬਾਦਲਾ ਅਕਾਲ ਤਖਤ ਤੋਂ ਹਰਿਆਣਾ ਵਿਚ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਪਤਨੀ ਨੂੰ ਅਧਰੰਗ ਦਾ ਅਟੈਕ ਵੀ ਹੋ ਚੁੱਕਿਆ ਹੈ। ਉਨ੍ਹਾਂ ਦੇ ਬੱਚੇ ਛੋਟੇ ਹਨ। ਇਸ ਬਾਰੇ ਪ੍ਰਬੰਧਕਾਂ ਨੂੰ ਦੱਸਿਆ ਵੀ ਗਿਆ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਬਦਲੀ ਹਰਿਆਣਾ ਵਿਚ ਕੀਤੀ ਗਈ। ਉਨ੍ਹਾਂ ਲਿਖਿਆ ਕਿ ਪਰੇਸ਼ਾਨ ਕਰਨ ਦਾ ਸਿਲਸਿਲਾ ਉਦੋਂ ਸ਼ੁਰੂ ਹੋਇਆ ਜਦੋਂ ਉਸ ਦੇ ਭਰਾ ਤੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਪਿੱਛੇ ਭੇਤ ਦਾ ਖੁਲਾਸਾ ਕੀਤਾ ਗਿਆ।
ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਦਾਅਵਾ ਕੀਤਾ ਸੀ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਸਤੰਬਰ 2015 ਵਿਚ ਮੁਆਫ ਕਰਨ ਵਾਲਾ ਪੱਤਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਚੰਡੀਗੜ੍ਹ ਸੱਦ ਕੇ ਸੌਂਪਿਆ ਗਿਆ ਸੀ। ਇਸ ਸਬੰਧੀ ਤਿੰਨਾਂ ਤਖਤਾਂ ਦੇ ਜਥੇਦਾਰਾਂ ਨੂੰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਿਹਾਇਸ਼ ‘ਤੇ ਸੱਦਿਆ ਗਿਆ ਸੀ। ਡੇਰਾ ਸਿਰਸਾ ਮੁਖੀ ਨੂੰ ਮੁਆਫੀ ਮਾਮਲੇ ਵਿਚ ਕਈ ਭੇਤ ਉਜਾਗਰ ਕਰਨ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਗੁਰਮੁਖ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਅਹੁਦੇ ਤੋਂ ਹਟਾ ਕੇ ਹਰਿਆਣਾ ਦੇ ਗੁਰਦੁਆਰਾ ਧਮਤਾਨ ਸਾਹਿਬ ਵਿਖੇ ਬਤੌਰ ਮੁੱਖ ਗ੍ਰੰਥੀ ਤਬਾਦਲਾ ਕਰ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਦਾ ਕੁਆਰਟਰ ਖਾਲੀ ਕਰਾਉਣ ਲਈ ਬੱਤੀ-ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਸ ਦੇ ਭਰਾ ਹਿੰਮਤ ਸਿੰਘ ਦਾ ਤਬਾਦਲਾ ਵੀ ਅੰਮ੍ਰਿਤਸਰ ਤੋਂ ਹਰਿਆਣਾ ਵਿਚ ਕਰ ਦਿੱਤਾ ਗਿਆ ਸੀ।
______________________________________
ਰਾਮ ਰਹੀਮ ਖਿਲਾਫ ਫੈਸਲੇ ਤੋਂ ਪਹਿਲਾਂ ਹੀ ਰਚ ਲਈ ਸੀ ਦੰਗਿਆਂ ਦੀ ਸਾਜਿਸ਼
ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਫੈਸਲਾ ਭਾਵੇਂ 25 ਅਗਸਤ ਨੂੰ ਆਇਆ ਸੀ, ਪਰ ਫੈਸਲੇ ਪਿੱਛੋਂ ਹਿੰਸਾ ਫਲਾਉਣ ਦਾ ਖਾਕਾ 17 ਅਗਸਤ ਨੂੰ ਹੀ ਤਿਆਰ ਕਰ ਲਿਆ ਗਿਆ ਸੀ। ਹਨੀਪ੍ਰੀਤ ਤੋਂ ਹੋਈ ਪੁੱਛਗਿੱਛ ਦੇ ਬਾਅਦ ਪੰਚਕੂਲਾ ਪੁਲਿਸ ਨੇ ਇਹ ਅਹਿਮ ਖੁਲਾਸਾ ਕੀਤਾ ਹੈ। 17 ਅਗਸਤ ਨੂੰ ਜਦ ਗੁਰਮੀਤ ਰਾਮ ਰਹੀਮ ‘ਤੇ ਲੱਗੇ ਦੋਸ਼ਾਂ ਉਤੇ ਫੈਸਲਾ ਰਾਖਵਾਂ ਰੱਖਿਆ ਗਿਆ ਤਾਂ ਡੇਰੇ ਦੇ ਚੋਣਵੇਂ ਲੋਕਾਂ ਦੀ ਅਹਿਮ ਬੈਠਕ ਹੋਈ। ਇਹ ਬੈਠਕ ਕਾਲੇ ਰੰਗ ਦੀ ਮਰਸਡੀਜ਼ ਕਾਰ ਵਿਚ ਹੋਈ। ਬੈਠਕ ਵਿਚ ਗੁਰਮੀਤ ਰਾਮ ਰਹੀਮ ਤੋਂ ਇਲਾਵਾ ਨਿੱਜੀ ਸਕੱਤਰ ਰਾਕੇਸ਼ ਤੇ ਚੀਫ ਸੁਰੱਖਿਆ ਅਫਸਰ ਪ੍ਰੀਤਮ ਸਿੰਘ ਵੀ ਮੌਜੂਦ ਸੀ।
ਹਨੀਪ੍ਰੀਤ ਦੇ ਇਸ ਬੈਠਕ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਪੰਚਕੂਲਾ ਪੁਲਿਸ ਕਮਿਸ਼ਨਰ ਨੇ ਕੀਤੀ। ਇਸ ਬੈਠਕ ਵਿਚ ਗੁਰਮੀਤ ਰਾਮ ਰਹੀਮ ਕਿਹੜੀ ਗੱਡੀ ਰਾਹੀਂ ਅਦਾਲਤ ‘ਚ ਜਾਵੇਗਾ ਤੇ ਜੇਕਰ ਫੈਸਲਾ ਵਿਰੋਧ ਵਿਚ ਆਉਂਦਾ ਹੈ ਤਾਂ ਕਿਸ ਤਰ੍ਹਾਂ ਪ੍ਰਸ਼ਾਸਨ ਤੇ ਸਰਕਾਰ ਉਤੇ ਦਬਾਅ ਬਣਾਇਆ ਜਾਵੇਗਾ, ਵਿਚਾਰਿਆ ਗਿਆ ਸੀ। ਪੁਲਿਸ ਨੇ ਰਿਮਾਂਡ ਲੈਣ ਲਈ ਅਦਾਲਤ ਨੂੰ ਦੱਸਿਆ ਕਿ ਹਨੀਪ੍ਰੀਤ 25 ਅਗਸਤ ਨਹੀਂ, 17 ਅਗਸਤ ਨੂੰ ਡੇਰਾ ਸਿਰਸਾ ਵਿਚ ਸਾਜਿਸ਼ ਰਚਣ ਲਈ ਦੋਸ਼ੀ ਹੈ, ਜਿਸ ਦਿਨ ਪੰਚਕੂਲਾ ‘ਚ ਅਦਾਲਤ ਵੱਲੋਂ ਰਾਮ ਰਹੀਮ ਖਿਲਾਫ਼ ਫੈਸਲਾ ਆਉਣ ਦੀ ਸੂਰਤ ‘ਚ ਵਿਆਪਕ ਪੱਧਰ ‘ਤੇ ਹਿੰਸਾ ਫੈਲਾਉਣ ਦੀ ਸਾਜਿਸ਼ ਘੜੀ ਗਈ ਸੀ।
_________________________________
ਜਦੋਂ ਰਾਮ ਰਹੀਮ ਤੋਂ ਯੂæਐਨæ ਨੇ ਮੰਗ ਲਿਆ ਸਮਰਥਨ
ਚੰਡੀਗੜ੍ਹ: ਅਜਿਹਾ ਲੱਗਦਾ ਹੈ ਕਿ ਗੁਰਮੀਤ ਰਾਮ ਰਹੀਮ ਤੇ ਹਨੀਪ੍ਰੀਤ ਦੇ ਜੇਲ੍ਹ ਵਿਚ ਹੋਣ ਦੀ ਖਬਰ ਸੰਯੁਕਤ ਰਾਸ਼ਟਰ (ਯੂæਐਨæ) ਤੱਕ ਨਹੀਂ ਪੁੱਜੀ ਹੈ। ਜੇਕਰ ਅਜਿਹਾ ਹੁੰਦਾ ਤਾਂ ਯੂæਐਨæ ਰਾਮ ਰਹੀਮ ਤੇ ਹਨੀਪ੍ਰੀਤ ਨੂੰ ‘ਪਖਾਨਾ ਦਿਵਸ’ ਦਾ ਸਮਰਥਨ ਕਰਨ ਦੀ ਅਪੀਲ ਨਾ ਕਰਦਾ। ਡੇਰਾ ਮੁਖੀ ਸਾਧਵੀਆ ਨਾਲ ਜਬਰ ਜਨਾਹ ਦੇ ਦੋਸ਼ ‘ਚ 20 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ, ਉਥੇ 39 ਦਿਨ ਬਾਅਦ ਫਰਾਰ ਹਨੀਪ੍ਰੀਤ ਵੀ ਪੁਲਿਸ ਦੀ ਗ੍ਰਿਫਤ ‘ਚ ਆ ਗਈ ਹੈ ਪਰ ਯੂæਐਨæ ਨੂੰ ਸ਼ਾਇਦ ਇਸ ਦੀ ਜਾਣਕਾਰੀ ਨਹੀਂ ਹੈ। ਇਸ ਲਈ ਯੂæਐਨæ ਵੱਲੋਂ ਗੁਰਮੀਤ ਰਾਮ ਰਹੀਮ ਤੇ ਹਨੀਪ੍ਰੀਤ ਇੰਸਾਂ ਨੂੰ ਅਪੀਲ ਕੀਤੀ ਗਈ ਹੈ। ਯੂæਐਨæ ਵੱਲੋਂ 19 ਨਵੰਬਰ ਨੂੰ ‘ਵਿਸ਼ਵ ਪਖਾਨਾ ਦਿਵਸ’ ਮਨਾਇਆ ਜਾ ਰਿਹਾ ਹੈ। ਯੂæ ਐੱਨæ ਦੇ ਟਵਿਟਰ ਹਾਡਲ ਤੋਂ ਇਕ ਟਵੀਟ ‘ਚ ਗੁਰਮੀਤ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਟੈਗ ਕਰਦੇ ਹੋਏ ਲਿਖਿਆ ਗਿਆ ਹੈ ਕਿ ਪਿਆਰੀ ਹਨੀਪ੍ਰੀਤ ਇੰਸਾਂ ਅਤੇ ਰਾਮ ਰਹੀਮ ਸਾਨੂੰ ਉਮੀਦ ਹੈ ਕਿ ਤੁਸੀਂ ਵਿਸ਼ਵ ਪਖਾਨਾ ਦਿਵਸ ਨੂੰ ਵਧ-ਚੜ੍ਹ ਕੇ ਸਮਰਥਨ ਕਰੋਗੇ।
______________________________________
ਜੇਲ੍ਹ ਵਿਚ ਰਾਮ ਰਹੀਮ ਦਾ ਹੈ ਇਹ ਹਾਲ
ਚੰਡੀਗੜ੍ਹ: ਗੁਰਮੀਤ ਰਾਮ ਰਹੀਮ ਦੀ ਦਾੜ੍ਹੀ ਤੇ ਸਿਰ ਦੇ ਵਾਲਾਂ ਤੋਂ ਕਾਲਾ ਰੰਗ ਉਤਰਨ ਕਾਰਨ ਵਾਲ ਚਿੱਟੇ ਦਿਸਣ ਲੱਗੇ ਹਨ ਤੇ ਉਸ ਦਾ ਭਾਰ ਵੀ ਛੇ ਕਿੱਲੋ ਘਟ ਗਿਆ ਹੈ। ਰਾਮ ਰਹੀਮ ਸ਼ੂਗਰ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਦਾ ਵੀ ਮਰੀਜ਼ ਹੈ ਤੇ ਉਸ ਨੂੰ ਨਾ ਸਿਰਫ ਇਸ ਲਈ ਰੋਜ਼ਾਨਾ ਦਵਾਈ ਲੈਣੀ ਪੈਂਦੀ ਹੈ, ਸਗੋਂ ਸਵੇਰੇ ਛੇਤੀ ਉਠ ਕੇ ਕਿਆਰੀਆਂ ਨੂੰ ਠੀਕ ਕਰਨ, ਪਾਣੀ ਲਗਾਉਣ ਤੇ ਘਾਹ-ਬੂਟੀ ਕੱਢਣ ਦਾ ਕੰਮ ਵੀ ਕਰਨਾ ਪੈ ਰਿਹਾ ਹੈ। ਗੁਰਮੀਤ ਰਾਮ ਰਹੀਮ ਜਿਥੇ ਫਿਲਮਾਂ ‘ਚ ਕੰਮ ਕਰਨ ਕਾਰਨ ਆਪਣੇ-ਆਪ ਨੂੰ ਨੌਜਵਾਨ ਦਿਖਾਉਣ ਲਈ ਅਭਿਨੇਤਾਵਾਂ ਵਾਂਗ ਮੂੰਹ ਨੂੰ ਅਪਲਿਫਟ (ਜਿਸ ਨਾਲ ਮੂੰਹ ਦੀ ਚਮੜੀ ‘ਤੇ ਖਿਚਾਅ ਆ ਜਾਂਦਾ ਹੈ) ਕਰਵਾਇਆ ਕਰਦਾ ਸੀ, ਹੁਣ ਤੱਕ ਸਿਰ ਤੇ ਦਾੜ੍ਹੀ-ਮੁੱਛਾਂ ‘ਤੇ ਕਾਲਾ ਰੰਗ ਵੀ ਲਗਾਇਆ ਕਰਦਾ ਸੀ। ਹੁਣ ਪਿਛਲੇ ਛੇ ਹਫਤਿਆਂ ਤੋਂ ਕਾਲਾ ਰੰਗ ਨਾ ਲੱਗਣ ਕਾਰਨ ਉਸ ਦੇ ਸਿਰ, ਦਾੜ੍ਹੀ-ਮੁੱਛਾਂ ਦੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਹਨ। ਉਸ ਨੂੰ ਜੇਲ੍ਹ ‘ਚ ਸਬਜ਼ੀਆਂ ਬੀਜਣ ਦਾ ਕੰਮ ਦਿੱਤਾ ਗਿਆ ਹੈ, ਇਸ ਕੰਮ ਸਬੰਧੀ ਵੀ ਉਸ ਨੂੰ ਪਰੇਸ਼ਾਨੀ ਹੋ ਰਹੀ ਹੈ। ਉਹ ਬਾਕੀ ਕੈਦੀਆਂ ਵਾਂਗ ਕੰਟੀਨ ‘ਚੋਂ ਹਰ ਮਹੀਨੇ ਛੇ ਹਜ਼ਾਰ ਰੁਪਏ ਦਾ ਰਾਸ਼ਨ ਖਰੀਦਦਾ ਹੈ। ਕੰਟੀਨ ‘ਚ ਉਸ ਨੂੰ ਅੰਗੂਠਾ ਲਗਾ ਕੇ ਰਾਸ਼ਨ ਦਿੱਤਾ ਜਾਂਦਾ ਹੈ। ਉਹ ਕੰਟੀਨ ਵਿਚੋਂ ਸਵੇਰੇ ਸ਼ਾਮ ਦੁੱਧ ਤੇ ਦਹੀਂ ਤੇ ਫਲ ਖਰੀਦਦਾ ਹੈ। ਅਜੇ ਤੱਕ ਗੁਰਮੀਤ ਰਾਮ ਰਹੀਮ ਦੀ ਸੁਰੱਖਿਆ ਨੂੰ ਲੈ ਕੇ ਵੀ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਤੇ ਨਿਯਮਤ ਰੂਪ ‘ਚ ਉਸ ਦੀ ਡਾਕਟਰੀ ਜਾਂਚ ਵੀ ਕਰਵਾਈ ਜਾ ਰਹੀ ਹੈ।

This entry was posted in ਮੁੱਖ ਪੰਨਾ. Bookmark the permalink.