ਬਰਤਾਨੀਆ ਚੋਣਾਂ: ਟੈਰੇਜ਼ਾ ਮੇਅ ਦੀਆਂ ਆਸਾਂ ‘ਤੇ ਫਿਰਿਆ ਪਾਣੀ

ਲੰਡਨ: ਬ੍ਰਿਟਿਸ਼ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਸੰਸਦੀ ਚੋਣਾਂ ਮਿਥੇ ਸਮੇਂ ਤੋਂ ਤਿੰਨ ਵਰ੍ਹੇ ਪਹਿਲਾਂ ਕਰਵਾਉਣ ਦੀ ਸ਼ਤਰੰਜੀ ਚਾਲ ਖੇਡੀ ਸੀ ਪਰ ਇਹ ਚਾਲ ਪੁੱਠੀ ਪਈ। ਉਸ ਨੂੰ ਯਕੀਨ ਸੀ ਕਿ ਯੂਰਪੀ ਯੂਨੀਅਨ (ਈæਯੂæ) ਨਾਲੋਂ ਬਰਤਾਨਵੀ ਤੋੜ-ਵਿਛੋੜੇ ਨਾਲ ਜੁੜੇ ਅਮਲ ਨੂੰ ਹੁਲਾਰਾ ਦੇਣ ਦੀ ਉਸ ਦੀ ਰਣਨੀਤੀ ਦੇ ਹੱਕ ਵਿਚ ਵੋਟਰ ਵੱਡੀ ਗਿਣਤੀ ਵਿਚ ਭੁਗਤਣਗੇ ਅਤੇ ਉਹ ਵੱਧ ਮਜ਼ਬੂਤੀ ਨਾਲ ਰਾਜ-ਸੱਤਾ ਉਤੇ ਪਰਤੇਗੀ।

ਚੋਣ ਨਤੀਜਿਆਂ ਨੇ ਅਜਿਹੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਹੁਕਮਰਾਨ ਕੰਜ਼ਰਵੇਟਿਵ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ ਅਤੇ ਜੈਰੇਮੀ ਕੌਰਬਿਨ ਵਰਗੇ ਸਿਆਸੀ ਤੌਰ ‘ਤੇ ਕਮਜ਼ੋਰ ਨੇਤਾ ਦੀ ਅਗਵਾਈ ਹੇਠਲੀ ਲੇਬਰ ਪਾਰਟੀ ਦੀ ਕਾਰਗੁਜ਼ਾਰੀ ਮੁਕਾਬਲਤਨ ਬਿਹਤਰ ਰਹੀ।
ਬੀਬੀ ਮੇਅ ਦੀ ਕੰਜ਼ਰਵੇਟਿਵ ਪਾਰਟੀ ਸਭ ਤੋਂ ਵੱਡੀ ਪਾਰਟੀ ਜ਼ਰੂਰ ਬਣੀ, ਪਰ ਆਮ ਬਹੁਮਤ ਤੋਂ ਇਸ ਦੀਆਂ ਸੀਟਾਂ ਵਿਚ ਅੱਠ ਦੀ ਕਮੀ ਰਹਿ ਗਈ। ਉਂਜ ਮਹਾਰਾਣੀ ਐਲਿਜ਼ਾਬੈਥ ਦੋਇਮ ਨੇ ਉਨ੍ਹਾਂ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਹੈ।
ਨਤੀਜਿਆਂ ਤੋਂ ਨਿਰਾਸ਼ ਬੀਬੀ ਮੇਅ (60) ਨੇ ਉਂਜ ਅਸਤੀਫੇ ਦੀ ਮੰਗ ਖਾਰਜ ਕਰਦਿਆਂ ਕਿਹਾ ਕਿ ਉਹ ਉਤਰੀ ਆਇਰਲੈਂਡ ਦੀ ਡੈਮੋਕਰੈਟਿਕ ਯੂਨੀਅਨਿਸਟ ਪਾਰਟੀ (ਡੀæਯੂæਪੀæ) ਦੀ ਗੈਰਰਸਮੀ ਹਮਾਇਤ ਨਾਲ ਸਰਕਾਰ ਬਣਾਉਣਗੇ। ਜੈਰੇਮੀ ਕੌਰਬਿਨ ਦੀ ਅਗਵਾਈ ਹੇਠ ਵਿਰੋਧੀ ਲੇਬਰ ਪਾਰਟੀ ਨੇ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਬੀਬੀ ਮੇਅ ਦੀਆਂ ਗਿਣਤੀਆਂ-ਮਿਣਤੀਆਂ ਹਿਲਾ ਦਿੱਤੀਆਂ। ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕੌਮਨਜ਼ ਦੀਆਂ ਕੁੱਲ 650 ਸੀਟਾਂ ਵਿਚੋਂ ਕੰਜ਼ਰਵੇਟਿਵ ਪਾਰਟੀ ਨੂੰ 318 ਤੇ ਲੇਬਰ ਪਾਰਟੀ ਨੂੰ 261 ਸੀਟਾਂ ਮਿਲੀਆਂ ਤੇ ਕੋਈ ਪਾਰਟੀ ਬਹੁਮਤ ਲਈ ਜ਼ਰੂਰੀ 326 ਸੀਟਾਂ ਨਹੀਂ ਹਾਸਲ ਕਰ ਸਕੀ। ਸਕੌਟਿਸ਼ ਨੈਸ਼ਨਲ ਪਾਰਟੀ ਨੂੰ 35, ਲਿਬਰਲ ਡੈਮੋਕ੍ਰੈਟਸ ਨੂੰ 12, ਡੀæਯੂæਪੀæ ਨੂੰ 10 ਤੇ ਹੋਰਨਾਂ ਨੂੰ 13 ਸੀਟਾਂ ਮਿਲੀਆਂ ਹਨ।
___________________________________________
ਜੈਰੇਮੀ ਕੌਰਬਿਨ ਦੀ ਬੱਲੇ ਬੱਲੇ
ਬਰਮਿੰਘਮ: ਯੂਰਪੀ ਯੂਨੀਅਨ ਦੀ ਰਾਏਸ਼ੁਮਾਰੀ ਤੋਂ ਬਾਅਦ ਕਈ ਚੁਣੌਤੀਆਂ ਦਾ ਸਾਹਮਣਾ ਕਰਦੇ ਆ ਰਹੇ ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕੌਰਬਿਨ ਦੀ ਇਨ੍ਹਾਂ ਚੋਣਾਂ ‘ਚ ਖੂਬ ਬੱਲੇ-ਬੱਲੇ ਹੋ ਰਹੀ, ਕਿਉਂਕਿ ਲੇਬਰ ਪਾਰਟੀ ਨੂੰ ਇਨ੍ਹਾਂ ਚੋਣਾਂ ਵਿਚ 29 ਸੀਟਾਂ ਦੀ ਬੜ੍ਹਤ ਮਿਲੀ ਹੈ ਤੇ ਪਾਰਟੀ ਨੇ ਕੁੱਲ 261 ਸੀਟਾਂ ਹਾਸਲ ਕੀਤੀਆਂ ਹਨ। ਇਨ੍ਹਾਂ ਚੋਣਾਂ ਵਿਚ 46843896 ਵੋਟਰ ਸਨ, ਜਿਨ੍ਹਾਂ ਵਿਚੋਂ 68æ7 ਫੀਸਦੀ ਨੇ ਵੋਟਾਂ ‘ਚ ਹਿੱਸਾ ਲਿਆ। ਕੰਜ਼ਰਵੇਟਿਵ ਪਾਰਟੀ ਨੂੰ 42æ4 ਫੀਸਦੀ ਦੇ ਹਿਸਾਬ ਨਾਲ 13650900, ਲੇਬਰ ਪਾਰਟੀ ਨੂੰ 40æ1 ਫੀਸਦੀ ਦੇ ਹਿਸਾਬ ਨਾਲ 12858652, ਸਕਾਟਿਸ਼ ਨੈਸ਼ਨਲ ਪਾਰਟੀ ਨੂੰ 3æ1 ਫੀਸਦੀ ਦੇ ਹਿਸਾਬ ਨਾਲ 977569, ਲਿਬਰਲ ਡੈਮੋਕ੍ਰੇਟਿਕ ਪਾਰਟੀ ਨੂੰ 7æ3 ਫੀਸਦੀ ਦੇ ਹਿਸਾਬ ਨਾਲ 2368048 ਅਤੇ ਡੈਮੋਕ੍ਰੇਟਿਕ ਯੂਨੀਅਨਿਸਟ ਪਾਰਟੀ ਨੂੰ 0æ9 ਫੀਸਦੀ ਦੇ ਹਿਸਾਬ ਨਾਲ 292316 ਵੋਟਾਂ ਪ੍ਰਾਪਤ ਹੋਈਆਂ ਹਨ।
_________________________________________
ਪੰਜਾਬੀ ਭਾਈਚਾਰੇ ਲਈ ਸ਼ਾਨਦਾਰ ਰਹੀਆਂ ਚੋਣਾਂ
ਲੰਡਨ: ਬਰਤਾਨੀਆ ਦੇ ਇਤਿਹਾਸ ਵਿਚ ਇਹ ਚੋਣਾਂ ਪੰਜਾਬੀਆਂ ਤੇ ਖਾਸ ਤੌਰ ਉਤੇ ਸਿੱਖ ਭਾਈਚਾਰੇ ਲਈ ਸ਼ਾਨਦਾਰ ਰਹੀਆਂ। ਇਨ੍ਹਾਂ ਚੋਣਾਂ ਵਿਚ ਪੰਜਾਬੀ ਮੂਲ ਦੇ ਈਲਿੰਗ ਸਾਊਥਾਲ ਤੋਂ ਲੇਬਰ ਉਮੀਦਵਾਰ ਵਰਿੰਦਰ ਸ਼ਰਮਾ ਚੌਥੀ ਵਾਰ ਚੋਣ ਜਿੱਤੇ ਹਨ।
ਉਨ੍ਹਾਂ ਨੇ ਇਸ ਵਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਵੋਟਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਫੈਲਥਮ ਹੈਸਟਨ ਤੋਂ ਲੇਬਰ ਉਮੀਦਵਾਰ ਸੀਮਾ ਮਲਹੋਤਰਾ 15603 ਵੋਟਾਂ ਦੇ ਫਰਕ ਨਾਲ ਜਿੱਤ ਕੇ ਤੀਜੀ ਵਾਰ ਸੰਸਦ ਮੈਂਬਰ ਬਣੀ ਹੈ। ਉਸ ਨੂੰ 32462 ਵੋਟਾਂ ਪ੍ਰਾਪਤ ਹੋਈਆਂ। ਕੰਜ਼ਰਵੇਟਿਵ ਪਾਰਟੀ ਦੇ ਸਿੱਖ ਪਿਛੋਕੜ ਵਾਲੇ ਉਮੀਦਵਾਰ ਪੋਲ ਉਪਲ ਇਕ ਵਾਰ ਫਿਰ 2185 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਹਨ। ਟੈਲਫੋਰਡ ਪਾਰਲੀਮੈਂਟਰੀ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਸਹੋਤਾ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਲੂਸੀ ਐਲਨ ਤੋਂ 720 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਹਨ। ਬਰਤਾਨਵੀ ਸੰਸਦ ਦੇ ਸਭ ਤੋਂ ਪੁਰਾਣੇ ਸੰਸਦ ਮੈਂਬਰ ਲੇਬਰ ਉਮੀਦਵਾਰ ਕੀਥ ਵਾਜ਼ ਇਕ ਵਾਰ ਫਿਰ ਲੈਸਟਰ ਈਸਟ ਤੋਂ ਚੋਣ ਜਿੱਤ ਗਏ ਹਨ। ਵਾਲਸਾਲ ਦੱਖਣੀ ਤੋਂ ਲੇਬਰ ਉਮੀਦਵਾਰ ਵਲੇਰੀ ਵਾਜ਼ ਨੂੰ 25286 ਪ੍ਰਾਪਤ ਹੋਈਆਂ। ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਤੇ ਸਾਬਕਾ ਰੁਜ਼ਗਾਰ ਮੰਤਰੀ ਪ੍ਰੀਤੀ ਪਟੇਲ ਨੇ ਵੈਟਹੇਮ ਹਲਕੇ ਤੋਂ 31670 ਵੋਟਾਂ ਪ੍ਰਾਪਤ ਕਰ ਕੇ 18646 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਅਲੋਕ ਸ਼ਰਮਾ ਨੂੰ 2876 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਹੈ। ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਿਸ਼ੀ ਸੁਨਕ ਨੂੰ ਰਿਚਮੰਡ (ਯੌਰਕਸ) ਹਲਕੇ ਤੋਂ ਮੁੜ ਜਿੱਤ ਪ੍ਰਾਪਤ ਹੋਈ ਹੈ। ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਸੁਈਲਾ ਫਰਨਾਡਿਸ ਨੂੰ ਫਰਹੈਮ ਹਲਕੇ ਤੋਂ 21555 ਵੋਟਾਂ ਦੇ ਫਰਕ ਨਾਲ ਜਿੱਤ ਮਿਲੀ ਹੈ। ਭਾਰਤੀ ਮੂਲ ਦੇ ਸੁਲੇਸ਼ ਵਾਹਰਾ ਤੇ ਲੀਸਾ ਨੰਦੇ ਨੇ ਵੀ ਜਿੱਤ ਪ੍ਰਾਪਤ ਕੀਤੀ।
ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਭਾਰਤੀ ਮੂਲ ਦੇ ਅਮਿਤ ਜੋਗੀਆ ਬ੍ਰਿੰਟ ਨੌਰਥ ਤੋਂ ਹਾਰ ਗਏ ਹਨ। ਲੇਬਰ ਉਮੀਦਵਾਰ ਰੋਹਿਤ ਦੇਸਗੁਪਤਾ ਹੈਂਮਪਸ਼ਾਇਰ ਤੋਂ ਹਾਰ ਗਏ ਹਨ ਜਦੋਂ ਕਿ ਲੇਬਰ ਉਮੀਦਵਾਰ ਨਵੀਨ ਸ਼ਾਹ ਹੈਰੋ ਈਸਟ ਤੋਂ ਹਾਰ ਗਏ ਹਨ।
_________________________________________________
ਪ੍ਰੀਤ ਗਿੱਲ ਨੇ ਵਧਾਇਆ ਪੰਜਾਬੀ ਭਾਈਚਾਰੇ ਦਾ ਮਾਣ
ਲੰਡਨ: ਇੰਗਲੈਂਡ ਦੀਆਂ ਸੰਸਦੀ ਚੋਣਾਂ ਵਿਚ ਜਿਥੇ ਪਿੰਡ ਰਾਏਪੁਰ ਦੇ ਤਨਮਨਜੀਤ ਸਿੰਘ ਢੇਸੀ ਨੇ ਚੋਣ ਜਿੱਤ ਕੇ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਹੋਣ ਦਾ ਇਤਿਹਾਸ ਰਚਿਆ, ਉਥੇ ਜਲੰਧਰ ਜ਼ਿਲ੍ਹੇ ਦੀ ਹੀ ਪ੍ਰੀਤ ਕੌਰ ਗਿੱਲ ਪਹਿਲੀ ਸਿੱਖ ਮਹਿਲਾ ਐਮæਪੀæ ਬਣੀ ਹੈ। ਇਹ ਦੋਵੇਂ ਰਿਸ਼ਤੇਦਾਰ ਵੀ ਹਨ। ਮੁੜ ਚੁਣੇ ਗਏ ਦੋ ਹੋਰ ਪੰਜਾਬੀ ਐਮæਪੀæ ਵਰਿੰਦਰ ਸ਼ਰਮਾ ਅਤੇ ਸੀਮਾ ਮਲਹੋਤਰਾ ਵੀ ਜਲੰਧਰ ਨਾਲ ਹੀ ਸਬੰਧਤ ਹਨ।

This entry was posted in ਮੁੱਖ ਪੰਨਾ. Bookmark the permalink.