ਸਿਆਸਤ ਕਰਨ ਕਰ ਕੇ ਘਿਰੀ ਸ਼੍ਰੋਮਣੀ ਕਮੇਟੀ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਸੱਤਾ ਬਦਲਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥਕ ਮਸਲਿਆਂ ਦੀ ਯਾਦ ਆ ਗਈ ਹੈ। ਕਾਂਗਰਸ ਸਰਕਾਰ ਖਿਲਾਫ ਬਾਦਲਾਂ ਵਾਲੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਵਿੱਢੇ ਸੰਘਰਸ਼ ਵਿਚ ਸ਼੍ਰੋਮਣੀ ਕਮੇਟੀ ਖੁੱਲ੍ਹ ਕੇ ਨਿੱਤਰੀ ਹੋਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਸਰਕਾਰ ਖਿਲਾਫ ਮੋਰਚੇ ਵਿਚ ਬਾਦਲਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੋਇਆ ਹੈ।

ਇਥੋਂ ਤੱਕ ਕਿ ਬਾਦਲਾਂ ਦੇ ਧਰਨਿਆਂ ਵਿਚ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਹਾਜ਼ਰੀ ਭਰ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਸਰਕਾਰ ਖਿਲਾਫ ਇਸ ‘ਮੋਰਚੇ’ ਦੀ ਵੱਡੇ ਪੱਧਰ ‘ਤੇ ਨੁਕਤਾਚੀਨੀ ਹੋ ਰਹੀ ਹੈ। ਸਵਾਲ ਕੀਤਾ ਜਾ ਰਿਹਾ ਹੈ ਕਿ ਬਾਦਲ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਨੇ ਰੋਸ ਪ੍ਰਗਟ ਕਰ ਰਹੀ ਸੰਗਤ ਦਾ ਸਾਥ ਕਿਉਂ ਨਹੀਂ ਦਿੱਤਾ?
ਸੰਸਥਾ ਨੇ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਕਦੇ ਧਰਨੇ ਨਹੀਂ ਦਿੱਤੇ ਅਤੇ ਨਾ ਹੀ 2015 ਵਿਚ ਬਰਗਾੜੀ ਬੇਅਦਬੀ ਕਾਂਡ ਵੇਲੇ ਲੋਕਾਂ ਵੱਲੋਂ ਦਿੱਤੇ ਧਰਨਿਆਂ ਦਾ ਖੁੱਲ੍ਹ ਕੇ ਸਾਥ ਦਿੱਤਾ ਜਾਂ ਹਮਾਇਤ ਕੀਤੀ। 2015 ਵਿਚ ਬੇਅਦਬੀ ਦੀ ਪੀੜ ਨਾਲ ਝੰਬੇ ਤੇ ਇਨਸਾਫ ਮੰਗ ਰਹੇ ਹਰ ਸਿੱਖ ਨੂੰ ਇਸ ਸ਼੍ਰੋਮਣੀ ਸੰਸਥਾ ਵੱਲੋਂ ਡਟਵਾਂ ਸਾਥ ਮਿਲਣ ਦੀ ਵੱਡੀ ਆਸ ਸੀ, ਪਰ ਸੰਸਥਾ ਲੋਕਾਂ ਦੀ ਆਸ ‘ਤੇ ਖਰੀ ਨਹੀਂ ਉਤਰੀ। ਬੇਅਦਬੀ ਦਾ ਸਿਲਸਿਲਾ ਸਾਲ 2015 ਵਿਚ ਸ਼ੁਰੂ ਹੋਇਆ ਸੀ ਜੋ ਅੱਜ ਤੱਕ ਬਾਦਸਤੂਰ ਜਾਰੀ ਹੈ ਅਤੇ 100 ਤੋਂ ਵੱਧ ਵਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਬੇਅਦਬੀ ਦਾ ਕੋਈ ਦੋਸ਼ੀ ਨਹੀਂ ਸੀ ਫੜਿਆ ਗਿਆ। 2017 ਵਿਧਾਨ ਸਭਾ ਚੋਣਾਂ ਵੇਲੇ ਬੇਅਦਬੀ ਮੁੱਖ ਚੋਣ ਮੁੱਦਿਆਂ ਵਿਚੋਂ ਇਕ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਨਸ਼ੇ ਖਤਮ ਕਰਨ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਵਾਅਦਾ ਕੀਤਾ ਸੀ, ਪਰ ਨਵੀਂ ਸਰਕਾਰ ਦੇ 3 ਮਹੀਨਿਆਂ ਦੇ ਕਾਰਜਕਾਲ ਦੌਰਾਨ ਵੀ ਕਈ ਵਾਰ ਗੁਰਬਾਣੀ ਦੀ ਬੇਅਦਬੀ ਹੋ ਚੁੱਕੀ ਹੈ, ਪਰ ਦੋਸ਼ੀਆਂ ਤੱਕ ਪਹੁੰਚ ਹਾਲੇ ਵੀ ਨਹੀਂ ਹੋ ਸਕੀ।
ਯਾਦ ਰਹੇ ਕਿ ਹੈ ਕਿ ਅਕਾਲੀ ਦਲ ਅਤੇ ਭਾਜਪਾ ਵੱਲੋਂ ਇਹ ਧਰਨੇ ਕਿਸਾਨ ਖੁਦਕੁਸ਼ੀਆਂ, ਰੇਤੇ ਦੀਆਂ ਖੱਡਾਂ ਦੇ ਮਾਮਲੇ ਵਿਚ ਰਾਣਾ ਗੁਰਜੀਤ ਸਿੰਘ ਦੀ ਗ੍ਰਿਫਤਾਰੀ ਅਤੇ ਕਾਂਗਰਸ ਸਰਕਾਰ ਦੇ 90 ਦਿਨ ਬੀਤ ਜਾਣ ‘ਤੇ ਆਪਣੇ ਵਾਅਦੇ ਨਾ ਪੂਰੇ ਕਰਨ ਖਿਲਾਫ ਦਿੱਤੇ ਗਏ ਸਨ। ਉਧਰ, ਪ੍ਰੋæ ਕਿਰਪਾਲ ਸਿੰਘ ਬਡੂੰਗਰ ਦਾ ਦੋਸ਼ ਹੈ ਕਿ ਕੈਪਟਨ ਸਰਕਾਰ ਸਿੱਖ ਮਸਲਿਆਂ ‘ਤੇ ਜਾਣਬੁਝ ਕੇ ਨਾਂਹ ਪੱਖੀ ਰਵੱਈਆ ਅਪਣਾ ਰਹੀ ਹੈ ਜਿਨ੍ਹਾਂ ਵਿਚ ਕਾਂਗਰਸੀ ਲੋਕਾਂ ਵੱਲੋਂ ਗੁਰਦੁਆਰਿਆਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਕਰਨੇ, ਸਰਕਾਰ ਦੇ ਮੰਤਰੀ ਸਿੱਖ ਵਿਰਾਸਤਾਂ ਪ੍ਰਤੀ ਗਲਤ ਸ਼ਬਦਾਵਲੀ ਵਰਤਿਆ ਜਾਣਾ, ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਨੂੰ ਵਿਗਾੜਿਆ ਜਾਣਾ ਅਤੇ ਹਰਿਮੰਦਰ ਸਾਹਿਬ ਵਿਖੇ ਆਉਂਦੇ ਮਾਰਗ ‘ਤੇ ਚੱਲਦੀਆਂ ਸਕਰੀਨਾਂ ਉਤੇ ਨਸ਼ਿਆਂ ਸਮੇਤ ਹੋਰ ਇਤਰਾਜ਼ਯੋਗ ਇਸ਼ਤਿਹਾਰ ਪ੍ਰਸਾਰਿਤ ਕਰਨ ਆਦਿ ਦਾ ਜ਼ਿਕਰ ਕੀਤਾ ਗਿਆ। ਹਾਲਾਂਕਿ ਸਕਰੀਨਾਂ ਉਤੇ ਇਸ਼ਤਿਹਾਰਬਾਜ਼ੀ ਦੇ ਦੋਸ਼ਾਂ ਦੀ ਉਸ ਸਮੇਂ ਹਵਾ ਨਿਕਲ ਗਈ ਜਦੋਂ ਇਹ ਤੱਥ ਸਾਹਮਣੇ ਆਏ ਕਿ ਬਾਦਲ ਸਰਕਾਰ ਨੇ ਸਕਰੀਨਾਂ ਲਾਉਣ ਵਾਲੀ ਕੰਪਨੀ ਨਾਲ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਲਾਜ਼ਮੀ ਕਰਨ ਦੀ ਕੋਈ ਸ਼ਰਤ ਨਹੀਂ ਰੱਖੀ ਸੀ। ਅਸਲ ਵਿਚ ਬਾਦਲ ਸਰਕਾਰ ਨੇ ਇਹ ਸਕਰੀਨਾਂ ਚੋਣਾਂ ਨੇੜੇ ਹੋਣ ਕਾਰਨ ਆਪਣੀ ਮਸ਼ਹੂਰੀ ਲਈ ਹੀ ਲਾਈਆਂ ਸਨ ਤੇ ਸ਼ੁਰੂ ਵਿਚ ਗੁਰਬਾਣੀ ਨਾਲੋਂ ਜ਼ਿਆਦਾ ਸਮਾਂ ਇਨ੍ਹਾਂ ਸਕਰੀਨਾਂ ਉਤੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ ਸਨ।
ਅਕਾਲੀ ਸਰਕਾਰ ਵੇਲੇ ਹੁਣ ਵਰਗੀ ਸਰਗਰਮੀ ਨਾ ਦਿਖਾਉਣ ਬਾਰੇ ਸਵਾਲ ਦੇ ਜਵਾਬ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋæ ਬਡੂੰਗਰ ਦਾ ਕਹਿਣਾ ਹੈ ਕਿ ਸੰਸਥਾ ਦਾ ਮੁੱਖ ਕਾਰਜ ਗੁਰਦੁਆਰਾ ਪ੍ਰਬੰਧ ਤੇ ਸੁਧਾਰ ਦਾ ਹੈ ਅਤੇ ਉਨ੍ਹਾਂ ਸਰਕਾਰ ਤੋਂ ਕਾਰਵਾਈ ਲਈ ਮੰਗ ਕੀਤੀ ਹੈ। ਸਵਾਲ ਉਠਦਾ ਹੈ ਕਿ ਪਿਛਲੀ ਸਰਕਾਰ ਵੇਲੇ ਸਮਾਜ ਵਿਚ ਅਜਿਹੇ ਕੋਈ ਮੁੱਦੇ ਨਹੀਂ ਸਨ, ਉਦੋਂ ਕਿਉਂ ਨਹੀਂ ਧਰਨੇ ਦਿੱਤੇ ਗਏ? ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਜਥੇਦਾਰ ਉਤੇ ਦੋਸ਼ ਲੱਗਦੇ ਰਹੇ ਹਨ ਕਿ ਉਹ ਬਾਦਲ ਪਰਿਵਾਰ ਦੇ ਇਸ਼ਾਰਿਆਂ ਉਤੇ ਕੰਮ ਕਰਦੇ ਹਨ।
ਅਕਾਲੀ ਸਰਕਾਰ ਵੇਲੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਪਿੱਛੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੱਡੇ ਪੱਧਰ ਉਤੇ ਸਿੱਖ ਸੰਗਤ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ ਸੀ। ਉਦੋਂ ਦੋਸ਼ ਲੱਗੇ ਸਨ ਕਿ ਡੇਰਾ ਮੁਖੀ ਨੂੰ ਮੁਆਫੀ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਉਤੇ ਦਿੱਤੀ ਗਈ ਹੈ। ਇਸ ਬਾਰੇ ਪੁਖਤਾ ਸਬੂਤ ਵੀ ਸਾਹਮਣੇ ਆਏ ਸਨ, ਪਰ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਇਹੀ ਦਾਅਵਾ ਕਰਦੇ ਰਹੇ ਕਿ ਇਹ ਫੈਸਲਾ ਸਿਰਫ ਜਥੇਦਾਰਾਂ ਦਾ ਸੀ ਅਤੇ ਇਸ ਵਿਚ ਕਿਸੇ ਤਰ੍ਹਾਂ ਦਾ ਸਿਆਸੀ ਦਬਾਅ ਨਹੀਂ ਸੀ।
______________________________________
ਜਥੇਦਾਰ ਵਲੋਂ ਵੀ ਇਤਰਾਜ਼ ਪ੍ਰਗਟ
ਅੰਮ੍ਰਿਤਸਰ: ਸਿਆਸੀ ਪਾਰਟੀ ਵੱਲੋਂ ਉਲੀਕੇ ਧਰਨਿਆਂ ਵਿਚ ਸ਼੍ਰੋਮਣੀ ਕਮੇਟੀ ਦੀ ਸ਼ਮੂਲੀਅਤ ਦੇ ਹੋ ਰਹੇ ਵਿਰੋਧ ‘ਤੇ ਉਸ ਵੇਲੇ ਪੰਥਕ ਮੋਹਰ ਵੀ ਲੱਗ ਗਈ ਜਦੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖ ਦਿੱਤਾ ਕਿ ਪ੍ਰੋæ ਕਿਰਪਾਲ ਸਿੰਘ ਬਡੂੰਗਰ ਨੂੰ ਇਨ੍ਹਾਂ ਸਿਆਸੀ ਧਰਨਿਆਂ ਵਿਚ ਸ਼ਮੂਲੀਅਤ ਨਹੀਂ ਕਰਨੀ ਚਾਹੀਦੀ। ਇਸ ਸਬੰਧੀ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਜਥੇਦਾਰ ਨੇ ਆਖਿਆ ਕਿ ਇਸ ਬਾਰੇ ਜਵਾਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੀ ਦੇ ਸਕਦੇ ਹਨ, ਪਰ ਉਨ੍ਹਾਂ ਦੀ ਨਿੱਜੀ ਰਾਇ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਜਿਹੇ ਸਿਆਸੀ ਧਰਨਿਆਂ ਵਿਚ ਸ਼ਮੂਲੀਅਤ ਤੋਂ ਦੂਰ ਰਹਿਣਾ ਚਾਹੀਦਾ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਧਰਨਿਆਂ ਵਿਚ ਸ਼ਾਮਲ ਹੋਣ ਦੀ ਸਖਤ ਅਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਨੁਮਾਇੰਦਗੀ ਨਹੀਂ ਕਰਦੀ ਸਗੋਂ ਇਹ ਦੁਨੀਆਂ ਭਰ ਦੇ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ।

This entry was posted in ਮੁੱਖ ਪੰਨਾ. Bookmark the permalink.