ਸੱਤਾ ਮਿਲਣ ਪਿੱਛੋਂ ਬੇਲਗਾਮ ਹੋਣ ਲੱਗੇ ਕਾਂਗਰਸੀ ਆਗੂ

ਚੰਡੀਗੜ੍ਹ: ਦਸ ਸਾਲਾਂ ਬਾਅਦ ਸੱਤਾ ਵਿਚ ਆਈ ਪੰਜਾਬ ਕਾਂਗਰਸ ਦੇ ਆਗੂਆਂ ਦੇ ਸਿਰ ਨੂੰ ਤਾਕਤ ਦਾ ਨਸ਼ਾ ਚੜ੍ਹ ਗਿਆ ਹੈ। ਸਰਕਾਰ ਬਣਾਉਣ ਤੋਂ ਇਕ ਮਹੀਨੇ ਬਾਅਦ ਪਾਰਟੀ ਆਗੂਆਂ ਤੇ ਮੰਤਰੀਆਂ ਨੇ ਪ੍ਰਸ਼ਾਸਨ ਤੇ ਪੁਲਿਸ ਉਤੇ ਪਕੜ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

ਇਹ ਸਾਰਾ ਕੁਝ ਚੰਗੇ ਪ੍ਰਸ਼ਾਸਨ ਦੇ ਵਾਅਦੇ ਨਾਲ ਸੱਤਾ ਵਿਚ ਆਏ ਕੈਪਟਨ ਅਮਰਿੰਦਰ ਸਿੰਘ ਦੀ ਕਥਨੀ ਦੇ ਉਲਟ ਹੋ ਰਿਹਾ ਹੈ। ਸਰਕਾਰ ਵਿਚਲੇ ਸਿਖਰਲੇ ਦਰਜੇ ਉਤੇ ਬੈਠੇ ਅਫਸਰਾਂ ਨੇ ਪੂਰੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਕਿਸੇ ਸਿਆਸਤਦਾਨ ਦੇ ਦਬਾਅ ਅੱਗੇ ਨਾ ਝੁਕਣ ਅਤੇ ਲੋਕ ਹਿੱਤ ਵਿਚ ਕਾਨੂੰਨ ਅਨੁਸਾਰ ਚੱਲਣ। ਇਨ੍ਹਾਂ ਹਦਾਇਤਾਂ ਦੀ ਸੱਤਾਧਾਰੀ ਪਾਰਟੀ ਆਗੂ ਤੇ ਮੰਤਰੀ ਖਿੱਲੀ ਉਡਾ ਰਹੇ ਹਨ।
ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਕ ਅਕਾਦਮਿਕ ਬਲਾਕ ਦੇ ਉਦਘਾਟਨੀ ਪੱਥਰ ਉਤੇ ਆਪਣਾ ਨਾਮ ਤੀਜੇ ਨੰਬਰ ਉਤੇ ਦੇਖਣ ਮਗਰੋਂ ਸਕੂਲ ਪ੍ਰਿੰਸੀਪਲ ਨੂੰ ਮੁਅੱਤਲ ਕਰਨ ਦੀ ਧਮਕੀ ਦੇ ਦਿੱਤੀ। ਇਸ ਤੋਂ ਇਲਾਵਾ ਅਕਾਲੀਆਂ ਦੀ ਚੌਧਰ ਵਾਲੀਆਂ ਟਰੱਕ ਯੂਨੀਅਨਾਂ ਉਤੇ ਕਬਜ਼ੇ ਹੋਏ। ਫਿਰ, ਕੁੱਟਮਾਰ ਦੀਆਂ ਵਾਰਦਾਤਾਂ ਸ਼ੁਰੂ ਹੋ ਗਈਆਂ ਅਤੇ ਹੁਣ ਕਤਲ ਕੀਤੇ ਜਾਣ, ਮੁਕੱਦਮੇ ਦਰਜ ਕਰਵਾਏ ਜਾਣ ਅਤੇ ਘਰਾਂ ਉਤੇ ਹਮਲੇ ਕੀਤੇ ਜਾਣ ਦੀਆਂ ਵਾਰਦਾਤਾਂ ਵਾਪਰਨ ਲੱਗੀਆਂ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਪਿੰਡ ਤਰਮਾਲਾ ਵਿਚ ਇਕ ਅਕਾਲੀ ਸਮਰਥਕ ਨੇ ਉਸ ਦੇ ਘਰ ‘ਤੇ ਪੁਲਿਸ ਛਾਪੇ ਦੌਰਾਨ ਦਮ ਤੋੜ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਇਸ ਕਿਸਾਨ ਦੇ ਘਰ ਨਾਜਾਇਜ਼ ਸ਼ਰਾਬ ਹੋਣ ਦੀ ਸੂਹ ਮਿਲਣ ‘ਤੇ ਛਾਪਾ ਮਾਰਨ ਗਈ ਸੀ। ਲੋਕ ਰੋਹ ਨੂੰ ਦੇਖਦਿਆਂ ਹੁਣ ਮੁੱਖ ਮੰਤਰੀ ਨੂੰ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਕਰਵਾਉਣ ਤੇ ਪੀੜਤ ਪਰਿਵਾਰ ਲਈ ਮੁਆਵਜ਼ਾ ਐਲਾਨਣ ਵਾਸਤੇ ਮਜਬੂਰ ਹੋਣਾ ਪਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਜਿਹੇ ਛਾਪੇ ਕਾਂਗਰਸ ਵਰਕਰਾਂ ਦੇ ਘਰਾਂ ਉਤੇ ਪੈਣ ਦੀਆਂ ਸ਼ਿਕਾਇਤਾਂ ਅਕਸਰ ਸਾਹਮਣੇ ਆਉਂਦੀਆਂ ਸਨ। ਹੁਣ ਸ਼ਿਕਾਇਤਾਂ ਕਰਨ ਦੀ ਵਾਰੀ ਸਾਬਕਾ ਹਾਕਮ ਧਿਰ ਦੇ ਕਾਡਰ ਦੀ ਜਾਪਦੀ ਹੈ।

_______________________________
ਜੱਟਾਂ ਦੀ ਸੋਚ ਹੀ ਇਹੋ ਜਿਹੀ ਹੁੰਦੀ: ਕੈਪਟਨ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਨੂੰ ਆਪਣੇ ਹੱਥ ਲੈਣ ਦਾ ਅਧਿਕਾਰ ਨਹੀਂ ਹੈ। ਪ੍ਰਸ਼ਾਸਨ ਨੂੰ ਸਪੱਸ਼ਟ ਹਦਾਇਤ ਹੈ ਕਿ ਹਰੇਕ ਕੰਮ ਜਨਤਕ ਹਿੱਤ ਵਿਚ ਹੋਵੇ। ਸਿੱਕੀ ਦੇ ਬਿਆਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ‘ਜੱਟਾਂ ਦੀ ਸੋਚ ਹੀ ਇਹੋ ਜਿਹੀ ਹੁੰਦੀ ਹੈ।’ ਹਾਲਾਂਕਿ ਮੰਤਰੀ ਧਰਮਸੋਤ ਦੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਇਸ ਤੋਂ ਬਚਣਾ ਚਾਹੀਦਾ ਹੈ।
_______________________________
ਥਾਣੇਦਾਰਾਂ ਨੂੰ ਲੰਮੇ ਪਾਉਣਗੇ ਕਾਂਗਰਸੀ ਵਿਧਾਇਕ?
ਤਰਨ ਤਾਰਨ: ਕਾਂਗਰਸ ਦੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਡੀæਐਸ਼ਪੀæ ਨੂੰ ਧਮਕੀਆਂ ਦੇਣ ਦੀ ਵਾਇਰਲ ਹੋਈ ਵੀਡੀਓ ਨੇ ਰਾਜਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਵਿਸਾਖੀ ਦਿਹਾੜੇ ਮੌਕੇ ਕਸਬਾ ਚੋਹਲਾ ਸਾਹਿਬ ਵਿਚ ਰਾਜਸੀ ਕਾਨਫਰੰਸ ਦੌਰਾਨ ਫਿਲਮਾਈ ਇਸ ਵੀਡੀਓ ਵਿਚ ਵਿਧਾਇਕ ਸਿੱਕੀ ਹਲਕੇ ਦੇ ਡੀæਐਸ਼ਪੀæ ਨੂੰ ਆਖ ਰਿਹਾ ਹੈ ਕਿ ਉਹ ਆਪਣੇ ਥਾਣਾ ਮੁਖੀਆਂ ਨੂੰ ਇਹ ਆਖਣ ਕਿ ਥਾਣਿਆਂ ਵਿਚ ਜਾਣ ‘ਤੇ ਉਨ੍ਹਾਂ ਦਾ ਕੋਈ ਵਰਕਰ ਨਾਰਾਜ਼ ਨਹੀਂ ਮੁੜਨਾ ਚਾਹੀਦਾ। ਇਸ ਤਰ੍ਹਾਂ ਹੋਣ ‘ਤੇ ਉਨ੍ਹਾਂ (ਸਿੱਕੀ) ਨੂੰ ਖੁਦ ਥਾਣੇ ਜਾ ਕੇ ਥਾਣਾ ਮੁਖੀ ਨੂੰ ਹੀ “ਲੰਬਾ ਪਾਉਣਾ ਪਵੇਗਾ।

This entry was posted in ਮੁੱਖ ਪੰਨਾ. Bookmark the permalink.