ਅਜੇ ਵੀ ਲਾਹੌਰ ਦੇ ਮਾਲਖਾਨੇ ‘ਚ ਪਈਆਂ ਨੇ ਭਗਤ ਸਿੰਘ ਨਾਲ ਸਬੰਧਤ ਵਸਤਾਂ

ਚੰਡੀਗੜ੍ਹ: ਸ਼ਹੀਦੇ ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨਾਲ ਸਬੰਧਤ ਵਿਰਾਸਤੀ ਖਜ਼ਾਨੇ ਉਤੇ ਲਾਹੌਰ ਦੇ ਮਾਲਖਾਨੇ ਵਿਚ ਧੂੜ ਜੰਮ ਰਹੀ ਹੈ। ਇਸ ਵਿਰਾਸਤੀ ਖਜ਼ਾਨੇ ਵਿਚ ਪੁਸਤਕਾਂ, ਤਸਵੀਰਾਂ, ਰਸਾਲੇ, ਬਰਤਨ, ਕੱਪੜੇ, ਨਿੱਜੀ ਨੋਟਬੁੱਕ ਤੇ ਹੋਰ ਸਾਮਾਨ ਸ਼ਾਮਲ ਹੈ।

ਆਜ਼ਾਦੀ ਦੇ ਸੰਘਰਸ਼ ਦੌਰਾਨ ਬਰਤਾਨਵੀ ਹਕੂਮਤ ਵੱਲੋਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ਉਤੇ ਛਾਪੇ ਮਾਰ ਕੇ ਇਹ ਵਸਤੂਆਂ ਜ਼ਬਤ ਕੀਤੀਆਂ ਗਈਆਂ ਸਨ। ਛਾਪੇ ਮਾਰਨ ਤੋਂ ਇਲਾਵਾ ਫਾਂਸੀ ਤੋਂ ਪਹਿਲਾ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨਾਲ ਸਬੰਧਤ ਨਿੱਜੀ ਸਾਮਾਨ ਵੀ ਵਾਪਸ ਨਹੀਂ ਮੋੜਿਆ ਗਿਆ। ਇਹ ਵਸਤੂਆਂ ਲਾਹੌਰ ਦੇ ਮਾਲਖਾਨੇ ਅਤੇ ਅਨਾਰ ਕਲੀ (ਪਾਕਿਸਤਾਨ) ਵਿਚ ਸਥਿਤ ਆਰਕਾਈਵ ਵਿਚ ਪਈਆਂ ਹਨ। ਇਸ ਵਿਰਾਸਤੀ ਖਜ਼ਾਨੇ ਨੂੰ ਦੇਸ਼ ਲਿਆਉਣ ਵਾਸਤੇ ਸਰਕਾਰਾਂ ਜਾਂ ਜਥੇਬੰਦੀਆਂ ਵੱਲੋਂ ਵਿੱਢੀ ਕੋਈ ਵੀ ਮੁਹਿੰਮ ਭਾਰਤ ਦੇ ਇਤਿਹਾਸ ‘ਚ ਨਜ਼ਰ ਨਹੀਂ ਆਉਂਦੀ।
ਤਤਕਾਲੀ ਸਮੇਂ ਅਦਾਲਤਾਂ ਅਤੇ ਟ੍ਰਿਬਿਊਨਲ ਸਾਹਮਣੇ ਪੇਸ਼ ਕੀਤੇ ਦਸਤਾਵੇਜ਼ਾਂ ਅਤੇ ਪੁਲਿਸ ਦੇ ਰਿਕਾਰਡ ਤੋਂ ਇਨ੍ਹਾਂ ਵਿਰਾਸਤੀ ਵਸਤਾਂ ਦੀ ਜਾਣਕਾਰੀ ਮਿਲਦੀ ਹੈ। ਵੇਰਵਿਆਂ ਮੁਤਾਬਕ 15 ਅਪਰੈਲ 1929 ਨੂੰ ਕਿਸ਼ੋਰੀ ਲਾਲ, ਸੁਖਦੇਵ ਸਿੰਘ ਤੇ ਜੈ ਗੋਪਾਲ ਦੇ ਨਿਵਾਸ ਸਥਾਨ ਕਸ਼ਮੀਰ ਹਾਊਸ (ਲਾਹੌਰ) ਵਿਚ ਪੁਲਿਸ ਨੇ ਛਾਪੇ ਮਾਰੇ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਟਿਕਾਣੇ ਤੋਂ ਚਿੱਤਰ ਅਤੇ ਕਈ ਪੁਸਤਕਾਂ ਬਰਾਮਦ ਕੀਤੀਆਂ, ਜਿਨ੍ਹਾਂ ਵਿਚ ਦੋ ਨੋਟਬੁੱਕ (ਜਿਨ੍ਹਾਂ ਵਿਚ ਬੰਬ ਬਣਾਉਣ ਦਾ ਫਾਰਮੂਲਾ ਦਰਜ ਹੈ), ‘ਕਿਰਤੀ’ ਰਸਾਲੇ ਦੇ ਦਸੰਬਰ ਅਤੇ ਨਵੰਬਰ 1928 ਦੇ ਅੰਕ, ਈਸਾ ਮਸੀਹ ਦਾ ਚਿੱਤਰ ਤੇ ਕਈ ਹੋਰ ਪੁਸਤਕਾਂ ਸ਼ਾਮਲ ਹਨ। 15 ਅਪਰੈਲ 1929 ਨੂੰ ਹੀ ਜੈ ਗੋਪਾਲ ਦੀ ਜਾਮਾ-ਤਲਾਸ਼ੀ ਦੌਰਾਨ ਪੁਲਿਸ ਨੇ ਨਗਦ ਰੁਪਏ ਅਤੇ ਸੱਤ ਹੋਰ ਪੁਸਤਕਾਂ ਅਤੇ ਦਸਤਾਵੇਜ਼ ਬਰਾਮਦ ਕੀਤੇ।
26 ਅਪਰੈਲ 1929 ਨੂੰ ਸ੍ਰੀ ਰਾਮ ਆਸ਼ਰਮ ਸਕੂਲ (ਅੰਮ੍ਰਿਤਸਰ) ਦੇ ਅਧਿਆਪਕ ਆਗਿਆ ਰਾਮ ਦੇ ਘਰ ਵਿਚ ਛਾਪੇ ਮਾਰ ਕੇ ਪੁਸਤਕਾਂ ਅਤੇ ਹੋਰ ਸਾਮਾਨ ਜ਼ਬਤ ਕੀਤਾ ਗਿਆ। 2 ਮਈ 1929 ਨੂੰ ਸਰਦਾਰ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਦੇ ਲਾਹੌਰ ਸਥਿਤ ਘਰ ਵਿਚ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ, ਜਿਥੋਂ ਕਈ ਚਿੱਠੀ-ਪੱਤਰ, ਲੇਖ, ਪੁਸਤਕਾਂ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ। 2 ਮਈ 1929 ਨੂੰ ਭਗਤ ਸਿੰਘ ਦੇ ਝੁੰਗੀਆਂ ਖਸੀਰਾ ਸਥਿਤ ਘਰ ਵਿਚ ਛਾਪਾ ਵੱਜਿਆ।
ਇਸ ਦੌਰਾਨ ‘ਕੰਗਾਲ ਹਿੰਦੁਸਤਾਨ’ ਨਾਮ ਦੀ ਉਰਦੂ ਭਾਸ਼ਾ ਦੀ ਪੁਸਤਕ, ਨੀਲੀ ਸਿਆਹੀ ਵਿਚ ਲਿਖਿਆ ਪੱਤਰ, ਕਾਂਗਰਸ ਪਾਰਟੀ ਦੀ ਨਿਯਮਾਵਲੀ ਦੀਆਂ ਤਿੰਨ ਕਾਪੀਆਂ, ਹਿੰਦੀ ਵਿਚ ਲਿਖਿਆ ਇਕ ਪੱਤਰ, ਸੁਨਹਿਰੇ ਫਰੇਮ ਵਿਚ ਜੜੀ ਭਗਤ ਸਿੰਘ ਦੀ ਤਸਵੀਰ ਅਤੇ ਕਾਲੇ ਫਰੇਮ ਵਿਚ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀ ਤਸਵੀਰ ਬਰਾਮਦ ਕੀਤੀ ਗਈ। 2 ਮਈ 1929 ਨੂੰ ਵਿਛੋਵਾਲੀ ਸਥਿਤ ਯਸ਼ਪਾਲ ਸਿੰਘ ਅਤੇ ਹੰਸ ਰਾਜ ਦੇ ਲਾਹੌਰ ਸਥਿਤ ਘਰ ਵਿਚ ਛਾਪਾ ਮਾਰਿਆ ਗਿਆ। 7 ਜਨਵਰੀ 1929 ਤੇ 6 ਫਰਵਰੀ 1929 ਨੂੰ ਸੁਖਦੇਵ ਦੀ ਮੌਜੂਦਗੀ ਵਿਚ ਮੁਹੱਲਾ ਹੀਂਗ ਮੰਡੀ ਆਗਰਾ ਤੋਂ ਦੋ ਦਸਤਾਵੇਜ਼ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਸੱਤ ਮਈ 1929 ਨੂੰ ਪ੍ਰੇਮ ਦੱਤ ਦੇ ਘਰ ਵਿਚੋਂ ਪੁਸਤਕਾਂ, ਦਸਤਾਵੇਜ਼ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਤਤਕਾਲੀ ਰਿਕਾਰਡ ਮੁਤਾਬਕ ਅਜਿਹੀਆਂ ਕਈ ਹੋਰ ਘਟਨਾਵਾਂ ਹਨ, ਜਿਨ੍ਹਾਂ ‘ਚ ਬਰਤਾਨਵੀ ਹਕੂਮਤ ਵੱਲੋਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ਉਤੇ ਛਾਪੇ ਮਾਰ ਕੇ ਕਰੀਬ 500 ਪੁਸਤਕਾਂ, ਨਿੱਜੀ ਨੋਟਬੁੱਕ ਤੇ ਸਾਮਾਨ ਜ਼ਬਤ ਕੀਤਾ ਗਿਆ ਸੀ, ਜੋ ਮੌਜੂਦਾ ਸਮੇਂ ਲਾਹੌਰ ਦੇ ਮਾਲਖਾਨੇ ਵਿਚ ਪਿਆ ਹੈ।
__________________________________
ਸ਼ਹੀਦ ਭਗਤ ਸਿੰਘ ਦੇ ਪਿਤਾ ਨੇ ਕੀਤੀ ਸੀ ਕੋਸ਼ਿਸ਼
ਚੰਡੀਗੜ੍ਹ: ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੇ ਲਾਹੌਰ ਦੀ ਅਦਾਲਤ ਵਿਚ ਪਟੀਸ਼ਨ ਦਾਖਲ ਕਰ ਕੇ ਉਨ੍ਹਾਂ ਦੇ ਘਰੋਂ ਬਰਾਮਦ ਕੀਤਾ ਸਾਮਾਨ ਵਾਪਸ ਕਰਨ ਦੀ ਮੰਗ ਕੀਤੀ ਸੀ, ਪਰ ਸਾਮਾਨ ਨਹੀਂ ਦਿੱਤਾ ਗਿਆ ਸੀ। ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਨੇ ਕਿਹਾ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਸਬੰਧਤ ਵਸਤੂਆਂ ਭਾਰਤ ਵਾਪਸ ਲਿਆਉਣ ਵਾਸਤੇ ਸਰਕਾਰੀ ਜਾਂ ਨਿੱਜੀ ਤੌਰ ਉਤੇ ਪਹਿਲਕਦਮੀ ਕੀਤੀ ਜਾਣੀ ਚਾਹੀਦੀ ਹੈ।

This entry was posted in ਮੁੱਖ ਪੰਨਾ. Bookmark the permalink.