ਪੰਜਾਬ, ਆਪ ਅਤੇ ਸਿਆਸਤ

ਕਈ ਪਾਸਿਓਂ ਤਿੱਖੀ ਆਲੋਚਨਾ ਅਤੇ ਵਿਰੋਧ ਦੇ ਬਾਵਜੂਦ ਸੰਸਦ ਮੈਂਬਰ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਕਮਾਨ ਸੌਂਪ ਦਿੱਤੀ ਗਈ ਹੈ। ਇਸ ਤੋਂ ਬਾਅਦ ਇਕਾਈ ਦੀ ਪਲੇਠੀ ਮੀਟਿੰਗ ਕਈ ਕਾਰਨਾਂ ਕਰ ਕੇ ਧਰਵਾਸ ਵਾਲੀ ਹੀ ਆਖੀ ਜਾ ਸਕਦੀ ਹੈ, ਕਿਉਂਕਿ ਜਿਸ ਢੰਗ ਨਾਲ ਇਕ-ਦੂਜੇ ਖਿਲਾਫ ਬਿਆਨ ਦਾਗੇ ਜਾ ਰਹੇ ਸਨ, ਉਸ ਤੋਂ ਜਾਪ ਇਹ ਰਿਹਾ ਸੀ ਕਿ ਇਕਾਈ ਅੰਦਰ ਸਭ ਅੱਛਾ ਨਹੀਂ ਚੱਲ ਰਿਹਾ। ਮੀਟਿੰਗ ਅੰਦਰ ਸਭ ਆਗੂਆਂ ਨੇ ਤਹੱਮਲ ਦਿਖਾਇਆ। ਇਸ ਪੱਖ ਤੋਂ ਐਡਵੋਕੇਟ ਅਤੇ ਇਕਾਈ ਦੇ ਵਿਧਾਨਕ ਦਲ ਦੇ ਨੇਤਾ ਐਚæਐਸ਼ ਫੂਲਕਾ ਨੇ ਸੁਘੜ ਸਿਆਸਤਦਾਨਾਂ ਵਾਲੀ ਰੱਖ ਦਿਖਾਈ।

ਪਹਿਲਾਂ ਵੀ ਉਸ ਨੇ ਕਈ ਵਾਰ ਅਜਿਹੇ ਜ਼ਬਤ ਦਾ ਮੁਜ਼ਾਹਰਾ ਕੀਤਾ ਹੈ। ਮੀਟਿੰਗ ਅੰਦਰ ਅਗਲੀ ਸਿਆਸਤ ਲਈ ਕੋਈ ਸਹਿਮਤੀ ਬਣੀ ਜਾਂ ਨਹੀਂ, ਪਰ ਫਿਲਹਾਲ ਇਕਾਈ ਦਾ ਸਮੁੱਚਾ ਢਾਂਚਾ ਭੰਗ ਕਰ ਦਿੱਤਾ ਗਿਆ ਹੈ। ਇਸ ਨਾਲ ਹੁਣ ਇਕਾਈ ਨੂੰ ਨਵੇਂ ਸਿਰਿਓਂ ਜਥੇਬੰਦ ਹੋਣ ਦਾ ਇਕ ਹੋਰ ਮੌਕਾ ਮਿਲ ਗਿਆ ਹੈ। ਇਕਾਈ ਦੇ ਮੁਖੀ ਭਗਵੰਤ ਮਾਨ ਨੇ ਹੁਣ ਤੱਕ ਰੈਲੀਆਂ ਨੂੰ ਹੀ ਸੰਬੋਧਨ ਕੀਤਾ ਹੈ, ਆਪਣੇ ਪਿਛੋਕੜ ਕਰ ਕੇ ਉਸ ਨੇ ਭੀੜਾਂ ਵੀ ਬਥੇਰੀਆਂ ਇਕੱਠੀਆਂ ਕੀਤੀਆਂ, ਪਰ ਇਹ ਸਭ ਉਸ ਦੌਰ ਦੀ ਗੱਲਾਂ-ਬਾਤਾਂ ਹਨ ਜਦੋਂ ਪਾਰਟੀ ਦੀ ਪੰਜਾਬ ਵਿਚ ਹੀ ਨਹੀਂ, ਦਿੱਲੀ ਅੰਦਰ ਵੀ ਚੜ੍ਹਤ ਕਾਇਮ ਸੀ। ਹੁਣ ਹਾਲਾਤ ਐਨ ਬਦਲੇ ਹੋਏ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਸਰਕਾਰ ਬਣਾਉਂਦੀ ਬਣਾਉਂਦੀ ਸਿਰਫ 20 ਸੀਟਾਂ ਉਤੇ ਸਿਮਟ ਗਈ ਅਤੇ ਦਿੱਲੀ ਨਿਗਮ ਅੰਦਰ ਭਾਰਤੀ ਜਨਤਾ ਪਾਰਟੀ ਦੇ ਅੰਤਾਂ ਦੇ ਭ੍ਰਿਸ਼ਟਾਚਾਰ ਦੇ ਬਾਵਜੂਦ ਪਾਰਟੀ ਨਗਰ ਨਗਮ ਚੋਣਾਂ ਵਿਚ ਪੈਰਾਂ ਸਿਰ ਨਹੀਂ ਹੋ ਸਕੀ। ਇਨ੍ਹਾਂ ਦੋ ਹਾਰਾਂ ਅਤੇ ਪਾਰਟੀ ਅੰਦਰ ਲਗਾਤਾਰ ਚੱਲ ਰਹੇ ਗੈਰ-ਜਮਹੂਰੀ ਰੁਝਾਨ ਨੇ ਇਕ ਤਰ੍ਹਾਂ ਨਾਲ ਪਾਰਟੀ ਦੀ ਹੋਂਦ ਉਤੇ ਹੀ ਵੱਡਾ ਸਵਾਲੀਆਂ ਨਿਸ਼ਾਨ ਲਾ ਦਿੱਤਾ।
ਸਿਆਸਤ ਦੀ ਇਸ ਚਰਚਾ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਲਈ ਇਕ ਤੱਥ ਤਾਂ ਹੁਣ ਚਿੱਟੇ ਦਿਨ ਵਾਂਗ ਸਾਫ ਹੋ ਗਿਆ ਹੈ ਕਿ ਪੰਜਾਬ ਜਾਂ ਭਾਰਤ ਦਾ ਸਿਆਸੀ ਤਾਣਾ-ਬਾਣਾ ਇੰਨਾ ਸਰਲ ਨਹੀਂ, ਜਿੰਨਾ ਇਸ ਦੇ ਆਗੂ ਸਮਝ ਰਹੇ ਸਨ। ਇਸ ਦੀਆਂ ਗੁੰਝਲਾਂ ਖੋਲ੍ਹਣ ਲਈ ਜਿਨ੍ਹਾਂ ਸਿਧਾਂਤਾਂ ਨੂੰ ਗਲ ਲਾ ਕੇ ਪਾਰਟੀ ਦਾ ਆਗਾਜ਼ ਕੀਤਾ ਗਿਆ ਸੀ, ਉਨ੍ਹਾਂ ਉਤੇ ਪਹਿਰਾ ਦੇਣਾ ਕਿੰਨਾ ਜ਼ਰੂਰੀ ਸੀ, ਇਹ ਇਨ੍ਹਾਂ ਚੋਣਾਂ ਅੰਦਰ ਹੋਈ ਹਾਰ ਨੇ ਭਲੀ-ਭਾਂਤ ਦਰਸਾ ਦਿੱਤਾ ਹੈ। ਜੇ ਰਤਾ ਕੁ ਪਿਛੋਕੜ ਫਰੋਲਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਸ਼ੁਰੂਆਤ ਅੰਨਾ ਹਜ਼ਾਰੇ ਵੱਲੋਂ ਮਾਰੇ ਹਾਅ ਦੇ ਨਾਅਰੇ ਤੋਂ ਹੀ ਹੋਈ ਸੀ। ਭਾਰਤ ਅੰਦਰ ਜਿਸ ਤਰ੍ਹਾਂ ਦਾ ਢਾਂਚਾ ਬਣ ਗਿਆ ਹੈ, ਉਸ ਅੰਦਰ ਆਮ ਆਦਮੀ ਤੜਫ ਰਿਹਾ ਹੈ। ਜਦੋਂ ਆਮ ਆਦਮੀ ਪਾਰਟੀ ਸਿਆਸਤ ਵਾਲੇ ਪਿੜ ਵਿਚ ਕੁੱਦੀ ਸੀ ਤਾਂ ਇਸ ਆਦਮੀ ਨੂੰ ਕੁਝ ਆਸਾਂ ਬੱਝੀਆਂ ਸਨ ਅਤੇ ਇਹ ਆਸਾਂ ਨਿਰਮੂਲ ਵੀ ਨਹੀਂ ਸਨ। ਅੱਕੇ ਲੋਕਾਂ ਦਾ ਨਵੀਂ ਪਾਰਟੀ ਲਈ ਹੁੰਗਾਰਾ ਬੇਮਿਸਾਲ ਸੀ। ਇਸ ਸਿਲਸਿਲੇ ਵਿਚ ਅੱਜ ਵੀ ਦਿੱਲੀ ਵਿਧਾਨ ਸਭਾ ਨਤੀਜਿਆਂ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਪਾਰਟੀ ਨੂੰ ਪੰਜਾਬ ਅੰਦਰ ਲੋਕ ਸਭਾ ਚੋਣਾਂ ਵਿਚ ਅਜਿਹਾ ਹੁਲਾਰਾ ਮਿਲ ਚੁਕਾ ਸੀ। ਇਸ ਤੋਂ ਘੱਟੋ-ਘੱਟ ਪੰਜਾਬ ਅੰਦਰ, ਬਦਲਵੀਂ ਸਿਆਸਤ ਦਾ ਮੁੱਢ ਬੱਝਦਾ ਜਾਪਣ ਲੱਗ ਪਿਆ ਸੀ। ਸੂਬੇ ਅੰਦਰ ਤਕੜੀ ਤੀਜੀ ਧਿਰ ਦੀ ਆਮਦ ਨੇ ਐਨ ਵੱਖਰਾ ਸਿਆਸੀ ਮਾਹੌਲ ਸਿਰਜ ਦਿੱਤਾ, ਪਰ ਪਾਰਟੀ ਅੰਦਰਲੀ ਲਗਾਤਾਰ ਟੁੱਟ-ਭੱਜ ਅਤੇ ਵਿਸਾਹਘਾਤ ਨੇ ‘ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ’ ਵਾਲਾ ਪ੍ਰਸੰਗ ਚੇਤੇ ਕਰਵਾ ਦਿੱਤਾ। ਪਾਰਟੀ ਕੋਲ ਪੂਰੇ ਤਿੰਨ ਸਾਲ ਦਾ ਸਮਾਂ ਸੀ ਜਦੋਂ ਜਥੇਬੰਦਕ ਤਾਣਾ-ਬਾਣਾ ਕਾਇਮ ਕਰ ਕੇ ਸੂਬੇ ਦੀ ਸਿਆਸਤ ਅੰਦਰ ਸੰਨ੍ਹ ਲਾਈ ਜਾ ਸਕਦੀ ਸੀ, ਪਰ ਲੀਡਰਸ਼ਿਪ ਉਕ ਗਈ ਅਤੇ ਇਸ ਦਾ ਖਮਿਆਜਾ ਹੁਣ ਇਸ ਨੂੰ ਪਾਰਟੀ ਅੰਦਰ ਚੱਲ ਰਹੀ ਆਪੋ-ਧਾਪ ਦੇ ਰੂਪ ਵਿਚ ਝੱਲਣਾ ਪੈ ਰਿਹਾ ਹੈ।
ਹੁਣ ਹਰ ਕੋਈ ਇਹ ਸਵਾਲ ਜ਼ਿਹਨ ਵਿਚ ਲੈ ਕੇ ਘੁੰਮ ਰਿਹਾ ਹੈ ਕਿ ਇਹ ਪਾਰਟੀ ਸਿਆਸੀ ਪਿੜ ਅੰਦਰ ਕੁਝ ਕਰ ਵੀ ਸਕਦੀ ਹੈ ਜਾਂ ਨਹੀਂ? ਦਰਅਸਲ ਕੈਪਟਨ ਸਰਕਾਰ ਦੇ ਦੋ ਮਹੀਨਿਆਂ ਨੇ ਸੂਬੇ ਦੇ ਅੱਕੇ-ਥੱਕੇ ਆਮ ਆਦਮੀ ਦਾ ਕੋਈ ਭਰੋਸਾ ਬਹਾਲ ਨਹੀਂ ਕਰਵਾਇਆ। ਕਈ ਮਾਮਲਿਆਂ ਵਿਚ ਤਾਂ ਪਹਿਲੀਆਂ ਸਰਕਾਰਾਂ ਵਾਂਗ ਜਾਪ ਰਿਹਾ ਹੈ ਕਿ ਸਿਰਫ ਸੱਤਾ ਹੀ ਬਦਲੀ ਹੈ; ਸਿਫਤੀ ਤਬਦੀਲੀ ਦੀ ਕਨਸੋਅ ਕਿਸੇ ਪਾਸਿਓਂ ਵੀ ਨਹੀਂ ਪੈ ਰਹੀ। ਜ਼ਾਹਰ ਹੈ ਕਿ ਤੀਜੀ ਧਿਰ ਦੀ ਜ਼ਰੂਰਤ ਅਜੇ ਖਤਮ ਨਹੀਂ ਹੋਈ ਹੈ। ਇਕ ਗੱਲ ਹੋਰ ਵੀ ਨਿੱਤਰ ਕੇ ਸਾਹਮਣੇ ਆ ਗਈ ਹੈ ਕਿ ਦਿੱਲੀ ਤੋਂ ਪੰਜਾਬ ਦੀ ਸਿਆਸਤ ਨੂੰ ਚਲਾਉਣਾ ਕਿੰਨਾ ਘਾਟੇ ਵਾਲਾ ਸੌਦਾ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੇ ਹਰ ਛੋਟੇ-ਵੱਡੇ ਲੀਡਰ ਨੇ ਇਹ ਤੱਥ ਸਵੀਕਾਰ ਕੀਤਾ ਹੈ ਕਿ ਇਕਾਈ ਦੀ ਕਮਾਨ ਪੰਜਾਬ ਦੇ ਕੰਟਰੋਲ ਵਿਚ ਹੀ ਹੋਣੀ ਚਾਹੀਦੀ ਹੈ। ਹਾਈ ਕਮਾਨ ਵਾਲਾ ਕਲਚਰ ਮੁੱਕਣਾ ਚਾਹੀਦਾ ਹੈ। ਸਿਤਮਜ਼ਰੀਫੀ ਇਹ ਹੈ ਕਿ ਪੰਜਾਬ ਦਾ ਨਵਾਂ ਮੁਖੀ ਭਗਵੰਤ ਮਾਨ ਹੁਣ ਤੱਕ ਦਿੱਲੀ ਵਾਲਿਆਂ ਮੁਤਾਬਕ ਹੀ ਸਿਆਸਤ ਕਰਦਾ ਰਿਹਾ ਹੈ। ਇਸ ਗੁੰਝਲ ਨਾਲ ਹੁਣ ਉਹ ਕਿਸ ਤਰ੍ਹਾਂ ਨਜਿੱਠਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਹ ਗੱਲ ਇਕ ਵਾਰ ਫਿਰ ਸਾਫ ਹੋ ਗਈ ਹੈ ਕਿ ਆਮ ਆਦਮੀ ਨੂੰ ਸਿਰਫ ਆਮ ਆਦਮੀ ਸਮਝ ਕੇ ਮਰਜ਼ੀ ਮੁਤਾਬਕ ਹੱਕਿਆ ਨਹੀਂ ਜਾ ਸਕਦਾ। ਮਸਲਾ ਇਸ ਆਮ ਆਦਮੀ ਦੀਆਂ ਸਮੱਸਿਆਵਾਂ ਪੜ੍ਹ ਕੇ ਇਨ੍ਹਾਂ ਨੂੰ ਸਿਧਾਂਤ ਵਿਚ ਬੰਨ੍ਹ ਕੇ ਲੜਾਈ ਵਿੱਢਣ ਦਾ ਹੈ। ਅਜੇ ਵੀ ਲੋਕ ਆਸ ਲਾਈ ਬੈਠੇ ਹਨ ਕਿ ਕੋਈ ਉਨ੍ਹਾਂ ਦੀਆਂ ਸਮੱਸਿਆਵਾਂ ਹਰਨ ਵਾਲਾ ਆਵੇ! ਬੀਤੇ ਤੋਂ ਸਬਕ ਸਿੱਖ ਕੇ ਆਮ ਆਦਮੀ ਪਾਰਟੀ ਆਪਣੀ ਸਿਆਸਤ ਦਾ ਅਗਲਾ ਵਰਕਾ ਕਿਸ ਤਰ੍ਹਾਂ ਪਲਟਦੀ ਹੈ, ਇਹ ਸਭ ਹੁਣ ਪਾਰਟੀ ਆਗੂਆਂ ਦੀ ਨੇਕ ਨੀਅਤੀ ‘ਤੇ ਨਿਰਭਰ ਹੈ। ਇਕ ਵਾਰ ਫਿਰ ਪੰਜਾਬ ਇਸ ਦਾ ਅਰੰਭ ਹੋ ਸਕਦਾ ਹੈ।

This entry was posted in ਸੰਪਾਦਕੀ. Bookmark the permalink.