ਹੁਣ ਆਰ. ਐਸ਼ਐਸ਼ ਵੱਲੋਂ ਪ੍ਰਕਾਸ਼ਿਤ ਕਿਤਾਬਾਂ ‘ਤੇ ਵਿਵਾਦ

ਅੰਮ੍ਰਿਤਸਰ: ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੁਸਤਕ ਵਿਚੋਂ ਸਿੱਖ ਇਤਿਹਾਸ ਮਨਫੀ ਕਰਨ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਕਿ ਹੁਣ ਆਰ. ਐਸ਼ਐਸ਼ ਦੇ ਮੁੱਖ ਕੇਂਦਰ ਨਾਗਪੁਰ ਵਿਚ ਸ੍ਰੀ ਭਾਰਤੀ ਪ੍ਰਕਾਸ਼ਨ ਵੱਲੋਂ ਛਾਪੀਆਂ ਕਿਤਾਬਾਂ ਵਿਚ ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂ ਦਰਸਾਉਣ ਸਮੇਤ ਇਤਿਹਾਸਕ ਤੱਥਾਂ ਨਾਲ ਛੇੜਛਾੜ ਦਾ ਮਾਮਲਾ ਭਖਣ ਲੱਗਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਕੋਲੋਂ ਕਾਰਵਾਈ ਦੀ ਮੰਗ ਕੀਤੀ ਹੈ।

ਸ਼ ਲੌਂਗੋਵਾਲ ਨੇ ਕਿਹਾ ਕਿ ਆਰ. ਐਸ਼ਐਸ਼ ਦੀ ਇਸ ਕਾਰਵਾਈ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿਚ ਭਾਰਤ ਦੇ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸਬੰਧਤ ਵਿਅਕਤੀਆਂ ਵਿਰੁਧ ਕਾਰਵਾਈ ਕਰਨ ਲਈ ਪੱਤਰ ਲਿਖਿਆ ਹੈ। ਉਨ੍ਹਾਂ ਆਰ. ਐਸ਼ਐਸ਼ ਅਤੇ ਕਿਤਾਬਾਂ ਦੇ ਪ੍ਰਕਾਸ਼ਕ ਨੂੰ ਤਾੜਨਾ ਕੀਤੀ ਹੈ ਕਿ ਉਹ ਵਿਵਾਦਤ ਕਿਤਾਬਾਂ ਨੂੰ ਤੁਰਤ ਵਾਪਸ ਲੈਣ ਤੇ ਸਿੱਖ ਜਗਤ ਕੋਲੋਂ ਮੁਆਫੀ ਮੰਗਣ। ਉਨ੍ਹਾਂ ਆਰ. ਐਸ਼ਐਸ਼ ਨੂੰ ਵੀ ਨਸੀਹਤ ਦਿੱਤੀ ਹੈ ਕਿ ਉਹ ਅਜਿਹੀਆਂ ਸਿੱਖ ਵਿਰੋਧੀ ਕਾਰਵਾਈਆਂ ਤੋਂ ਗੁਰੇਜ਼ ਕਰਨ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਵੱਖਰੇ ਬਿਆਨ ਰਾਹੀਂ ਆਖਿਆ ਕਿ ਆਰ. ਐਸ਼ਐਸ਼ ਵੱਲੋਂ ਹਿੰਦੀ ਭਾਸ਼ਾ ਵਿਚ ਛੋਟੀਆਂ ਛੋਟੀਆਂ ਕਿਤਾਬਾਂ ਛਾਪੀਆਂ ਜਾ ਰਹੀਆਂ ਹਨ, ਜਿਸ ਵਿਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਵਿਚ ਗੁਰੂ ਸਾਹਿਬਾਨ ਨੂੰ ਗਊ ਪੂਜਕ ਅਤੇ ਹਿੰਦੂ ਰੀਤੀ ਰਿਵਾਜਾਂ ਦਾ ਹਾਮੀ ਸਿੱਧ ਕਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ 2016 ਵਿਚ ਪ੍ਰਕਾਸ਼ਿਤ ਇਹ ਪੁਸਤਕਾਂ ਲੰਮੇ ਸਮੇਂ ਤੋਂ ਲੋਕਾਂ ਵਿਚ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨ ਅਤੇ ਸਿੱਖ ਜਥੇਬੰਦੀਆਂ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ ਹੈ।
______________________
ਸਿੱਖ ਇਤਿਹਾਸ ਦੀ ਘੋਖ ਲਈ ਬਣੇਗੀ ਕਮੇਟੀ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀ ਉਚ ਪੱਧਰੀ ਕਮੇਟੀ ਬਣਾਉਣ ਦੀ ਯੋਜਨਾ ਹੈ ਜੋ ਦੇਸ਼ ਭਰ ਵਿਚ ਵੱਖ-ਵੱਖ ਸੂਬਿਆਂ ਦੇ ਸਿੱਖਿਆ ਬੋਰਡਾਂ ਵੱਲੋਂ ਲਾਈਆਂ ਗਈਆਂ ਟੈਕਸਟ ਬੁੱਕਾਂ ਵਿਚ ਸ਼ਾਮਲ ਸਿੱਖ ਇਤਿਹਾਸ ਦੀ ਪੁਣਛਾਣ ਕਰੇਗੀ ਤਾਂ ਜੋ ਸਿੱਖ ਇਤਿਹਾਸ ਸਬੰਧੀ ਪੈਦਾ ਹੁੰਦੇ ਵਾਦ ਵਿਵਾਦ ਨੂੰ ਰੋਕਿਆ ਜਾ ਸਕੇ। ਵਾਦ-ਵਿਵਾਦ ਵਾਲੇ ਮਾਮਲੇ ਸਾਹਮਣੇ ਆਉਣ ਉਤੇ ਇਹ ਕਮੇਟੀ ਇਤਿਹਾਸਕ ਤੱਥਾਂ ਨੂੰ ਵਾਚੇਗੀ ਅਤੇ ਕਾਨੂੰਨੀ ਪ੍ਰਕਿਰਿਆ ਲਈ ਵੀ ਯਤਨ ਕਰੇਗੀ।