ਨਵੇਂ ਜਰਨੈਲਾਂ ਦੀ ਚੜ੍ਹਤ ਤੋਂ ਕਾਂਗਰਸ ਵਿਚ ਬਾਗੀ ਸੁਰਾਂ ਤਿਖੀਆਂ

ਚੰਡੀਗੜ੍ਹ: ਕੁਝ ਮਹੀਨਿਆਂ ਵਿਚ ਹੀ ਕੈਪਟਨ ਸਰਕਾਰ ਵਿਚ ਵੱਡਾ ਕੱਦ ਬਣਾਉਣ ਕਾਰਨ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਸਿੰਘ ਬਾਦਲ, ਕਾਂਗਰਸੀਆਂ ਨੂੰ ਰੜਕਣ ਲੱਗੇ ਹਨ। ਕੈਪਟਨ ਸਰਕਾਰ ਦੇ ਇਹ ਦੋਵੇਂ ਮੰਤਰੀ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਵਿਚ ਸ਼ਾਮਲ ਹੋਏ ਸਨ। ਦੋਵਾਂ ਮੰਤਰੀਆਂ ਦੀਆਂ ਸਰਗਰਮੀਆਂ ਕਈ ਕਾਂਗਰਸੀ ਲੀਡਰਾਂ ਨੂੰ ਹਜ਼ਮ ਨਹੀਂ ਹੋ ਰਹੀਆਂ। ਇਸ ਕਰ ਕੇ ਨਵਜੋਤ ਸਿੱਧੂ ਦਾ ਤਾਂ ਸ਼ਰੇਆਮ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਦੀ ਮਿਸਾਲ ਉਸ ਵੇਲੇ ਮਿਲੀ ਜਦੋਂ ਦੋਆਬੇ ਵਿਚ ਕੈਪਟਨ ਅਮਰਿੰਦਰ ਦੇ ਦੋ ਖਾਸ ਲੀਡਰਾਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਆਪਣੇ ਹਲਕਿਆਂ ਵਿਚ ਫੇਰੀਆਂ ਦਾ ਬਾਈਕਾਟ ਕਰ ਦਿੱਤਾ ਗਿਆ।

ਦਰਅਸਲ, ਸਿੱਧੂ ਸ਼ਾਹਕੋਟ ਹਲਕੇ ਦੇ ਪਿੰਡ ਸੀਚੇਵਾਲ ‘ਚ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਾਏ ਸੀਵਰੇਜ ਟਰੀਟਮੈਂਟ ਪਲਾਂਟ ਦੇਖਣ ਗਏ ਸਨ। ਇਸ ਮੌਕੇ ਕਾਂਗਰਸੀ ਆਗੂ ਹਰਦੇਵ ਲਾਡੀ, ਜੋ ਸ਼ਾਹਕੋਟ ਹਲਕੇ ਤੋਂ ਵਿਧਾਨ ਸਭਾ ਚੋਣ ਹਾਰ ਗਏ ਸਨ, ਮੰਤਰੀ ਨੂੰ ਨਹੀਂ ਮਿਲੇ। ਲਾਡੀ ਨੇ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਵੱਲੋਂ ਫੇਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਐਸ਼ਡੀæਐਮæ ਵੱਲੋਂ ਉਨ੍ਹਾਂ ਨੂੰ ਐਨ ਮੌਕੇ ‘ਤੇ ਇਸ ਬਾਰੇ ਦੱਸਿਆ ਗਿਆ। ਸਿੱਧੂ ਨੇ ਸੁਲਤਾਨਪੁਰ ਲੋਧੀ ਵੀ ਜਾਣਾ ਸੀ ਪਰ ਵਿਧਾਇਕ ਨਵਤੇਜ ਚੀਮਾ ਵੱਲੋਂ ਉਨ੍ਹਾਂ ਖਿਲਾਫ਼ ਸਟੈਂਡ ਲੈਣ ਕਾਰਨ ਇਹ ਫੇਰੀ ਖੜ੍ਹੇ ਪੈਰ ਰੱਦ ਕਰਨੀ ਪਈ। ਵਿਧਾਇਕ ਚੀਮਾ ਨੇ ਕਿਹਾ ਕਿ ਮੰਤਰੀ ਨੇ ਫੇਰੀ ਬਾਰੇ ਉਸ ਨੂੰ ਵੇਲੇ ਸਿਰ ਨਹੀਂ ਦੱਸਿਆ। ਦੋਵੇਂ ਆਗੂਆਂ ਨੇ ਕਿਹਾ ਕਿ ਇਸ ਮੰਤਰੀ ਨੇ ਉਨ੍ਹਾਂ ਦੇ ਹਲਕਿਆਂ ਵਿਚ ਪਹਿਲੀ ਵਾਰ ਆਉਣਾ ਸੀ। ਸਿੱਧੂ ਨੂੰ ਘੱਟੋ-ਘੱਟ ਇਕ ਦਿਨ ਸਾਨੂੰ ਇਸ ਬਾਰੇ ਦੱਸਣਾ ਚਾਹੀਦਾ ਸੀ। ਇਸ ਬਾਰੇ ਉਹ ਮੁੱਖ ਮੰਤਰੀ ਨੂੰ ਦੱਸਣਗੇ।
_____________________________________
ਪੁਲਿਸ ‘ਤੇ ਸਿਰਫ ਅਕਾਲੀਆਂ ਦੀ ਗੱਲ ਸੁਣਨ ਦਾ ਦੋਸ਼
ਚੰਡੀਗੜ੍ਹ: ਮੰਤਰੀਆਂ ਤੇ ਕਾਂਗਰਸੀ ਨੇਤਾਵਾਂ ਦੀਆਂ ਪੁਲਿਸ ਅਧਿਕਾਰੀਆਂ ਦੇ ਤੌਰ ਤਰੀਕਿਆਂ ਬਾਰੇ ਸ਼ਿਕਾਇਤਾਂ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਇਕ ਵਾਰ ਫਿਰ ਸਥਿਤੀ ਕਸੂਤੀ ਬਣੀ ਹੋਈ ਹੈ। ਕਾਂਗਰਸ ਦੀਆਂ ਮੀਟਿੰਗਾਂ ਵਿਚ ਪੁਲਿਸ ਦੇ ਰਵੱਈਏ ਦੀ ਆਲੋਚਨਾ ਬਾਅਦ ਮੰਤਰੀਆਂ ਨੇ ਵੀ ਪੁਲਿਸ ਖਿਲਾਫ਼ ਖੁੱਲ੍ਹ ਕੇ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਖਿਲਾਫ਼ ਬੋਲਣ ਵਾਲੇ ਮੰਤਰੀਆਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ।
ਵਜ਼ਾਰਤੀ ਮੀਟਿੰਗ ਦੌਰਾਨ ਬ੍ਰਹਮ ਮਹਿੰਦਰਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਤਿਪ੍ਰਤ ਰਾਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ ਅਤੇ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਨੂੰ ਮੁਖਾਤਿਬ ਹੁੰਦਿਆਂ ਡੀæਜੀæਪੀæ ਸੁਰੇਸ਼ ਅਰੋੜਾ ਸਮੇਤ ਕਈ ਜ਼ਿਲ੍ਹਾ ਪੁਲਿਸ ਮੁਖੀਆਂ ਦੇ ਕੰਮ ਕਰਨ ਦੇ ਢੰਗ ਦੀ ਨਿੰਦਾ ਕਰਦਿਆਂ ਅਕਾਲੀਆਂ ਦੇ ਇਸ਼ਾਰੇ ‘ਤੇ ਕੰਮ ਕਰਨ ਦੇ ਦੋਸ਼ ਲਾਏ। ਕੈਪਟਨ ਵਜ਼ਾਰਤ ਵਿਚ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਖਿਲਾਫ਼ ਪਹਿਲੀ ਵਾਰੀ ਆਵਾਜ਼ ਉਠਾਈ ਹੈ। ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਸ ਸੀਨੀਅਰ ਮੰਤਰੀ ਨੇ ਕਿਹਾ ਕਿ ਚਿੰਤਾਜਨਕ ਗੱਲ ਇਹ ਹੈ ਕਿ ਜ਼ਿਲ੍ਹਾ ਪੱਧਰੀ ਸਮਾਗਮਾਂ ਦੌਰਾਨ ਐਸ਼ਐਸ਼ਪੀæ ਤੇ ਡਿਪਟੀ ਕਮਿਸ਼ਨਰਾਂ ਵੱਲੋਂ ਮੰਤਰੀਆਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ। ਉਨ੍ਹਾਂ ਮੁੱਖ ਮੰਤਰੀ ਨੂੰ ਇਸ ਗੰਭੀਰ ਮਾਮਲੇ ਉਤੇ ਤੁਰਤ ਧਿਆਨ ਦੇਣ ਲਈ ਕਿਹਾ। ਸੂਤਰਾਂ ਮੁਤਾਬਕ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਠਿੰਡਾ ਦਾ ਐਸ਼ਐਸ਼ਪੀæ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀਆਂ ਧਮਕੀਆਂ ਕਾਰਨ ਇੰਨਾ ਡਰ ਗਿਆ ਹੈ ਕਿ ਕਾਂਗਰਸੀਆਂ ਦੀਆਂ ਸ਼ਿਕਾਇਤਾਂ ਸੁਣਨ ਨੂੰ ਵੀ ਤਿਆਰ ਨਹੀਂ।

This entry was posted in ਮੁੱਖ ਪੰਨਾ. Bookmark the permalink.