ਜ਼ਿੰਦਗੀ ਵਾਰਸ ਹੈ

ਉਘੇ ਲਿਖਾਰੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ‘ਜ਼ਿੰਦਗੀ ਵਾਰਸ ਹੈ’ ਦੀਆਂ ਇਕ ਨਹੀਂ, ਅਨੇਕ ਪਰਤਾਂ ਹਨ। ਇਸ ਵਿਚ ਮੋਹ-ਮੁਹੱਬਤ ਦੇ ਝਰਨੇ ਵਹਿੰਦੇ ਹਨ, ਲੋਭ-ਲਾਲਚ ਦੀਆਂ ਨਦੀਆਂ ਵੀ ਵਗਦੀਆਂ ਦਿਸਦੀਆਂ ਹਨ, ਔਰਤ ਦੀ ਸਿੱਕ ਮਨ ਉਦਾਸ ਕਰਦੀ ਹੈ, ਰਿਸ਼ਤਿਆਂ ਦੇ ਮੇਲ-ਮਿਲਾਪ ਦੀ ਗੂੰਜ ਅਤੇ ਟੁੱਟ-ਭੱਜ ਦੀ ਖੜਕਾਹਟ ਵੀ ਇਕੋ ਵੇਲੇ ਸੁਣਦੀ ਜਾਪਦੀ ਹੈ। ਸੱਚਮੁੱਚ ਇਸ ਕਹਾਣੀ ਵਿਚ ਜ਼ਿੰਦਗੀ ਧੜਕਦੀ ਹੈ।

-ਸੰਪਾਦਕ

ਗੁਰਬਖਸ਼ ਸਿੰਘ ਪ੍ਰੀਤਲੜੀ
ਇਲਾਕੇ ਦੇ ਮਸ਼ਹੂਰ ਦਸ-ਨੰਬਰੀਏ ਜਗੀਰੇ ਨੇ ਆਪੀਂ ਥਾਣੇ ਜਾ ਕੇ ਥਾਣੇਦਾਰ ਦੇ ਪੈਰ ਫੜ ਲਏ, “ਹਜ਼ੂਰ, ਅੱਜ ਤੋਂ ਮੈਂ ਬਦਮਾਸ਼ੀ ਛੱਡੀ ਤੇ ਤੁਸੀਂ ਮੇਰੇ ਸਿਰ ‘ਤੇ ਹੱਥ ਰੱਖੋ, ਤਾਂ ਕਿਸੇ ਦਿਨ ਮੈਂ ਇਲਾਕੇ ਦੇ ਸਾਊਆਂ ‘ਚ ਗਿਣਿਆ ਜਾਵਾਂਗਾ।”
ਜਗੀਰਾ ਬੜਾ ਸੁਨੱਖਾ ਦਰਸ਼ਨੀ ਜਵਾਨ ਸੀ। ਘਰੋਂ ਵੀ ਚੰਗਾ ਸੀ, ਪਰ ਮਾਂ-ਪਿਓ ਮੋਇਆਂ ਭੈੜੀ ਸੁਹਬਤੋਂ ਵਿਗੜਿਆ ਹੋਇਆ ਸੀ। ਅੱਜ ਪਤਾ ਨਹੀਂ ਕਿਹੜਾ ਵਲ੍ਹੇਲ ਉਹਨੂੰ ਥਾਣੇ ਲੈ ਆਇਆ?
ਥਾਣੇਦਾਰ ਵੀ ਅਸਰ ਮੰਨਣ ਵਾਲਾ ਅਫਸਰ ਸੀ, ਹੱਸ ਕੇ ਆਖਿਆ ਸੂ, “ਚੰਗਾ ਜਗੀਰਿਆ, ਤੇਰੇ ਉਤੇ ਮੈਂ ਖਾਸ ਅੱਖ ਰੱਖਾਂਗਾ, ਤੇ ਜੇ ਛੇ ਮਹੀਨੇ ਤੇਰੀ ਕੋਈ ਮਾੜੀ ਰਿਪੋਰਟ ਨਾ ਆਈ, ਤੇ ਜੇ ਤੇਰਾ ਕੋਈ ਚੰਗਾ ਕੰਮ ਵੀ ਮੈਂ ਸੁਣ ਲਿਆ ਤਾਂ ਦਸ ਨੰਬਰ ‘ਚੋਂ ਤੇਰਾ ਨਾਂ ਕਢਾਅ ਦਿਆਂਗਾ।”
ਇਹ ਗੱਲ ਪਹਿਲੀ ਅਕਤੂਬਰ ਨੂੰ ਹੋਈ ਸੀ, ਤੇ ਅੱਜ ਤੇਰਾਂ ਅਕਤੂਬਰ ਸੀ, ਕਿ ਉਹ ਬੁਰੀ ਤਰ੍ਹਾਂ ਵੱਢਿਆ-ਟੁੱਕਿਆ ਥਾਣੇ ਵਿਚ ਲਿਆਂਦਾ ਗਿਆ। ਕੋਈ ਦੁਸ਼ਮਣ ਆਪਣੇ ਵਲੋਂ ਉਹਨੂੰ ਮਾਰ-ਮੁਕਾ ਕੇ ਕਿੱਕਰਾਂ ਦੀ ਝੰਗੀ ਵਿਚ ਸੁੱਟ ਗਿਆ ਸੀ। ਜ਼ਖਮ ਬੇ-ਸ਼ੁਮਾਰ ਸਨ, ਖੱਬਾ ਹੱਥ ਨਾਲੋਂ ਹੀ ਲਹਿ ਗਿਆ ਸੀ, ਲਹੂ ਨਾਲ ਕਪੜੇ ਗੜੁੱਚ ਸਨ, ਚਿਹਰਾ ਬੇ-ਰੰਗ ਸੀ, ਪਰ ਉਹ ਅਜੇ ਬੋਲ ਸਕਦਾ ਸੀ, ਤੇ ਪੂਰੀ ਹੋਸ਼ ਵਿਚ ਸੀ।
“ਕਿਉਂ ਜਗੀਰਿਆ, ਇਹ ਕੀ ਹੋਇਆ? ਕਿਸੇ ਨੂੰ ਤੇਰੀ ਖਬਰ ਦੇਈਏ?” ਥਾਣੇਦਾਰ ਨੇ ਪੁੱਛਿਆ।
“ਜੇ ਤੁਸੀਂ ਤਰਨ ਤਾਰਨੋਂ ਹੌਲਦਾਰ ਸੁਰਮੁਖ ਸਿੰਘ ਦੀ ਵਹੁਟੀ ਕਿੱਛੋ ਨੂੰ ਮੰਗਾਅ ਦਿਓ, ਉਹੀ ਦੂਰੋਂ-ਪਾਰੋਂ ਮੇਰੀ ਕੁਝ ਲੱਗਦੀ ਏ, ਸ਼ੈਦ ਮੈਂ ਬਚ ਈ ਜਾਵਾਂ!”
ਥਾਣੇਦਾਰ ਨੂੰ ਜਗੀਰੇ ਨਾਲ ਕੁਝ ਉਨਸ ਹੋ ਗਈ ਸੀ। ਉਹਦੀ ਦੀਦਾਰੀ ਜਵਾਨੀ ਹਰ ਕਿਸੇ ਨੂੰ ਖੁਸ਼ੀ ਦੇਂਦੀ ਸੀ, ਤੇ ਮਾੜੇ ਕੰਮਾਂ ਤੋਂ ਉਹਦਾ ਪਛਤਾਵਾ ਸੁਣ ਕੇ ਥਾਣੇਦਾਰ ਨੂੰ ਖਾਸ ਖੁਸ਼ੀ ਹੋਈ ਸੀ। ਅੱਜ ਅਚਾਨਕ ਮੌਤ ਦੀ ਕੰਧੀ ਉਤੇ ਉਹਨੂੰ ਸੁਟਿਆ ਵੇਖ ਥਾਣੇਦਾਰ ਦੇ ਦਿਲ ਵਿਚ ਬੜਾ ਕੁਝ ਹੋਇਆ ਸੀ, ਇਕ ਸਿਪਾਹੀ ਤੁਰੰਤ ਤਰਨ ਤਾਰਨ ਵਲ ਤੋਰ ਦਿੱਤਾ, ਤੇ ਪੁਲਿਸ ਨੇ ਹਸਪਤਾਲ ਦੇ ਡਾਕਟਰ ਨੂੰ ਮੰਗਾ ਕੇ ਲੋੜੀਂਦੀ ਪੱਟੀ ਕਰਾ ਦਿੱਤੀ।
“ਤਕਦੀਰ ਨਾਲ ਲੜਾਈ ਕਰ ਰਿਹੈ, ਪਰ ਹੈ ਸਖਤ ਜਾਨ, ਦਿਲ ਬਲਾ ਦਾ ਮਜ਼ਬੂਤ ਸੂ, ਕੋਈ ਅਜੀਬ ਗੱਲ ਨਹੀਂ ਕਿ ਬਚ ਈ ਜਾਏ।” ਡਾਕਟਰ ਦੀ ਰਾਏ ਸੀ।
ਤਿੰਨਾਂ ਘੰਟਿਆਂ ਵਿਚ ਹੀ ਸਿਪਾਹੀ ਕਿੱਛੋ, ਉਹਦੇ ਪਤੀ ਤੇ ਦੋ ਸ਼ਰੀਕਾਂ ਨੂੰ ਨਾਲ ਲੈ ਆਇਆ। ਹੌਲਦਾਰ ਪਿਨਸ਼ਨੀ ਸੀ, ਪੰਜਾਹ ਦੇ ਕਰੀਬ ਹੋਊ ਪਰ ਹੌਲਦਾਰਨੀ ਮਸਾਂ ਵੀਹਾਂ-ਬਾਈਆਂ ਦੀ ਦਿਸਦੀ ਸੀ। ਨਿਰੀ ਦਿਸਦੀ ਹੀ ਨਹੀਂ, ਉਹਦੇ ਮੂੰਹ ਉਤੇ ਜਵਾਨੀ ਦੀ ਕੋਈ ਮਸ਼ਾਲ ਲਟ ਲਟ ਕਰ ਰਹੀ ਸੀ। ਤੇ ਜਵਾਨੀ ਦੇ ਅੰਗ ਵੀ ਸਡੌਲ ਹੋਣ ਤਾਂ ਉਹਦਾ ਖੇੜਾ ਜਾਂ ਉਹਦੀ ਗਮਗੀਨੀ ਵੇਖਣ ਵਾਲਿਆਂ ‘ਤੇ ਇਕ ਤਲਿੱਸਮ ਕਰ ਦੇਂਦੇ ਨੇ। ਬਿਜਲੀ ਦੇ ਚੰਗਿਆੜੇ ਸੁੱਟਣ ਵਾਲੇ ਅੰਗਾਂ ਨੂੰ ਪੱਟੀਆਂ ਵਿਚ ਬੱਧੇ ਤੇ ਭਖਦੀ ਲਾਲੀ ਨੂੰ ਬੱਗੀ ਪੂਣੀ ਹੋਈ ਵੇਖ ਕੇ ਕਿੱਛੋ ਦੇ ਕਾਲਜਿਓਂ ਇਕ ਆਪ ਮੁਹਾਰੀ ਚੀਕ ਨਿਕਲੀ, ਤੇ ਉਸ ਨੇ ਜਗੀਰੇ ਦਾ ਸਾਬਤ ਹੱਥ ਆਪਣੇ ਹੱਥਾਂ ਵਿਚ ਫੜ ਲਿਆ।
“ਕਿੱਛੋ, ਕਿੱਛੋ, ਰੋ ਨਾ, ਹੁਣ ਮੈਂ ਨਹੀਂ ਮਰਨਾ, ਤੂੰ ਜੂ ਆ ਗਈਓਂ!” ਤੇ ਉਸ ਨੇ ਉਹਦੇ ਹੱਥ ਆਪਣੀ ਹਿੱਕ ਉਤੇ ਖਿੱਚ ਲਏ।
ਕਿੱਛੋ ਨੇ ਥਾਣੇਦਾਰ ਨੂੰ ਆਖਿਆ ਕਿ ਜਿੰਨੀ ਗੱਲ ਦਾ ਉਹਨੂੰ ਪਤਾ ਏ, ਸਾਰੀ ਉਹ ਦੱਸੇਗੀ, ਪਰ ਦੱਸੇਗੀ ਇਕੱਲਿਆਂ। ਥਾਣੇਦਾਰ ਉਹਨੂੰ ਆਪਣੇ ਦਫਤਰ ਵਿਚ ਲੈ ਗਿਆ।
“ਜਿਓਂ ਜਾਣਦੇ ਓ, ਜਗੀਰੇ ਨੂੰ ਬਚਾ ਲਓ।” ਕਿੱਛੋ ਥਾਣੇਦਾਰ ਦੇ ਪੈਰੀਂ ਪੈ ਗਈ, “ਇਹ ਹੀਰਾ ਬੰਦਾ ਜੇ!”
“ਜੋ ਤੂੰ ਜਾਣਨੀ ਏਂ, ਸੱਚੀਂ ਸੱਚੀਂ ਦੱਸ ਦੇਹ, ਜਗੀਰੇ ਕੋਲ ਤਦੇ ਮੈਂ ਕਿਸੇ ਨੂੰ ਕੁਝ ਪੁੱਛਣ ਨਹੀਂ ਦਿੱਤਾ, ਉਹ ਮੌਤ ਨਾਲ ਘੋਲ ਕਰ ਰਿਹੈ, ਸਾਰੀ ਤਾਕਤ ਉਹਦੀ ਮੌਤ ਨਾਲ ਹੀ ਘੁਲੇ, ਤੂੰ ਦੱਸ ਕਿਸ ਨਾਮੁਰਾਦ ਦੀ ਇਹ ਕਰਤੂਤ ਏ?”
“ਉਹਦਾ ਤਾਂ ਮੈਨੂੰ ਪਤਾ ਨਹੀਂ, ਪਰ ਜਿੰਨਾ ਪਤਾ ਮੈਨੂੰ ਹੈ, ਉਹਦੇ ਤੋਂ ਤੁਸੀਂ ਜ਼ਰੂਰ ਕੋਈ ਸੂਹ ਕੱਢ ਲਵੋਗੇ… ਮੇਰਾ ਵਿਆਹ ਮਾਪਿਆਂ ਨੇ ਕੁਝ ਲੈ-ਦੇ ਕੇ ਏਸ ਬੁੱਢੇ ਹੌਲਦਾਰ ਨਾਲ ਕਰ ਦਿੱਤਾ, ਇਹਨੂੰ ਔਲਾਦ ਦੀ ਸਿੱਕ ਸੀ, ਤੇ ਸੌ ਵਿਘਿਆਂ ਦਾ ਇਹ ਮਾਲਕ ਸੀ। ਪੰਜਾਹ ਵਿਘੇ ਏਸ ਕੋਲੋਂ ਮੇਰੇ ਮਾਪਿਆਂ ਨੇ ਪਹਿਲਾਂ ਹੀ ਮੇਰੇ ਨਾਂ ਲਿਖਾ ਲਏ, ਇਹ ਵਿਆਹ ਦੀ ਸ਼ਰਤ ਸੀ। ਹੌਲਦਾਰ ਆਦਮੀ ਕੋਈ ਮਾੜਾ ਨਹੀਂ, ਪਰ ਸ਼ਰੀਕ ਇਹਦੇ ਪੁੱਜ ਕੇ ਵੈਲੀ ਨੇ। ਮੇਰੇ ਆਉਂਦਿਆਂ ਹੀ ਉਨ੍ਹਾਂ ਨੂੰ ਇਹ ਦੁੱਖ ਵੜ ਗਿਆ ਕਿ ਪੰਜਾਹ ਵਿੱਘੇ ਤਾਂ ਵਿਰਸੇ ਵਿਚੋਂ ਉਡ ਹੀ ਗਏ, ਔਲਾਦ ਭਾਵੇਂ ਮੇਰੇ ਵਿਚੋਂ ਹੋਵੇ ਤੇ ਭਾਵੇਂ ਨਾ। ਪਹਿਲਾਂ ਤਾਂ ਮੈਨੂੰ ਇਨ੍ਹਾਂ ਵਰਗਲਾਣਾ ਚਾਹਿਆ ਕਿ ਹੌਲਦਾਰ ਬੁੱਢਾ ਨਕਾਰਾ ਏ। ਫੇਰ ਤੰਗ ਕਰਕੇ ਮੈਨੂੰ ਕਿਤੇ ਨਠਾਣਾ ਚਾਹਿਆ, ਮੈਂ ਨਾ ਮੰਨੀ। ਖੱਜਲ ਖੁਆਰੀ ਤੋਂ ਮੈਨੂੰ ਡਰ ਲਗਦੈ। ਤਾਂ ਉਨ੍ਹਾਂ ਮੈਨੂੰ ਮਾਰ-ਮੁਕਾਣ ਦੀ ਸਲਾਹ ਬਣਾ ਲਈ। ਆਪੀਂ ਮਾਰਨੋਂ ਉਹ ਡਰ ਗਏ ਕਿ ਨਾਂ ਸ਼ਰੀਕਾਂ ਦਾ ਹੀ ਲੱਗੂ। ਉਹ ਆਪ ਜੂ ਪੰਜਾਹ ਵਿੱਘੇ ਟੱਬਰ ਦੀ ਮਾਲਕੀ ‘ਚੋਂ ਨਿਕਲ ਜਾਣ ਦੇ ਖੁੱਲ੍ਹੇ ਰੋਣੇ ਰੋ ਚੁੱਕੇ ਸਨ। ਉਨ੍ਹਾਂ ਕਿਸੇ ਨੂੰ ਪੈਸੇ ਦੇ ਕੇ ਮੈਨੂੰ ਮਰਵਾ ਛੱਡਣ ਦਾ ਮਨਸੂਬਾ ਬਣਾਇਆ। ਆਪੀਂ ਰਲ ਕੇ ਇਹ ਸਾਰੇ ਮੈਨੂੰ ਮੱਸਿਆ ਦੇ ਮੇਲੇ ਉਤੇ ਲੈ ਗਏ। ਹੌਲਦਾਰ ਵੀ ਨਾਲ ਸੀ ਪਰ ਉਸ ਵਿਚਾਰੇ ਨੂੰ ਤਾਂ ਇਹ ਬੁੱਧੂ ਬਣਾਈ ਰੱਖਦੇ ਨੇ। ਕਿਸੇ ਨਾ ਕਿਸੇ ਤਰ੍ਹਾਂ ਭੀੜ ਵਿਚ ਸਾਰੇ ਮੇਰੇ ਨਾਲੋਂ ਨਿਖੜ ਗਏ। ਬੜੀ ਘਾਬਰੀ ਮੈਂ ਜਣੇ ਖਣੇ ਤੋਂ ਪੁੱਛਾਂ। ਤਦੇ ਇਹ ਜਗੀਰਾ ਮੇਰੇ ਕੋਲ ਆ ਗਿਆ। ਏਸ ਮੈਨੂੰ ਦੱਸਿਆ ਕਿ ਇਹ ਮੇਰੇ ਘਰ ਦਿਆਂ ਨੂੰ ਜਾਣਦੈ, ਤੇ ਉਨ੍ਹਾਂ ਕੋਲ ਮੈਨੂੰ ਪੁਚਾ ਦੇਵੇਗਾ।
“ਪਰ ਉਨ੍ਹਾਂ ਕੋਲ ਪੁਚਾਣ ਦੀ ਥਾਂ ਇਹ ਮੈਨੂੰ ਆਪਣੇ ਘਰ ਲੈ ਗਿਆ। ਦਿਸਣੋਂ ਇਹ ਮੈਨੂੰ ਚੰਗਾ ਆਦਮੀ ਲੱਗਾ ਸੀ, ਪਰ ਇਹਦਾ ਵਤੀਰਾ ਮੈਨੂੰ ਸ਼ੱਕ ਪਾਈ ਜਾਂਦਾ ਸੀ। ਕਦੇ ਇਹ ਆਪਣੀ ਕਿਰਪਾਨ ਕੱਢ ਲਿਆਵੇ, ਉਹਦੀ ਧਾਰ ਵੇਖੇ। ਮੈਂ ਇਹਨੂੰ ਕਹਿ ਦਿੱਤਾ ਕਿ ਮੈਨੂੰ ਇਹਦੇ ਉਤੇ ਇਤਬਾਰ ਨਹੀਂ। ਇਹ ਮੈਨੂੰ ਖਿਆਲ ਆਉਂਦਾ ਸੀ ਕਿ ਇਸ ਘਰ ਵਿਚ ਤਾਂ ਮੈਨੂੰ ਮਾਰਨ ਨਹੀਂ ਲੱਗਾ, ਬਾਹਰ ਹੀ ਕਿਤੇ ਖੜੇਗਾ, ਤੇ ਮੈਂ ਸ਼ੋਰ ਪਾ ਦਿਆਂਗੀ ਜਾਂ ਪੰਚਾਇਤ ਕੋਲ ਚਲੀ ਜਾਵਾਂਗੀ। ਤਾਂ ਏਸ ਨੇ ਬੜੇ ਸ਼ਰਮਾਏ ਜਿਹੇ ਮੂੰਹ ਨਾਲ ਮੈਨੂੰ ਸਾਰੀ ਗੱਲ ਦੱਸ ਦਿੱਤੀ ਕਿ ਸਾਡੇ ਸ਼ਰੀਕਾਂ ਨੇ ਇਹਨੂੰ ਪੰਜ ਸੌ ਰੁਪਈਆ ਨਕਦ ਦਿੱਤਾ ਤੇ ਪੰਜ ਸੌ ਕੰਮ ਹੋ ਜਾਣ ਬਾਅਦ ਦੇਣ ਦਾ ਇਕਰਾਰ ਕੀਤਾ ਸੀ, ਜੇ ਇਹ ਮੈਨੂੰ ਮਾਰ ਕੇ ਕਿਸੇ ਇਹੋ ਜਿਹੇ ਥਾਂ ਸੁੱਟ ਦੇਵੇ ਜਿਥੋਂ ਕਿਧਰੋਂ ਸੂਹ ਨਾ ਨਿਕਲੇ…।
‘ਪਰ ਕਿੱਛੋ, ਤੈਨੂੰ ਮਾਰੇ ਕੌਣ? ਪੰਜ ਸੌ ਨਹੀਂ, ਪੰਜ ਹਜ਼ਾਰ ਕੋਲੋਂ ਦੇ ਕੇ ਵੀ ਮੈਂ ਤੈਨੂੰ ਮਿਲਦੀ ਨੂੰ ਵਿਹਾਜ ਲਿਆਵਾਂ।’ ਜਗੀਰੇ ਨੇ ਮੈਨੂੰ ਆਖਿਆ। ਤੇ ਉਹਦਾ ਲਹਿਜਾ ਸੀ ਜਿਦ੍ਹੀ ਸੱਚਾਈ ਤੀਵੀਂ ਦੇ ਅੰਦਰ ਧਸ ਜਾਂਦੀ ਏ। ਉਸ ਦੀ ਗੱਲ ਸਾਰੀ ਦੀ ਸਾਰੀ ਝੱਟ ਮੇਰੇ ਮੰਨਣ ਵਿਚ ਆ ਗਈ। ਹੌਲਦਾਰ ਦੇ ਸ਼ਰੀਕ ਆਪਣੇ ਪੰਜਾਹ ਵਿਘਿਆਂ ਦੀ ਖਾਤਰ ਮੇਰੇ ਪੰਜਾਹ ਟੋਟੇ ਕਰਾ ਦੇਣ ਲਈ ਦਿਨੋਂ ਰਾਤ ਵਿਲ੍ਹ ਰਹੇ ਸਨ। ਹੌਲਦਾਰ ਭੋਲਾ ਆਦਮੀ ਏ। ਉਹਨੂੰ ਇਨ੍ਹਾਂ ਮਨਾ ਲਿਆ ਕਿ ਮੈਂ ਮੇਲੇ ਵਿਚ ਏਧਰ-ਓਧਰ ਹੋ ਗਈ ਸਾਂ ਜਾਂ ਕਿਧਰੇ ਆਪ ਹੀ ਨੱਠ ਗਈ ਸਾਂ।
“ਏਸ ਜਗੀਰੇ ਨੂੰ ਜਿਉਂ ਜਿਉਂ ਮੈਂ ਵੇਖਾਂ, ਇਸ ਦੀ ਗੱਲ ਮੇਰੇ ਕੰਨਾਂ ਵਿਚ ਵੱਜੇ: ‘ਕਿੱਛੋ, ਤੈਨੂੰ ਮਾਰੇ ਕੌਣ!’ ਇਹ ਮੈਨੂੰ ਚੰਗਾ ਲੱਗਦਾ ਜਾਏ। ਕੀ ਦੱਸਾਂ, ਕੋਈ ਜਾਚ ਏ ਇਹਨੂੰ ਚੰਗੇ ਲੱਗਣ ਦੀ! ਕੋਈ ਦਿਲ ਏ ਇਹਦੇ ਅੰਦਰ। ਮੈਨੂੰ ਜਾਪਿਆ ਜਿਉਂ ਮੈਂ ਪਹਿਲੀ ਵਾਰੀ ਕੋਈ ਮਰਦ ਵੇਖਿਆ ਸੀ। ਨਾ ਪੇਕਿਆਂ ਤੇ ਨਾ ਸਹੁਰਿਆਂ ਦੇ ਲਾਣੇ ਵਿਚ ਮੈਂ ਕੋਈ ਮਰਦਾਂ ਵਾਲੀ ਗੱਲ ਤੱਕੀ ਸੀ। ਰੁਪਈਆ, ਜ਼ਮੀਨ, ਮਾਲਕੀ-ਇਨ੍ਹਾਂ ਤਿੰਨਾਂ ਦੇ ਸੋਹਲੇ ਤੇ ਇਨ੍ਹਾਂ ਤਿੰਨਾਂ ਦੇ ਹੀ ਕੀਰਨੇ ਮੈਂ ਸੁਣੇ ਹੋਏ ਸਨ। ਪਹਿਲੀ ਵਾਰੀ ਮੈਂ ਇਕ ਮਰਦ-ਦਿਲ ਨੂੰ ਆਪਣੇ ਤਾਂਘਦੇ ਦਿਲ ਨਾਲ ਧੜਕਦਿਆਂ ਸੁਣਿਆ, ਤੇ ਮੇਰੇ ਦਿਲ ਨੇ ਹਾਮੀ ਭਰੀ ਜਿਸ ਨੂੰ ਇਹ ਜਣਾ ਪਿਆਰ ਕਰੇ, ਉਹਦਾ ਸਰੀਰ ਹੀ ਨਹੀਂ, ਉਹਦੀ ਰੂਹ ਖਿੜ ਜਾਏ। ਮੇਰੀ ਪੰਘਰੀ ਹੋਈ ਰੂਹ ਵਿਚੋਂ ਤਰਲਾ ਉਠਿਆ: “ਜੇ ਜਗੀਰਿਆ, ਤੂੰ ਮੈਨੂੰ ਮਾਰਨਾ ਨਹੀਂ ਚਾਹੁੰਦਾ ਤਾਂ ਮੈਨੂੰ ਆਪਣੇ ਘਰ ਵਸਾ ਲੈ।”
‘ਨਹੀਂ ਕਿੱਛੋ, ਏਡੀ ਸੌਖੀ ਤੇ ਸਿੱਧੀ ਗੱਲ ਨਹੀਂ ਇਹ, ਜੇ ਪੰਜ ਸੌ ਨਾ ਲਿਆ ਹੁੰਦਾ, ਤੈਨੂੰ ਆਪੀਂ ਖਿਸਕਾ ਲੈ ਜਾਂਦਾ, ਤਾਂ ਏਉਂ ਹੋ ਸਕਦਾ ਸੀ। ਅਸਲੀ ਬਦਮਾਸ਼ਾਂ ਦਾ ਵੀ ਧਰਮ ਹੁੰਦੈ, ਤੇ ਜ਼ਿੰਦਗੀ ਵਿਚ ਮੈਂ ਜੋ ਕੁਝ ਵੀ ਬਣਿਆ ਹਾਂ, ਅਸਲੀ ਹੀ ਬਣਿਆ ਹਾਂ, ਨਕਲੀ ਨਾਲ ਮੇਰੀ ਅਣਬਣ ਹੈ। ਇਹ ਪੰਜ ਸੌ ਮੈਨੂੰ ਮੋੜਨਾ ਹੀ ਹੋਵੇਗਾ, ਤੇ ਉਹਦੇ ਨਾਲ ਹੀ ਆਪਣੇ ਦਿਲ ਦੀ ਨਵੀਂ ਬਣੀ ਦੌਲਤ, ਕਿੱਛੋ, ਵੀ ਮੋੜਨੀ ਹੋਵੇਗੀ।’
‘ਤਾਂ ਤੂੰ ਮੈਨੂੰ ਪਿਆਰ ਨਹੀਂ ਕਰਦਾ? ਤੈਨੂੰ ਮੇਰੇ ਨਾਲੋਂ ਬਦਮਾਸ਼ਾਂ ਦਾ ਧਰਮ ਹੀ ਵੱਧ ਪਿਆਰਾ ਹੋਇਆ!’ ਮੈਂ ਨਹੋਰਾ ਦੇ ਕੇ ਆਖਿਆ।
‘ਨਹੀਂ, ਨਹੀਂ, ਕਿੱਛੋ, ਤੇਰੇ ਤੇ ਮੈਂ ਜਾਨ ਵਾਰ ਸਕਦਾ ਹਾਂ। ਤੇ ਕਦੇ ਵਾਰ ਕੇ ਦੱਸਾਂਗਾ ਵੀ, ਪਰ ਇਹ ਰੁਪਈਆ ਮੈਂ ਬਦਮਾਸ਼ ਹੋਣ ਦੀ ਹੈਸੀਅਤ ਵਿਚ ਕਿਸੇ ਬਦਮਾਸ਼ ਦੇ ਰਾਹੀਂ ਲਿਆ ਸੀ। ਬਦਮਾਸ਼ ਤੂੰ ਹੁਣ ਮੈਨੂੰ ਰਹਿਣ ਨਹੀਂ ਦਿੱਤਾ। ਏਸ ਲਈ ਇਹ ਰੁਪਈਆ ਮੋੜਨਾ ਹੀ ਹੋਵੇਗਾ। ਤੇ ਤੈਨੂੰ ਵੀ ਇਕ ਵਾਰੀ ਤੇਰੇ ਕਾਨੂੰਨੀ ਵਾਰਸਾਂ ਕੋਲ ਛੱਡ ਆਉਣਾ ਹੋਵੇਗਾ। ਤੇ ਫੇਰ…
‘ਤੇ ਫੇਰ ਜਿਸ ਕੋਹਲੂ ਦੁਆਲੇ ਭੌਣ ਲਈ ਕਿੱਛੋ ਦੀ ਤਕਦੀਰ ਇਹਦੀ ਜਵਾਨੀ ਦੀਆਂ ਅੱਖਾਂ ਉਤੇ ਖੋਪੇ ਚਾੜ੍ਹ ਗਈ ਏ, ਉਸੇ ਦੇ ਦੁਆਲੇ ਉਹ ਭੌਂਦੀ ਰਹੇਗੀ, ਤੇ ਤੂੰ ਜਗੀਰਿਆ, ਡਾਕੇ ਮਾਰੀਂ, ਬੇ-ਕਸੂਰਾਂ ਨੂੰ ਕਤਲ ਕਰੀਂ, ਤੇ ਬਦਮਾਸ਼ਾਂ ਨਾਲ ਆਪਣਾ ਧਰਮ ਪਾਲਦਾ ਰਹੀਂ!’
“ਮੇਰੀਆਂ ਅੱਖਾਂ ਸਾਹਮਣੇ ਹੌਲਦਾਰ ਦੀਆਂ ਬੇਲਿਸ਼ਕ ਅੱਖਾਂ ਤੇ ਉਹਦੇ ਸ਼ਰੀਕਾਂ ਦੀਆਂ ਸੜਦੀਆਂ ਅੱਖਾਂ ਆ ਖਲੋਤੀਆਂ। ਮੈਨੂੰ ਏਸ ਤਰ੍ਹਾਂ ਆਜ਼ਿਜ਼ ਹੋਈ ਵੇਖ ਕੇ ਜਗੀਰੇ ਨੇ ਬਾਂਹ ਮੇਰੇ ਲੱਕ ਦੁਆਲੇ ਪਾ ਲਈ, ਤੇ ਤੁਹਾਨੂੰ ਕੀ ਦੱਸਾਂ, ਥਾਣੇਦਾਰ ਜੀ, ਏਸ ਆਦਮੀ ਦੀ ਬਾਂਹ ਦੀ ਛੁਹ ਵਿਚ, ਕਿਹੋ ਜਿਹੀ ਤਸੱਲੀ ਸੀ, ਤੇ ਜਦੋਂ ਅੱਖਾਂ ਭਰ ਕੇ ਓਸ ਮੇਰੇ ਵਲ ਤੱਕਿਆ ਤਾਂ ਉਹਦੇ ਮੂੰਹੋਂ ਨਿਕਲੇ ਲਫਜ਼ਾਂ ਵਿਚੋਂ ਮੈਨੂੰ ਰੱਬ ਆਪ ਬੋਲਦਾ ਜਾਪਿਆ। ਓਸ ਮੈਨੂੰ ਯਕੀਨ ਦੁਆ ਦਿੱਤਾ, ‘ਨਹੀਂ, ਕਿੱਛੋ, ਮੈਂ ਠੀਕ ਨਹੀਂ ਸੀ ਆਖਿਆ, ਕਿਸੇ ਧੜੇ-ਧਰਮ ਕਰਕੇ ਮੈਨੂੰ ਇਹ ਸੋਚ ਨਹੀਂ ਸੀ ਆਈ। ਸੋਚ ਆਈ ਤੇ ਏਸ ਡਰੋਂ ਕਿ ਰੁਪਈਆ ਦੇਣ ਵਾਲੇ ਦੁਸ਼ਮਣ ਬਣ ਜਾਣਗੇ, ਉਨ੍ਹਾਂ ਮੈਨੂੰ ਚੈਨ ਨਹੀਂ ਲੈਣ ਦੇਣਾ ਤੇ ਮੇਲੀ ਵੀ ਉਹ ਬਦਮਾਸ਼ਾਂ ਦੇ ਨੇ ਤੇ ਨਾਲੇ ਤੇਰੇ ਕੁਝ ਦਿਨਾਂ ਦੇ ਸਾਥ ਨੇ ਇਕ ਭੋਰਾ ਵੀ ਮੇਰੇ ਅੰਦਰ ਰਹਿਣ ਨਹੀਂ ਦਿੱਤਾ, ਤੇਰੀ ਥਾਂ ਜੇ ਕੋਈ ਹੋਰ ਹੁੰਦੀ ਤਾਂ ਪਤਾ ਨਹੀਂ ਮੈਂ ਕੀ ਕਰ ਬਹਿੰਦਾ।’
‘ਉਹਨੂੰ ਤੂੰ ਮਾਰ ਮੁਕਾਂਦੋਂ, ਤੇਰੀ ਕਿਰਪਾਨ ਦੀ ਧਾਰ ਬੜੀ ਤਿੱਖੀ ਏ।’ ਉਹਨੂੰ ਹੋਰ ਸ਼ਰਮਾਣ ਲਈ ਆਖਿਆ।
‘ਕਿੱਛੋ, ਮੈਨੂੰ ਬਹੁਤਾ ਨਾ ਸ਼ਰਮਾ ਤੇ ਮੈਨੂੰ ਕਹਿ ਲੈਣ ਦੇ ਜੋ ਮੇਰੇ ਦਿਲ ਵਿਚ ਆਇਐ, ਤੇ ਮਹੀਨਾ ਮੈਂ ਟੱਪਣ ਨਹੀਂ ਦੇਣਾ, ਤੈਨੂੰ ਗੱਜ-ਵੱਜ ਕੇ ਕੱਢ ਲਿਆਵਾਂਗਾ।’
‘ਕੱਢ ਲਿਆਇਓਂ ਤਾਂ ਫੇਰ ਤੈਨੂੰ ਪਛਤਾਵਾ ਨਾ ਲੱਗੂ?’
‘ਜੇ ਤੂੰ ਨਾ ਆਉਣਾ ਚਾਹੇਂ, ਤਾਂ ਇਹਨੂੰ ਮੈਂ ਕੱਢਣਾ ਨਹੀਂ, ਤੈਨੂੰ ਤੇਰੇ ਘਰ ਪੁਚਾਣਾ ਸਮਝਾਂਗਾ।’
“ਤੇ ਥਾਣੇਦਾਰ ਜੀ, ਮੇਰਾ ਰੋਮ ਰੋਮ ਉਹਨੂੰ ਆਪਣੀ ਬੇ-ਜ਼ਬਾਨੀ ਵਿਚ ਕਹਿ ਰਿਹਾ ਸੀ, ‘ਜਗੀਰਿਆ, ਜੇ ਇਕ ਹਫਤਾ ਹੋਰ ਤੂੰ ਮੈਨੂੰ ਆਪਣੇ ਕੋਲ ਰੱਖ ਲਏਂ!’ ਹਫਤੇ ਪਿਛੋਂ ਉਹ ਮੈਨੂੰ ਹੌਲਦਾਰ ਕੋਲ ਛੱਡ ਆਇਆ, ਤੇ ਰੁਪਈਆ ਵੀ ਮੋੜ ਆਇਆ। ਮੈਨੂੰ ਉਸ ਤਾਕੀਦ ਕੀਤੀ ਕਿ ਕਿਸੇ ਨੂੰ ਮੈਂ ਅਸਲੀ ਗੱਲ ਦੀ ਭਿਣਕ ਨਾ ਪੈਣ ਦੇਵਾਂ।
“ਉਹਦੇ ਬਾਅਦ ਨਵੀਂ ਹੀ ਮੁਸੀਬਤ ਖੜ੍ਹੀ ਹੋ ਗਈ। ਸ਼ਰੀਕਾਂ ਨੇ ਘੋਖ-ਘਾਖ ਕੇ ਮੈਥੋਂ ਜਾਣਨਾ ਚਾਹਿਆ ਕਿ ਮੈਨੂੰ ਅਸਲੀ ਗੱਲ ਦਾ ਪਤਾ ਸੀ ਕਿ ਨਹੀਂ। ਮੈਂ ਇਹ ਦੱਸਾਂ ਕਿ ਇਕੱਲੀ ਭਟਕਦੀ ਨੂੰ ਜਗੀਰਾ ਲੈ ਗਿਆ ਸੀ, ਕਹਿੰਦਾ ਸੀ ਉਹ ਮੈਨੂੰ ਘਰ ਪੁਚਾਅ ਆਵੇਗਾ, ਪਰ ਅੱਜ ਕਲ੍ਹ ਕਰਦਾ ਕੋਈ ਨਾ ਕੋਈ ਬਹਾਨਾ ਪਾਂਦਾ ਰਹਿੰਦਾ ਸੀ, ਓੜਕ ਰੱਬ ਕਰਾਇਆ ਤੇ ਉਹ ਮੈਨੂੰ ਏਥੇ ਛੱਡ ਗਿਆ।
“ਉਨ੍ਹਾਂ ਨੂੰ ਡਰ ਸੀ ਕਿ ਜੇ ਕਿਧਰੇ ਜਗੀਰਾ ਹੌਲਦਾਰ ਨੂੰ ਸੱਚੀ ਗੱਲ ਦੱਸ ਦੇਵੇ, ਤਾਂ ਹੌਲਦਾਰ ਗੁੱਸਾ ਖਾ ਕੇ ਬਾਕੀ ਪੰਜਾਹ ਵਿਘੇ ਵੀ ਕਿਤੇ ਬਿਲੇ ਨਾ ਲਾ ਛੱਡੇ, ਜ਼ਮੀਨ ਸਾਰੀ ਕੁਝ ਤਾਂ ਉਹਨੇ ਆਪ ਖਰੀਦੀ ਤੇ ਕੁਝ ਬਹਾਦਰੀ ਵਿਚ ਸਰਕਾਰੋਂ ਮਿਲੀ ਹੋਈ ਏ। ਮੈਨੂੰ ਉਨ੍ਹਾਂ ਦੀਆਂ ਗੱਲਾਂ ਤੋਂ ਪੂਰਾ ਪਤਾ ਲੱਗਣ ਲੱਗ ਪਿਆ ਸੀ ਕਿ ਜਿਸ ਤਰ੍ਹਾਂ ਉਹ ਮੈਨੂੰ ਮਰਵਾਣਾ ਚਾਹੁੰਦੇ ਸਨ, ਓਸੇ ਤਰ੍ਹਾਂ ਹੁਣ ਉਹ ਜਗੀਰੇ ਨੂੰ ਮਰਵਾਣ ਦੀ ਸੋਚ ਰਹੇ ਸਨ, ਤੇ ਉਹੋ ਪੰਜ ਸੌ ਰੁਪਈਆ ਉਨ੍ਹਾਂ ਬਦਮਾਸ਼ਾਂ ਦੀ ਕਿਸੇ ਹੋਰ ਢਾਣੀ ਨੂੰ ਦੇ ਦਿੱਤਾ ਏ। ਮੈਂ ਮਨ ਵਿਚ ਗੀਹਟੀਆਂ ਪਈ ਗਾਲਦੀ ਸਾਂ ਕਿਸੇ ਤਰ੍ਹਾਂ ਜਗੀਰੇ ਨੂੰ ਹੁਸ਼ਿਆਰ ਕਰ ਦਿਆਂ, ਕਿ ਤੁਹਾਡਾ ਸਿਪਾਹੀ ਮੈਨੂੰ ਲੈਣ ਆ ਗਿਆ। ਮੈਂ ਆਪਣੇ ਆਪ ਨੂੰ ਬੜਾ ਕੋਸਿਆ। ਹੁਣ ਮੈਂ ਮਰਦੀ ਜਾਨੀ ਆਂ ਕਿ ਓਸ ਮੇਰੀ ਜਾਨ ਬਖਸ਼ੀ, ਮੈਂ ਉਹਦੀ ਜਾਨ ਬਚਾਣ ਲਈ ਕੁਝ ਨਾ ਕੀਤਾ। ਥਾਣੇਦਾਰ ਜੀ, ਮੈਂ ਤੁਹਾਡੇ ਪੈਰੀਂ ਪੈਂਦੀ ਹਾਂ, ਜਿਵੇਂ ਹੁੰਦਾ, ਜਗੀਰੇ ਨੂੰ ਬਚਾਅ ਲਵੋ, ਮੈਂ ਪੰਜਾਹ ਵਿਘੇ ਉਨ੍ਹਾਂ ਦੇ ਉਨ੍ਹਾਂ ਨੂੰ ਮੋੜ ਦੇਵਾਂਗੀ, ਨਹੀਂ ਤਾਂ ਜਗੀਰੇ ਦੇ ਨਾਲ ਮਰ ਜਾਵਾਂਗੀ।”
“ਜਗੀਰੇ ਦੇ ਬਚਣ ਦੀ ਆਸ ਹੈ ਵੇ। ਡਾਕਟਰ ਆਂਹਦਾ ਸੀ, ਪਰ ਇਹ ਗੱਲ ਏਡੀ ਸਿੱਧੀ ਨਹੀਓਂ ਕਿ ਤੇਰੇ ਪੰਜਾਹ ਵਿਘੇ ਛੱਡ ਦਿੱਤਿਆਂ ਨਿੱਬੜ ਜਾਵੇ। ਤੇਰੇ ਬਿਆਨ ਮੁਤਾਬਕ ਹੁਣ ਮੈਨੂੰ ਸਭਨਾਂ ਦਾ ਚਲਾਨ ਕਰਨਾ ਪਊ, ਬੜਾ ਵੱਡਾ ਮੁਕੱਦਮਾ ਚੱਲੂ। ਤੇਰੀ, ਤੇਰੇ ਹੌਲਦਾਰ ਤੇ ਉਹਦੇ ਸਭ ਸ਼ਰੀਕਾਂ ਦੀਆਂ ਜ਼ਮਾਨਤਾਂ ਮੈਨੂੰ ਲੈਣੀਆਂ ਹੋਣਗੀਆਂ।”
“ਜੋ ਚਾਹੋ, ਥਾਣੇਦਾਰ ਜੀ, ਕਰ ਲਵੋ। ਪਰ ਮੈਨੂੰ ਹਸਪਤਾਲ ਵਿਚ ਜਗੀਰੇ ਕੋਲ ਰਹਿ ਲੈਣ ਦਿਓ, ਜੇ ਮੈਂ ਉਹਨੂੰ ਆਪਣੀ ਦੁਨੀਆਂ ਵਿਚ ਨਾ ਰੱਖ ਸਕੀ, ਤਾਂ ਉਹਦੇ ਨਾਲ ਜਾਣ ਦੀ ਤਿਆਰੀ ਕਰਦੀ ਰਹਾਂਗੀ।”
“ਇਹ ਗੱਲ ਕੀਕਰ ਹੋਵੇ, ਤੈਨੂੰ ਆਪਣੇ ਖੌਂਦ ਨਾਲ ਹੀ ਜਾਣਾ ਪਵੇਗਾ।”
“ਨਹੀਂ, ਨਹੀਂ, ਥਾਣੇਦਾਰ ਜੀ, ਉਹਦੇ ਘਰ ਹੁਣ ਕਦੀਏ ਕਾਲ ਮੈਂ ਜਾਣਾ ਨਹੀਂ, ਮੈਂ ਏਥੇ ਤੁਹਾਡੀ ਹਵਾਲਾਤ ਵਿਚ ਰਹਿਣਾ ਮਨਜ਼ੂਰ ਕਰਾਂਗੀ। ਇਕ ਵਾਰੀ ਉਨ੍ਹਾਂ ਵੈਰੀਆਂ ਦੇ ਹੱਥੋਂ ਮੈਂ ਬਚ ਨਿਕਲੀ, ਫੇਰ ਹੁਣ ਮੈਂ ਮੌਤ ਦੇ ਮੂੰਹ ਪੈਣਾ ਨਹੀਂ।”
ਥਾਣੇਦਾਰ ਸੋਚਣ ਲੱਗ ਪਿਆ। ਸੀ ਉਹ ਦਿਲ ਵਾਲਾ ਅਫਸਰ। ਗੱਲ ਵੀ ਕਿੱਛੋ ਦੀ ਠੀਕ ਸੀ। ਸਾਰਿਆਂ ਦਾ ਚਲਾਨ ਕਰ ਕੇ ਉਸ ਉਨ੍ਹਾਂ ਨੂੰ ਹਵਾਲਾਤ ਦੇ ਦਿੱਤਾ ਤੇ ਕਿੱਛੋ ਨੂੰ ਉਹ ਆਪ ਹਵਾਲਾਤ ਵਿਚ ਲੈ ਗਿਆ। ਕਿਛੋ ਦੀ ਗੱਲ ਮੈਜਿਸਟਰੇਟ ਦੇ ਦਿਲ ਵੀ ਲੱਗ ਗਈ ਕਿ ਉਹ ਆਪਣੇ ਵਾਰਸਾਂ ਕੋਲ ਜਾਣੋਂ ਇਨਕਾਰ ਦਾ ਹੱਕ ਰੱਖਦੀ ਸੀ। ਉਹਨੂੰ ਸਰਕਾਰੀ ਨਿਗਰਾਨੀ ਵਿਚ ਰੱਖੇ ਜਾਣ ਦਾ ਹੁਕਮ ਮਿਲ ਗਿਆ। ਉਹਦੀ ਸੂਰਤ, ਉਹਦਾ ਬੋਲ, ਤੇ ਉਹਦੀ ਜਾਨ ਬਖਸ਼ਣ ਵਾਲੇ ਜਗੀਰੇ ਲਈ ਉਹਦੀ ਵਫਾ, ਉਹਦੀਆਂ ਅਮੋੜ ਸਿਫਾਰਸ਼ਾਂ ਸਨ। ਥਾਣੇਦਾਰ ਤੇ ਮੈਜਿਸਟਰੇਟ ਦੋਵੇਂ ਉਹਦੀ ਹਮਾਇਤ ਵਿਚ ਹੋ ਗਏ।
ਜਗੀਰੇ ਨੂੰ ਦੋ ਦਿਨ ਵੱਡੇ ਹਸਪਤਾਲ ਵਿਚ ਰੱਖ ਕੇ ਥਾਣੇਦਾਰ ਨੇ ਉਹਨੂੰ ਪੁਲਿਸ ਹਵਾਲਾਤ ਵਿਚ ਮੰਗਾ ਲਿਆ। ਹਸਪਤਾਲ ਵਿਚ ਉਹਦਾ ਕਮਰਾ ਜਗੀਰੇ ਤੇ ਕਿੱਛੋ ਦੀ ਹਵਾਲਾਤ ਬਣ ਗਈ। ਬਾਹਰ ਸੰਤਰੀ ਦਾ ਪਹਿਰਾ ਲੱਗ ਗਿਆ।
‘ਮੇਰੀ ਜਿੰਦ ਜਗੀਰੇ ਦੀ ਮੁੱਠੀ ਵਿਚ ਸੀ, ਜ਼ਰਾ ਕੁ ਮੁੱਠ ਉਹ ਘੁੱਟ ਲੈਂਦਾ, ਮੇਰੀ ਹਸਤੀ ਮੁੱਕ ਜਾਣੀ ਸੀ। ਜਗੀਰੇ ਨੇ ਮੁੱਠ ਘੁਟਣ ਦੀ ਥਾਂ ਚੌੜੀ ਖੋਲ੍ਹ ਦਿੱਤੀ। ਮੈਂ ਅਜੇ ਜਿਉਂਦਿਆਂ ਵਿਚ ਹਾਂ।’ ਕਿੱਛੋ ਜਗੀਰੇ ਦੇ ਸੁੱਤੇ ਹੋਏ ਮੂੰਹ ਵਲ ਵੇਖਦਿਆਂ ਸੋਚਦੀ। ਤੇ ਇਕਦਮ ਉਹਦੇ ਅੰਦਰੋਂ ਇਰਾਦਾ ਉਠਦਾ, ‘ਜਗੀਰਾ ਏਸ ਵੇਲੇ ਮੌਤ ਦੇ ਮੂੰਹ ਵਿਚ ਏ, ਏਸ ਮੂੰਹ ਵਿਚ ਜੋ ਧਰਿਆ ਜਾ ਸਕਦੈ ਮੈਂ ਧਰਾਂਗੀ। ਦਿਨ-ਰਾਤ ਜਾਗਦੀ ਆਪਣੀ ਸੇਵਾ ਧਰਾਂਗੀ ਤੇ ਲੋੜ ਪਈ ਤਾਂ ਆਪਣੀ ਜਿੰਦ ਵੀ ਏਸੇ ਮੂੰਹ ਵਿਚ ਧਰ ਦਿਆਂਗੀ, ਪਰ ਏਸ ਮੌਤ-ਮੂੰਹ ਨੂੰ ਮੈਂ ਆਪਣੇ ਜਗੀਰੇ ਦੀ ਇਕੱਲੀ ਜਿੰਦ ਉਤੇ ਮੀਟੇ ਜਾਣ ਨਹੀਂ ਦੇਣਾ।’
ਕਈ ਮਹੀਨਿਆਂ ਬਾਅਦ ਉਨ੍ਹਾਂ ਦੀ ਆਖਰੀ ਪੇਸ਼ੀ ਅਦਾਲਤ ਵਿਚ ਹੋ ਰਹੀ ਸੀ।
“ਜਗੀਰਿਆ, ਜੇ ਅਦਾਲਤ ਨੇ ਅਖੀਰ ਮੈਨੂੰ ਮੇਰੇ ਕਾਨੂੰਨੀ ਵਾਰਸਾਂ ਕੋਲ ਹੀ ਮੋੜ ਦਿੱਤਾ?” ਚਿੰਤਾ ਦੀ ਮੂਰਤ ਬਣੀ ਕਿੱਛੋ ਜਗੀਰੇ ਨੂੰ ਕਹਿ ਰਹੀ ਸੀ।
“ਕਿੱਛੋ ਦਾ ਵਾਰਸ ਮੈਂ ਹਾਂ… ਹੋਰ ਕੌਣ ਹੋ ਸਕਦਾ ਏ? ਮੌਤ ਵਾਰਸ ਨਹੀਂ ਹੋ ਸਕਦੀ, ਜ਼ਿੰਦਗੀ ਹੀ ਵਿਰਸੇ ਉਤੇ ਦਾਅਵਾ ਕਰ ਸਕਦੀ ਏ। ਤੇਰੇ ਕਾਨੂੰਨੀ ਵਾਰਸਾਂ ਤੈਨੂੰ ਮਰਵਾਅ ਛੱਡਿਆ ਹੋਇਐ… ਉਹ ਤੇਰੀ ਮੌਤ ਨੇ, ਮੈਂ ਤੇਰੀ ਜ਼ਿੰਦਗੀ ਹਾਂ… ਕੋਈ ਅਦਾਲਤ ਮੇਰਾ ਵਿਰਸਾ ਮੈਥੋਂ ਨਹੀਂ ਖੋਹ ਸਕਦੀ, ਜੇ ਤੂੰ…।”
“ਜੇ ਤੂੰ… ਜਗੀਰਿਆ, ਕੀ? … ਤੂੰ ਹੁਕਮ ਕਰ!” ਉਤਸੁਕ ਹੋ ਕੇ ਕਿੱਛੋ ਨੇ ਪੁੱਛਿਆ।
“ਉਹ ਮੈਂ ਆਪਣੇ ਮੂੰਹੋਂ ਨਹੀਂ ਕੱਢ ਸਕਦਾ, ਕਿੱਛੋ ਨੂੰ ਆਪ ਹੀ ਸਮਝਣਾ ਹੋਵੇਗਾ।”
ਜਗੀਰਾ ਆਸ਼ਕਾਨਾ ਆਜ਼ਿਜ਼ੀ ਦੀ ਤਸਵੀਰ ਬਣਿਆ ਖਲੋਤਾ ਸੀ, ਆਪਣੇ ਬੁੱਲ੍ਹ ਉਤੇ ਆਪਣੇ ਲਫਜ਼ ਹਟਕੋਰੇ ਲੈ ਲੈ ਪਏ ਅਟਕਦੇ ਨੇ, ਉਹਦੇ ਬੁੱਲ੍ਹਾਂ ਉਤੇ ਆਪਣੀ ਤਕਦੀਰ ਦਾ ਫੈਸਲਾ ਸੁਣਨ ਲਈ ਅੱਖਾਂ ਬੇ-ਝਮਕ ਗੱਡੀਆਂ ਜਾਂਦੀਆਂ ਨੇ, ਗੱਲ੍ਹਾਂ ਉਤੇ ਇਕ ਰੰਗ ਆਉਂਦਾ ਤੇ ਦੂਜਾ ਜਾਂਦਾ ਏ। ਮਜ਼ਬੂਤ ਤੋਂ ਮਜ਼ਬੂਤ ਦਿਲ ਵੀ ਬੇਕਰਾਰ ਹੋ ਕੇ ਆਪਣੀ ਹਿੱਕ ਦੀਆਂ ਕੰਧਾਂ ਨਾਲ ਧਕ ਧਕ ਪਿਆ ਕਰਦਾ ਏ।
ਫੌਰੀ ਹੁੰਗਾਰਾ ਮੰਗਦੀਆਂ ਜਗੀਰੇ ਦੀਆਂ ਅੱਖਾਂ ਵਿਚ ਉਹਦੀ ਪਿਆਰ-ਸਿੱਕ ਵੇਖ ਕੇ ਕਿੱਛੋ ਕੋਲੋਂ ਰਿਹਾ ਨਾ ਗਿਆ, ਤੇ ਭਰੀ ਅਦਾਲਤ ਵਿਚ ਸਿਪਾਹੀਆਂ, ਗਵਾਹਾਂ, ਸ਼ਰੀਕਾਂ ਦੇ ਸਾਹਮਣੇ ਓਸ ਨੇ ਜਗੀਰੇ ਦੀ ਉਸ ਬਾਂਹ ਦੇ ਟੁੰਡ ਨੂੰ ਚੁੰਮ ਕੇ ਛਾਤੀ ਉਤੇ ਧਰ ਲਿਆ, ਜਿਸ ਬਾਂਹ ਨਾਲੋਂ ਹੱਥ ਕੱਟਿਆ ਜਾ ਚੁੱਕਾ ਸੀ।