ਸ਼ਤਾਬਦੀ ਸਮਾਗਮਾਂ ਦੀ ਅਸਫਲਤਾ ਲਈ ਬਾਦਲਾਂ ਨੇ ਲਾਇਆ ਸੀ ਟਿਲ

ਚੰਡੀਗੜ੍ਹ: ਤਖਤ ਪਟਨਾ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੇ ਦੀ 350 ਸਾਲਾ ਸ਼ਤਾਬਦੀ ਸਮਾਗਮਾਂ ਬਾਰੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਉਤੇ ਦੋਸ਼ ਲਾਇਆ ਹੈ ਕਿ ਉਹ ਸਮਾਗਮ ਨੂੰ ਫੇਲ ਕਰਨਾ ਚਾਹੁੰਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਕੋਈ ਸ਼ਤਾਬਦੀ ਸਮਾਗਮ ਪੰਜਾਬ ਤੋਂ ਬਾਹਰ ਮਨਾਇਆ ਜਾਵੇ।

ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਉਨ੍ਹਾਂ ਨੂੰ ਫੋਨ ਕਰ ਕੇ ਵੀ ਸਮਾਗਮ ਰੱਦ ਕਰ ਲਈ ਕਹਿੰਦੇ ਰਹੇ। ਤੇ ਕਹਿੰਦੇ ਸਨ ਕਿ ਸ਼ਤਾਬਦੀ ਮਨਾਉਣਾ ‘ਖਾਲਾ ਜੀ ਦਾ ਵਾੜਾ ਨਹੀਂ।’ ਪਟਨਾ ਸਾਹਿਬ ਵਿਚ ਗੱਲਬਾਤ ਦੌਰਾਨ ਜਥੇਦਾਰ ਨੇ ਇਹ ਖੁਲਾਸਾ ਕੀਤਾ। ਉਨ੍ਹਾਂ ਦੇ ਇਸ ਖੁਲਾਸੇ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਕਾਲੀ ਦਲ ਦੇ ਖਿਲਾਫ ਹਨ। ਇਸ ਤੋਂ ਪਹਿਲਾਂ ਦਮਦਮਾ ਸਾਹਿਬ ਦੇ ਮੁਖੀ ਗੁਰਮੁਖ ਸਿੰਘ ਦੇ ਤੇਵਰ ਅਕਾਲੀ ਦਲ ਦੇ ਵਿਰੁੱਧ ਚੱਲ ਰਹੇ ਹਨ ਜੋ ਅਕਾਲੀ ਦਲ ਦੀ ਧਾਰਮਿਕ ਰਾਜਨੀਤੀ ਲਈ ਖਤਰੇ ਦੀ ਘੰਟੀ ਹੈ। ਇਸ ਖੁਲਾਸੇ ਤੋਂ ਬਾਅਦ ਹੁਣ ਸ੍ਰੀ ਅਕਾਲ ਤਖਤ ਦੇ ਜਥੇਦਾਰ ਹੀ ਅਕਾਲੀ ਦਲ ਦੇ ਨਾਲ ਰਹੇ ਗਏ ਹਨ। ਇਸ ਸਬੰਧੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ। ਸ਼ਤਾਬਦੀ ਤਾਂ ਉਥੇ ਹੀ ਮਨਾਈ ਜਾਂਦੀ ਹੈ, ਜਿਥੋਂ ਇਤਿਹਾਸ ਜੁੜਿਆ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਸਮਾਗਮ ਵਿਚ ਵੱਧ ਤੋਂ ਵੱਧ ਤੋਂ ਮਦਦ ਕੀਤੀ ਤੇ ਸੰਗਤ ਨੂੰ ਉਥੇ ਪਹੁੰਚਾਉਣ ਲਈ ਮੁਫਤ ਪ੍ਰਬੰਧ ਕੀਤੇ ਗਏ।
_________________________________
100 ਕਰੋੜ ਰੁਪਏ ਦੇਣ ਦੇ ਵਾਅਦੇ ਤੋਂ ਮੁੱਕਰ ਗਏ ਬਾਦਲ
ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 2008 ਵਿਚ ਹੀ ਐਲਾਨ ਕਰ ਦਿੱਤਾ ਸੀ ਕਿ 350 ਸਾਲਾ ਸ਼ਤਾਬਦੀ ਪਟਨਾ ਸਾਹਿਬ ਵਿਚ ਹੀ ਮਨਾਈ ਜਾਵੇਗੀ। ਇਸ ਬਾਰੇ ਬਕਾਇਦਾ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਐਲਾਨ ਕਰ ਦਿੱਤੀ ਕਿ ਪੰਜਾਬ ਸਰਕਾਰ ਇਸ ਵਿਚ 100 ਕਰੋੜ ਦਾ ਹਿੱਸਾ ਪਾਵੇਗੀ। ਹਾਲਾਂਕਿ ਇਹ ਸਭ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਸਲਾਹ ਬਗੈਰ ਹੀ ਕੀਤਾ ਗਿਆ ਸੀ। ਬਾਅਦ ਵਿਚ ਕਮੇਟੀ ਨੇ ਇਸ ਲਈ ਸਹਿਮਤੀ ਦੇ ਦਿੱਤੀ। ਜਦੋਂ ਸਮਾਗਮ ਵਿਚ 6 ਮਹੀਨੇ ਰਹਿ ਗਏ ਤੇ ਬਾਦਲ ਕੋਲ ਮਦਦ ਲਈ ਪੁੱਜੇ ਤਾਂ ਉਹ ਮੁੱਕਰ ਗਏ ਤੇ ਕਹਿਣ ਲੱਗੇ ਕਿ ਇਹ ਸਮਾਗਮ ਰੱਦ ਕਰ ਦਿੱਤਾ ਜਾਵੇ। ਜਦੋਂ ਬਾਦਲ ਨੇ ਮਨਾ ਕਰ ਦਿੱਤਾ ਤਾਂ ਤਖਤ ਪਟਨਾ ਸਾਹਿਬ ਕਮੇਟੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੱਕ ਪਹੁੰਚ ਕੀਤੀ। ਪਰ ਉਨ੍ਹਾਂ ਨੇ ਵੀ ਕੋਰਾ ਜਵਾਬ ਦੇ ਦਿੱਤਾ।
_______________________________
ਬਾਦਲ ਤੇ ਮੋਦੀ ਦੀ ਨਾਂਹ ਪਿੱਛੋਂ ਨਿਤੀਸ਼ ਨੇ ਫੜਿਆ ਹੱਥ
ਬਾਦਲ ਸਰਕਾਰ ਤੇ ਮੋਦੀ ਵਲੋਂ ਕੋਰੀ ਨਾਂਹ ਕਰਨ ਪਿੱਛੋਂ ਪਟਨਾ ਸਾਹਿਬ ਕਮੇਟੀ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਮਿਲੀ ਤੇ ਉਨ੍ਹਾਂ ਨੇ ਮਦਦ ਲਈ ਹਾਂ ਕਰ ਦਿੱਤੀ। ਇਥੋਂ ਤੱਕ ਕਿਹਾ ਕਿ ਗੁਰੂ ਗੋਬਿੰਦ ਸਿੰਘ ਪਹਿਲਾਂ ਬਿਹਾਰ ਦੇ ‘ਗੋਬਿੰਦ’ ਰਹੇ ਸਨ। ਇਸ ਲਈ ਪਹਿਲਾ ਫਰਜ਼ ਸਾਡਾ ਹੈ। ਬਿਹਾਰ ਸਰਕਾਰ ਨੇ ਸਮਾਗਮ ਲਈ ਪਾਣੀ ਵਾਂਗ ਪੈਸਾ ਵਹਾਇਆ ਤੇ ਪੰਜਾਬ ਸਮੇਤ ਪੂਰੀ ਦੁਨੀਆਂ ਤੋਂ 50 ਲੱਖ ਤੋਂ ਵੱਧ ਸ਼ਰਧਾਲੂ ਪੁੱਜੇ। ਇਸ ਤਰ੍ਹਾਂ ਦਾ ਇੰਤਜ਼ਾਮ ਸੀ ਕਿ ਨਿਤੀਸ਼ ਦੇ ਚਾਰੇ ਪਾਸੇ ਵਾਹ ਵਾਹ ਹੋਈ। ਉਂਜ ਤਾਂ ਸਿੱਖ ਪੰਥ ਦਾ ਸਭ ਤੋਂ ਵੱਡਾ ਪੁਰਸਕਾਰ ਪੰਥ ਰਤਨ ਹੈ, ਤੇ ਇਹ ਸਿਰਫ ਗੁਰਸਿੱਖ ਨੂੰ ਹੀ ਦਿੱਤਾ ਜਾਂਦਾ ਹੈ, ਪਰ ਬਿਹਾਰ ਦੇ ਮੁੱਖ ਮੰਤਰੀ ਦੀ ਸੇਵਾ ਭਾਵਨਾ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਸੇਵਾ ਰਤਨ ਪੁਰਸਕਾਰ ਦੇ ਕੇ ਸਨਮਾਨਿਆ ਗਿਆ।

This entry was posted in ਮੁੱਖ ਪੰਨਾ. Bookmark the permalink.