ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਕਿਲੇ ਨੂੰ ਲੱਗੀ ਸੰਨ੍ਹ

ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਦਿੱਲੀ ਵਿਚ ਵੀ ਵੱਡਾ ਝਟਕਾ ਲੱਗਾ ਹੈ। ਦਿੱਲੀ ਦੀ ਰਾਜੌਰੀ ਗਾਰਡਨ ਸੀਟ ਉਤੇ ਉਪ ਚੋਣ ਵਿਚ ਆਮ ਆਦਮੀ ਪਾਰਟੀ ਤੀਜੇ ਨੰਬਰ ਉਤੇ ਰਹੀ ਹੈ। ਆਪ ਉਮੀਦਵਾਰ ਹਰਜੀਤ ਸਿੰਘ ਨੂੰ ਸਿਰਫ 13 ਫੀਸਦੀ ਵੋਟਾਂ ਮਿਲੀਆਂ ਹਨ ਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਦੂਜੇ ਅਕਾਲੀ ਭਾਜਪਾ ਉਮੀਦਵਾਰ ਨੂੰ 50 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ ਹਨ ਤੇ ਕਾਂਗਰਸ ਉਮੀਦਵਾਰ ਨੂੰ 30 ਫੀਸਦੀ ਤੋਂ ਉਪਰ ਵੋਟਾਂ ਹਾਸਲ ਹੋਈਆਂ।

ਰਾਜੌਰੀ ਗਾਰਡਨ ਮੁੱਖ ਤੌਰ ‘ਤੇ ਮੱਧ ਵਰਗੀ ਲੋਕਾਂ ਦਾ ਹਲਕਾ ਹੈ। ਉਥੇ ਭਾਜਪਾ ਦੇ ਨਿਸ਼ਾਨ ‘ਤੇ ਚੋਣ ਲੜਨ ਵਾਲੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਸਥਿਤੀ ਮਜ਼ਬੂਤ ਹੋਣ ਬਾਰੇ ਚਰਚਾ ਪਹਿਲਾਂ ਹੀ ਤੁਰ ਪਈ ਸੀ, ਪਰ ਜਿੰਨੀਆਂ ਘੱਟ (10,342) ਵੋਟਾਂ ‘ਆਪ’ ਦੇ ਉਮੀਦਵਾਰ ਹਰਜੀਤ ਸਿੰਘ ਨੂੰ ਪਈਆਂ, ਉਹ ਆਪਣੇ ਆਪ ਵਿਚ ਹੈਰਾਨੀਜਨਕ ਹੈ। ‘ਆਪ’ ਦੀ ਲੀਡਰਸ਼ਿਪ ਇਸ ਲੋਕ ਫਤਵੇ ਨੂੰ ਇਹ ਕਹਿ ਕੇ ਹਵਾ ਵਿਚ ਉਡਾ ਰਹੀ ਹੈ ਕਿ ਹਲਕੇ ਦੇ ਲੋਕ, ਪਾਰਟੀ ਦੇ ਪਿਛਲੇ ਜੇਤੂ ਉਮੀਦਵਾਰ ਜਰਨੈਲ ਸਿੰਘ ਦੇ ਅਸਤੀਫੇ ਤੋਂ ਨਾਖੁਸ਼ ਸਨ। ਇਸੇ ਨਾਖੁਸ਼ੀ ਕਾਰਨ ਉਨ੍ਹਾਂ ਨੇ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ। ਜ਼ਿਕਰਯੋਗ ਹੈ ਕਿ ਜਰਨੈਲ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਲੰਬੀ ਹਲਕੇ ਤੋਂ ਚੋਣ ਲੜਨ ਲਈ ਰਾਜੌਰੀ ਗਾਰਡਨ ਸੀਟ ਤਿਆਗੀ ਸੀ। ਇਹ ਫੈਸਲਾ ਪਾਰਟੀ ਨੂੰ ਮਹਿੰਗਾ ਪਿਆ। ਉਹ ਨਾ ਤਾਂ ਲੰਬੀ ਹਲਕੇ ਤੋਂ ਵੱਡੇ ਬਾਦਲ ਨੂੰ ਪਸਤ ਕਰ ਸਕੀ ਅਤੇ ਨਾ ਹੀ ਹੁਣ ਦਿੱਲੀ ਵਿਚ ਕੋਈ ਜਲਵਾ ਵਿਖਾ ਸਕੀ। ਦਰਅਸਲ, ਰਾਜੌਰੀ ਗਾਰਡਨ ਵਾਲੀ ਹਾਰ ਨਾਲ ‘ਆਪ’ ਆਪਣੀ ਇਖਲਾਕੀ ਚਮਕ ਗੁਆ ਬੈਠੀ ਹੈ। ਹੁਣ ਦਿੱਲੀ ਦੀਆਂ ਮਿਉਂਸਪਲ ਚੋਣਾਂ ਆਪ ਲਈ ਵੱਡੀ ਪਰਖ ਹੋਵੇਗੀ।
ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਦਿੱਲੀ ਵਿਚ 70 ਵਿਚੋਂ 67 ਸੀਟਾਂ ਲਿਜਾਣ ਵਾਲੀ ਆਮ ਆਮ ਆਦਮੀ ਪਾਰਟੀ ਦਾ ਇੰਨਾ ਬੁਰਾ ਹਾਲ ਕਿਉਂ ਹੋ ਰਿਹਾ ਹੈ। ਦਰਅਸਲ, ਦਿੱਲੀ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਵਿਚ ਕੇਜਰੀਵਾਲ ਨੇ ਆਪਣਾ ‘ਪ੍ਰਸਨੈਲਿਟੀ ਕਲਟ’ ਬਣਾਇਆ ਹੈ। ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਨ ਨੂੰ ਬਾਹਰ ਕਰਨ ਤੋਂ ਬਾਅਦ ਉਨ੍ਹਾਂ ਕਦੇ ਵੀ ਪਾਰਟੀ ਦੀ ਸਮੂਹਿਕ ਲੀਡਰਸ਼ਿੱਪ ਨਹੀਂ ਉਭਰਨ ਦਿੱਤੀ। ਆਸ਼ੂਤੋਸ਼ ਜਿਹੇ ਚਰਚਿਤ ਚਿਹਰਿਆਂ ਤੋਂ ਵੀ ਪਾਰਟੀ ਦਾ ਕੰਮ ਨਹੀਂ ਲਿਆ ਜਾ ਰਿਹਾ। ਕੇਜਰੀਵਾਲ ਦੇ ਅਤੀ ਵਿਸ਼ਵਾਸਯੋਗ ਲੋਕਾਂ ਨੂੰ ਹੀ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਦੂਜੇ ਅਰਥਾਂ ਵਿਚ ਆਮ ਆਦਮੀ ਪਾਰਟੀ ਦਾ ਮਤਲਬ ਕੇਜਰੀਵਾਲ ਤੇ ਕੇਜਰੀਵਾਲ ਦਾ ਮਤਲਬ ਆਮ ਆਦਮੀ ਪਾਰਟੀ ਹੋ ਗਿਆ ਹੈ। ਭਾਰਤੀ ਸਿਆਸਤ ‘ਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਹੁੰਗਾਰਾ ਇਸ ਕਰ ਕੇ ਦਿੱਤਾ ਸੀ ਕਿਉਂਕਿ ਇਹ ਦੂਜੀਆਂ ਪਾਰਟੀਆਂ ਨਾਲੋਂ ਵੱਖਰੀ ਸੀ। ‘ਆਪ’ ਨੂੰ ਦਿੱਲੀ ਵਿਚ ਹੁੰਗਾਰਾ ਮਿਲਣ ਤੋਂ ਬਾਅਦ ਪਾਰਟੀ ਬੁਰੀ ਤਰ੍ਹਾਂ ਬਦਲੀ। ਸਭ ਤੋਂ ਪਹਿਲਾਂ ਹਾਈਕਮਾਨ ਕਲਚਰ ਆਇਆ। ਉਸ ਤੋਂ ਬਾਅਦ ਦੂਜੀਆਂ ਪਾਰਟੀਆਂ ਵਾਲੀਆਂ ਅਲਾਮਤਾਂ ਹੀ ਆਮ ਆਦਮੀ ਪਾਰਟੀ ‘ਚ ਆਉਣ ਲੱਗੀਆਂ। ਇਸ ਹਲਕੇ ਵਿਚ ਦਿੱਲੀ ਕਮੇਟੀ ਦੀਆਂ ਹੋਈਆਂ ਚੋਣਾਂ ਦੌਰਾਨ ਦੋ ਸਿੱਖ ਹਲਕੇ ਬਾਦਲ ਵਿਰੋਧੀ ਭਾਈ ਰਣਜੀਤ ਸਿੰਘ ਦੇ ਅਕਾਲ ਸਹਾਏ ਦੇ ਉਮੀਦਵਾਰਾਂ ਜਿੱਤੇ ਸਨ। ਸਥਾਨਕ ਸਿੱਖ ਆਗੂਆਂ ਨੇ ਵੀ ਸ੍ਰੀ ਸਿਰਸਾ ਤੋਂ ਦੂਰੀ ਬਣਾਈ ਹੋਈ ਸੀ। ਇਸ ਦੇ ਬਾਵਜੂਦ ‘ਆਪ’ ਸਿੱਖਾਂ ਨੂੰ ਨਾਲ ਨਾ ਜੋੜ ਸਕੀ।
ਕਾਂਗਰਸ ਦੀ ਉਮੀਦਵਾਰ ਚਾਹੇ ਹਾਰ ਗਈ, ਪਰ ਪਾਰਟੀ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਉਸ ਦਾ ਵੋਟ ਬੈਂਕ ਵਾਪਸ ਆ ਰਿਹਾ ਹੈ ਜੋ 2015 ਨੂੰ ਖਿਸਕ ਕੇ ‘ਆਪ’ ਵੱਲ ਚਲਾ ਗਿਆ ਸੀ ਕਿਉਂਕਿ ਉਨ੍ਹਾਂ ਚੋਣਾਂ ਦੌਰਾਨ ਭਾਜਪਾ ਦੇ ਵੋਟ ਫੀਸਦੀ ਵਿਚ ਇਕ ਫੀਸਦੀ ਦਾ ਵਾਧਾ ਹੀ ਹੋਇਆ ਸੀ ਤੇ ਕਾਂਗਰਸ ਨੂੰ ਖਾਸਾ ਖੋਰਾ ਲੱਗਾ ਸੀ। ਹੁਣ ਕਾਂਗਰਸੀਆਂ ਨੂੰ ਉਮੀਦ ਬਣੀ ਹੈ ਕਿ ਨਿਗਮ ਚੋਣਾਂ ਦੌਰਾਨ ਉਮੀਦਵਾਰਾਂ ਦਾ ਪ੍ਰਦਰਸ਼ਨ ਮਾੜਾ ਨਹੀਂ ਰਹੇਗਾ। 2013 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸ ਨੂੰ 8 ਸੀਟਾਂ ਮਿਲੀਆਂ ਸਨ, ਪਰ 2015 ਵਿਚ ਉਹ ਬੁਰੀ ਤਰ੍ਹਾਂ ਸਾਰੀਆਂ ਸੀਟਾਂ ਹਾਰੀ ਸੀ।
______________________________
ਜਰਨੈਲ ਦੇ ਪੰਜਾਬ ਜਾਣ ਤੋਂ ਵੋਟਰ ਦੁਖੀ ਸਨ: ਸਿਸੋਦੀਆ
ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਵਿਧਾਇਕ ਜਰਨੈਲ ਸਿੰਘ ਨੂੰ ਵਿਧਾਨ ਸਭਾ ਚੋਣਾਂ ਲੜਨ ਪੰਜਾਬ ਭੇਜਣ ਤੋਂ ਵੋਟਰ ਦੁਖੀ ਸਨ। ਸ੍ਰੀ ਸਿਸੋਦੀਆ ਨੇ ਕਿਹਾ ਕਿ ਲੋਕਾਂ ਵਿਚ ਇਸ ਗੱਲ ਤੋਂ ਗੁੱਸਾ ਸੀ ਕਿ ਵਿਧਾਇਕ ਨੂੰ ਚੋਣ ਲੜਨ ਲਈ ਪੰਜਾਬ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸਥਾਨਕ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਨਤੀਜਿਆਂ ਤੋਂ ਲੱਗਦਾ ਹੈ ਕਿ ਪਾਰਟੀ ਵੋਟਰਾਂ ਨੂੰ ਮੁਤਾਸਰ ਨਾ ਕਰ ਸਕੀ ਤੇ ਉਨ੍ਹਾਂ ਦਾ ਗੁੱਸਾ ਬਰਕਰਾਰ ਰਿਹਾ।
_____________________________
ਹੁਣ ਦਿੱਲੀ ਨਿਗਮ ਚੋਣਾਂ ਕੇਜਰੀਵਾਲ ਲਈ ਚੁਣੌਤੀ
ਨਵੀਂ ਦਿੱਲੀ: ਦਿੱਲੀ ਦੇ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ‘ਆਪ’ ਉਮੀਦਵਾਰ ਦੀ ਹਾਰ ਮਗਰੋਂ ਦਿੱਲੀ ਨਗਰ ਨਿਗਮ ਚੋਣਾਂ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਨਵੀਂ ਚੁਣੌਤੀ ਬਣ ਗਏ ਹਨ। ਪੰਜਾਬ ਤੇ ਗੋਆ ਵਿਧਾਨ ਸਭਾ ਚੋਣਾਂ ਵਿਚ ਆਸ ਤੋਂ ਕਿਤੇ ਘੱਟ ਸਫਲਤਾ ਹਾਸਲ ਕਰਨ ਦੀ ਮਾਰ ਝੱਲ ਰਹੀ ‘ਆਪ’ ਨੂੰ ਹੁਣ ਆਪਣੀ ਰਣਨੀਤੀ ਉਪਰ ਨਵੇਂ ਸਿਰੇ ਤੋਂ ਵਿਚਾਰ ਕਰਨਾ ਹੋਵੇਗਾ। ਸ੍ਰੀ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕ੍ਰਿਸ਼ਮਈ ਆਗੂ ਮੰਨੇ ਜਾਂਦੇ ਹਨ, ਪਰ ਇਹ ਚੋਣ ਨਤੀਜੇ ਮੁੱਖ ਮੰਤਰੀ ਦੀ ਸਾਖ ਨੂੰ ਹਲਕਾ ਖੋਰਾ ਲਾ ਸਕਦੇ ਹਨ। ਜਿਵੇਂ ਵੋਟਰਾਂ ਨੇ ਇਸ ਹਲਕੇ ਵਿਚ ‘ਆਪ’ ਨੂੰ ਤੀਜੇ ਸਥਾਨ ਉਪਰ ਧੱਕਿਆ ਹੈ, ਉਸ ਤੋਂ ਸਾਫ ਹੈ ਕਿ ਲੋਕਾਂ ਵਿਚ ਪਾਰਟੀ ਪ੍ਰਤੀ ਖਾਸੀ ਨਰਾਜ਼ਗੀ ਸੀ। ਇਹ ਹਲਕਾ ਸਿੱਖ ਤੇ ਪੰਜਾਬੀ ਬਹੁਵਸੋਂ ਵਾਲਾ ਇਲਾਕਾ ਹੋਣ ਦੇ ਬਾਵਜੂਦ ‘ਆਪ’ ਵੱਲੋਂ ਖੜ੍ਹੇ ਕੀਤੇ ਗਏ ਸਿੱਖ ਉਮੀਦਵਾਰ ਨੂੰ ਵੋਟਾਂ ਘੱਟ ਮਿਲੀਆਂ।
________________________________
ਇਮਾਨਦਾਰੀ ਨਾਲ ਸਵੈ ਪੜਚੋਲ ਦੀ ਲੋੜ: ਜਰਨੈਲ ਸਿੰਘ
ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਰਾਜੌਰੀ ਗਾਰਡਨ ਤੋਂ ਅਸਤੀਫਾ ਦੇਣ ਵਾਲੇ ਵਿਧਾਇਕ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਜ਼ਿਮਨੀ ਚੋਣ ‘ਚ ਹਾਰ ਉਤੇ ਪਾਰਟੀ ਨੂੰ ਇਮਾਨਦਾਰੀ ਨਾਲ ਆਤਮ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਜਿੱਤ ਜਾਂ ਹਾਰ ਚੋਣ ਰਾਜਨੀਤੀ ਦਾ ਹਿੱਸਾ ਹੈ, ਪਰ ਪਾਰਟੀ ਨੂੰ ਡੂੰਘਾਈ ਨਾਲ ਅਤੇ ਇਮਾਨਦਾਰੀ ਨਾਲ ਆਤਮ ਵਿਸ਼ਲੇਸ਼ਣ ਕਰਨ ਦੀ ਲੋੜ ਹੈ।

This entry was posted in ਮੁੱਖ ਪੰਨਾ. Bookmark the permalink.