ਹੱਥਾਂ ਦੀ ਜ਼ੁੰਬਿਸ਼ ਦਾ ਜਲੌਅ

ਕਿਰਤ ਦੀ ਮੋਹ-ਮੁਹੱਬਤ ਲਈ ਜੁੜੇ ਜਿਉੜਿਆਂ ਦੀ ਤਹਿਰੀਰੀ ਪਰਵਾਜ਼
ਸੰਜਮ ਪ੍ਰੀਤ ਸਿੰਘ
ਫੋਨ: +91-98720-21979
ਪੰਜਾਬੀ ਵਿਚ ਪ੍ਰਚਲਿਤ ਹੋਇਆ ‘ਕਿਰਤ’ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਕ੍ਰਿਤ’ ਜਾਂ ‘ਕ੍ਰਿਤੀ’ ਤੋਂ ਮੌਲਿਆ ਹੈ। ਇਸ ਦਾ ਭਾਵ ਕੋਈ ਘਾੜਤ, ਸਿਰਜਣਾ, ਰਚਨਾ, ਜੰਮਣਾ ਆਦਿ ਹੈ। ਗੁਰੂ ਨਾਨਕ ਨੇ ਮਨੁੱਖੀ ਜੀਵਨ ਲਈ ਜਿਹੜੇ ਤਿੰਨ ਉਪਦੇਸ਼ ਦਿੱਤੇ, ਉਨ੍ਹਾਂ ਵਿਚ ਸਭ ਤੋਂ ਪਹਿਲਾ ‘ਕਿਰਤ ਕਰੋ’ (ਕਿਰਤ ਕਰੋ, ਨਾਮ ਜਪੋ, ਵੰਡ ਛਕੋ) ਸੀ।
1876 ਵਿਚ ਫ੍ਰੈਡਰਿਕ ਐਂਗਲਜ਼ ਨੇ ਆਪਣੇ ਲੰਮੇ ਲੇਖ ‘ਦਿ ਪਾਰਟ ਪਲੇਅਡ ਬਾਈ ਲੇਬਰ ਇਨ ਦਿ ਟ੍ਰਾਂਜ਼ੀਸ਼ਨ ਫਰਾਮ ਏਪ ਟੂ ਮੈਨ’ ਵਿਚ ਲਿਖਿਆ, “ਕਰ (ਹੱਥ) ਕਿਰਤ ਲਈ ਮਹਿਜ ਸਬੱਬ ਨਹੀਂ ਬਣਦੇ, ਇਹ ਸਗੋਂ ਕਿਰਤ ਦਾ ਫਲ ਹਨ।”

ਇਉਂ ਜਰਮਨੀ ਦੇ ਇਸ ਸੰਸਾਰ ਪ੍ਰਸਿੱਧ ਵਿਦਵਾਨ ਨੇ ਬੰਦੇ ਦੇ ਦਿਮਾਗ ਦੇ ਵਿਗਸਣ ਵਿਚ ਕਰਾਂ (ਹੱਥਾਂ) ਅਤੇ ਕਿਰਤ ਦੀ ਅਹਿਮੀਅਤ ਦੀ ਨਿਸ਼ਾਨਦੇਹੀ ਕੀਤੀ। ਇਸ ਤੋਂ ਬਾਅਦ ਹੀ ਫਿਰ ਅਗਲੇ ਸਬੱਬ ਬਣੇ ਅਤੇ ਹੋਰ ਵਸੀਲੇ ਵਿਕਸਿਤ ਹੁੰਦੇ ਗਏ। ਸਦੀਆਂ ਦੇ ਸਫਰ ਦੌਰਾਨ, “ਕਿਰਤ ਨੇ ਹੀ ਮਨੁੱਖੀ ਹੱਥਾਂ ਨੂੰ ਉਹ ਕਾਰੀਗਰੀ ਬਖਸ਼ੀ ਜਿਸ ਨਾਲ (ਇਤਾਲਵੀ ਚਿੱਤਰਕਾਰ ਤੇ ਆਰਕੀਟੈਕਟ) ਰਾਫੇਲ ਦੇ ਚਿੱਤਰਾਂ, ਥੋਰਵਾਲਡਸਨ ਦੇ ਬੁੱਤਾਂ, ਪਗਨੀਨੀ ਦੀ ਮੌਸਿਕੀ ਦੀ ਸਿਰਜਣਾ ਸੰਭਵ ਹੋਈ।” ਕਰਾਂ ਅਤੇ ਕਿਰਤ ਦੀ ਇਹ ਮਹਿਮਾ ਵੀ ਫ੍ਰੈਡਰਿਕ ਐਂਗਲਜ਼ ਦੀ ਹੀ ਕੀਤੀ ਹੋਈ ਹੈ।
ਭਾਰਤ ਵਿਚ ਕਿਰਤ ਨੂੰ ‘ਸੁੱਚਮਤਾ’ ਅਤੇ ‘ਮਲੀਨਤਾ’ ਦੀ ਅੱਖ ਵਿਚੋਂ ਦੇਖਿਆ ਗਿਆ ਹੈ। ਸਿੱਖੀ ਅੰਦਰ ਭਾਵੇਂ ਕਿਰਤ ਨੂੰ ਬਹੁਤ ਵਡਿਆਇਆ ਗਿਆ ਹੈ ਪਰ ਅੱਜ ਕੱਲ੍ਹ ਸਿੱਖੀ ਦੀ ਕਰਮ ਭੋਂ ਵਿਚ ਹੱਥੀਂ ਕੰਮ ਕਰਨ ਨੂੰ ਛੁਟਿਆ ਕੇ ਦੇਖਿਆ ਜਾਣ ਲੱਗਾ ਹੈ। ਇਹ ਸ਼ਾਇਦ ਵਕਤ ਵਕਤ ਦੀਆਂ ਬਾਤਾਂ ਹਨ। ਇਉਂ ਕਿਰਤ ਅਣਗੌਲੀ ਹੋ ਰਹੀ ਹੈ।
ਇਨ੍ਹਾਂ ਪ੍ਰਸੰਗਾਂ ਦੇ ਰੂ-ਬ-ਰੂ ਹੁਣ ਰਤਾ ਲੱਕੜ-ਨੱਕਾਸ਼ੀ ਕਰਨ ਵਾਲੇ ਰਾਕੇਸ਼ ਦੀ ਗੱਲ ਕਰੀਏ। ਉਹ ਹੁਸ਼ਿਆਰਪੁਰ ਤੋਂ ਹੈ। ਲੱਕੜ ‘ਤੇ ਨੱਕਾਸ਼ੀ ਕਰਦਿਆਂ ਉਹ ਇਸ ਅੰਦਰ ਸਮਝੋ ਜਾਨ ਪਾ ਦਿੰਦਾ ਹੈ। ਉਹ ਉਨ੍ਹਾਂ ਦੋ ਕਾਰੀਗਰਾਂ ਵਿਚੋਂ ਇਕ ਹੈ, ਜੋ ਇਸ ਹੁਨਰ ਨੂੰ ਫਿਲਹਾਲ ਸੰਭਾਲੀ ਬੈਠੇ ਹਨ। ਇਸ ਤੋਂ ਬਾਅਦ ਇਸ ਕਲਾ ਦਾ ਭੋਗ ਪੈ ਜਾਣਾ ਹੈ, ਇਹ ਸੋਚਦਿਆਂ ਦਿਲ ਨੂੰ ਡੋਬੂ ਜਿਹਾ ਪੈਂਦਾ ਹੈ। ਫਿਰ ਇਸ ਅਣਹੋਣੀ ਦੀ ਹਕੀਕਤ ਤੋਂ ਪਰਦਾ ਉਠਦਾ ਹੈ: ਇਸ ਮਹੀਨ ਕਿਰਤ ਲਈ ਉਸ ਦੀ ਦਿਹਾੜੀ ਦੀ ਖੱਟੀ ਸਿਰਫ 3-4 ਸੌ ਰੁਪਏ ਹੈ। ਇਹ ਗੱਲ ਵੱਖਰੀ ਹੈ ਕਿ ਉਸ ਵੱਲੋਂ ਹੱਥੀਂ ਤਿਆਰ ਕੀਤੀ ਇਸ ਕਿਰਤ ਦਾ ਮੁੱਲ ਲੱਖਾਂ ਵਿਚ ਪੈਂਦਾ ਹੈ।
ਹਰ ਗਰਾਂ, ਕਸਬੇ ਅਤੇ ਸ਼ਹਿਰ ਕੋਲ ਅਜਿਹੀਆਂ ਬਥੇਰੀਆਂ ਵਿਥਿਆਵਾਂ ਹੋਣਗੀਆਂ, ਜਿਨ੍ਹਾਂ ਵਿਚ ਕਿਰਤੀਆਂ, ਉਨ੍ਹਾਂ ਦੀ ਕਿਰਤ ਅਤੇ ਹੁਨਰ ਦਾ ਇਤਿਹਾਸ ਸਮੋਇਆ ਹੋਇਆ ਹੈ। ਇਹ ਅਣਗੌਲੇ ਰਹਿ ਗਏ ਕਿਰਤੀ ਹਨ। ਇਹ ਲੋਕ ਹਾਸ਼ੀਏ ‘ਤੇ ਬੈਠੇ ਹਨ। ਇਨ੍ਹਾਂ ਦੀ ਹੋਣੀ ਬਾਬਤ ਜਾਣਨ ਲਈ ਆਪਣੀ ਲਘੂ ਹੋਂਦ ਤੋਂ ਰਤਾ ਛੁੱਟੀ ਲਓ ਅਤੇ ਇਨ੍ਹਾਂ ਦੀ ਹਕੀਕਤ ਨਾਲ ਦੋ-ਚਾਰ ਹੋਵੋ।
‘ਕਿਰਤ’ ਦਰਅਸਲ ਇਸ ਹਕੀਕਤ ਨੂੰ ਸਮਝਣ-ਸਮਝਾਉਣ ਦਾ ਹੀ ਉਪਰਾਲਾ ਹੈ। ਇਹ ਸ਼ਬਦਾਂ ਦੀਆਂ ਲੜੀਆਂ ਅਤੇ ਤਸਵੀਰੀ ਕਾਇਆ ਰਾਹੀਂ ਕਿਰਤੀਆਂ ਤੇ ਕਿਰਤ ਦੀ ਤਹਿਰੀਰੀ (ਦਸਤਾਵੇਜ਼ੀ) ਵਿਥਿਆ ਹੈ। ‘ਕਿਰਤ’ ਆਨਲਾਈਨ ਮੰਚ ਹੈ, ਜੋ ਲਿਖਾਰੀ ਤੇ ਤਸਵੀਰਸਾਜ਼ ਗੁਰਦੀਪ ਧਾਲੀਵਾਲ ਅਤੇ ਡਿਜ਼ਾਈਨਰ ਨਵਜੀਤ ਕੌਰ ਨੇ ਇਸੇ ਵਰ੍ਹੇ ਮਈ ਵਿਚ ਸ਼ੁਰੂ ਕੀਤਾ ਸੀ। ਤਰਜਮਾਕਾਰ ਤੇ ਸੰਪਾਦਕ ਜਸਦੀਪ ਸਿੰਘ ਅਤੇ ਪੰਜਾਬੀ ਵਿਚ ਐਮ.ਫਿਲ ਕਰ ਰਿਹਾ ਸੱਤਦੀਪ ਗਿੱਲ ਮਗਰੋਂ ਇਸ ਨਿਆਰੇ ਤੇ ਨਿਵੇਕਲੇ ਫੁਰਨੇ ਨਾਲ ਆਣ ਜੁੜੇ।
ਇਸ ਫੁਰਨੇ ਨੂੰ ਅਗਲੀ ਉਡਾਣ ਦੋ ਵੱਖ-ਵੱਖ ਖਿਆਲਾਂ ਨੇ ਬਖਸ਼ੀ, ਜਿਨ੍ਹਾਂ ਦੇ ਸੁਮੇਲ ਤੋਂ ਇਸ ਨੇ ਅਗਲਾ ਰੂਪ ਧਾਰਿਆ। ਗੁਰਦੀਪ ਅਜਿਹੇ ਨੌਜਵਾਨਾਂ ਦੀ ਤਹਿਰੀਰ ਬਣਾ ਰਿਹਾ ਸੀ ਜੋ ਪਰਦੇਸ ਜਾ ਕੇ ਵਸੇਬਾ ਚਾਹੁੰਦੇ ਸਨ। ਉਹ ਦੱਸਦਾ ਹੈ, “ਮੇਰੀ ਦਿਲਚਸਪੀ ਪਰਦੇਸਾਂ ਦੇ ਗੇੜ ਵਿਚ ਪਏ ਇਨ੍ਹਾਂ ਨੌਜਵਾਨਾਂ ਦੇ ਮਨਾਂ ਅੰਦਰ ਝਾਕਣ ਦੀ ਸੀ। ਉਸੇ ਵੇਲੇ ਮੇਰਾ ਧਿਆਨ ਉਸ ਪੁਰਾਣੀ ਪੁਸ਼ਤ ਵੱਲ ਚਲਾ ਗਿਆ, ਜੋ ਪਰਦੇਸ ਨਹੀਂ ਸੀ ਜਾ ਸਕੀ। ਇਸ ਪੁਸ਼ਤ ਦੇ ਇਉਂ ਪਿੱਛੇ ਪੰਜਾਬ ਵਿਚ ਹੀ ਰਹਿ ਜਾਣ ਬਾਰੇ ਜਾਣਨ ਦੀ ਲਲ੍ਹਕ ਮੇਰੇ ਅੰਦਰੋਂ ਵਰੋਲਾ ਬਣ ਬਣ ਉਠਣ ਲੱਗੀ। ਫਿਰ ਜਦੋਂ ਜਨਵਰੀ ਵਿਚ ਪੰਜਾਬੀ ਸ਼ਾਇਰ ਅਮਰਜੀਤ ਚੰਦਨ ਭਾਰਤ ਆਇਆ ਤਾਂ ਉਹਨੇ ਕਿਰਤ ਅਤੇ ਕਿਰਤੀਆਂ ਨੂੰ ਅਣਡਿੱਠ ਕਰਨ ਬਾਰੇ ਗੱਲਾਂਬਾਤਾਂ ਕੀਤੀਆਂ। ਛੇਤੀ ਹੀ ਉਹਦੇ ਇਸ ਫਿਕਰ ਨੂੰ ਮੇਰੇ ਜ਼ਿਹਨ ਅੰਦਰ ਖੌਰੂ ਪਾਉਂਦੇ ਖਿਆਲ ਨੇ ਜਜ਼ਬ ਕਰ ਲਿਆ। ਨਤੀਜੇ ਵਜੋਂ ਇਸ ਪ੍ਰਾਜੈਕਟ (ਫੁਰਨੇ) ਦੀ ਵਿਉਂਤ ਬਣਨੀ ਸ਼ੁਰੂ ਹੋ ਗਈ।”
ਇਉਂ ਪਹਿਲੀ ਬਾਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਨਿੰਮ ਵਾਲਾ ਮੋੜ ਤੋਂ ਕੁਲਵੰਤ ਕੌਰ ਦੀ ਪਈ। ਉਹ ਜਵਾਕਾਂ ਲਈ ਖਿਡਾਉਣੇ ਅਤੇ ਕੁੜੀਆਂ ਲਈ ਸਜਾਵਟੀ ਵਸਤਾਂ ਬਣਾਉਂਦੀ ਹੈ। ਇਕ ਕਮਰੇ ਦੇ ਨਿੱਕੇ ਜਿਹੇ ਘਰ ਵਿਚ ਉਸ ਦਾ ਟਿਕਾਣਾ ਹੈ। ਇਹ ਹੁਨਰ ਸਿੱਖਣ ਲਈ ਕਈ ਕੁੜੀਆਂ ਇਸ ਟਿਕਾਣੇ ਅੰਦਰ ਅਕਸਰ ਚਰਨ ਪਾਉਂਦੀਆਂ ਹਨ।
ਕੁਲਵੰਤ ਕੌਰ ਵਾਂਗ ਬੰਗਿਆਂ ਦੇ ਤਰਖਾਣ ਹਰਭਜਨ ਸਿੰਘ ਅਜੀਮਲ, ਰਾਹੋਂ ਦੇ ਮੋਚੀ ਲਖਵਿੰਦਰ ਸਿੰਘ, ਮਨੀਮਾਜਰਾ ਦੇ ਘੁਮਿਆਰ ਅਬਦੁਲ ਮਜੀਦ, ਅੰਮ੍ਰਿਤਸਰ ਦੇ ਪਾਲਕੀ ਬਣਾਉਣ ਵਾਲੇ ਗਗਨਦੀਪ ਸਿੰਘ ਅਤੇ ਹੋਰਾਂ ਦੀਆਂ ਬਾਤਾਂ ਵੀ ਇੰਨੀਆਂ ਹੀ ਦਿਲ-ਖਿੱਚਵੀਆਂ ਹਨ। ਇਨ੍ਹਾਂ ਵਿਚੋਂ ਬਹੁਤੀਆਂ ਬਾਤਾਂ ਚੜ੍ਹਦੇ ਪੰਜਾਬ ਤੋਂ ਹੀ ਹਨ; ਕੁਝ ਕੁ ਜਿਉੜੇ ਲਹਿੰਦੇ ਪੰਜਾਬ ਦੇ ਵੀ ਇਸ ਸਫਰ ਦੇ ਸਾਥੀ ਬਣੇ ਹਨ। ਜਾਪਾਨ ਦੀ ਅਧਿਆਪਕ ਓਨੋ ਕਾਓਰੀ, ਜੋ ਅੱਜ ਕੱਲ੍ਹ ਪਾਕਿਸਤਾਨ ਵਿਚ ਹੈ, ਵੀ ‘ਕਿਰਤ’ ਦੀ ਹਮਸਫਰ ਹੈ।
ਜਸਦੀਪ ਸਿੰਘ ਆਖਦਾ ਹੈ, “ਅਸੀਂ ਕਿਰਤੀਆਂ ਬਾਰੇ ਉਸ ਤਰ੍ਹਾਂ ਦੀ ਛਾਣਬੀਣ ਨਹੀਂ ਕਰਦੇ। ਬੱਸ, ਉਨ੍ਹਾਂ ਦੀ ਜ਼ਿੰਦਗੀ ਅਤੇ ਤਜਰਬਿਆਂ ਬਾਰੇ ਗੱਲਾਂ ਕਰਦੇ ਹਾਂ; ਅਸੀਂ ਸਗੋਂ ਉਨ੍ਹਾਂ ਦੀਆਂ ਗੱਲਾਂ ਸੁਣਦੇ ਹਾਂ। ਉਹ ਜੋ ਕੁਝ ਦੱਸਦੇ ਹਨ, ਕਦੀ ਉਸ ਦੀ ਵਿਆਖਿਆ ਵਿਚ ਨਹੀਂ ਪੈਂਦੇ; ਜਿਉਂ ਦੀ ਤਿਉਂ ਉਨ੍ਹਾਂ ਨੂੰ ਸਮਝਣ-ਬੁੱਝਣ ਦੀ ਕੋਸ਼ਿਸ਼ ਕਰਦੇ ਹਾਂ।”
ਅੱਜ ਅਤੇ ਬੀਤ ਗਏ ਕੱਲ੍ਹ ਵਿਚਾਲੇ ਪੁਲ ਬਣਨ ਦੇ ਨਾਲ ‘ਕਿਰਤ’ ਵਕਤ ਦੇ ਉਸ ਖਲਾਅ ਨਾਲ ਵੀ ਦਸਤਪੰਜਾ ਲੈਂਦੀ ਦਿਸਦੀ ਹੈ, ਜਿਸ ਤਹਿਤ ਲੋਕਾਂ ਦੇ ਜ਼ਿਹਨ ਅੰਦਰ ਸਿਰਫ ਤੇ ਸਿਰਫ ਲਾਹੇ ਵਾਲੀਆਂ ਗੱਲਾਂ ਬਹੁਤ ਡੂੰਘੀਆਂ ਉਤਰ ਚੁਕੀਆਂ ਹਨ। ਗੁਰਦੀਪ ਦਾ ਆਖਣਾ ਹੈ, “ਲੋਕ ਅੱਜ ਕੱਲ੍ਹ ਕਿਸੇ ਲਾਹੇ ਜਾਂ ਕਿਸੇ ਚੀਜ਼ ਦੇ ਕੰਮ ਆਉਣ, ਨਾ ਆਉਣ ਦੇ ਪੱਖ ਤੋਂ ਹੀ ਸੋਚਦੇ ਹਨ। ਸੋ ਸਾਡਾ ਯਤਨ ਹੈ ਕਿ ਅਸੀਂ ਲੋਕਾਂ ਨੂੰ ਇਸ ਵਿਹਾਰ ਅਤੇ ਵਤੀਰੇ ਤੋਂ ਜ਼ਰਾ ਪਾਰ ਲੈ ਕੇ ਜਾਈਏ, ਲਾਹੇ ਵਾਲੇ ਨੁਕਤੇ ਨੂੰ ਰਤਾ ਪਿਛਾਂਹ ਧੱਕੀਏ। ਕਲਾ ਨੇ ਤੁਹਾਡੀਆਂ ਕੋਠੀਆਂ ਨਹੀਂ ਖੜ੍ਹੀਆਂ ਕਰਨੀਆਂ ਹੁੰਦੀਆਂ, ਇਹ ਤਾਂ ਅਨੁਭਵ ਦੀ ਉਡਾਰੀ ਹੈ। ਲਾਹੇ ਵਾਲੀ ਗੱਲ ਸੁਣ ਲਓ: ਅਸੀਂ ਕਿਰਤੀਆਂ ਅਤੇ ਉਨ੍ਹਾਂ ਦੇ ਸੰਦ-ਸੰਦੇੜਿਆਂ ਦੇ ਪੋਸਟਕਾਰਡ ਛਪਵਾਏ। ਕੋਈ ਇਨ੍ਹਾਂ ਨੂੰ ਖਰੀਦੇਗਾ ਨਹੀਂ; ਹਾਂ, ਉਹ ਇਨ੍ਹਾਂ ਪੋਸਟਕਾਰਡਾਂ ਉਤੇ ਕੀਤੀ ਕਲਾਕਾਰੀ, ਕਾਰੀਗਰੀ ਦੀ ਤਾਰੀਫ ਜ਼ਰੂਰ ਕਰਨਗੇ।”
‘ਚੌਥੀ ਕੂਟ’, ‘ਕਿੱਸਾ ਪੰਜਾਬ’ ਅਤੇ ‘ਸੋਨੀ’ ਵਰਗੀਆਂ ਫਿਲਮਾਂ ਲਈ ਕਾਸਟਿਊਮ ਡਿਜ਼ਾਈਨ ਕਰਨ ਵਾਲੀ ਨਵਜੀਤ ਦਾ ਆਖਣਾ ਹੈ, “ਮੈਂ ਕਲਾ, ਕਾਰੀਗਰੀ, ਉਸਤਾਦੀ ਇਸ ਸਭ ਦੇ ਸਫਰ, ਸਬਰ ਤੇ ਸਿਦਕ ਦੀ ਥਾਹ ਪਾਉਣਾ ਚਾਹੁੰਨੀ ਆਂ ਕਿ ਇਹ ਅੱਜ ਸਾਡੇ ਤੱਕ ਕਿਸ ਬਿਧ ਧਾਏ ਹਨ। ਮੇਰੇ ਲਈ ਇਹ ਵੱਡੀ ਗੱਲ ਹੈ ਕਿ ਇਸ ਹੁਨਰ ਅਤੇ ਹੁਨਰਮੰਦਾਂ ਨੇ ਵਕਤ ਅਤੇ ਤਕਨਾਲੋਜੀ ਨਾਲ ਵਰ ਕਿਸ ਬਿਧ ਮੇਲਿਆ। ਹੁਣ ਜਦੋਂ ਸੰਸਾਰ ਵਿਚ ਅਜਿਹੀਆਂ ਤਿਆਰ-ਬਰ-ਤਿਆਰ ‘ਕਿਰਤਾਂ’ ਦਾ ਹੜ੍ਹ ਆਇਆ ਪਿਆ ਹੈ ਤਾਂ ਮੈਂ ‘ਕਿਰਤ’ ਰਾਹੀਂ ਇਨ੍ਹਾਂ ਸਿਰਜਣਹਾਰਿਆਂ ਦੀ ਬਾਤ ਪਾ ਕੇ ਖੁਦ ਨੂੰ ਤਸੱਲੀ ਦੇਣ ਦੇ ਰਾਹ ਤੁਰ ਸਕੀ ਹਾਂ।”
ਕਿਰਤ ਲਈ ਇਸ ਮੋਹ-ਮੁਹੱਬਤ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਚਾਰ ਨੌਜਵਾਨਾਂ ਨੂੰ ਇਕ ਥਾਂ ਲਿਆ ਖੜ੍ਹਾਇਆ ਹੈ। ਉਨ੍ਹਾਂ ਜਰਖੇਜ਼ ਜ਼ਮੀਨ ਦੀ ਕੁੱਖ ਵਿਚ ਕੋਈ ਬੀਜ ਬੀਜਿਆ ਅਤੇ ਹੁਣ ਫੁੱਟਦੀਆਂ ਕਰੂੰਬਲਾਂ ਨੂੰ ਆਪਣੇ ਹੱਥਾਂ ਦੀ ਓਟ ਕਰ ਰਹੇ ਹਨ। ਉਨ੍ਹਾਂ ਦਾ ਅਗਲਾ ਖਿਆਲ ਇਹ ਹੈ ਕਿ ਇਸ ਨੂੰ ਪੋਥੀ ਪ੍ਰਕਾਸ਼ਨ ਅਤੇ ਆਰਟ ਗੈਲਰੀ ਤੱਕ ਲੈ ਕੇ ਜਾਇਆ ਜਾਵੇ।