ਜ਼ਰਾ ਧਿਆਨ ਦਿਉ

ਬਲਜੀਤ ਬਾਸੀ
ਆਮ ਤੌਰ ‘ਤੇ ਗਹੁ ਨਾਲ ਕੋਈ ਕੰਮ ਕਰਨ ਦੀ ਕ੍ਰਿਆ ਧਿਆਨ ਕਹਾਉਂਦੀ ਹੈ। ਇਸ ਕ੍ਰਿਆ ਵਿਚ ਸੁਰਤ ਹਥਲੇ ਕੰਮ ਵੱਲ ਕੇਂਦ੍ਰਿਤ ਹੁੰਦੀ ਹੈ। ਅਸੀਂ ਕਹਿੰਦੇ ਹਾਂ, ‘ਧਿਆਨ ਨਾਲ ਕੰਮ ਕਰ।’ ਇਸ ਤਰ੍ਹਾਂ ਕੀਤੇ ਕੰਮ ਵਿਚ ਸੁਰਤੀ ਉਖੜਦੀ ਨਹੀਂ ਤੇ ਗਲਤੀਆਂ ਘਟ ਹੋਣ ਦੀ ਗੁੰਜਾਇਸ਼ ਹੁੰਦੀ ਹੈ। ਧਿਆਨ ਦੌਰਾਨ ਸਾਡੀਆਂ ਸਾਰੀਆਂ ਜਾਂ ਕੁਝ ਗਿਆਨ ਇੰਦਰੀਆਂ ਆਪਣੇ ਸਰੋਕਾਰ ਨਾਲ ਜੁੜੀਆਂ ਹੁੰਦੀਆਂ ਹਨ।

ਕੇਵਲ ਇੱਕ ਇੰਦਰੀ ਨੂੰ ਟਿਕਾਣੇ ‘ਤੇ ਲਾਉਣ ਲਈ ਵੀ ਅਸੀਂ ਧਿਆਨ ਸ਼ਬਦ ਦੀ ਵਰਤੋਂ ਕਰਦੇ ਹਾਂ, ਜਿਵੇਂ ‘ਧਿਆਨ ਨਾਲ ਸੁਣ’, ‘ਧਿਆਨ ਨਾਲ ਦੇਖ।’ ਉਂਜ ‘ਧਿਆਨ ਨਾਲ ਸੁੰਘ’ ਕਦੇ ਘਟ ਹੀ ਕਿਹਾ ਜਾਂਦਾ ਹੈ, ਕਹਿ ਦੇਵੋ ਤਾਂ ਗਲਤ ਵੀ ਨਹੀਂ। ਬੁੱਲੇ ਸ਼ਾਹ ਦੀ ਇੱਕ ਮਸ਼ਹੂਰ ਕਾਫੀ ਵਿਚ ਇਸ ਸ਼ਬਦ ਤੋਂ ਗਹਿਰੇ ਸੰਕੇਤ ਮਿਲਦੇ ਹਨ,
ਕਰ ਮਾਣ ਨਾ ਹੁਸਨ ਜਵਾਨੀ ਦਾ,
ਪਰਦੇਸ ਨਾ ਰਹਿਣ ਸੈਲਾਨੀ ਦਾ।
ਕੋਈ ਦੁਨੀਆਂ ਝੂਠੀ ਫਾਨੀ ਦਾ,
ਨਾ ਰਹਿਸੀ ਨਾਮ ਨਿਸ਼ਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਬੁੱਲੇ ਸ਼ਾਹ ਨੇ ਕੁਆਰੀ ਕੁੜੀ ਨੂੰ ਕੱਤਣ ਵੱਲ ਧਿਆਨ ਕਰਨ ਦੀ ਸਲਾਹ ਦਿੱਤੀ ਹੈ। ਕੁੜੀ ਦਾ ਕੱਤਣਾ ਉਸ ਦੀ ਕਮਾਈ ਹੈ, ਜਿਸ ਨਾਲ ਉਸ ਦੀ ਸਹੁਰੇ ਘਰ ਵਿਚ ਪੁੱਛ ਪ੍ਰਤੀਤ ਹੋਵੇਗੀ। ਇਸ ਦੇ ਅਧਿਆਤਮਕ ਅਰਥ ਹਨ। ਜਿਉਂਦੇ ਜੀਅ ਰੱਬ ਵੱਲ ਧਿਆਨ ਦੇਣ ਨਾਲ ਹੀ ਮਨੁੱਖ ਦੀ ਇਸ ਅੰਤਿਮ ਮੰਜ਼ਿਲ ਤਕ ਪੁੱਜਿਆ ਜਾ ਸਕਦਾ ਹੈ।
ਧਰਮ ਮਨੁੱਖ ਨੂੰ ਮੋਹ ਮਾਇਆ ਤੋਂ ਨਿਰਲੇਪ ਹੋ ਕੇ ਆਪਣੇ ਇਸ਼ਟ ਵੱਲ ਸੁਰਤ ਟਿਕਾਉਣ ਦਾ ਉਪਦੇਸ਼ ਦਿੰਦਾ ਹੈ। ਇਸ ਲਈ ਅਧਿਆਤਮਕ ਖੇਤਰ ਵਿਚ ਧਿਆਨ ਇਕ ਅਹਿਮ ਪਦ ਬਣਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਖੂਬ ਵਰਤੋਂ ਹੋਈ ਹੈ, ‘ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥’ (ਗੁਰੂ ਨਾਨਕ ਦੇਵ); ‘ਮਨ ਆਠ ਪਹਰ ਕਰਿ ਤਿਸ ਕਾ ਧਿਆਨ॥’ (ਗੁਰੂ ਅਰਜਨ ਦੇਵ)। ਇੰਜ ਧਿਆਨ ਇਕ ਤਰ੍ਹਾਂ ਇਕਾਗਰ ਹੋ ਕੇ ਕੀਤਾ ਸਿਮਰਨ ਵੀ ਹੈ। ਨਿਹਕੇਵਲ ਰੂਪ ਵਿਚ ਧਿਆਨ ਬਾਹਰੀ ਇੰਦਰੀਆਂ ਦੀ ਵਰਤੋਂ ਤੋਂ ਬਿਨਾ ਹੀ ਮਨ ਨੂੰ ਆਪਣੇ ਅੰਦਰ ਲਾਉਣ ਦੀ ਕ੍ਰਿਆ ਹੈ। ਗੁਰੂਆਂ ਨੇ ਗਿਆਨ ਧਿਆਨ ਸ਼ਬਦ ਜੁੱਟ ਬਹੁਤ ਵਾਰੀ ਵਰਤਿਆ ਹੈ, ‘ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ॥’ (ਗੁਰੂ ਨਾਨਕ ਦੇਵ)। ਇਸ ਦਾ ਇੱਕ ਰੂਪ ‘ਧਯਾਨੰ’ ਜਿਹਾ ਵੀ ਮਿਲਦਾ ਹੈ, ‘ਹਰਿ ਚਰਣ ਕਮਲ ਧਯਾਨੰ ਨਾਨਕ ਕੁਲ ਸਮੂਹ ਉਧਾਰਣਹ॥’ (ਗੁਰੂ ਅਰਜਨ ਦੇਵ)। ਧਿਆਨਾ, ਧਿਆਨ ਚੰਦ, ਧਿਆਨ ਸਿੰਘ ਆਦਿ ਵਿਅਕਤੀ ਨਾਂ ਵੀ ਚਲਦੇ ਹਨ।
ਯੋਗ ਵਿਚ ਧਿਆਨ ਇੱਕ ਵਿਸ਼ੇਸ਼ ਮਾਨਸਿਕ ਅਵਸਥਾ ਹੈ। ਯੋਗ ਦੇ ਅੱਠ ਅੰਗਾਂ ਵਿਚੋਂ ਧਿਆਨ ਸੱਤਵਾਂ ਅੰਗ ਹੈ, ਜੋ ਧਾਰਣਾ ਅਤੇ ਸਮਾਧੀ ਦੇ ਵਿਚਕਾਰ ਦੀ ਅਵਸਥਾ ਹੈ। ਜਦ ਯੋਗੀ ਚਿੱਤ ਦੀਆਂ ਬਿਰਤੀਆਂ ਤੇ ਅਧਿਕਾਰ ਪ੍ਰਾਪਤ ਕਰ ਲੈਂਦਾ ਹੈ ਤਾਂ ਉਨ੍ਹਾਂ ਨੂੰ ਸਭ ਪਾਸਿਓਂ ਹਟਾ ਕੇ ਨਾਭੀ ਦੇ ਕਿਸੇ ਸਥਾਨ ‘ਤੇ ਲਾ ਦਿੰਦਾ ਹੈ। ਇਸ ਨੂੰ ਧਾਰਨਾ ਕਹਿੰਦੇ ਹਨ। ਧਾਰਨਾ ਪੱਕਣ Ḕਤੇ ਧਿਆਨ ਦੀ ਪ੍ਰਾਪਤੀ ਹੁੰਦੀ ਹੈ। ਧਿਆਨ ਦੀ ਉਚੀ ਅਵਸਥਾ ਹੀ ਸਮਾਧੀ ਹੈ ਅਰਥਾਤ ਧਿਆਤਾ (ਧਿਆਨਹਾਰ) ਧਯੇਯ ਨਾਲ ਇੱਕਮਿੱਕ ਹੋ ਜਾਂਦਾ ਹੈ। ਬੁਧ ਅਤੇ ਜੈਨ ਧਰਮ ਵਿਚ ਵੀ ਧਿਆਨ ਇੱਕ ਵਿਸ਼ੇਸ਼ ਅੰਗ ਹੈ। ਗੁਰਬਾਣੀ ਅਜਿਹੇ ਪਰਪੰਚ ਨੂੰ ਬਾਹਰੀ ਭੇਖ ਹੀ ਮੰਨਦੀ ਹੈ, ‘ਨਾ ਮੈ ਜੋਗ ਧਿਆਨ ਚਿਤੁ ਲਾਇਆ ਬਿਨੁ ਬੈਰਾਗ ਨ ਛੂਟਸਿ ਮਾਇਆ॥’ (ਭਗਤ ਕਬੀਰ)
ਧਿਆਨ ਸ਼ਬਦ ਸੰਸਕ੍ਰਿਤ ਵਲੋਂ ਹੈ। ਇਸ ਦਾ ਧਾਤੂ ਹੈ, ‘ਧਯੈ’ ਜਿਸ ਵਿਚ ਸੋਚਣ, ਵਿਚਾਰਨ, ਯਾਦ ਰੱਖਣ ਆਦਿ ਦੇ ਭਾਵ ਹਨ। ਕਿਸੇ ਵਿਸ਼ੇ ‘ਤੇ ਮਨ ਚਿੱਤ ਟਿਕਾਉਣ ਨਾਲ ਹੀ ਸੋਚਿਆ ਵਿਚਾਰਿਆ ਜਾਂ ਯਾਦ ਰੱਖਿਆ ਜਾਂਦਾ ਹੈ। ਇਸ ਲਈ ਇਸ ਧਾਤੂ ਵਿਚ ਮੁੱਖ ਭਾਵ (ਮਨ) ਟਿਕਾਉਣ ਦਾ ਹੀ ਹੋ ਸਕਦਾ ਹੈ। ਇਸ ਧਾਤੂ ਤੋਂ ਧਿਆਉਣਾ ਕ੍ਰਿਆ ਬਣਦੀ ਹੈ, ਜਿਸ ਦਾ ਅਰਥ ਵੀ ਧਿਆਨ ਦੇਣਾ ਹੀ ਹੈ ਪਰ ਇਹ ਸ਼ਬਦ ਆਮ ਤੌਰ ‘ਤੇ ਅਧਿਆਤਮਕ ਪ੍ਰਸੰਗ ਵਿਚ ਹੀ ਵਰਤਿਆ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦੇ ਅਨੇਕਾਂ ਰੁਪਾਂਤਰ ਜਾਂ ਭੇਦ ਮਿਲਦੇ ਹਨ, ਜਿਵੇਂ ਧਿਅਈਐ, ਧਿਆਉ, ਧਿਆਇ, ਧਿਆਇਓ, ਧਿਆਇਆ, ਧਿਆਇਐ, ਧਿਆਇਸਾ, ਧਿਆਇਸੀ, ਧਿਆਇਹੁ, ਧਿਆਇਣਾ, ਧਿਆਇਥਈ, ਧਿਆਇਦਾ, ਧਿਆਇਦਿਆ, ਧਿਆਇਦੀ, ਧਿਆਇਦੇ, ਧਿਆਇਨਿ। ‘ਧਿਆਇ ਧਿਆਇ ਭਗਤਹਿ ਸੁਖ ਪਾਇਆ॥’ (ਗੁਰੂ ਅਰਜਨ ਦੇਵ)। ਇਸ ਤੋਂ ਹੀ ਆਧਿ ਸ਼ਬਦ ਬਣਦਾ ਹੈ, ਜਿਸ ਦਾ ਅਰਥ ਮਨ ਦਾ ਦੁਖ, ਚਿੰਤਾ, ਫਿਕਰ ਹੈ, ‘ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ॥’ (ਗੁਰੂ ਅਰਜਨ ਦੇਵ)। ਧਿਆਨ ਦੇ ਅੱਗੇ ‘ਬੇ’ ਅਗੇਤਰ ਲੱਗ ਕੇ ਬੇਧਿਆਨੀ ਸ਼ਬਦ ਬਣਦਾ ਹੈ ਅਤੇ ਯੋਗ ਪਿਛੇਤਰ ਲੱਗ ਕੇ ਧਿਆਨਯੋਗ। ਧਿਆਨ ਸ਼ਬਦ ਧਿਆਨ ਧਰਨਾ, ਧਿਆਨ ਦੇਣਾ, ਧਿਆਨ ਲਾਉਣਾ ਆਦਿ ਉਕਤੀਆਂ ਰਾਹੀਂ ਵਰਤਿਆ ਜਾਂਦਾ ਹੈ।
ਧਯੈ ਦੇ ਅੱਗੇ ‘ਨਿ’ ਅਗੇਤਰ ਲੱਗ ਕੇ ਸੰਸਕ੍ਰਿਤ ਸ਼ਬਦ ਬਣਦਾ ਹੈ-ਨਿਧਾਯ, ਜਿਸ ਦਾ ਅਰਥ ਧਿਆਨ ਨਾਲ ਦੇਖਣਾ ਹੈ। ਇਸ ਦਾ ਪ੍ਰਾਕ੍ਰਿਤ ਰੂਪ ਹੈ, ਣਿੱਝਾ ਅਤੇ ਪਾਲੀ ਨਿੱਝਾ। ਪੰਜਾਬੀ ਨੀਝ ਇਹੋ ਹੈ। ਸੋਹਣੀ ਹਾਸ਼ਮ ਦੇਖੋ,
ਹਿਕਮਤਿ ਨਾਲ ਜਹਾਨੋਂ ਬਚਦਾ
ਕਰਿ ਕਰਿ ਲਖ ਬਹਾਨੇ।
ਨੀਵੀਂ ਧੌਣ ਚੁਰਾਵੇ ਨਜ਼ਰੇ
ਰਖਦਾ ਨੀਝ ਨਿਸ਼ਾਨੇ।
ਦੇਖਣ ਨੈਣ ਬਚਾਵਣ ਨਾਲੇ
ਲੱਖਾਂ ਨੈਣ ਬਿਗਾਨੇ।
ਹਾਸ਼ਮ ਆਸ਼ਕ ਹੋਣ ਨਿਆਰੇ
ਦਿਸਣ ਨਾਲ ਦਿਵਾਨੇ।
ਧਿਆਨ ਸ਼ਬਦ ਦਾ ਪਾਲੀ ਰੂਪ ਝਾਂਨ ਜਿਹਾ ਹੈ। ਅਸੀਂ ਜਾਣਦੇ ਹਾਂ ਕਿ ਬੁਧ ਧਰਮ ਤਿੱਬਤ, ਚੀਨ, ਕੋਰੀਆ, ਬਰਮਾ, ਵੀਅਤਨਾਮ ਅਤੇ ਜਾਪਾਨ ਵਿਚ ਖੂਬ ਫੈਲਿਆ। ਧਿਆਨ ਜਾਂ ਝਾਂਨ ਸ਼ਬਦ ਬੁਧ ਧਰਮ ਦਾ ਇਕ ਵਿਸ਼ੇਸ਼ ਪਦ ਹੋਣ ਕਾਰਨ ਇਨ੍ਹਾਂ ਦੇਸ਼ਾਂ ਦੀਆਂ ਭਾਸ਼ਾਵਾਂ ਵਿਚ ਵੀ ਗਿਆ ਪਰ ਬਦਲੇ ਹੋਏ ਰੂਪ ਵਿਚ। ਕੋਈ 7ਵੀਂ-8ਵੀਂ ਸਦੀ ਵਿਚ ਤਾਂਗ ਵੰਸ਼ ਦੇ ਕਾਲ ਵਿਚ ਬੁਧ ਧਰਮ ਦੀ ਮਹਾਯਾਨ ਸ਼ਾਖਾ ਚੀਨ ਵਿਚ ਜਾ ਪੁੱਜੀ। ਇਥੇ ਇਸ ਧਰਮ ਨੂੰ ‘ਚਾਨ’ ਵਜੋਂ ਜਾਣਿਆ ਜਾਣ ਲੱਗਾ। ਇਹ ਤਾਓਵਾਦ ਦੇ ਅੰਸ਼ਾਂ ਨਾਲ ਭਰਪੂਰ ਹੈ, ਜੋ ਸਮਝੋ ਇਕ ਵੱਖਰਾ ਹੀ ਪੰਥ ਹੋ ਨਿਬੜਿਆ।
ਚੀਨ ਤੋਂ ਇਹ ਪੰਥ ਵੀਅਤਨਾਮ ਪੁੱਜਾ ਤਾਂ ਥੀਏਨ ਵਜੋਂ ਜਾਣਿਆ ਜਾਣ ਲੱਗਾ। ਹੋਰ ਅੱਗੇ ਕੋਰੀਆ ਜਾ ਕੇ ਇਸ ਧਰਮ ਨੇ ਆਪਣੀ ਭਾਸ਼ਾ ਦੇ ਅਨੁਕੂਲ ‘ਸਿਓਨ/ਸੋਨ’ ਜਿਹਾ ਨਾਂ ਧਾਰ ਲਿਆ ਤੇ ਜਾਪਾਨ ਜਾ ਕੇ ਜ਼ੈਨ (ਢeਨ) ਕਿਹਾ ਜਾਣ ਲੱਗਾ। ਅੱਜ ਦੁਨੀਆਂ ਭਰ ਵਿਚ ਮਹਾਯਾਨ ਬੁਧ ਧਰਮ ਦੀ ਇੱਕ ਸ਼ਾਖਾ ਵਜੋਂ ਜ਼ੈਨ ਪੰਥ ਖੂਬ ਪ੍ਰਚਲਿਤ ਹੈ ਪਰ ਸ਼ਾਇਦ ਘਟ ਹੀ ਕੋਈ ਜਾਣਦਾ ਹੈ ਕਿ ਇਹ ਸ਼ਬਦ ਮਧ ਚੀਨੀ ਚਾਨ ਤੇ ਅੱਗੇ ਭਾਰਤੀ ਧਿਆਨ ਨਾਲ ਨਿਰੁਕਤਕ ਸਬੰਧ ਰਖਦਾ ਹੈ।
ਜ਼ੈਨ ਧਰਮ ਵਿਚ ਸਵੈ-ਨਿਯੰਤਰਣ ਅਤੇ ਸਮਾਧੀ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਧਰਮ ਵਿਚ ਸੂਤਰਾਂ ਆਦਿ ਦੇ ਗੂੜ੍ਹ ਗਿਆਨ ਨੂੰ ਛੱਡ ਕੇ ਸਮਾਧੀ ਰਾਹੀਂ ਸਿਧਿਆਂ ਹੀ ਨਿਰਵਾਣ ਦੀ ਪ੍ਰਾਪਤੀ ਦਾ ਮਾਰਗ ਦਰਸਾਇਆ ਗਿਆ ਹੈ। ਇਸ ਤਰ੍ਹਾਂ ਜ਼ੈਨ ਇੱਕ ਕੱਟੜ ਸਿਧਾਂਤ ਨਾ ਹੋ ਕੇ ਨਿੱਜੀ ਅਨੁਭਵ ਹੈ।