ਅਮਿਤ ਸ਼ਾਹ ਦਾ ਗੁਜਰਾਤ ਮਿਸ਼ਨ ਹੋਇਆ ਫੇਲ੍ਹ

ਗਾਂਧੀਨਗਰ: ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਰਾਜ ਸਭਾ ਲਈ ਗੁਜਰਾਤ ਮਿਸ਼ਨ ਫੇਲ੍ਹ ਹੋ ਗਿਆ ਹੈ ਅਤੇ ਉਹ ਸੀਨੀਅਰ ਕਾਂਗਰਸ ਆਗੂ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਅਹਿਮਦ ਪਟੇਲ ਨੂੰ ਰਾਜ ਸਭਾ ਦਾ ਮੈਂਬਰ ਬਣਨ ਤੋਂ ਰੋਕਣ ਵਿਚ ਨਾਕਾਮ ਰਹੇ ਹਨ। ਸ੍ਰੀ ਪਟੇਲ ਨੇ ਜਿੱਤ ਲਈ ਲੋੜੀਂਦੀਆਂ 44 ਵੋਟਾਂ ਹਾਸਲ ਕਰ ਲਈਆਂ। ਇਸ ਚੋਣ ਵਿਚ ਸ੍ਰੀ ਅਮਿਤ ਸ਼ਾਹ ਅਤੇ ਕੇਂਦਰੀ ਕੱਪੜਾ ਆਗੂ ਸਮ੍ਰਿਤੀ ਇਰਾਨੀ ਵੀ ਇਹ ਚੋਣ ਜਿੱਤ ਗਏ ਹਨ।

ਅਹਿਮਦ ਪਟੇਲ ਨੂੰ ਜਿੱਤ ਲਈ 45 ਵੋਟਾਂ ਦੀ ਲੋੜ ਸੀ, ਪਰ ਕਾਂਗਰਸ ਦੇ ਦੋ ਬਾਗੀ ਵਿਧਾਇਕਾਂ- ਭੋਲਾਭਾਈ ਗਾਹਿਲ ਅਤੇ ਰਾਘਵਭਾਈ ਪਟੇਲ, ਦੀਆਂ ਵੋਟਾਂ ਰੱਦ ਹੋਣ ਕਾਰਨ ਜਿੱਤ ਦਾ ਟੀਚਾ 44 ਵੋਟਾਂ ਰਹਿ ਗਿਆ। ਇਨ੍ਹਾਂ ਵਿਧਾਇਕਾਂ ਨੇ ਸ੍ਰੀ ਅਮਿਤ ਸ਼ਾਹ ਨੂੰ ਦਿਖਾ ਕੇ ਵੋਟਾਂ ਪਾਈਆਂ, ਸਿੱਟੇ ਵਜੋਂ ਚੋਣ ਕਮਿਸ਼ਨ ਨੇ ਇਨ੍ਹਾਂ ਦੀਆਂ ਵੋਟਾਂ ਅਯੋਗ ਕਰਾਰ ਦੇ ਦਿੱਤੀਆਂ।
ਯਾਦ ਰਹੇ ਕਿ ਗੁਜਰਾਤ ਤੋਂ ਰਾਜ ਸਭਾ ਲਈ ਤਿੰਨ ਮੈਂਬਰ ਚੁਣੇ ਜਾਣੇ ਸਨ। ਇਨ੍ਹਾਂ ਵਿਚੋਂ ਭਾਜਪਾ ਦੇ ਦੋ ਆਗੂਆਂ- ਖੁਦ ਪਾਰਟੀ ਪ੍ਰਧਾਨ ਅਮਿਤ ਸ਼ਾਹ ਤੇ ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਦੀ ਚੋਣ ਤਾਂ ਪੱਕੀ ਹੀ ਸੀ, ਪਰ ਸ੍ਰੀ ਅਮਿਤ ਸ਼ਾਹ ਨੇ ਅਹਿਮਦ ਪਟੇਲ ਦਾ ਰਾਹ ਡੱਕਣ ਲਈ ਪੂਰਾ ਟਿੱਲ ਲਾ ਦਿੱਤਾ ਸੀ।
ਉਨ੍ਹਾਂ ਕਾਂਗਰਸ ਦੇ ਬਾਗੀ ਵਿਧਾਇਕ ਬਲਵੰਤ ਸਿਹੁੰ ਰਾਜਪੂਤ ਨੂੰ ਹੀ ਅਹਿਮਦ ਪਟੇਲ ਖਿਲਾਫ ਮੈਦਾਨ ਵਿਚ ਉਤਾਰ ਦਿੱਤਾ ਸੀ। ਵਿਧਾਨ ਸਭਾ ਵਿਚ ਭਾਰਤੀ ਜਨਤਾ ਪਾਰਟੀ ਦੇ 122 ਅਤੇ ਕਾਂਗਰਸ ਦੇ 56 ਮੈਂਬਰ ਸਨ। ਇਸ ਗਿਣਤੀ ਦੇ ਮੱਦੇਨਜ਼ਰ ਭਾਜਪਾ ਦੇ ਦੋ ਤੇ ਕਾਂਗਰਸ ਦਾ ਇਕ ਉਮੀਦਵਾਰ ਜਿੱਤਣਾ ਤੈਅ ਸੀ। ਦੋ ਹਫਤੇ ਪਹਿਲਾਂ ਤੱਕ ਇਸ ਸਮੀਕਰਨ ਵਿਚ ਕੋਈ ਤਬਦੀਲੀ ਵੀ ਨਜ਼ਰ ਨਹੀਂ ਸੀ ਆ ਰਹੀ, ਪਰ ਚੋਣ ਤਰੀਕ ਦੇ ਐਲਾਨ ਮਗਰੋਂ ਸਥਿਤੀ ਨੇ ਨਵਾਂ ਮੋੜ ਲਿਆ ਅਤੇ ਕਾਂਗਰਸ ਵਿਚ ਬਗਾਵਤ ਸ਼ੁਰੂ ਹੋ ਗਈ। ਸੀਨੀਅਰ ਨੇਤਾ ਸ਼ੰਕਰ ਸਿੰਹੁ ਵਾਘੇਲਾ ਪਹਿਲਾਂ ਹੀ ਬਾਗੀਆਨਾ ਰੌਂਅ ਵਿਚ ਸਨ। ਉਨ੍ਹਾਂ ਨੇ ਪਾਰਟੀ ਨਾਲੋਂ ਨਾਤਾ ਤੋੜ ਕੇ ‘ਆਜ਼ਾਦ’ ਹੋਣ ਦਾ ਐਲਾਨ ਕਰ ਦਿੱਤਾ। ਇਸੇ ਦੌਰਾਨ ਭਾਜਪਾ ਨੇ ਕਾਂਗਰਸ ਦੇ ਚਾਰ ਵਿਧਾਇਕਾਂ ਤੋਂ ਅਸਤੀਫੇ ਦਿਵਾ ਕੇ ਉਨ੍ਹਾਂ ਵਿਚੋਂ ਇਕ- ਬਲਵੰਤ ਸਿੰਹੁ ਰਾਜਪੂਤ, ਨੂੰ ਪਾਰਟੀ ਦੀ ਤੀਜੀ ਟਿਕਟ ਦੇ ਦਿੱਤੀ। ਰਣਨੀਤੀ ਇਹ ਰਹੀ ਕਿ ਭਾਜਪਾ ਆਪਣੇ ਦੋ ਮੁੱਖ ਉਮੀਦਵਾਰਾਂ ਲਈ ਲੋੜੀਂਦੀਆਂ ਵੋਟਾਂ ਤੋਂ ਬਾਅਦ ਬਾਕੀ ਬਚਦੀਆਂ ਵੋਟਾਂ ਰਾਜਪੂਤ ਨੂੰ ਪਵਾਏਗੀ ਅਤੇ ਨਾਲ ਹੀ ਕਾਂਗਰਸ ਦੀਆਂ ਹੋਰ ਵੋਟਾਂ ਤੋੜਨੀਆਂ ਸੰਭਵ ਬਣਾਏਗੀ ਤਾਂ ਜੋ ਅਹਿਮਦ ਪਟੇਲ ਲਗਾਤਾਰ ਪੰਜਵੀਂ ਵਾਰ ਰਾਜ ਸਭਾ ਚੋਣ ਨਾ ਜਿੱਤ ਸਕਣ ਅਤੇ ਕਾਂਗਰਸ ਦੀਆਂ ਸਫਾਂ ਵਿਚ ਹੋਰ ਖਲਬਲੀ ਮੱਚ ਜਾਵੇ। ਉਸ ਨੇ ਕਾਂਗਰਸ ਦੇ ਦੋ, ਐਨæਸੀæਪੀæ ਦੇ ਇਕ ਤੇ ਜੇæਡੀæ (ਯੂ) ਦੇ ਇਕ ਵਿਧਾਇਕ ਨੂੰ ਤੋੜ ਲਿਆ। ਇਨ੍ਹਾਂ ਚਾਲਾਂ ਦੇ ਬਾਵਜੂਦ ਭਾਜਪਾ ਆਪਣਾ ਅਸਲ ਮਕਸਦ ਪੂਰਾ ਕਰਨ ਵਿਚ ਨਾਕਾਮ ਰਹੀ।
_____________________________________
ਭਾਜਪਾ ਦੇ ਰੱਥ ਨੂੰ ਲੱਗੀਆਂ ਬ੍ਰੇਕਾਂ
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਰੱਥ ਨੂੰ ਕਿਤੇ ਕਿਤੇ ਬ੍ਰੇਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਨੂੰ ਬੁਲੰਦ ਕਰਨ ਵਾਲੀ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਹੁਣ ਸਵਾਲਾਂ ਦੇ ਘੇਰੇ ਵਿਚ ਹੈ। ਹਰਿਆਣਾ ਕੇਡਰ ਦੇ ਸੀਨੀਅਰ ਆਈæਏæਐਸ਼ ਅਧਿਕਾਰੀ ਦੀ ਧੀ ਦਾ ਪਿੱਛਾ ਕਰਨ ਅਤੇ ਛੇੜਛਾੜ ਦੇ ਮਾਮਲੇ ਵਿਚ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਆਸ਼ੀਸ਼ ਕੁਮਾਰ ਖਿਲਾਫ਼ ਕਾਰਵਾਈ ਵਿਚ ਅੜਿੱਕਾ ਪਾਉਣ ਕਾਰਨ ਭਾਜਪਾ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਵੱਲੋਂ ਦਰਜ ਕੀਤੀ ਐਫ਼ਆਈæਆਰæ ਵਿਚ ਕੁੜੀ ਨੇ ਸਪਸ਼ਟ ਤੌਰ ‘ਤੇ ਅਗਵਾ ਦੀ ਕੋਸ਼ਿਸ਼ ਅਤੇ ਇੱਜ਼ਤ ਨੂੰ ਖਤਰੇ ਦਾ ਖਦਸ਼ਾ ਦੱਸਦਿਆਂ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ ਜਿਸ ਪਿੱਛੋਂ ਪੁਲਿਸ ਨੇ ਕੇਸ ਵਿਚ ਤਿੰਨ ਹੋਰ ਧਾਰਾਵਾਂ ਜੋੜੀਆਂ, ਪਰ 15 ਮਿੰਟਾਂ ਬਾਅਦ ਹੀ ਦੋਵੇਂ ਧਾਰਾਵਾਂ ਨੂੰ ਰੱਦ ਕਰ ਕੇ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ। ਇਨ੍ਹਾਂ ਵਿਚੋਂ ਇਕ ਧਾਰਾ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨਾਲ ਜੁੜੀ ਸੀ। ਸਿਆਸੀ ਦਬਾਅ ਅੱਗੇ ਬੇਵੱਸ ਪੁਲਿਸ ਨੇ ਮੁਲਜ਼ਮਾਂ ਨੂੰ ਡਾਕਟਰੀ ਜਾਂਚ ਤੋਂ ਬਿਨਾਂ ਹੀ ਘਰ ਤੋਰ ਦਿੱਤਾ। ਦੇਸ਼ ਭਰ ਵਿਚ ਉਠੇ ਰੋਹ ਪਿੱਛੋਂ ਭਾਵੇਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਘਟਨਾ ਦੇ ਤੀਜੇ ਦਿਨ ਚੰਡੀਗੜ੍ਹ ਪੁਲਿਸ ਤੋਂ ਰਿਪੋਰਟ ਮੰਗ ਲਈ ਹੈ, ਪਰ ਪੁਲਿਸ ਇਹ ਤਰਕ ਦੇ ਰਹੀ ਹੈ ਕਿ ਇਹ ਮਾਮਲਾ ਅਗਵਾ ਦਾ ਨਹੀਂ ਬਣਦਾ। ਚੰਡੀਗੜ੍ਹ ਦੀ ਜਿਸ ਸੜਕ ‘ਤੇ ਇਹ ਘਟਨਾ ਵਾਪਰੀ ਉਸ ‘ਤੇ ਥਾਂ-ਥਾਂ ਸੀæਸੀæਟੀæਵੀæ ਕੈਮਰੇ ਲੱਗੇ ਹੋਏ ਹਨ। ਪੁਲਿਸ ਨੇ ਕੇਸ ਰਫਾ-ਦਫਾ ਕਰਨ ਲਈ ਪਹਿਲਾਂ ਇਹ ਦਾਅਵਾ ਕੀਤਾ ਕਿ ਉਸ ਰਾਤ ਸਾਰੇ ਕੈਮਰੇ ਬੰਦ ਸਨ, ਪਰ ਬਾਅਦ ਵਿਚ ਲੋਕ ਰੋਹ ਉਠਣ ਪਿਛੋਂ ਸਵੀਕਾਰ ਕਰ ਲਿਆ ਕਿ ਪੰਜ ਕੈਮਰਿਆਂ ਦੀ ਫੁਟੇਜ ਮਿਲ ਗਈ ਹੈ। ਉਧਰ, ਹਰਿਆਣਾ ਸਰਕਾਰ ਭਾਵੇਂ ਦਾਅਵਾ ਕਰ ਰਹੀ ਹੈ ਕਿ ਪੁਲਿਸ ‘ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਬਣਾਇਆ ਜਾ ਰਿਹਾ, ਪਰ ਭਾਜਪਾ ਆਗੂ ਤਰਕ ਦੇ ਰਹੇ ਹਨ ਕਿ ਦੇਰ ਰਾਤ ਇਹ ਲੜਕੀ ਘਰੋਂ ਬਾਹਰ ਨਿਕਲੀ ਹੀ ਕਿਉਂ? ਇਹ ਵੀ ਪਤਾ ਲੱਗਾ ਹੈ ਕਿ ਦੋਵਾਂ ਮੁਲਜ਼ਮਾਂ ਦੀ ਜ਼ਮਾਨਤ ਭਾਜਪਾ ਆਗੂਆਂ ਨੇ ਹੀ ਦਿੱਤੀ ਹੈ। ਭਾਜਪਾ ਦੀ ਤਰਜਮਾਨ ਸ਼ਾਇਨਾ ਨੇ ਤਾਂ ਸੋਸ਼ਲ ਮੀਡੀਆ ‘ਤੇ ਇਕ ਫੋਟੋ ਪਾ ਕੇ ਪੀੜਤ ਲੜਕੀ ਦੇ ਚਰਿੱਤਰ ਬਾਰੇ ਹੀ ਸਵਾਲ ਚੁੱਕ ਦਿੱਤੇ।
ਸੱਤਾ ਦੇ ਨਸ਼ੇ ਵਿਚ ਭਾਜਪਾ ਆਗੂਆਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਲੜਕੀ ਨਾਲ ਛੇੜਛਾੜ ਦੇ ਅਗਲੇ ਹੀ ਦਿਨ ਫਤਿਆਬਾਦ ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਨਾਗਪਾਲ ਨੇ ਮਰੀਜ਼ ਨੂੰ ਹਸਪਤਾਲ ਲਿਜਾ ਰਹੀ ਇਕ ਐਂਬੂਲੈਂਸ ਨੂੰ ਘੇਰ ਲਿਆ। ਭਾਜਪਾ ਆਗੂ ਦਾ ਦਾਅਵਾ ਸੀ ਕਿ ਐਂਬੂਲੈਂਸ ਨੇ ਉਸ ਦੀ ਗੱਡੀ ਨੂੰ ਫੇਟ ਮਾਰੀ ਹੈ। ਇਸ ਝਗੜੇ ਕਾਰਨ ਹੋਈ ਦੇਰੀ ਦੇ ਸਿੱਟੇ ਵਜੋਂ, ਐਂਬੂਲੈਂਸ ਵਿਚ ਹਸਪਤਾਲ ਲਿਜਾਏ ਜਾ ਰਹੇ ਮਰੀਜ਼ ਦੀ ਮੌਤ ਹੋ ਗਈ। ਦੂਜੇ ਪਾਸੇ ਇਨ੍ਹਾਂ ਵਧੀਕੀਆਂ ਕਾਰਨ ਹਰਿਆਣਾ ਤੋਂ ਲੈ ਕੇ ਦਿੱਲੀ ਤੱਕ ਦੀ ਰਾਜਨੀਤੀ ‘ਚ ਭੂਚਾਲ ਆ ਗਿਆ ਹੈ। ਭਾਜਪਾ ਨਾਲ ਸਬੰਧਤ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਬਰਾਲਾ ਦੇ ਪੁੱਤਰ ਖਿਲਾਫ਼ ਅਦਾਲਤ ‘ਚ ਜਾਣ ਦੀ ਗੱਲ ਕਹੀ ਹੈ। ਸਵਾਮੀ ਅਨੁਸਾਰ ਪੁਲਿਸ ਨੇ ਇਸ ਮਾਮਲੇ ‘ਚ ਉਲਟਾ ਹੀ ਕੰਮ ਕੀਤਾ ਹੈ। ਸਿਆਸੀ ਆਗੂਆਂ ਦੀ ਪੁਲਿਸ ਪ੍ਰਸ਼ਾਸਨ ‘ਤੇ ਪਕੜ ਖਿਲਾਫ ਆਮ ਲੋਕਾਂ ਵਿਚ ਵੀ ਰੋਹ ਹੈ।

This entry was posted in ਮੁੱਖ ਪੰਨਾ. Bookmark the permalink.