ਠਾਹ ਸੋਟਾ

ਭੰਨੋ ਘੜਾ ਜ਼ੁਲਮਾਂ ਦਾ

‘ਬੇਟੀ ਬਚਾਓ ਤੇ ਪੜ੍ਹਾਓ’ ਦਾ ਲਾ ਨਾਅਰਾ, ਚੰਦ ਨਵਾਂ ਹੀ ਦੇਖੋ ਚਾੜ੍ਹ ਦਿੱਤਾ।
ਹੱਦ ਪਾਰ ਕੀਤੀ ਸ਼ਰਮ ਲਾਹ ਛੱਡੀ, ਪੰਨਾ ਹਯਾ ਵਾਲਾ ਹੀ ਪਾੜ ਦਿੱਤਾ।
ਕਰ ਕੇ ਜ਼ੁਲਮ ਭਗਵਾਨ ਦੇ ਦਰਾਂ ਉਤੇ, ਕੇਹਾ ਧਰਮ ਕਮਾਉਂਦੇ ਨੇ ਘੋਰ ਪਾਪੀ,
ਪੜ੍ਹ-ਸੁਣ ਕੇ ਰੂਹ ਪਈ ਕੰਬਦੀ ਏ, ਭਰੋਸਾ ਰੱਬ ਵਾਲਾ ਦੇਖੋ ਉਖਾੜ ਦਿੱਤਾ।
ਲੋਕੋ ਤੁਰੋ ਹੁਣ ਬੰਨ੍ਹ ਕਤਾਰ, ਇਸ ਤੋਂ ਬਿਨਾ ਨਹੀਂ ਜੱਗ ਦਾ ਸਰਨ ਲੱਗਿਆ।
ਭੰਨੋ ਘੜਾ ਉਹ ਹੁਣ ਚੌਰਾਹ ਅੰਦਰ, ਜੋ ਚਿਰਾਂ ਤੋਂ ਜ਼ੁਲਮਾਂ ਦਾ ਭਰਨ ਲੱਗਿਆ।

ਮੱਠ ਵਾਲੇ ਮੰਤਰੀ?

ਧਰਨੇ ਮਾਰਦੇ ਸੜਕਾਂ ‘ਤੇ ਰੁਲੀ ਜਾਂਦੇ, ਮਤਭੇਦ ਦੀ ਆਪਸ ‘ਚ ਗੱਠ ਵਾਲੇ।
ਪੀਣੀ ਲੱਸੀ ਹੀ ਪੈਂਦੀ ਐ ਪਾਟਿਆਂ ਨੂੰ, ਛਕ ਲੈਂਦੇ ਨੇ ਮਲਾਈਆਂ ‘ਕੱਠ ਵਾਲੇ।
ਧੂੰਆਂ ਉਡੇ ਅਮੀਰੀ ਦਾ ਚਿਮਨੀਆਂ ‘ਚੋਂ, ਝੁਲਕੇ ਝੋਂਕਦੇ ਰਹਿੰਦੇ ਨੇ ਭੱਠ ਵਾਲੇ।
ਰਹਿ ਗਏ ਪੋਥੀਆਂ ਵਿਚ ਕਾਨੂੰਨ ਕਾਇਦੇ, ਕਰਦੇ ਰਾਜ ਹਨ ਹੱਥਾਂ ਵਿਚ ਲੱਠ ਵਾਲੇ।
ਪੜ੍ਹ ਕੇ ਡਿਗਰੀਆਂ ਲੈਣੀਆਂ ਔਖੀਆਂ ਨੇ, ਬਣਨਾ ਸੌਖਾ ਐ ‘ਇਕ ਸੌ ਅੱਠ’ ਵਾਲੇ।
ਰਾਜ ਭਾਗ ਦਾ ‘ਕ੍ਰਿਸ਼ਮਾ’ ਹੀ ਕਿਹਾ ਜਾਊ, ਬਣ ਗਏ ‘ਮੰਤਰੀ’ ਸਾਧ ਵੀ ਮੱਠ ਵਾਲੇ!

ਸਲਾਹ ਸੁਣਿਓ ਜੀ!

ਔਰਬਿਟ ਸੀ ਦਰੜਦੀ ਬੱਚੀਆਂ ਨੂੰ, ਨੰਨ੍ਹੀ ਛਾਂ ਨੇ ਪੁੱਛੀ ਨਾ ਵਾਤ ਸੀ ਜੀ।
ਦਸ ਸਾਲ ਦਾ ਦੌਰ ਸੀ ਜਾਰ-ਸ਼ਾਹੀ, ਛਾਈ ਵਿਚ ਪੰਜਾਬ ਦੇ ਰਾਤ ਸੀ ਜੀ।
ਲੋਕ ਅਤੇ ਮੁਲਾਜ਼ਮ ਦੁਖਿਆਰਿਆਂ ਨੂੰ, ਲੁੱਟ-ਕੁੱਟ ਦੀ ਦਿੱਤੀ ਸੌਗਾਤ ਸੀ ਜੀ।
ਥਾਂ ਤੀਸਰੇ ਧੱਕ ਕੇ ਵੋਟਰਾਂ ਨੇ, ਮਸਾਂ ਮਸਾਂ ਹੀ ਪਾਈ ਨਿਜਾਤ ਸੀ ਜੀ।
ਭੁੱਲੀ ḔਸੇਵਾḔ ਨਾ ਥੋਡੀ ਪੰਜਾਬੀਆਂ ਨੂੰ, ਲੱਗੇ ਉਦੋਂ ਦੇ ਜ਼ਖਮ ਨਾ ਛੇੜੀਏ ਜੀ।
ਪੋਲ ਖੋਲ੍ਹਣੇ ਛੱਡ ਦਿਓ ਲਵੋ ਸੋਟਾ ਪੀੜ੍ਹੀ ਆਪਣੀ ਥੱਲੇ ਉਹ ਫੇਰੀਏ ਜੀ!

ਨੀਲੇ-ਚਿੱਟੇ ਦੋ ਪੁੜ?

ਮੂੰਹ-ਮੱਥਾ ਜਦ ḔਤੀਜੇḔ ਦਾ ਬਣਨ ਲੱਗੇ, ਪਿੱਸੂ ਪੈਂਦੇ ਨੇ ਨੀਲਿਆਂ-ਚਿੱਟਿਆਂ ਨੂੰ।
ਤੁਰੇ ਹੋਏ ḔਰੰਗਰੂਟḔ ਬੇ-ਪੇਸ਼ ਹੁੰਦੇ, ਪੈਖੜ ਏਦਾਂ ਦਾ ਪਾਉਂਦੇ ਨੇ ਗਿੱਟਿਆਂ ਨੂੰ।
ਕੱਚੇ ਕੰਨਾਂ ਦੇ ਆਪੋ ਵਿਚ ਪਾਟ ਜਾਂਦੇ, ਬਿਨ ਵਿਚਾਰਿਆਂ ਨਿਕਲਦੇ ਸਿੱਟਿਆਂ ਨੂੰ।
ਢਾਹੁਣਾ ḔਦੋਂਹḔ ਨੂੰ ḔਤੀਜੇḔ ਲਈ ਬਹੁਤ ਔਖਾ, ਰਾਜ-ਮਦ ਹੰਕਾਰ ਵਿਚ ਫਿੱਟਿਆਂ ਨੂੰ।
ਖਾਣ ਖਤਾ ਤਜ਼ਰਬੇ ਦੀ ਘਾਟ ਕਰਕੇ, ਸੱਦਾ ਖੁਦ ਦੇ ਦੇਣ ਖਰਾਬੀਆਂ ਨੂੰ।
ਚੱਕੀ ਨੀਲੇ ਤੇ ਚਿੱਟੇ ਦੋ ਪੁੜਾਂ ਵਾਲੀ, ਲੱਗਦੈ ਪੀਂਹਦੀ ਹੀ ਰਹੂ ਪੰਜਾਬੀਆਂ ਨੂੰ!

ਚੰਦ ਚਾੜ੍ਹੇ ਮੱਤ ਦਾਨ!

ਈ ਵੀ ਐਮ ‘ਤੇ ਲੋਕਾਂ ਨੂੰ ਸ਼ੱਕ ਭਾਰੀ, ਬੈਲਟ ਪੇਪਰ ਹੀ ਕਰਦੇ ਨੇ ਮੰਗ ਯਾਰੋ।
ਫਿਰ ਵੀ ਸੁਣੇ ਸਰਕਾਰ ਨਾ ਗੱਲ ਕੋਈ, ਤਾਨਾਸ਼ਾਹਾਂ ਦੇ ਵਾਂਗ ਅੜਬੰਗ ਯਾਰੋ।
ਟੰਗਾਂ ਤੋੜੀਆਂ ਸੈਕੂਲਰ ਸੋਚ ਦੀਆਂ, ਲੋਕ-ਰਾਜ ਹੁਣ ਮਾਰਦਾ ਲੰਗ ਯਾਰੋ।
ਰੰਗਾਂ ਬਾਕੀ ਦੇ ਸੱਜਿਆਂ-ਖੱਬਿਆਂ ਦਾ, ਭਗਵੇਂ ਕੀਤਾ ਐ ਕਾਫੀਆ ਤੰਗ ਯਾਰੋ।
ਪੰਡ ਬੰਨ੍ਹ ਕੇ ਲਾਰਿਆਂ-ਲੱਪਿਆਂ ਦੀ, ਜੁਮਲੇ ਬੋਲ ਕੇ ਲੋਕਾਂ ਨੂੰ ਠੱਗਦੇ ਨੇ।
‘ਮੱਤ ਦਾਨ’ ਨੇ ਚੰਦ ਕੀ ਚਾੜ੍ਹ ਦੇਣਾ, ਜਿੱਥੇ ‘ਮੱਤ’ ਹੀ ‘ਸੇਲ’ ‘ਤੇ ਲੱਗਦੇ ਨੇ।

ਸੈਲਫੀ ਤੇ ਸੈਲਫਿਸ਼!

ਚਾਰੋਂ ਤਰਫ ਖੁਦਗਰਜ਼ੀ ਜੇ ਵਧੀ ਜਾਏ, ਸਾਂਝੀਵਾਲਤਾ ਖੰਭ ਲਾ ਨੱਸਦੀ ਏ।
ਚੜ੍ਹ ਮੱਚੇ ਸਮਾਜ ਵਿਚ ਲੁੱਚਿਆਂ ਦੀ, ਨੇਕੀ ਫੇਰ ਪਤਾਲ ਵਿਚ ਧਸਦੀ ਏ।
ਚੰਗੀ ਲੱਗਦੀ ਗੱਲ ਖੁਸ਼ਾਮਦਾਂ ਦੀ, ਸੱਚੀ ਸੱਪ ਦੇ ਵਾਂਗਰਾਂ ਡੱਸਦੀ ਏ।
ਦੇਖ ਦੇਖ ਖਰਬੂਜਾ ਏ ਰੰਗ ਫੜ੍ਹਦਾ, ਰਹੀ ਗੱਲ ਨਾ ਕਿਸੇ ਦੇ ਵੱਸ ਦੀ ਏ।
ਹੋਏ ਸੈਲਫੀਆਂ ਖਿੱਚਦੇ ਮਸਤ ਲੋਕੀਂ, ਮੱਛੀ ਜਾਲ ‘ਚ ਜਿਸ ਤਰ੍ਹਾਂ ਫਸਦੀ ਏ।
ਕੋਈ ਰਿਜਕ ਦੀ ਚਿੰਤਾ ਦਾ ਮਾਰਿਆ ਐ, ਪਈ ਕਿਸੇ ਨੂੰ ਆਪਣੇ ਜੱਸ ਦੀ ਏ!

ਕੈਨੇਡੀਅਨ ਪ੍ਰਾਹੁਣੇ

ਕਦੇ ਭਰਿਆ ਜਹਾਜ ਸੀ ਮੋੜ ਦਿੱਤਾ, ਪੈਰ ਧਰਨ ਨਾ ਦਿੱਤਾ ਪਰਵਾਸੀਆਂ ਨੂੰ।
ਪੜ੍ਹ ਕੇ ਦੇਖ ਇਤਿਹਾਸ ਹੈਰਾਨ ਹੋਈਏ, ਹੋਈਆਂ ਬਦਲੀਆਂ ਦੇਖ ਕੇ ਖਾਸੀਆਂ ਨੂੰ।
ਸਿੱਖਾਂ ਆਣ ਕੈਨੇਡਾ ‘ਚ ਵਾਸ ਕੀਤਾ, ਦਿਲ ਵਿਚ ਦਰਦ ਲੈ ਸਾਕੇ ਚੌਰਾਸੀਆਂ ਨੂੰ।
ਦੁਸ਼ਮਣ ਦੁਖੀ ਪੰਜਾਬ ਦੇ ਦੇਖ ਹੁੰਦੇ, ਆਈਆਂ ਸਿੱਖਾਂ ਦੇ ਬੁੱਲ੍ਹਾਂ ‘ਤੇ ਹਾਸੀਆਂ ਨੂੰ।
ਅੰਮਾ ਜਾਇਆ ਈ ਹੁੰਦਾ ਹੈ ਘਰੇ ਆਇਆ, ਰੁਤਬਾ ਸਮਝੀਏ ਉਹਦਾ ਭਗਵਾਨ ਉਤੋਂ।
ਜਾਣ ਲਿਆ ਟਰੂਡੋ ਦੇ ਸਾਥੀਆਂ ਨੇ, ਜਾਈਏ ਸਦਕੜੇ ਅਸੀਂ ਮਹਿਮਾਨ ਉਤੋਂ!

ਢੋਲ ਪੋਲ ਖੋਲ੍ਹ!

ਆ ਗਿਆ ਬਟੇਰਾ ਸੀ ਪੈਰ ਥੱਲੇ, ਦਸ ਸਾਲ ਚਲਾ ਲਈਆਂ ਚੰਮ ਦੀਆਂ।
ਬਿਨਾ ਲੁੱਟਣੇ ਪੁੱਟਣੇ ਕੁੱਟਣੇ ਤੋਂ, ਗੱਲਾਂ ਕੀਤੀਆਂ ਕੋਈ ਨਾ ਕੰਮ ਦੀਆਂ।
ਰੇਤੇ ਬਜਰੀਆਂ ਵੇਚ ਕੇ ਨਸ਼ੇ-ਪੱਤੇ, ਬਸ ਬੋਰੀਆਂ ਭਰੀਆਂ ਸੀ ‘ਦੰਮ’ ਦੀਆਂ।
ਨਾਲੇ ਵਰਤੀਆਂ ਗੋਲਕਾਂ ਸਿਆਸਤਾਂ ਲਈ, ਰੀਤਾਂ ਸੁੱਚੀਆਂ ਰੋਲੀਆਂ ਧਰਮ ਦੀਆਂ।
ਤੀਜੇ ਥਾਂ ‘ਤੇ ਵੋਟਰਾਂ ਸੁੱਟ’ਤੇ ਸੀ, ਨੇੜੇ ਹੋਣ ਲਈ ਹਉਕੇ ਹੁਣ ਭਰਨ ਲੱਗੇ।
ਭਰਿਆ ਆਪਣਾ ‘ਢੋਲ’ ਹੈ ਨਾਲ ਗੱਪਾਂ, ‘ਪੋਲ ਖੋਲ੍ਹ’ ਉਹ ਰੈਲੀਆਂ ਕਰਨ ਲੱਗੇ!

ਹਨੇਰੇ ਦੇ ਪਾਂਧੀ!

ਲਾਇਬਰੇਰੀ ਨੂੰ ਜਾਣ ਦਾ ਸੌ.ਕ ਮਰਿਆ, ḔਸੰਗਤḔ ਵਧੀ ਹੀ ਜਾਂਦੀ ਹੈ ਡੇਰਿਆਂ ਦੀ।
ਢਾਹ ਢੇਰੀਆਂ ਮਰਨ ਨੂੰ ਭੱਜ ਪੈਂਦੇ, ਗੱਲ ਖਤਮ ਹੋ ਚੁਕੀ ਐ ਜੇਰਿਆਂ ਦੀ।
ਮਾਪੇ ਘਰਾਂ ਦੇ ਵਿਚ ਉਦਾਸ ਬੈਠੇ, ਪੂਜਾ ਖੇਤਾਂ ‘ਚ ਕਰਨ ਜਠੇਰਿਆਂ ਦੀ।
ਗਿਣਤੀ ਜਿਉਂਦਿਆਂ ਵਿਚ ਨਾ ਕਰੋ ਭਾਵੇਂ, ਚਿੱਟੇ ਅਤੇ ਸਮੈਕ ਦੇ ਘੇਰਿਆਂ ਦੀ।
ਸਮਝੋ ਉਲੂ ਦੀ ਜੂਨ ‘ਚੋਂ ਹੋਣਗੇ ਜੀ, ਭਾਉਂਦੀ ਲੋਅ ਨਾ ਚੜ੍ਹੇ ਸਵੇਰਿਆਂ ਦੀ।
ਉਨ੍ਹਾਂ ਲਈ ਗਿਆਨ-ਵਿਗਿਆਨ ਕਾਹਦਾ, ਮੁੱਕੀ ਵਾਟ ਨਾ ਜਿਨ੍ਹਾਂ ਤੋਂ ਨ੍ਹੇਰਿਆਂ ਦੀ!

ਨਕਸ਼ਾ-ਏ-ਪੰਜਾਬ

ਭੇਖਧਾਰੀਆਂ ਧਰਮ ਅਗਵਾ ਕਰਿਆ, ਲੋਕੀਂ ਦੇਖ ਕੇ ਹੋਏ ਹੈਰਾਨ ਮੀਆਂ।
ਲੋਕ-ਹਿਤਾਂ ਲਈ ਜੂਝਦੇ ਫਟੇ ਬੈਠੇ, ਮੁੜ ਕੇ ਜੁੜਨ ਦੇ ਕਰਨ ਐਲਾਨ ਮੀਆਂ।
ਆਮ ਬੰਦੇ ਨੇ ਲਾ ਲਿਆ ਜ਼ੋਰ ਪੂਰਾ, ਰਹਿ ਗਏ ਦਿਲਾਂ ਦੇ ਵਿਚ ਅਰਮਾਨ ਮੀਆਂ।
ਚੋਣਾਂ ਵਿਚ ਨਕਾਰਿਆ ‘ਨੀਲਿਆਂ’ ਨੂੰ, ਗਾਉਂਦੇ ਫਿਰਨ ਪੁਰਾਣੀ ਹੀ ਤਾਨ ਮੀਆਂ।
ਰਾਜ ਭਾਗ ‘ਤੇ ਪਕੜ ਮਜ਼ਬੂਤ ਹੈ ਨ੍ਹੀਂ, ‘ਪੰਜੇ ਵਾਲੇ’ ਜਿਉਂ ਹੋਣ ਨਾਦਾਨ ਮੀਆਂ।
ਸਾਰੇ ਫਲਸਫੇ ਹੰਭ ਗਏ ਜਾਪਦੇ ਨੇ, ‘ਗੜਬੜ ਚੌਥ’ ਹੀ ਬਣੀ ਪ੍ਰਧਾਨ ਮੀਆਂ।