ਗੌਰੀ ਲੰਕੇਸ਼ ਦਾ ਕਤਲ ਤਾਂ ਸੰਦੇਸ਼ ਹੈ…

ਕੰਨੜ ਪੰਦਰਵਾੜੇ Ḕਗੌਰੀ ਲੰਕੇਸ਼ ਪੱਤ੍ਰਿਕੇḔ ਦੀ ਸੰਪਾਦਕ ਗੌਰੀ ਲੰਕੇਸ਼ ਦੀ ਹੱਤਿਆ ਪੰਜ ਸਤੰਬਰ ਨੂੰ ਬੰਗਲੌਰ ਵਿਚ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਰ ਦਿੱਤੀ ਗਈ। ਨਰਿੰਦਰ ਦਾਭੋਲਕਰ, ਗੋਵਿੰਦ ਪਾਨਸਰੇ, ਐਮæਐਮæਕਲਬੁਰਗੀ, ਤੇ ਹੁਣ ਗੌਰੀ ਲੰਕੇਸ਼, ਉਨ੍ਹਾਂ ਜ਼ਹੀਨ ਚਿੰਤਕਾਂ ਦੀ ਫ਼ਹਿਰਿਸਤ ਵਿਚ ਇਕ ਨਾਂ ਹੋਰ ਜੁੜ ਗਿਆ ਜਿਨ੍ਹਾਂ ਨੂੰ ਉਨ੍ਹਾਂ ਦੇ ਵਿਚਾਰਾਂ ਕਾਰਨ ਕਤਲ ਕੀਤਾ ਗਿਆ। ਪਹਿਲੀਆਂ ਤਿੰਨ ਸ਼ਖਸੀਅਤਾਂ ਦੇ ਕਤਲਾਂ ਦੀ ਸਹੀ ਜਾਂਚ ਨਾ ਹੋਣ ਦੇਣਾ ਅਤੇ ਮੁਸਲਮਾਨਾਂ ਤੇ ਹੋਰ ਆਮ ਲੋਕਾਂ ਦੇ ਕਾਤਲ ਹਿੰਦੂਤਵੀ ਦਹਿਸ਼ਤਗਰਦਾਂ ਨੂੰ ਰਾਜ ਸੱਤਾ ਦੀ ਤਾਕਤ ਦੇ ਜ਼ੋਰ ਅਦਾਲਤਾਂ ਕੋਲੋਂ ਜ਼ਮਾਨਤਾਂ ਅਤੇ ਕਲੀਨ ਚਿਟਾਂ ਦਿਵਾ ਕੇ ਉਨ੍ਹਾਂ ਦਾ ਸਰਕਾਰੀ ਮਾਣ-ਸਨਮਾਨ ਕਰਨਾ ਸੰਘ ਦੇ ਆਪਣੇ Ḕਸਲੀਪਰ ਸੈਲਾਂ’ (ਖੁਫ਼ੀਆ ਕਾਤਲ ਗਰੋਹਾਂ) ਨੂੰ ਗੁੱਝਾ ਇਸ਼ਾਰਾ ਸੀ। ਇਹ ਸਨਾਤਨ ਸੰਸਥਾ ਵਰਗੇ ਗਰੁੱਪਾਂ ਨੂੰ ਥਾਪੜਾ ਦੇਣਾ ਸੀ ਕਿ ਉਹ ਨਾਗਪੁਰ ਸਦਰ ਮੁਕਾਮ ਦੀ ਹਿੱਟ ਲਿਸਟ ਅਨੁਸਾਰ ਹੱਤਿਆਵਾਂ ਕਰਦੇ ਕਰਵਾਉਂਦੇ ਰਹਿਣ, ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ।

ਇਹ ਗੱਲ ਬਹੁਤੀ ਮਾਇਨੇ ਨਹੀਂ ਰੱਖਦੀ ਕਿ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਹਤਿਆਰੇ ਕੌਣ ਹਨ। ਵਧੇਰੇ ਮਹੱਤਵਪੂਰਨ ਹੈ ਇਸ ਕਤਲ ਦਾ ਹਿੰਦੂਤਵੀ ਹਲਕਿਆਂ ਵਲੋਂ ਸ਼ਰੇਆਮ ਜਸ਼ਨੀ ਸਵਾਗਤ ਜਿਸ ਤੋਂ ਇਸ ਕਤਲ ਪਿੱਛੇ ਕੰਮ ਕਰਦੇ ਮਨੋਰਥ ਨੂੰ ਸਾਫ਼ ਸਮਝਿਆ ਜਾ ਸਕਦਾ ਹੈ। ਇਹ ਤਮਾਮ ਲੇਖਕਾਂ, ਪੱਤਰਕਾਰਾਂ, ਚਿੰਤਕਾਂ, ਬੁੱਧੀਜੀਵੀਆਂ ਅਤੇ ਕਾਰਕੁਨਾਂ ਨੂੰ ਫਾਸ਼ੀਵਾਦੀ ਸੰਦੇਸ਼ ਹੈ। ਇਸ ਦਾ ਠੋਸ ਇਜ਼ਹਾਰ ਕਰਨਾਟਕ ਤੋਂ ਭਾਜਪਾ ਵਿਧਾਇਕ ਡੀæਐਨæਜੀਵਾਰਾਜ ਦੀ ਟਿੱਪਣੀ ਦੇ ਰੂਪ ਵਿਚ ਸਾਹਮਣੇ ਆਇਆ ਹੈ। ਉਹਨੇ ਸਪਸ਼ਟ ਕਿਹਾ ਹੈ ਕਿ ਜੇ ਗੌਰੀ ਲੰਕੇਸ਼ ਆਰæਐਸ਼ਐਸ਼ ਖ਼ਿਲਾਫ਼ ਨਾ ਲਿਖਦੀ ਤਾਂ ਅੱਜ ਜ਼ਿੰਦਾ ਹੁੰਦੀ। ਇਹ ਪਹਿਲੀ ਧਮਕੀ ਨਹੀਂ ਸੀ। ਗੌਰੀ ਲੰਕੇਸ਼ ਦੇ ਮਾਮਲੇ ਵਿਚ ਇਸ ਤੋਂ ਪਹਿਲਾਂ ਬਹੁਤ ਕੁਝ ਵਾਪਰ ਚੁੱਕਾ ਸੀ। ਪਿਛਲੇ ਸਾਲ ਜਦੋਂ ਕਰਨਾਟਕ ਤੋਂ ਭਾਜਪਾ ਸੰਸਦ ਮੈਂਬਰ ਪ੍ਰਹਿਲਾਦ ਜੋਸ਼ੀ ਵਲੋਂ ਕੀਤੇ ਮਾਨਹਾਨੀ ਦੇ ਮੁਕੱਦਮੇ ਵਿਚ ਅਦਾਲਤ ਵਲੋਂ ਗੌਰੀ ਲੰਕੇਸ਼ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਸੀ ਤਾਂ ਭਾਜਪਾ ਦੇ ਆਈæਟੀæ ਸੈਲ਼ ਦੇ ਮੁਖੀ ਅਮਿਤ ਮਾਲਵੀਆ ਨੇ ਉਮੀਦ ਜ਼ਾਹਿਰ ਕੀਤੀ ਸੀ ਕਿ ਬਾਕੀ ਪੱਤਰਕਾਰ ਹੁਣ ਚੁਕੰਨੇ ਹੋ ਜਾਣਗੇ, ਭਾਵ ਸੰਘ ਪਰਿਵਾਰ ਖ਼ਿਲਾਫ਼ ਲਿਖਣਾ ਛੱਡ ਦੇਣਗੇ, ਪਰ ਵਿਚਾਰਾਂ ਅਤੇ ਕਲਮ ਦੀ ਆਜ਼ਾਦੀ ਨੂੰ ਬੁਲੰਦ ਕਰਨ ਵਾਲਿਆਂ ਨੇ ਅਜਿਹੀਆਂ ਤਾਕਤਾਂ ਦੀ ਸ਼ਰਤ ਕਦੋਂ ਮਨਜ਼ੂਰ ਕੀਤੀ ਹੈ? ਵਿਚਾਰਾਂ ਅਤੇ ਕਲਮ ਦੀ ਆਜ਼ਾਦੀ ਦੀ ਰਾਖੀ ਦਾ ਮੁੱਲ ਗੌਰੀ ਲੰਕੇਸ਼ ਨੇ ਆਪਣੀ ਜਾਨ ਵਾਰ ਕੇ ਚੁਕਾਇਆ। ਉਸ ਦੇ ਕਤਲ ਦੇ ਖ਼ਿਲਾਫ਼ ਦੇਸ਼-ਵਿਦੇਸ਼ ਵਿਚ ਹੋ ਰਹੇ ਪ੍ਰਦਰਸ਼ਨ ਇਸ ਕਤਲ ਦੇ ਸਾਜ਼ਿਸ਼ਘਾੜਿਆਂ ਨੂੰ ਸਾਫ਼ ਮੋੜਵਾਂ ਸੁਨੇਹਾ ਹਨ: Ḕਅਸੀਂ ਸਾਰੇ ਗੌਰੀ ਲੰਕੇਸ਼ ਹਾਂ’।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਇਸ ਕਤਲ ਬਾਰੇ ਜ਼ੁਬਾਨ ਨਹੀਂ ਖੋਲ੍ਹੀ। ਸਿਮ੍ਰਤੀ ਇਰਾਨੀ ਸਮੇਤ ਤੀਜੇ ਦਰਜੇ ਦੇ ਕੁਝ ਭਾਜਪਾ ਆਗੂਆਂ ਨੇ ਕਤਲ ਦੀ ਕੂਟਨੀਤਕ ਨਿਖੇਧੀ ਕਰ ਕੇ ਕਰਨਾਟਕ ਦੀ ਕਾਂਗਰਸ ਸਰਕਾਰ ਨੂੰ ਸਿਆਸੀ ਤੌਰ ‘ਤੇ ਘੇਰਨ ਅਤੇ ਸੰਘ ਦੀ ਰਾਹਨੁਮਾਈ ਹੇਠ ਕੰਮ ਕਰਦੀਆਂ ਸੰਸਥਾਵਾਂ ਦੇ ਲਹੂ ਲਿੱਬੜੇ ਹੱਥਾਂ ਨੂੰ ਲੁਕੋਣ ਦਾ ਯਤਨ ਕੀਤਾ ਹੈ। ਦੂਜੇ ਪਾਸੇ, ਸੰਘ ਦੀ ਆਈæਟੀæ (ਇਨਫਰਮੇਸ਼ਨ ਟੈਕਨਾਲੋਜੀ) ਫ਼ੌਜ ਨੇ ਸੋਸ਼ਲ ਮੀਡੀਆ ਉਪਰ ਗਾਲ੍ਹਾਂ ਦੀ ਵਾਛੜ ਕਰ ਕੇ ਗੌਰੀ ਲੰਕੇਸ਼ ਦੀ ਕਿਰਦਾਰਕੁਸ਼ੀ ਨਾਲ ਕਤਲ ਨੂੰ ਅਸਿਧੇ ਢੰਗ ਨਾਲ ਜਾਇਜ਼ ਠਹਿਰਾਇਆ ਹੈ ਤੇ ਕਿਹਾ ਹੈ ਕਿ ਉਸ ਵਰਗੇ Ḕਦੇਸ਼ ਧ੍ਰੋਹੀ’ ਇਸੇ ਤਰ੍ਹਾਂ ਦੀ ਮੌਤ ਦੇ ਹੱਕਦਾਰ ਹਨ। ਜਾਗਰੂਕ ਲੋਕ ਜਾਣਦੇ ਹਨ ਕਿ ਸੰਘ ਦੇ ਵੱਖ-ਵੱਖ ਚਿਹਰੇ ਆਪਣੇ ਤੈਅਸ਼ੁਦਾ ਏਜੰਡੇ ਅਨੁਸਾਰ ਇਕੋ ਵਕਤ ਤਰ੍ਹਾਂ-ਤਰ੍ਹਾਂ ਦੀ ਭੂਮਿਕਾ ਨਿਭਾ ਰਹੇ ਹੁੰਦੇ ਹਨ। ਖ਼ਾਮੋਸ਼ ਰਹਿਣ ਵਾਲਿਆਂ ਤੋਂ ਲੈ ਕੇ ਗਾਲ੍ਹਾਂ ਕੱਢਣ ਵਾਲਿਆਂ ਤਕ ਹਰ ਚਿਹਰਾ ਆਪਣੀ ਭੂਮਿਕਾ ਨਿਭਾ ਰਿਹਾ ਹੈ। ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ ਅਤੇ ਸੱਚ ਲਿਖਣ ਵਾਲੀਆਂ ਕਲਮਾਂ ਨੂੰ ਖ਼ਾਮੋਸ਼ ਕਰਨਾ ਫਾਸ਼ੀਵਾਦ ਦੇ ਮੁੱਖ ਕੰਮਾਂ ਵਿਚੋਂ ਇਕ ਹੈ।
ਸੰਘ ਦੇ ਇਹ ਮਖੌਟੇ ਲਾਹੁਣ ਲਈ ਹੀ ਗੌਰੀ ਲੰਕੇਸ਼ ਕਲਮ ਅਤੇ ਸਰਗਰਮੀ ਦੇ ਮੋਰਚਿਆਂ ਉਪਰ ਬੇਖ਼ੌਫ਼ ਜੁਟੀ ਹੋਈ ਸੀ। ਜੋ ਸੰਪਾਦਕੀ ਉਸ ਦੀ ਆਖ਼ਰੀ ਟਿੱਪਣੀ ਸੀ, ਉਸ ਵਿਚ ਗੌਰੀ ਲੰਕੇਸ਼ ਨੇ ਸੰਘ ਦੀ ਝੂਠੀਆਂ ਖ਼ਬਰਾਂ ਫੈਲਾਉਣ ਵਾਲੀ ਮਸ਼ੀਨਰੀ ਦਾ ਠੋਸ ਤੱਥਾਂ ਸਹਿਤ ਪਰਦਾਫਾਸ਼ ਕੀਤਾ ਸੀ। ਬਦੀ ਖ਼ਿਲਾਫ਼ ਨੇਕੀ ਦੀ ਇਸ ਜੰਗ ਵਿਚ ਗੌਰੀ ਲੰਕੇਸ਼ ਦਾ ਜਿਸਮਾਨੀ ਕਤਲ ਆਖ਼ਰੀ ਕਤਲ ਨਹੀਂ ਅਤੇ ਉਸ ਦੇ ਕਤਲ ਨਾਲ ਇਹ ਜੰਗ ਖ਼ਤਮ ਨਹੀਂ ਹੋਵੇਗੀ। ਉਸ ਦੀ ਸ਼ਹਾਦਤ ਨਾਲ ਇਸ ਪਾਲਾਬੰਦੀ ਵਿਚ ਸਪਸ਼ਟ ਸਟੈਂਡ ਲੈਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ: ਇਸ ਜੰਗ ਵਿਚ ਤੁਸੀਂ ਕਿਸ ਧਿਰ ਨਾਲ ਹੋ?
-ਬੂਟਾ ਸਿੰਘ
_____________________________________
ਫੇਕ ਨਿਊਜ਼ ਦੇ ਜ਼ਮਾਨੇ ਵਿਚ
‘ਗੌਰੀ ਲੰਕੇਸ਼ ਪੱਤ੍ਰਿਕਾ’ ਦਾ 13 ਸਤੰਬਰ ਦਾ ਅੰਕ ਗੌਰੀ ਲੰਕੇਸ਼ ਲਈ ਆਖਰੀ ਸਾਬਤ ਹੋਇਆ। ਪੱਤਰਕਾਰ ਰਵੀਸ਼ ਕੁਮਾਰ ਨੇ ਆਪਣੇ ਇਕ ਮਿੱਤਰ ਦੀ ਮਦਦ ਨਾਲ ਗੌਰੀ ਦੇ ਕੰਨੜ ਭਾਸ਼ਾ ਵਿਚ ਲਿਖੇ ਇਸ ਸੰਪਾਦਕੀ ਦਾ ਹਿੰਦੀ ਵਿਚ ਅਨੁਵਾਦ ਕਰਵਾਇਆ ਤਾਂ ਕਿ ਪਾਠਕਾਂ ਨੂੰ ਪਤਾ ਲੱਗ ਸਕੇ ਕਿ ਇਸ ਪੱਤਰਕਾਰ ਦੀ ਕਲਮ ਦੀ ਧਾਰ ਕਿਹੋ ਜਿਹੀ ਸੀ। ਹਰ ਅੰਕ ਵਿਚ ਗੌਰੀ ‘ਕੰਡਾ ਹਾਗੇ’ ਨਾਂ ਤਹਿਤ ਕਾਲਮ ਲਿਖਦੀ ਸੀ। ‘ਕੰਡਾ ਹਾਗੇ’ ਦਾ ਭਾਵ ਹੈ: ਜਿਵੇਂ ਮੈਂ ਦੇਖਿਆ। ਉਨ੍ਹਾਂ ਦਾ ਸੰਪਾਦਕੀ ਪੱਤ੍ਰਿਕਾ ਦੇ ਤੀਸਰੇ ਪੰਨੇ ਉਪਰ ਛਪਦਾ ਸੀ। ਇਸ ਵਾਰ ਦਾ ਸੰਪਾਦਕੀ ਫੇਕ ਨਿਊਜ਼ ਉਪਰ ਸੀ ਅਤੇ ਸਿਰਲੇਖ ਸੀ, ‘ਫੇਕ ਨਿਊਜ਼ ਦੇ ਜ਼ਮਾਨੇ ਵਿਚ’। ਬੂਟਾ ਸਿੰਘ ਨੇ ਇਸ ਸੰਪਾਦਕੀ ਦਾ ਅਨੁਵਾਦ ਉਚੇਚਾ ਸਾਡੇ ਪਾਠਕਾਂ ਲਈ ਕੀਤਾ ਹੈ। -ਸੰਪਾਦਕ

ਇਸ ਹਫ਼ਤੇ ਦੇ ਅੰਕ ਵਿਚ ਮੇਰੇ ਦੋਸਤ ਡਾæ ਵਾਸੂ ਨੇ ਗੋਇਬਲਜ਼ ਵਾਂਗ ਇੰਡੀਆ ਵਿਚ ਫੇਕ ਨਿਊਜ਼ ਬਣਾਉਣ ਦੀ ਫੈਕਟਰੀ ਬਾਰੇ ਲਿਖਿਆ ਹੈ। ਝੂਠ ਦੀਆਂ ਐਸੀਆਂ ਫੈਕਟਰੀਆਂ ਜ਼ਿਆਦਾਤਰ ਮੋਦੀ ਭਗਤ ਹੀ ਚਲਾਉਂਦੇ ਹਨ। ਝੂਠ ਦੀ ਫੈਕਟਰੀ ਨਾਲ ਜੋ ਨੁਕਸਾਨ ਹੋ ਰਿਹਾ ਹੈ, ਮੈਂ ਉਸ ਬਾਰੇ ਦੱਸਣ ਦਾ ਯਤਨ ਕਰਾਂਗੀ। ਅਜੇ ਪਰਸੋਂ ਹੀ ਗਣੇਸ਼ ਚਤੁਰਥੀ ਸੀ। ਉਸ ਦਿਨ ਸੋਸ਼ਲ ਮੀਡੀਆ ਵਿਚ ਝੂਠ ਫੈਲਾਇਆ ਗਿਆ। ਫੈਲਾਉਣ ਵਾਲੇ ਸੰਘ ਦੇ ਲੋਕ ਸਨ। ਇਹ ਝੂਠ ਕੀ ਸੀ? ਝੂਠ ਇਹ ਕਿ ਕਰਨਾਟਕ ਸਰਕਾਰ ਜਿਥੇ ਕਹੇਗੀ, ਗਣੇਸ਼ ਜੀ ਦੀ ਮੂਰਤੀ ਉਥੇ ਸਥਾਪਤ ਕਰਨੀ ਹੈ, ਉਸ ਤੋਂ ਪਹਿਲਾਂ ਦਸ ਲੱਖ ਡਿਪਾਜ਼ਿਟ ਕਰਨਾ ਹੋਵੇਗਾ। ਮੂਰਤੀ ਕਿੰਨੀ ਉਚੀ ਹੋਵੇਗੀ, ਇਸ ਬਾਰੇ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ। ਦੂਜੇ ਧਰਮ ਦੇ ਲੋਕ ਜਿਥੇ ਰਹਿੰਦੇ ਹਨ, ਉਨ੍ਹਾਂ ਰਸਤਿਆਂ ਤੋਂ ਜਲ ਪ੍ਰਵਾਹ ਕਰਨ ਲਈ ਨਹੀਂ ਲਿਜਾ ਸਕਦੇ। ਪਟਾਕੇ ਨਹੀਂ ਚਲਾ ਸਕਦੇ। ਸੰਘ ਦੇ ਲੋਕਾਂ ਨੇ ਇਹ ਝੂਠ ਏਨੇ ਜ਼ੋਰ ਨਾਲ ਫੈਲਾਇਆ ਕਿ ਕਰਨਾਟਕ ਦੇ ਪੁਲਿਸ ਮੁਖੀ ਆਰæਕੇæ ਦੱਤਾ ਨੂੰ ਪ੍ਰੈਸ ਕਾਨਫਰੰਸ ਵਿਚ ਸਫਾਈ ਦੇਣੀ ਪਈ ਕਿ ਸਰਕਾਰ ਨੇ ਐਸਾ ਕੋਈ ਨਿਯਮ ਨਹੀਂ ਬਣਾਇਆ, ਇਹ ਸਭ ਝੂਠ ਹੈ।
ਜਦੋਂ ਅਸੀਂ ਇਸ ਝੂਠ ਦਾ ਸਰੋਤ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਹ ਜਾ ਪਹੁੰਚਿਆ ਪੋਸਟਚਅਰਦ।ਨਿ ਨਾਂ ਦੀ ਵੈਬਸਾਈਟ ‘ਤੇ, ਜੋ ਪੱਕੇ ਹਿੰਦੂਤਵਵਾਦੀਆਂ ਦੀ ਹੈ। ਇਸ ਦਾ ਕੰਮ ਆਏ ਦਿਨ ਫੇਕ ਨਿਊਜ਼ ਬਣਾ ਕੇ ਸੋਸ਼ਲ ਮੀਡੀਆ ਵਿਚ ਫੈਲਾਉਣਾ ਹੈ। 11 ਅਗਸਤ ਨੂੰ ਪੋਸਟਚਅਰਦ।ਨਿ ‘ਚ ਇਕ ਹੈਡਿੰਗ ਸੀ: ਕਰਨਾਟਕ ਵਿਚ ਤਾਲਿਬਾਨ ਸਰਕਾਰ। ਇਸ ਹੈਡਿੰਗ ਦੇ ਸਹਾਰੇ ਝੂਠ ਫੈਲਾਉਣ ਦੀ ਕੋਸ਼ਿਸ ਹੋਈ। ਸੰਘ ਦੇ ਲੋਕ ਇਸ ‘ਚ ਸਫਲ ਵੀ ਹੋਏ। ਜੋ ਲੋਕ ਕਿਸੇ ਨਾ ਕਿਸੇ ਕਾਰਨ ਸਿਦਾਰਮੱਈਆ ਸਰਕਾਰ ਤੋਂ ਨਾਰਾਜ਼ ਰਹਿੰਦੇ ਹਨ, ਉਨ੍ਹਾਂ ਨੇ ਇਸ ਫੇਕ ਨਿਊਜ਼ ਨੂੰ ਹਥਿਆਰ ਬਣਾ ਲਿਆ। ਅਫਸੋਸ ਦੀ ਗੱਲ ਹੈ ਕਿ ਲੋਕਾਂ ਨੇ ਵੀ ਬਗੈਰ ਸੋਚੇ ਸਮਝੇ ਇਸ ਨੂੰ ਸਹੀ ਮੰਨ ਲਿਆ।
ਪਿਛਲੇ ਹਫਤੇ ਜਦੋਂ ਕੋਰਟ ਨੇ ਢੌਂਗੀ ਬਾਬੇ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਕੇਸ ਵਿਚ ਸਜ਼ਾ ਸੁਣਾਈ ਤਾਂ ਉਸ ਨਾਲ ਭਾਜਪਾ ਦੇ ਆਗੂਆਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਵਿਚ ਵਾਇਰਲ ਹੋਣ ਲੱਗੀਆਂ। ਇਸ ਢੌਂਗੀ ਬਾਬੇ ਨਾਲ ਮੋਦੀ ਦੇ ਨਾਲ-ਨਾਲ ਹਰਿਆਣਾ ਦੇ ਭਾਜਪਾ ਵਿਧਾਇਕਾਂ ਦੀਆਂ ਫੋਟੋਆਂ ਤੇ ਵੀਡੀਓ ਵਾਇਰਲ ਹੋਈਆਂ। ਇਸ ਨਾਲ ਭਾਜਪਾ ਅਤੇ ਸੰਘ ਪਰਿਵਾਰ ਪ੍ਰੇਸ਼ਾਨ ਹੋ ਗਏ। ਇਸ ਨੂੰ ਕਾਊਂਟਰ ਕਰਨ ਲਈ ਬਾਬੇ ਦੇ ਬਗਲ ਵਿਚ ਕੇਰਲ ਦੇ ਸੀæਪੀæਐਮæ ਆਗੂ ਤੇ ਮੁੱਖ ਮੰਤਰੀ ਪਿਨਰਾਈ ਵਿਜੇਅਨ ਦੇ ਬੈਠੇ ਹੋਣ ਦੀ ਤਸਵੀਰ ਵਾਇਰਲ ਕਰਵਾ ਦਿੱਤੀ ਗਈ। ਇਹ ਤਸਵੀਰ ਫੋਟੋਸ਼ਾਪ ਕੀਤੀ ਹੋਈ ਸੀ। ਅਸਲੀ ਤਸਵੀਰ ਵਿਚ ਕਾਂਗਰਸ ਦੇ ਆਗੂ ਓਮਨ ਚਾਂਡੀ ਬੈਠੇ ਹਨ, ਲੇਕਿਨ ਉਨ੍ਹਾਂ ਦੇ ਧੜ ਉਪਰ ਵਿਜੇਅਨ ਦਾ ਸਿਰ ਲਾ ਕੇ ਸੰਘ ਦੇ ਲੋਕਾਂ ਨੇ ਇਸ ਨੂੰ ਸੋਸ਼ਲ ਮੀਡੀਆ ‘ਚ ਫੈਲਾ ਦਿੱਤਾ। ਸ਼ੁਕਰ ਹੈ, ਸੰਘ ਦਾ ਇਹ ਢੰਗ ਸਫਲ ਨਾ ਹੋਇਆ, ਕਿਉਂਕਿ ਕੁਝ ਲੋਕ ਤੁਰੰਤ ਅਸਲੀ ਫੋਟੋ ਕੱਢ ਲਿਆਏ ਅਤੇ ਸੋਸ਼ਲ ਮੀਡੀਆ ‘ਚ ਸੱਚਾਈ ਪੇਸ਼ ਕਰ ਦਿੱਤੀ।
ਦਰਅਸਲ, ਪਿਛਲੇ ਸਾਲ ਤਕ ਰਾਸ਼ਟਰੀ ਸੋਇਮਸੇਵਕ ਸੰਘ ਦੇ ਫ਼ੇਕ ਨਿਊਜ਼ ਪ੍ਰਾਪੇਗੰਡਾ ਨੂੰ ਰੋਕਣ ਜਾਂ ਸਾਹਮਣੇ ਲਿਆਉਣ ਵਾਲਾ ਕੋਈ ਨਹੀਂ ਸੀ। ਹੁਣ ਬਹੁਤ ਸਾਰੇ ਲੋਕ ਇਸ ਕੰਮ ਵਿਚ ਜੁਟ ਗਏ ਹਨ ਜੋ ਚੰਗੀ ਗੱਲ ਹੈ। ਪਹਿਲਾਂ ਇਸ ਤਰ੍ਹਾਂ ਦੀਆਂ ਫ਼ੇਕ ਨਿਊਜ਼ ਹੀ ਚਲਦੀਆਂ ਰਹਿੰਦੀਆਂ ਸਨ, ਲੇਕਿਨ ਹੁਣ ਫ਼ੇਕ ਨਿਊਜ਼ ਦੇ ਨਾਲ-ਨਾਲ ਅਸਲੀ ਨਿਊਜ਼ ਵੀ ਆਉਣੀ ਸ਼ੁਰੂ ਹੋ ਗਈ ਹੈ।
ਮਿਸਾਲ ਵਜੋਂ, 15 ਅਗਸਤ ਵਾਲੇ ਦਿਨ ਜਦੋਂ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਭਾਸ਼ਣ ਦਿੱਤਾ ਤਾਂ ਧਰੁਵ ਰਾਠੀ ਵੱਲੋਂ ਕੀਤਾ ਵਿਸ਼ਲੇਸ਼ਣ 17 ਅਗਸਤ ਨੂੰ ਖ਼ੂਬ ਵਾਇਰਲ ਹੋਇਆ। ਧਰੁਵ ਰਾਠੀ ਦੇਖਣ ਵਿਚ ਕਾਲਜ ਦੇ ਮੁੰਡੇ ਵਰਗਾ ਹੈ, ਲੇਕਿਨ ਉਹ ਪਿਛਲੇ ਕਈ ਮਹੀਨਿਆਂ ਤੋਂ ਮੋਦੀ ਦੇ ਝੂਠ ਦੀ ਪੋਲ ਸੋਸ਼ਲ ਮੀਡੀਆ ਵਿਚ ਖੋਲ੍ਹ ਦਿੰਦਾ ਹੈ। ਪਹਿਲਾਂ ਇਹ ਵੀਡੀਓ ਸਾਡੇ ਵਰਗੇ ਲੋਕਾਂ ਨੂੰ ਹੀ ਦਿਸ ਰਿਹਾ ਸੀ, ਆਮ ਆਦਮੀ ਤਕ ਨਹੀਂ ਸੀ ਪਹੁੰਚ ਰਿਹਾ ਸੀ, ਲੇਕਿਨ 17 ਅਗਸਤ ਦਾ ਵੀਡੀਓ ਇਕ ਦਿਨ ਵਿਚ ਇਕ ਲੱਖ ਤੋਂ ਜ਼ਿਆਦਾ ਲੋਕਾਂ ਤਕ ਪਹੁੰਚ ਗਿਆ (ਗੌਰੀ ਲੰਕੇਸ਼ ਅਕਸਰ ਮੋਦੀ ਨੂੰ ‘ਬੂਸੀ ਬਸੀਆ’ ਲਿਖਿਆ ਕਰਦੀ ਸੀ ਜਿਸ ਦਾ ਭਾਵ ਹੈ, ਜਦੋਂ ਵੀ ਮੂੰਹ ਖੋਲ੍ਹੇਗਾ, ਝੂਠ ਹੀ ਬੋਲੇਗਾ)। ਧਰੁਵ ਰਾਠੀ ਨੇ ਦੱਸਿਆ ਕਿ ‘ਬੂਸੀ ਬਸੀਆ’ ਦੀ ਸਰਕਾਰ ਨੇ ਰਾਜ ਸਭਾ ‘ਚ ਮਹੀਨਾ ਪਹਿਲਾਂ ਕਿਹਾ ਕਿ 33 ਲੱਖ ਨਵੇਂ ਕਰਦਾਤਾ ਆਏ ਹਨ। ਉਸ ਤੋਂ ਪਹਿਲਾਂ ਵਿੱਤ ਮੰਤਰੀ ਜੇਤਲੀ ਨੇ 91 ਲੱਖ ਨਵੇਂ ਕਰਦਾਤਾਵਾਂ ਦੇ ਜੁੜਨ ਦੀ ਗੱਲ ਕਹੀ ਸੀ। ਅੰਤ ਵਿਚ ਆਰਥਿਕ ਸਰਵੇਖਣ ਵਿਚ ਕਿਹਾ ਗਿਆ ਕਿ ਸਿਰਫ 5 ਲੱਖ 40 ਹਜ਼ਾਰ ਨਵੇਂ ਕਰਦਾਤਾ ਜੁੜੇ ਹਨ। ਸੱਚ ਕੀ ਹੈ? ਇਹੀ ਸਵਾਲ ਧਰੁਵ ਰਾਠੀ ਨੇ ਆਪਣੇ ਵੀਡੀਓ ‘ਚ ਉਠਾਇਆ ਹੈ।
ਅੱਜ ਦਾ ਮੁੱਖਧਾਰਾ ਮੀਡੀਆ ਕੇਂਦਰ ਸਰਕਾਰ ਅਤੇ ਭਾਜਪਾ ਦੇ ਅੰਕੜਿਆਂ ਨੂੰ ਹੂ-ਬ-ਹੂ ਵੇਦ ਦੇ ਸ਼ਲੋਕ ਵਾਂਗ ਫੈਲਾਉਂਦਾ ਹੈ। ਇਸ ਵਿਚ ਜੋ ਵੀ ਟੀæਵੀæ ਚੈਨਲ ਹਨ, ਉਹ ਇਸ ਕੰਮ ਵਿਚ ਦਸ ਕਦਮ ਅੱਗੇ ਹਨ; ਮਸਲਨ, ਜਦੋਂ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੀ, ਉਸ ਦਿਨ ਬਹੁਤ ਸਾਰੇ ਅੰਗਰੇਜ਼ੀ ਟੀæਵੀæ ਚੈਨਲਾਂ ਨੇ ਖ਼ਬਰ ਚਲਾਈ ਕਿ ਸਿਰਫ਼ ਇਕ ਘੰਟੇ ਵਿਚ ਟਵਿੱਟਰ ਉਪਰ ਰਾਸ਼ਟਰਪਤੀ ਕੋਵਿੰਦ ਦੇ ਫੌਲੋਅਰ ਦੀ ਗਿਣਤੀ 30 ਲੱਖ ਹੋ ਗਈ। ਉਨ੍ਹਾਂ ਦਾ ਮਕਸਦ ਇਹ ਦੱਸਣਾ ਸੀ ਕਿ ਕਿੰਨੇ ਲੋਕ ਕੋਵਿੰਦ ਦੀ ਸਪੋਰਟ ਕਰ ਰਹੇ ਹਨ। ਬਹੁਤ ਸਾਰੇ ਟੀæਵੀæ ਚੈਨਲ ਹੁਣ ਰਾਸ਼ਟਰੀ ਸੋਇਮਸੇਵਕ ਸੰਘ ਦੀ ਟੀਮ ਹੀ ਬਣ ਗਏ ਹਨ, ਜਦੋਂਕਿ ਸੱਚ ਇਹ ਸੀ ਕਿ ਉਸ ਦਿਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਸਰਕਾਰੀ ਅਕਾਊਂਟ ਨਵੇਂ ਰਾਸ਼ਟਰਪਤੀ ਦੇ ਨਾਮ ਹੋ ਗਿਆ। ਜਦੋਂ ਇਹ ਤਬਦੀਲੀ ਹੋਈ ਤਾਂ ਰਾਸ਼ਟਰਪਤੀ ਭਵਨ ਦੇ ਫੋਲੋਅਰ, ਕੋਵਿੰਦ ਦੇ ਫੌਲੋਅਰ ਹੋ ਗਏ ਸਨ। ਇਸ ਵਿਚ ਇਕ ਗੱਲ ਹੋਰ ਵੀ ਗ਼ੌਰ ਕਰਨ ਵਾਲੀ ਹੈ: ਪ੍ਰਣਬ ਮੁਖਰਜੀ ਨੂੰ ਵੀ ਤੀਹ ਲੱਖ ਤੋਂ ਜ਼ਿਆਦਾ ਲੋਕ ਟਵਿੱਟਰ ਉਪਰ ਫੌਲੋ ਕਰਦੇ ਸਨ!
ਅੱਜ ਸੋਇਮਸੇਵਕ ਸੰਘ ਦੇ ਇੱਦਾਂ ਦੇ ਫੈਲਾਏ ਫ਼ੇਕ ਨਿਊਜ਼ ਦੀ ਸਚਾਈ ਸਾਹਮਣੇ ਲਿਆਉਣ ਲਈ ਬਹੁਤ ਸਾਰੇ ਲੋਕ ਸਾਹਮਣੇ ਆ ਚੁੱਕੇ ਹਨ। ਧਰੁਵ ਰਾਠੀ ਵੀਡੀਓ ਦੇ ਮਾਧਿਅਮ ਨਾਲ ਇਹ ਕੰਮ ਕਰ ਰਹੇ ਹਨ। ਪ੍ਰਤੀਕ ਅਲਟਨeੱਸ।ਨਿ ਵੈਬਸਾਈਟ ਰਾਹੀਂ ਇਹ ਕੰਮ ਕਰ ਰਹੇ ਹਨ। ਹੋਕਸ ਸਲੇਅਰ, ਬੂਮ ਐਂਡ ਫੈਕਟ ਚੈਕ ਨਾਮ ਦੀਆਂ ਵੈੱਬਸਾਈਟ ਵੀ ਇਹੀ ਕੰਮ ਕਰ ਰਹੀਆਂ ਹਨ। ਟਹeੱਰਿe।ਨਿ, ਸਚਰੋਲਲ।ਨਿ, ਨeੱਸਲਅੁਨਦਰੇ।ਚੋਮ, ਟਹeਤੁਨਿਟ।ਚੋਮ ਵਰਗੀਆਂ ਵੈਬਸਾਈਟਾਂ ਵੀ ਸਰਗਰਮ ਹਨ। ਮੈਂ ਜਿਨ੍ਹਾਂ ਲੋਕਾਂ ਦੇ ਨਾਂ ਦੱਸੇ ਹਨ, ਉਨ੍ਹਾਂ ਸਾਰਿਆਂ ਨੇ ਹਾਲ ਹੀ ਵਿਚ ਕਈ ਫ਼ੇਕ ਨਿਊਜ਼ ਦੀ ਸਚਾਈ ਉਜਾਗਰ ਕੀਤੀ ਹੈ। ਇਨ੍ਹਾਂ ਦੇ ਕੰਮ ਨਾਲ ਸੰਘ ਦੇ ਲੋਕ ਕਾਫ਼ੀ ਪ੍ਰੇਸ਼ਾਨ ਹੋ ਗਏ ਹਨ। ਇਸ ਵਿਚ ਹੋਰ ਵੀ ਮਹੱਤਵ ਦੀ ਗੱਲ ਇਹ ਹੈ ਕਿ ਇਹ ਲੋਕ ਪੈਸੇ ਲਈ ਕੰਮ ਨਹੀਂ ਕਰ ਰਹੇ ਹਨ। ਇਨ੍ਹਾਂ ਦਾ ਇਕ ਹੀ ਮਕਸਦ ਹੈ ਕਿ ਫਾਸ਼ਿਸਟਾਂ ਦੇ ਝੂਠ ਦੀ ਫੈਕਟਰੀ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ।
ਕੁਝ ਹਫ਼ਤੇ ਪਹਿਲਾਂ ਬੰਗਲੁਰੂ ਵਿਚ ਜ਼ੋਰਦਾਰ ਬਾਰਿਸ਼ ਹੋਈ। ਉਸ ਵਕਤ ਉਪਰ ਸੰਘ ਦੇ ਲੋਕਾਂ ਨੇ ਫ਼ੋਟੋ ਵਾਇਰਲ ਕੀਤਾ। ਕੈਪਸ਼ਨ ਵਿਚ ਲਿਖਿਆ ਸੀ: ਨਾਸਾ ਨੇ ਮੰਗਲ ਗ੍ਰਹਿ ਉਪਰ ਲੋਕਾਂ ਦੇ ਘੁੰਮਦੇ ਹੋਣ ਦਾ ਫ਼ੋਟੋ ਜਾਰੀ ਕੀਤਾ ਹੈ। ਬੰਗਲੁਰੂ ਨਗਰਪਾਲਿਕਾ ਬੀæਬੀæਐਮæਸੀæ ਨੇ ਬਿਆਨ ਦਿੱਤਾ ਕਿ ਇਹ ਮੰਗਲ ਗ੍ਰਹਿ ਦਾ ਫ਼ੋਟੋ ਨਹੀਂ ਹੈ। ਸੰਘ ਦਾ ਮਕਸਦ ਸੀ, ਮੰਗਲ ਗ੍ਰਹਿ ਦਾ ਦੱਸ ਕੇ ਬੰਗਲੁਰੂ ਦਾ ਮਜ਼ਾਕ ਉਡਾਉਣਾ, ਜਿਸ ਤੋਂ ਲੋਕ ਇਹ ਸਮਝਣ ਕਿ ਬੰਗਲੁਰੂ ਵਿਚ ਸਿਦਾਰਮੱਈਆ ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ, ਇਥੋਂ ਦੇ ਰਸਤੇ ਖ਼ਰਾਬ ਹੋ ਗਏ ਹਨ। ਇਹ ਪ੍ਰਾਪੇਗੰਡਾ ਕਰ ਕੇ ਝੂਠੀ ਖ਼ਬਰ ਫੈਲਾਉਣਾ ਸੰਘ ਦਾ ਮਕਸਦ ਸੀ, ਲੇਕਿਨ ਇਹ ਉਨ੍ਹਾਂ ਨੂੰ ਮਹਿੰਗਾ ਪਿਆ ਸੀ, ਕਿਉਂਕਿ ਫ਼ੋਟੋ ਬੰਗਲੁਰੂ ਦੀ ਨਹੀਂ, ਮਹਾਰਾਸ਼ਟਰ ਦੀ ਸੀ ਜਿਥੇ ਭਾਜਪਾ ਦੀ ਸਰਕਾਰ ਹੈ!
ਪੱਛਮੀ ਬੰਗਾਲ ਵਿਚ ਜਦੋਂ ਦੰਗੇ ਹੋਏ ਤਾਂ ਆਰæਐਸ਼ਐੱਸ਼ਨੇ ਦੋ ਪੋਸਟਰ ਜਾਰੀ ਕੀਤੇ। ਇਕ ਪੋਸਟਰ ਦਾ ਕੈਪਸ਼ਨ ਸੀ: ਬੰਗਾਲ ਜਲ ਰਿਹਾ ਹੈ। ਇਸ ਵਿਚ ਪ੍ਰਾਪਰਟੀ ਸੜਨ ਦੀ ਤਸਵੀਰ ਸੀ। ਦੂਜੀ ਫ਼ੋਟੋ ਵਿਚ ਔਰਤ ਦੀ ਸਾੜ੍ਹੀ ਖਿੱਚੀ ਜਾ ਰਹੀ ਸੀ ਅਤੇ ਕੈਪਸ਼ਨ ਹੈ: ਬੰਗਾਲ ਵਿਚ ਹਿੰਦੂ ਔਰਤਾਂ ‘ਤੇ ਜ਼ੁਲਮ ਹੋ ਰਿਹਾ ਹੈ। ਬਹੁਤ ਛੇਤੀ ਇਸ ਫ਼ੋਟੋ ਦਾ ਸੱਚ ਸਾਹਮਣੇ ਆ ਗਿਆ। ਪਹਿਲੀ ਤਸਵੀਰ 2002 ਦੇ ਗੁਜਰਾਤ ਦੰਗਿਆਂ ਦੀ ਸੀ, ਜਦੋਂ ਮੁੱਖ ਮੰਤਰੀ ਮੋਦੀ ਦੀ ਸੀ। ਦੂਜੀ ਤਸਵੀਰ ਵਿਚ ਭੋਜਪੁਰੀ ਫਿਲਮ ਦਾ ਕੋਈ ਸੀਨ ਸੀ।
ਸਿਰਫ਼ ਆਰæਐਸ਼ਐਸ਼ ਹੀ ਨਹੀਂ, ਭਾਜਪਾ ਦੇ ਕੇਂਦਰੀ ਮੰਤਰੀ ਵੀ ਅਜਿਹੇ ਫ਼ੇਕ ਨਿਊਜ਼ ਫੈਲਾਉਣ ਵਿਚ ਮਾਹਰ ਹਨ। ਮਿਸਾਲ ਵਜੋਂ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਫ਼ੋਟੋ ਸ਼ੇਅਰ ਕੀਤੀ ਜਿਸ ਵਿਚ ਕੁਝ ਲੋਕ ਤਿਰੰਗੇ ਨੂੰ ਅੱਗ ਲਾ ਰਹੇ ਸਨ। ਫ਼ੋਟੋ ਦੀ ਕੈਪਸ਼ਨ ਸੀ: ਗਣਤੰਤਰ ਦੇ ਦਿਵਸ ਹੈਦਰਾਬਾਦ ਵਿਚ ਤਿਰੰਗੇ ਨੂੰ ਅੱਗ ਲਾਈ ਜਾ ਰਹੀ ਹੈ। ਹੁਣ ਗੂਗਲ ਇਮੇਜ ਸਰਚ ‘ਤੇ ਨਵਾਂ ਐਪਲੀਕੇਸ਼ਨ ਆਇਆ ਹੈ, ਉਸ ਵਿਚ ਤੁਸੀਂ ਕੋਈ ਵੀ ਤਸਵੀਰ ਪਾ ਕੇ ਜਾਣ ਸਕਦੇ ਹੋ ਕਿ ਇਹ ਕਿਥੇ ਅਤੇ ਕਦੋਂ ਦੀ ਹੈ। ਪ੍ਰਤੀਕ ਸਿਨਹਾ ਨੇ ਇਹੀ ਕੰਮ ਕੀਤਾ ਅਤੇ ਉਸ ਐਪਲੀਕੇਸ਼ਨ ਦੇ ਜ਼ਰੀਏ ਗਡਕਰੀ ਦੀ ਸ਼ੇਅਰ ਕੀਤੀ ਫ਼ੋਟੋ ਦੀ ਸਚਾਈ ਉਜਾਗਰ ਕਰ ਦਿੱਤੀ। ਪਤਾ ਲੱਗਿਆ ਕਿ ਇਹ ਫ਼ੋਟੋ ਹੈਦਰਾਬਾਦ ਦੀ ਨਹੀਂ, ਪਾਕਿਸਤਾਨ ਦੀ ਹੈ ਜਿਥੇ ਕੋਈ ਪਾਬੰਦੀਸ਼ੁਦਾ ਕੱਟੜਪੰਥੀ ਜਥੇਬੰਦੀ ਭਾਰਤ ਖਿਲਾਫ ਤਿਰੰਗਾ ਸਾੜ ਰਹੀ ਹੈ।
ਇਸੇ ਤਰ੍ਹਾਂ ਇਕ ਟੀæਵੀæ ਚੈਨਲ ਦੀ ਬਹਿਸ ਵਿਚ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸਰਹੱਦ ਉਪਰ ਫ਼ੌਜੀਆਂ ਨੂੰ ਤਿਰੰਗਾ ਲਹਿਰਾਉਣ ਵਿਚ ਕਿੰਨੀਆਂ ਮੁਸ਼ਕਿਲਾਂ ਆਉਂਦੀਆਂ ਹਨ, ਫਿਰ ਜੇæਐਨæਯੂæ ਵਰਗੀਆਂ ਯੂਨੀਵਰਸਿਟੀਆਂ ਵਿਚ ਤਿਰੰਗਾ ਲਹਿਰਾਉਣ ਵਿਚ ਕੀ ਸਮੱਸਿਆ ਹੈ? ਇਹ ਸਵਾਲ ਪੁੱਛ ਕੇ ਸੰਬਿਤ ਨੇ ਇਕ ਤਸਵੀਰ ਦਿਖਾਈ। ਬਾਅਦ ਵਿਚ ਪਤਾ ਲੱਗਿਆ ਕਿ ਇਹ ਇਕ ਮਸ਼ਹੂਰ ਤਸਵੀਰ ਹੈ, ਪਰ ਇਸ ਵਿਚ ਭਾਰਤੀ ਨਹੀਂ, ਅਮਰੀਕੀ ਫ਼ੌਜੀ ਹਨ। ਦੂਜੇ ਸੰਸਾਰ ਯੁੱਧ ਦੌਰਾਨ ਅਮਰੀਕੀ ਫ਼ੌਜੀਆਂ ਨੇ ਜਦੋਂ ਜਪਾਨ ਦੇ ਇਕ ਦੀਪ ਉਪਰ ਕਬਜ਼ਾ ਕੀਤਾ ਤਾਂ ਉਨ੍ਹਾਂ ਨੇ ਆਪਣਾ ਝੰਡਾ ਲਹਿਰਾਇਆ ਸੀ, ਪਰ ਫ਼ੋਟੋਸ਼ਾਪ ਦੇ ਜ਼ਰੀਏ ਸੰਬਿਤ ਪਾਤਰਾ ਲੋਕਾਂ ਨੂੰ ਧੋਖਾ ਦੇ ਰਹੇ ਸਨ; ਲੇਕਿਨ ਇਹ ਉਨ੍ਹਾਂ ਨੂੰ ਕਾਫ਼ੀ ਮਹਿੰਗਾ ਪਿਆ। ਟਵਿੱਟਰ ਉਪਰ ਸੰਬਿਤ ਪਾਤਰਾ ਦਾ ਲੋਕਾਂ ਨੇ ਕਾਫ਼ੀ ਮਜ਼ਾਕ ਉਡਾਇਆ।
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਹਾਲ ਹੀ ਵਿਚ ਇਕ ਤਸਵੀਰ ਸਾਂਝੀ ਕੀਤੀ। ਲਿਖਿਆ ਕਿ ਭਾਰਤ ਦੇ 50,000 ਕਿਲੋਮੀਟਰ ਰਸਤਿਆਂ ਉਪਰ ਸਰਕਾਰ ਨੇ ਤੀਹ ਲੱਖ ਐਲ਼ਈæਡੀæ ਬਲਬ ਲਗਾ ਦਿੱਤੇ ਹਨ, ਪਰ ਜੋ ਤਸਵੀਰ ਉਨ੍ਹਾਂ ਨੇ ਲਾਈ, ਉਹ ਫੇਕ ਨਿਕਲੀ। ਇਹ ਭਾਰਤ ਦੀ ਨਹੀਂ, 2009 ਵਿਚ ਜਪਾਨ ਦੀ ਤਸਵੀਰ ਸੀ। ਇਸੇ ਗੋਇਲ ਨੇ ਪਹਿਲਾਂ ਵੀ ਟਵੀਟ ਕੀਤਾ ਸੀ ਕਿ ਕੋਲੇ ਦੀ ਸਪਲਾਈ ਵਿਚ ਸਰਕਾਰ ਨੇ 25,000 ਕਰੋੜ ਦੀ ਬਚਤ ਕੀਤੀ ਹੈ। ਉਸ ਟਵੀਟ ਦੀ ਤਸਵੀਰ ਵੀ ਝੂਠੀ ਨਿਕਲੀ ਸੀ।
ਛੱਤੀਸਗੜ੍ਹ ਦੇ ਪੀæਡਬਲਯੂæਡੀæ ਮੰਤਰੀ ਰਾਜੇਸ਼ ਮੂਣਤ ਨੇ ਪੁਲ ਦੀ ਫ਼ੋਟੋ ਸ਼ੇਅਰ ਕੀਤੀ, ਆਪਣੀ ਸਰਕਾਰ ਦੀ ਕਾਮਯਾਬੀ ਦੱਸੀ। ਇਸ ਟਵੀਟ ਨੂੰ 2000 ਲਾਈਕ ਮਿਲੇ। ਬਾਅਦ ਵਿਚ ਪਤਾ ਲੱਗਿਆ ਕਿ ਉਹ ਤਸਵੀਰ ਛੱਤੀਸਗੜ੍ਹ ਦੀ ਨਹੀਂ, ਵੀਅਤਨਾਮ ਦੀ ਹੈ।
ਐਸੇ ਫ਼ੇਕ ਨਿਊਜ਼ ਫੈਲਾਉਣ ਵਿਚ ਸਾਡੇ ਕਰਨਾਟਕ ਦੇ ਆਰæਐਸ਼ਐਸ਼ ਅਤੇ ਭਾਜਪਾ ਆਗੂ ਘੱਟ ਨਹੀਂ ਹਨ। ਕਰਨਾਟਕ ਦੇ ਸੰਸਦ ਮੈਂਬਰ ਪ੍ਰਤਾਪ ਸਿਨਹਾ ਨੇ ਰਿਪੋਰਟ ਸ਼ੇਅਰ ਕੀਤੀ, ਕਿਹਾ ਕਿ ਇਹ ‘ਟਾਈਮਜ਼ ਆਫ ਇੰਡੀਆ’ ਵਿਚ ਆਈ ਹੈ। ਹੈਡਲਾਈਨ ਸੀ: ਮੁਸਲਮਾਨ ਨੇ ਹਿੰਦੂ ਕੁੜੀ ਨੂੰ ਚਾਕੂ ਮਾਰ ਕੇ ਹੱਤਿਆ ਕੀਤੀ। ਦੁਨੀਆਂ ਭਰ ਨੂੰ ਨੈਤਿਕਤਾ ਦਾ ਗਿਆਨ ਦੇਣ ਵਾਲੇ ਪ੍ਰਤਾਪ ਸਿਨਹਾ ਨੇ ਸਚਾਈ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ। ਕਿਸੇ ਵੀ ਅਖ਼ਬਾਰ ਨੇ ਇਹ ਨਿਊਜ਼ ਨਹੀਂ ਛਾਪੀ ਸੀ, ਬਲਕਿ ਫ਼ੋਟੋਸ਼ਾਪ ਦੇ ਜ਼ਰੀਏ ਕਿਸੇ ਹੋਰ ਨਿਊਜ਼ ਵਿਚ ਹੈਡਲਾਈਨ ਲਗਾ ਦਿੱਤੀ ਗਈ ਸੀ ਅਤੇ ਹਿੰਦੂ ਮੁਸਲਿਮ ਰੰਗਤ ਦੇ ਦਿੱਤੀ ਗਈ ਅਤੇ ਇਸ ਕੰਮ ਲਈ ‘ਟਾਈਮਜ਼ ਆਫ ਇੰਡੀਆ’ ਦਾ ਨਾਮ ਇਸਤੇਮਾਲ ਕੀਤਾ ਗਿਆ। ਜਦੋਂ ਹੰਗਾਮਾ ਹੋਇਆ ਕਿ ਇਹ ਤਾਂ ਫ਼ੇਕ ਨਿਊਜ਼ ਹੈ, ਤਾਂ ਸੰਸਦ ਮੈਂਬਰ ਨੇ ਰਿਹ ਡਿਲੀਟ ਕਰ ਦਿੱਤੀ, ਪਰ ਮਾਫ਼ੀ ਨਹੀਂ ਮੰਗੀ ਅਤੇ ਫਿਰਕੂ ਝੂਠ ਫੈਲਾਉਣ ਉਪਰ ਕੋਈ ਪਛਤਾਵਾ ਵੀ ਨਹੀਂ ਕੀਤਾ।
ਜਿਵੇਂ ਮੇਰੇ ਦੋਸਤ ਵਾਸੂ ਨੇ ਇਸ ਵਾਰ ਦੇ ਕਾਲਮ ਵਿਚ ਲਿਖਿਆ ਹੈ, ਮੈਂ ਵੀ ਬਿਨਾਂ ਸਮਝੇ ਇਕ ਫ਼ੇਕ ਨਿਊਜ਼ ਸ਼ੇਅਰ ਕਰ ਦਿੱਤੀ। ਪਟਨਾ ਦੀ ਆਪਣੀ ਰੈਲੀ ਦੀ ਤਸਵੀਰ ਲਾਲੂ ਯਾਦਵ ਨੇ ਫ਼ੋਟੋਸ਼ਾਪ ਕਰ ਕੇ ਸਾਂਝੀ ਕਰ ਦਿੱਤੀ। ਥੋੜ੍ਹੀ ਦੇਰ ਵਿਚ ਦੋਸਤ ਸ਼ਸ਼ੀਧਰ ਨੇ ਦੱਸਿਆ ਕਿ ਇਹ ਫ਼ੋਟੋ ਫਰਜ਼ੀ ਹੈ। ਮੈਂ ਤੁਰੰਤ ਹਟਾ ਦਿੱਤੀ ਅਤੇ ਗ਼ਲਤੀ ਵੀ ਮੰਨੀ। ਇਹੀ ਨਹੀਂ, ਨਕਲੀ ਅਤੇ ਅਸਲੀ ਤਸਵੀਰ, ਦੋਵੇਂ ਇਕੱਠੀਆਂ ਛਾਪ ਕੇ ਟਵੀਟ ਕੀਤਾ। ਇਸ ਗ਼ਲਤੀ ਪਿੱਛੇ ਮਨਸ਼ਾ ਫਿਰਕੂ ਤੌਰ ‘ਤੇ ਭੜਕਾਉਣ ਜਾਂ ਪ੍ਰਾਪੇਗੰਡਾ ਕਰਨ ਦੀ ਨਹੀਂ ਸੀ। ਫਾਸ਼ਿਸਟਾਂ ਦੇ ਖ਼ਿਲਾਫ਼ ਲੋਕ ਜੁੜ ਰਹੇ ਸਨ, ਇਸ ਦਾ ਸੰਦੇਸ਼ ਦੇਣਾ ਹੀ ਮੇਰਾ ਮਕਸਦ ਸੀ। ਫਾਈਨਲੀ, ਜੋ ਵੀ ਫ਼ੇਕ ਨਿਊਜ਼ ਨੂੰ ਐਕਸਪੋਜ਼ ਕਰਦੇ ਹਨ, ਉਨ੍ਹਾਂ ਨੂੰ ਸਲਾਮ। ਮੇਰੀ ਖ਼ਵਾਹਿਸ਼ ਹੈ ਕਿ ਇਹ ਗਿਣਤੀ ਹੋਰ ਜ਼ਿਆਦਾ ਹੋਵੇ।

This entry was posted in ਦੇਸ-ਪਰਦੇਸ. Bookmark the permalink.