ਆਰ ਐਸ ਐਸ ਵੱਲੋਂ ਫਿਰਕੂ ਕਤਾਰਬੰਦੀ ਤੇਜ਼

ਨਵੀਂ ਦਿੱਲੀ (ਗੁਰਵਿੰਦਰ ਸਿੰਘ ਵਿਰਕ): ਨਰੇਂਦਰ ਮੋਦੀ ਸਰਕਾਰ ਭਾਰਤ ਦੀ ਕੇਂਦਰੀ ਸੱਤਾ ਉਤੇ ਤਕਰੀਬਨ ਸਾਢੇ ਤਿੰਨ ਸਾਲ ਰਾਜ ਕਰਨ ਪਿੱਛੋਂ ਜਦੋਂ ਦੇਸ਼ ਨੂੰ ਵਿਕਾਸ ਦੀ ਲੀਹੇ ਪਾਉਣ ਦੀ ਗੱਲ ਆਖ ਰਹੀ ਸੀ ਤਾਂ ਇਹ ਰਿਪੋਰਟ ਵੀ ਆ ਗਈ ਕਿ ਵਿਕਾਸ ਦਰ 5æ7 ਫੀਸਦੀ ਤੱਕ ਹੇਠਾਂ ਆ ਗਈ ਹੈ ਅਤੇ ਇਸ ਦੀ ਨੋਟਬੰਦੀ ਨੇ ਅਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ।

ਮੋਦੀ ਸਰਕਾਰ ਪਿਛਲੇ ਦਿਨੀਂ ਜਦੋਂ ਜੰਮੂ ਕਸ਼ਮੀਰ ਵਿਚ ਮਾਹੌਲ ਸ਼ਾਂਤ ਕਰਨ ਵਿਚ ਸਫਲਤਾ ਦਾ ਸਿਹਰਾ ਆਪਣੇ ਸਿਰ ਬੰਨ੍ਹ ਰਹੀ ਸੀ ਤਾਂ ਖੁਫੀਆ ਏਜੰਸੀਆਂ ਨੇ ਖੁਲਾਸਾ ਕਰ ਦਿੱਤਾ ਕਿ ਵਾਦੀ ਵਿਚ ਹਿੰਸਕ ਘਟਨਾਵਾਂ ਵਿਚ ਪਿਛਲੇ ਤਿੰਨ ਸਾਲਾਂ ਦੌਰਾਨ ਦੁੱਗਣਾ ਵਾਧਾ ਹੋਇਆ ਹੈ। ਨਮੋਸ਼ੀ ਵਾਲੇ ਇਨ੍ਹਾਂ ਖੁਲਾਸਿਆਂ ਨੇ ਇਸ ਭਗਵਾ ਧਿਰ ਨੂੰ ਜ਼ਿਆਦਾ ਨਿਰਾਸ਼ ਨਹੀਂ ਕੀਤਾ, ਕਿਉਂਕਿ ਆਪਣੇ ਅਸਲ ਮਕਸਦ ਵਿਚ ਇਸ ਨੇ ਸੌ ਫੀਸਦੀ ਨੰਬਰ ਲਏ ਹਨ। ਭਗਵਾ ਧਿਰ ਨੇ ਜੇ ਕਿਸੇ ਕੰਮ ਵਿਚ ਸਫਲਤਾ ਹਾਸਲ ਕੀਤੀ ਹੈ ਤਾਂ ਉਹ ਇਸ ਦਾ ਫਿਰਕੂ ਏਜੰਡਾ ਹੈ। ਮੋਦੀ ਸਰਕਾਰ ਨੇ ਬੜੀ ਸਫਲਤਾ ਨਾਲ ਆਪਣੇ ਫਿਰਕੂ ਏਜੰਡੇ ਨੂੰ ਅੱਗੇ ਵਧਾਇਆ ਹੈ ਅਤੇ ਇਸ ਦੇ ਰਾਹ ਵਿਚ ਰੋੜਾ ਬਣਨ ਵਾਲਿਆਂ ਨੂੰ ਬੜੀ ਆਸਾਨੀ ਨਾਲ ਲਾਂਭੇ ਕਰਨ ਵਿਚ ਸਫਲ ਰਹੀ ਹੈ। ਨਰਿੰਦਰ ਦਾਭੋਲਕਰ, ਐਮæਐਮæ ਕਲਬੁਰਗੀ ਅਤੇ ਗੋਵਿੰਦ ਪਨਸਾਰੇ ਵਰਗੇ ਬੁੱਧੀਜੀਵੀ ਲੇਖਕ ਇਸੇ ਫਿਰਕੂ ਰਣਨੀਤੀ ਦਾ ਸ਼ਿਕਾਰ ਹੋ ਗਏ। ਹੁਣ ਹਿੰਦੂਤਵੀ ਸੰਗਠਨਾਂ ਵੱਲੋਂ ਦਲਿਤਾਂ ਤੇ ਘੱਟ ਗਿਣਤੀਆਂ ਖਿਲਾਫ ਕੀਤੀ ਜਾ ਰਹੀਆਂ ਕਾਰਵਾਈਆਂ ਵਿਰੁਧ ਆਵਾਜ਼ ਬੁਲੰਦ ਕਰਨ ਵਾਲੀ ਦਲੇਰ ਪੱਤਰਕਾਰ ਗੌਰੀ ਲੰਕੇਸ਼ ਨੂੰ ਵੀ ਆਪਣੀ ਜਾਨ ਦੀ ਕੀਮਤ ਤਾਰਨੀ ਪਈ।
ਰਾਣਾ ਅਯੂਬ ਦੀ ਕਿਤਾਬ ‘ਗੁਜਰਾਤ ਫਾਈਲਜ਼’ ਨੂੰ ਕੰਨੜ ਭਾਸ਼ਾ ਵਿਚ ਅਨੁਵਾਦ ਕਰਨ ਵਾਲੀ ਗੌਰੀ ਲੰਕੇਸ਼ ਨੇ 13 ਸਤੰਬਰ ਦੇ ਅੰਕ ਵਿਚ ‘ਫੇਕ ਨਿਊਜ਼ ਦੇ ਜ਼ਮਾਨੇ ਵਿਚ’ ਨਾਂ ਦੀ ਆਪਣੀ ਆਖਰੀ ਸੰਪਾਦਕੀ ਵਿਚ ਸਮਾਜ ਵਿਚ ਫਿਰਕੂ ਕਤਾਰਬੰਦੀ ਦੀ ਘਿਨਾਉਣੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀ ਅਤੇ ਸ਼ਾਇਦ ਉਸ ਦੇ ਇਹੀ ਸ਼ਬਦ ਉਸ ਦੀ ਮੌਤ ਦਾ ਕਾਰਨ ਬਣੇ। ਅਸਲ ਵਿਚ, ਮੋਦੀ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੇ ਆਪ ਨੂੰ ਹਿੰਦੂ ਰਾਸ਼ਟਰਵਾਦੀ ਵਜੋਂ ਦੁਨੀਆਂ ਅੱਗੇ ਪੇਸ਼ ਕੀਤਾ। ਸੱਤਾ ਵਿਚ ਆਉਂਦਿਆਂ ਹੀ ‘ਲਵ ਜਹਾਦ’ ਨਾਲ ਆਪਣੀ ਫਿਰਕੂ ਸੋਚ ਨੂੰ ਲੋਕਾਂ ਸਾਹਮਣੇ ਰੱਖ ਦਿੱਤਾ। ਮੋਦੀ ਦੇ ਮੰਤਰੀਆਂ ਨੇ ਖੁੱਲ੍ਹ ਕੇ ਜ਼ਹਿਰ ਉਗਲਿਆ। ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਤੇ ਹਿੰਦੂਤਵ ਏਜੰਡੇ ਖਿਲਾਫ ਉਂਗਲ ਚੁੱਕਣ ਵਾਲਿਆਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ।
ਦੇਸ਼ ਆਜ਼ਾਦ ਹੋਣ ਪਿੱਛੋਂ ਅਜਿਹਾ ਪਹਿਲੀ ਵਾਰ ਹੋਇਆ ਕਿ ਤਿੰਨ ਮੁੱਖ ਸੰਵਿਧਾਨਕ ਅਹੁਦਿਆਂ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਉਤੇ ਆਰæਐਸ਼ਐਸ਼ ਦੀ ਵਿਚਾਰਧਾਰਾ ਦੇ ਕੱਟੜ ਧਾਰਨੀ ਬਿਰਾਜਮਾਨ ਹਨ। ਅਸਲ ਵਿਚ, ਭਾਜਪਾ ਦੀ ਰਣਨੀਤੀ ਹਰ ਉਚ ਸੰਵਿਧਾਨਕ ਅਹੁਦੇ ਉਤੇ ਆਰæਐਸ਼ਐਸ਼ ਸੋਚ ਵਾਲੇ ਬੰਦੇ ਨੂੰ ਬਿਠਾਉਣ ‘ਤੇ ਕੰਮ ਕਰ ਰਹੀ ਹੈ। ਹਰਿਆਣਾ ਵਿਚ ਪਹਿਲੀ ਵਾਰ ਵਿਧਾਇਕ ਬਣੇ ਮਨੋਹਰ ਲਾਲ ਖੱਟਰ ਨੂੰ ਸੰਘ ਪਰਿਵਾਰ ਦਾ ‘ਸੱਚਾ ਭਗਤ’ ਹੋਣ ਕਾਰਨ ਮੁੱਖ ਮੰਤਰੀ ਦੀ ਕੁਰਸੀ ਮਿਲੀ। ਉਤਰ ਪ੍ਰਦੇਸ਼ ਵਿਚ ਯੋਗੀ ਅਦਿਤਿਆ ਨਾਥ ਮੁੱਖ ਮੰਤਰੀ ਦੀ ਕੁਰਸੀ ਦੇ ਹੱਕਦਾਰ ਬਣੇ।
ਅਸਲ ਵਿਚ, ਭਾਰਤੀ ਸਿਆਸਤ ਨੂੰ ਲੰਮੇ ਸਮੇਂ ਲਈ ਆਪਣੇ ਕਲਾਵੇ ਵਿਚ ਲੈਣ ਲਈ ਭਗਵਾ ਧਿਰ ਹਰ ਹਰਬਾ ਵਰਤ ਰਹੀ ਹੈ। ਬਿਹਾਰ ਵਿਚ ਮਹਾਂਗੱਠਬੰਧਨ ਨੂੰ ਖੇਰੂੰ-ਖੇਰੂੰ ਕਰਨ ਦੀ ਰਣਨੀਤੀ ਤੋਂ ਪਤਾ ਲੱਗਦਾ ਹੈ ਕਿ ਇਹ ਧਿਰ ਕਿਸ ਰਣਨੀਤਕ ਢੰਗ ਨਾਲ ਕੰਮ ਕਰ ਰਹੀ ਹੈ। ਇਸ ਦੀ ਰਣਨੀਤੀ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਸਾਹਮਣੇ ਕਿਸੇ ਵੀ ਧਿਰ ਨੂੰ ਬਰਾਬਰ ਖੜ੍ਹਾ ਨਾ ਰਹਿਣ ਦੇਣ ਦੀ ਹੈ। ਗੋਆ, ਮਨੀਪੁਰ, ਬਿਹਾਰ, ਗੁਜਰਾਤ ਤੇ ਉਤਰ ਪ੍ਰਦੇਸ਼ ਵਿਚ ਭਾਜਪਾ ਦੇ ਪੈਂਤੜੇ ਦੱਸਦੇ ਹਨ ਕਿ ਲੰਮੇ ਸਮੇਂ ਲਈ ਰਾਜ ਕਰਨ ਲਈ ਪਿੜ ਤਿਆਰ ਕਰ ਲਿਆ ਗਿਆ ਹੈ। ਗੈਰ ਭਾਜਪਾ ਸਿਆਸੀ ਧਿਰਾਂ ਇਸ ਰਣਨੀਤੀ ਨੂੰ ਆਪਣੀ ਹੋਂਦ ਲਈ ਖਤਰਾ ਸਮਝ ਰਹੀਆਂ ਹਨ।
ਪਿਛਲੇ ਤਿੰਨ ਸਾਲਾਂ ਵਿਚ ਮੋਦੀ ਸਰਕਾਰ ਦੀ ਸ਼ਹਿ ਉਤੇ ਹਿੰਦੂਤਵ ਦੇ ਤਰਫਦਾਰਾਂ ਵੱਲੋਂ ਗਊ ਮਾਸ ਜਾਂ ਗਊ ਰੱਖਿਆ ਦੇ ਨਾਮ ਹੇਠ ਦੇਸ਼ ਵਿਆਪੀ ਹਿੰਸਕ ਵਰਤਾਰੇ ਪ੍ਰਦਰਸ਼ਤ ਕੀਤੇ ਜਾ ਰਹੇ ਹਨ। ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਤਬਦੀਲ ਕਰਨ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਉਤਰ ਪ੍ਰਦੇਸ਼ ਦੇ ਮੁਹੰਮਦ ਅਖਲਾਕ ਨੂੰ ਇਹ ਕਹਿ ਕੇ ਮਾਰ ਦਿੱਤਾ ਗਿਆ ਸੀ ਕਿ ਉਹਨ ਘਰੇ ਗਊ ਦਾ ਮਾਸ ਰੱਖਿਆ ਹੈ।
2016 ਵਿਚ ਗੁਜਰਾਤ ਵਿਚ ਕੁਝ ਵਿਅਕਤੀਆਂ ਨੂੰ ਮਰੀ ਹੋਈ ਗਊ ਦੀ ਚਮੜੀ ਲਾਹੁਣ ਕਰ ਕੇ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਗਿਆ ਸੀ। ਆਸਾਮ ਵਿਚ ਪਿਛਲੇ ਵਰ੍ਹੇ ਦੋ ਵਿਅਕਤੀਆਂ, ਜਿਹੜੇ ਵਪਾਰ ਲਈ ਟਰੱਕ ਵਿਚ ਗਊਆਂ ਲੈ ਜਾ ਰਹੇ ਸਨ, ਦੀ ਭੀੜ ਵੱਲੋਂ ਮਾਰ-ਕੁੱਟ ਕੀਤੀ ਗਈ ਸੀ, ਜਿਸ ਵਿਚ ਇਕ ਵਿਅਕਤੀ ਮਰ ਗਿਆ ਸੀ। ਅਜਿਹੀਆਂ ਅਨੇਕਾਂ ਉਦਾਹਰਣਾਂ ਹਨ। ਭਾਵੇਂ ਪਾਣੀ ਸਿਰੋਂ ਲੰਘਦਾ ਵੇਖ ਮੋਦੀ ਕਦੇ-ਕਦੇ ਫਿਰਕੂ ਕਾਰਵਾਈਆਂ ਖਿਲਾਫ ਚੁੱਪ ਤੋੜਦੇ ਹਨ ਪਰ ਫਿਰਕੂ ਮਾਹੌਲ ਕਾਰਨ ਅਜਿਹਾ ਵਾਤਾਵਰਨ ਬਣ ਚੁੱਕਾ ਹੈ, ਜਿਸ ਉਤੇ ਮੋਦੀ ਦੀ ‘ਮਿੱਠੀ ਝਾੜ’ ਦਾ ਕੋਈ ਅਸਰ ਨਹੀਂ ਪੈਂਦਾ।

This entry was posted in ਮੁੱਖ ਪੰਨਾ. Bookmark the permalink.