ਗਿਆਨੀ ਗੁਰਮੁਖ ਸਿੰਘ ਨੇ ਕਸੂਤੇ ਫਸਾਏ ਜਥੇਦਾਰ

ਅੰਮ੍ਰਿਤਸਰ: ਡੇਰਾ ਸਿਰਸਾ ਦੀ ਸਿਆਸੀ ਹਮਾਇਤ ਲੈਣ ਗਏ ਲੀਡਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਲਾਏ ਜਾਣ ਤੋਂ ਬਾਅਦ ਇਕ ਹੋਰ ਵਿਵਾਦ ਛਿੜ ਗਿਆ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਦਾਅਵਾ ਕੀਤਾ ਹੈ ਕਿ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਸਿਆਸੀ ਦਬਾਅ ਹੇਠ ਫੈਸਲੇ ਲੈਣੇ ਪੈਂਦੇ ਹਨ। ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਡੇਰਾ ਹਮਾਇਤ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਹੋਣ ਵਾਲੀ ਬੈਠਕ ਨਾਲ ਗਿਆਨੀ ਗੁਰਮੁਖ ਸਿੰਘ ਸਹਿਮਤ ਨਾ ਹੋਏ।

ਭਾਈ ਗੁਰਮੁਖ ਸਿੰਘ ਨੇ ਖੁਲਾਸਾ ਕੀਤਾ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਵਾਲਾ ਫੈਸਲਾ ਸਿਆਸੀ ਦਬਾਅ ਹੇਠ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵੀ ਕਈ ਫੈਸਲੇ ਸਿਆਸੀ ਦਬਾਅ ਹੇਠ ਹੋਏ ਹਨ। ਸਿੰਘ ਸਾਹਿਬਾਨ ਦੀ ਇਕੱਤਰਾ ਵਿਚ ਸ਼ਾਮਲ ਨਾ ਹੋਣ ਉਤੇ ਅੜੇ ਭਾਈ ਗੁਰਮੁਖ ਸਿੰਘ ਨੂੰ ਤਿੰਨ ਤਖਤਾਂ ਦੇ ਜਥੇਦਾਰ ਮਨਾਉਣ ਗਏ, ਪਰ ਉਨ੍ਹਾਂ ਨੇ ਸ਼ਰਤ ਰੱਖੀ ਕਿ ਪਹਿਲਾਂ ਇਹ ਦੱਸਿਆ ਜਾਵੇ ਕਿ ਡੇਰਾ ਮੁਖੀ ਦੀ ਮੁਆਫੀ ਵਾਲਾ ਪੱਤਰ ਕੌਣ ਲੈ ਕੇ ਆਇਆ ਸੀ ਅਤੇ ਕਿਸ ਕੋਲ ਆਇਆ ਸੀ। ਉਹ ਪਿਛਲੇ ਡੇਢ ਸਾਲ ਤੋਂ ਮੰਗ ਕਰ ਰਹੇ ਹਨ ਕਿ ਡੇਰਾ ਮੁਖੀ ਦੀ ਮੁਆਫੀ ਸਬੰਧੀ ਚਿੱਠੀ ਬਾਰੇ ਪੰਥ ਨੂੰ ਸਪੱਸ਼ਟ ਕੀਤਾ ਜਾਵੇ। ਇਸ ਚਿੱਠੀ ਨੂੰ ਲਿਆਉਣ ਨਾਲ ਉਨ੍ਹਾਂ ਦਾ ਨਾਂ ਜੋੜਿਆ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਦੀ ਬਦਨਾਮੀ ਹੋਈ ਹੈ।
ਗਿਆਨੀ ਗੁਰਮੁਖ ਸਿੰਘ ਨੇ ਜਲੰਧਰ ਤੋਂ ਛਪਦੇ ਇਕ ਪੰਜਾਬੀ ਅਖਬਾਰ ਦੇ ਸੰਪਾਦਕ ‘ਤੇ ਵੀ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿਵਾਉਣ ਵਿਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਦਲਜੀਤ ਸਿੰਘ ਚੀਮਾ ਕਹਿੰਦੇ ਸਨ ਕਿ ਸੰਪਾਦਕ, ਡੇਰਾ ਮੁਖੀ ਨੂੰ ਮੁਆਫੀ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਚਾਹੁੰਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਡੇਰਾ ਮੁਖੀ ਨੂੰ ਮੁਆਫੀ ਦੇਣ ਦਾ ਫੈਸਲਾ ਸਿਆਸੀ ਪ੍ਰਭਾਵ ਹੇਠ ਕੀਤਾ ਗਿਆ ਸੀ। ਉਹ ਇਸ ਫੈਸਲੇ ਦੇ ਹੱਕ ਵਿਚ ਨਹੀਂ ਸਨ। ਡੇਰਾ ਮੁਖੀ ਵਾਲੀ ਚਿੱਠੀ ਪਹਿਲਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਕੋਲ ਪੁੱਜੀ ਸੀ।
ਅਕਾਲ ਤਖਤ ਦੇ ਸਕੱਤਰੇਤ ਵਿਚ ਰੱਖੇ ਰਜਿਸਟਰ ਵਿਚ ਇਸ ਦੇ ਵੇਰਵੇ ਵੀ ਦਰਜ ਹੋਣਗੇ ਕਿ ਇਹ ਚਿੱਠੀ ਕੌਣ ਲੈ ਕੇ ਆਇਆ ਸੀ ਅਤੇ ਕਿਸ ਨੇ ਪ੍ਰਾਪਤ ਕੀਤੀ ਸੀ। ਜੇ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਇਸ ਦੇ ਹੱਲ ਲਈ ਮਰਿਆਦਾ ਕਮੇਟੀ ਬਣਾਈ ਜਾਵੇ ਜਿਸ ਵਿਚ ਸਮੂਹ ਸਿੱਖ ਜਥੇਬੰਦੀਆਂ ਨੇ ਨੁਮਾਇੰਦੇ ਸ਼ਾਮਲ ਹੋਣ। ਉਧਰ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਡੇਰਾ ਮੁਖੀ ਅਤੇ ਗਿਆਨੀ ਗੁਰਬਚਨ ਸਿੰਘ ਦੀ ਦੋਸਤੀ ਸਿੱਖਾਂ ਨੂੰ ਮੂਰਖ ਬਣਾਉਣ ਦਾ ਯਤਨ ਹੈ ਅਤੇ ਗਿਆਨੀ ਗੁਰਮੁਖ ਸਿੰਘ ਨੇ ਇਹ ਦੋਸਤੀ ਜੱਗ ਜ਼ਾਹਿਰ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਦਾਲ ਵਿਚ ਕਾਲਾ ਹੈ।
ਜਥੇਦਾਰ ਨੇ ਦੋਸ਼ ਨਕਾਰੇ: ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਭਾਈ ਗੁਰਮੁਖ ਸਿੰਘ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ ਕਿ ਅਕਾਲ ਤਖਤ ਉਤੇ ਫੈਸਲੇ ਸਿਆਸੀ ਦਬਾਅ ਹੇਠ ਕੀਤੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਸਾਰੇ ਫੈਸਲਿਆਂ ਵਿਚ ਭਾਈ ਗੁਰਮੁਖ ਸਿੰਘ ਦੀ ਸਹਿਮਤੀ ਸ਼ਾਮਲ ਹੁੰਦੀ ਸੀ। ਡੇਰਾ ਮੁਖੀ ਦੀ ਚਿੱਠੀ ਬਾਰੇ ਉਨ੍ਹਾਂ ਆਖਿਆ ਕਿ ਇਸ ਬਾਰੇ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਅਤੇ ਡੇਰਾ ਮੁਖੀ ਦੀ ਮੁਆਫੀ ਰੱਦ ਕਰਨ ਮਗਰੋਂ ਇਹ ਮਾਮਲਾ ਖਤਮ ਹੋ ਚੁੱਕਾ ਹੈ।

This entry was posted in ਮੁੱਖ ਪੰਨਾ. Bookmark the permalink.