ਸੂਰਜ ਦੀਆਂ ਕਿਰਨਾਂ ਨੂੰ ਸੰਗਲ ਨਹੀਂ ਪੈਂਦੇ!

ਮਸ਼ਾਲ ਖਾਨ ਵੱਲੋਂ ਆਪਣੀ ਮੌਤ ਤੋਂ ਬਾਅਦ ਲਿਖਿਆ ਖਤ
ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨ ਦੇ ਸ਼ਹਿਰ ਮਰਦਾਨ ਵਿਖੇ ਅਬਦੁਲ ਵਲੀ ਖਾਨ ਯੂਨੀਵਰਸਿਟੀ ਵਿਚ ਬੀਤੀ 13 ਅਪਰੈਲ ਨੂੰ ਨੌਜਵਾਨ ਵਿਦਿਆਰਥੀ ਮਸ਼ਾਲ ਖਾਨ ‘ਤੇ ਪੈਗੰਬਰੀ ਤੌਹੀਨ ਦਾ ਇਲਜ਼ਾਮ ਲਾ ਕੇ ਸਾਥੀ ਵਿਦਿਆਰਥੀਆਂ ਤੇ ਹੋਰ ਲੋਕਾਂ ਦੀ ਭੀੜ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਪਿਛੋਂ ਦੇਸ਼ ਵਿਚ ਇਸ ਵਾਰਦਾਤ ਦੇ ਮੁਨਾਸਬ/ਨਾਮੁਨਾਸਬ ਹੋਣ ਬਾਰੇ ਵਿਆਪਕ ਬਹਿਸ ਛਿੜ ਗਈ ਹੈ।

ਅੰਤਰਰਾਸ਼ਟਰੀ ਪੱਧਰ ‘ਤੇ ਵੀ ਇਸ ਕਾਰੇ ਦੀ ਨਿੰਦਾ ਹੋ ਰਹੀ ਹੈ। ਇਹ ਸਿਰਫ ਪਾਕਿਸਤਾਨ ਦਾ ਹੀ ਨਹੀਂ ਸਗੋਂ ਪੂਰੀ ਦੁਨੀਆਂ ਦਾ ਮਸਲਾ ਹੈ ਕਿ ਕੀ ਕਿਸੇ ਬੇਗੁਨਾਹ ਨੂੰ (ਜੇ ਉਹ ਗੁਨਾਹਗਾਰ ਹੈ, ਤਾਂ ਵੀ) ਆਪਣੇ ਬਚਾਅ ਦਾ ਪੱਖ ਰੱਖਣ ਦਾ ਕੋਈ ਮੌਕਾ ਦਿੱਤੇ ਬਿਨਾ ਭੀੜ ਵੱਲੋਂ ਇਸ ਤਰ੍ਹਾਂ ਕਤਲ ਕਰਨਾ ਉਸ ਤੋਂ ਵੀ ਵੱਡਾ ਗੁਨਾਹ ਨਹੀਂ ਹੈ! ਕੀ ਕਾਨੂੰਨ ਦੇ ਰਾਜ ਨੂੰ ਦਰਕਿਨਾਰ ਕਰਕੇ ਇਸ ਤਰ੍ਹਾਂ ਦੀ ਸਜ਼ਾ ਮੁਕੱਰਰ ਕਰਨ ਵਾਲਾ ਸਮਾਜ ਸਮੇਂ ਦੇ ਚੱਕਰ ਨੂੰ ਪੁੱਠਾ ਗੇੜਾ ਤਾਂ ਨਹੀਂ ਦੇ ਰਿਹਾ! ਅਸੀਂ ਇੱਕੀਵੀਂ ਸਦੀ ਵਿਚ ਵਿਚਰ ਰਹੇ ਹਾਂ ਜਾਂ ਬਰਬਰਤਾ ਵੱਲ ਨੂੰ ਜਾ ਰਹੇ ਹਾਂ! ਇਹ ਸਵਾਲ ਭਾਰਤੀ ਸਮਾਜ ਲਈ ਵੀ ਓਨੇ ਹੀ ਅਹਿਮ ਹਨ, ਜਿੱਥੇ ਅੱਜ ਵੀ ਕਾਨੂੰਨ ਨੂੰ ਕਿੱਲੀ ਉਤੇ ਟੰਗ ਕੇ ਫਿਰਕੂ ਫਸਾਦਾਂ, ਗਊ ਰੱਖਿਆ, ਅਣਖ ਲਈ ਕਤਲ ਵਰਗੇ ਮਸਲਿਆਂ ਨੂੰ ਇਸੇ ਤਰ੍ਹਾਂ ਨਿਪਟਣ ਦਾ ਰੁਝਾਨ ਹੈ ਤੇ ਚਿੰਤਾ ਇਸ ਗੱਲ ਦੀ ਹੈ ਕਿ ਸਟੇਟ ਅਜਿਹਾ ਕਰਨ ਵਾਲਿਆਂ ਨੂੰ ਥਾਪੜਾ ਦਿੰਦਾ ਹੈ ਅਤੇ ਸੋਸ਼ਲ ਮੀਡੀਆ ਇਸ ਅੱਗ ਲਈ ਘਿਉ ਦਾ ਕੰਮ ਕਰ ਰਿਹਾ ਹੈ। ਜੇ ਅਜਿਹੇ ਕਤਲਾਂ ਬਾਰੇ ਵੇਖ-ਸੁਣ ਕੇ ਅਸੀਂ ਆਮ ਦਿਨਾਂ ਵਾਂਗੂੰ ਸੌਂ ਲੈਂਦੇ ਹਾਂ ਤਾਂ ਸਮਝਿਆ ਜਾਣਾ ਚਾਹੀਦਾ ਹੈ ਕਿ ਮਸ਼ਾਲ ਖਾਨ ਅਤੇ ਉਸ ਦੇ ਅੱਬਾ ਦੇ ਬੋਲ ਪਾਕਿਸਤਾਨੀ ਸਮਾਜ ਦੇ ਨਾਲ-ਨਾਲ ਸਾਨੂੰ ਵੀ ਸੰਬੋਧਤ ਹਨ। ਇਸ ਲੇਖ ਵਿਚ ਲੇਖਕ ਹੁਰਮਤ ਅਲੀ ਸ਼ਾਹ ਨੇ ਮਸ਼ਾਲ ਖਾਨ ਦੀ ਰੂਹ ਦੇ ਰੁਦਨ ਨੂੰ ਲਫਜ਼ਾਂ ਦਾ ਜਾਮਾ ਪਹਿਨਾਇਆ ਹੈ ਜੋ ਪਾਠਕਾਂ ਦੀ ਨਜ਼ਰ ਹੈ। -ਅਨੁਵਾਦਕ

ਹੁਰਮਤ ਅਲੀ ਸ਼ਾਹ
ਅਨੁਵਾਦ: ਮੁਲਖ ਸਿੰਘ
ਫੋਨ: 91-94162-55877

ਮੈਂ ਮਸ਼ਾਲ ਖਾਨ ਹਾਂ। ਜਿਸ ਜਗ੍ਹਾ ‘ਤੇ ਮੈਂ ਆਪਣੇ ਖਾਬ ਪੂਰੇ ਕਰਨ ਲਈ ਕਦਮ ਰੱਖਿਆ ਸੀ, ਉਥੇ ਮੈਨੂੰ ਮੇਰੇ ਸਾਥੀ ਵਿਦਿਆਰਥੀਆਂ ਨੇ ਮਿਲ ਕੇ ਬੇਕਾਇਦਗੀ ਅਤੇ ਬੇਕਿਰਕੀ ਨਾਲ ਕਤਲ ਕਰ ਦਿੱਤਾ। ਮੈਂ ਉਨ੍ਹਾਂ ਵਰਗਾ ਹੀ ਸਾਂ ਪਰ ਉਹ ਸਮਾਜਕ ਵਿਚਾਰਧਾਰਾ ਅਤੇ ਰਾਜਕੀ ਗਿੱਝ ਕਰਕੇ ਵਹਿਸ਼ੀ ਬਣ ਗਏ। ਜਿਵੇਂ ਮੇਰੇ ਨਾਲ ਹੋਈ, ਤੁਸੀਂ ਉਸ ਤਰ੍ਹਾਂ ਦੇ ਨੁਕਸਾਨ ਦਾ ਕਿਆਸ ਕਰ ਸਕਦੇ ਹੋ। ਨਾ ਹੀ ਸਮਾਜ ਅਤੇ ਨਾ ਹੀ ਰਾਜ ਨੇ ਕਦੇ ਸੋਚਿਆ ਕਿ ਲੋਕਾਂ ਦਾ ਦਿਮਾਗ ਜ਼ਬਰੀ ਬਦਲਣ ਦੀ ਉਨ੍ਹਾਂ ਵੱਲੋਂ ਦਿੱਤੀ ਜਾ ਰਹੀ ਵਰ੍ਹਿਆਂ ਬੱਧੀ ਸਿਖਲਾਈ ਕਿਸੇ ਦੀ ਜ਼ਿੰਦਗੀ ‘ਤੇ ਇਸ ਤਰ੍ਹਾਂ ਵੀ ਅਸਰਅੰਦਾਜ਼ ਹੋ ਸਕਦੀ ਹੈ ਜਿਵੇਂ ਮੇਰੇ, ਮੇਰੇ ਪਰਿਵਾਰ ਅਤੇ ਸੈਂਕੜੇ-ਹਜ਼ਾਰਾਂ ਉਨ੍ਹਾਂ ਹੋਰਨਾਂ ‘ਤੇ ਹੋਈ, ਜਿਨ੍ਹਾਂ ਦਿਲ ਦੀਆਂ ਗਹਿਰਾਈਆਂ ਵਿਚ ਦਰਦ ਮਹਿਸੂਸ ਕੀਤਾ।
ਮੈਨੂੰ ਬਹੁਤਾ ਤਾਂ ਯਾਦ ਨਹੀਂ, ਉਦੋਂ ਦੁਪਹਿਰ ਦਾ ਵੇਲਾ ਸੀ ਪਰ ਮੈਂ ਸਾਰੀਆਂ ਗੁੱਠਾਂ ‘ਚੋਂ ਆਪਣੇ ਉਤੇ ਹਨੇਰਾ ਪਸਰਦਾ ਮਹਿਸੂਸ ਕਰ ਰਿਹਾ ਸਾਂ। ਉਹ ਇਨਸਾਨਾਂ ਜਿਹੇ ਲਗਦੇ ਸਨ ਪਰ ਮੈਂ ਉਨ੍ਹਾਂ ਸੈਂਕੜਿਆਂ ਦੀ ਭੀੜ ਵਿਚ ਇੱਕ ਵੀ ਇਨਸਾਨ ਦੇਖਣ ਤੋਂ ਅਸਮਰੱਥ ਸਾਂ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਮੈਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਮੇਰਾ ਉਨ੍ਹਾਂ ਦੇ ਜਜ਼ਬਿਆਂ ਨੂੰ ਸੱਟ ਮਾਰਨਾ ਹੀ ਠੋਸ ਕਾਰਨ ਸੀ ਕਿ ਉਹ ਮਨੁੱਖਤਾ ਤਿਆਗ ਦੇਣ ਅਤੇ ਮੈਨੂੰ ਤੇ ਮੇਰੇ ਜਿਸਮ ਨੂੰ ਡੱਬੇ ਵਾਂਗੂੰ ਭੰਨ ਕੇ ਇਸ ਗੱਲ ਦਾ ਪ੍ਰਗਟਾਵਾ ਕਰਨ ਕਿ ਉਹ ਉਨ੍ਹਾਂ ਪਵਿੱਤਰ ਇਨਸਾਨਾਂ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਹਨ, ਜਿਨ੍ਹਾਂ ਦੀ ਬੇਅਦਬੀ ਮੈਂ ਕਰਨ ਲੱਗਿਆ ਹੋਇਆ ਸਾਂ। ਮੇਰੀ ਜ਼ਿੰਦਗੀ ਅਤੇ ਮੇਰੀ ਦੇਹ ਦੀ ਪਵਿੱਤਰਤਾ ਨੂੰ ਤੁੱਛ ਜਾਣਦਿਆਂ ਇੱਕ ਬੁਰਾਈ ਸਮਝ ਕੇ ਖਤਮ ਕਰ ਦੇਣਾ ਹੀ ਠੀਕ ਸਮਝਿਆ ਗਿਆ। ਮੈਨੂੰ ਸਾਰੇ ਚਿਹਰੇ ਤਾਂ ਯਾਦ ਨਹੀਂ ਪਰ ਲਗਦਾ ਹੈ ਕਿ ਕੁਝ ਉਹ ਵੀ ਸਨ ਜਿਨ੍ਹਾਂ ਨਾਲ ਕਦੇ ਮੈਂ ਹਾਸੇ ਵਟਾਏ ਸਨ। ਮੈਂ ਬਹੁਤੀ ਉਮੀਦ ਪਾਲਣ ਦੀ ਹਾਲਤ ਵਿਚ ਨਹੀਂ ਸਾਂ ਪਰ ਮੈਂ ਸੋਚਿਆ ਕਿ ਉਹ ਮੈਨੂੰ ਭੀੜ ਤੋਂ ਬਚਾਉਣ ਲਈ ਮੇਰੇ ਵੱਲ ਭੱਜੇ ਆ ਰਹੇ ਹਨ। ਪਰ ਜਦੋਂ ਉਹ ਨੇੜੇ ਆਏ ਤਾਂ ਮੈਨੂੰ ਉਨ੍ਹਾਂ ਦੇ ਹੱਥਾਂ ਵਿਚ ਰਾਡਾਂ ਅਤੇ ਸੋਟੇ ਵਿਖਾਈ ਦਿੱਤੇ। ਉਹ ਅਖੀਰਲਾ ਪਲ ਸੀ, ਮੇਰੇ ਵਿਚ ਏਨੀ ਸੱਤਿਆ ਨਾ ਰਹੀ ਕਿ ਮੇਰੀਆਂ ਲੱਤਾਂ ਮੇਰੇ ਸਰੀਰ ਦਾ ਭਾਰ ਸਹਿ ਸਕਣ। ਮੈਂ ਉਥੇ ਹੀ ਡਿੱਗ ਪਿਆ।
ਮੈਨੂੰ ਆਪਣੇ ਇਕ ਦੋਸਤ ਦੀ ਫੇਸਬੁਕ ਪੋਸਟ ਤੋਂ ਪਤਾ ਲੱਗਿਆ ਕਿ ਉਸ ਸਮੇਂ ਮੈਂ ਅਜੇ ਸਾਹ ਲੈ ਰਿਹਾ ਸਾਂ ਅਤੇ ਉਸ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਬਚਾਅ ਲਏ ਕਿਉਂਕਿ ਮੈਂ ਵੀ ਇਕ ਸੂਫੀ ਸਾਂ, ਪਰ ਮੇਰੇ ਮਿੱਤਰ ਨੇ ਬਾਅਦ ਵਿਚ ਕਿਹਾ ਕਿ ਉਹ ਸੁੰਨ ਹੋ ਗਿਆ ਸੀ ਅਤੇ ਕਿਸੇ ਤਰ੍ਹਾਂ ਦੀ ਮਦਦ ਦੇਣ ਦੇ ਲਾਇਕ ਨਹੀਂ ਸੀ। ਮੈਂ ਉਸ ਨੂੰ ਕੋਈ ਦੋਸ਼ ਨਹੀਂ ਦਿੰਦਾ ਕਿਉਂਕਿ ਉਸ ਜਨੂੰਨੀ ਨਿਗ੍ਹਾ ਨਾਲ ਹਰ ਕੋਈ ਸੁੰਨਾ ਹੋ ਗਿਆ ਸੀ।
ਮੈਂ ਸੋਚਿਆ ਕਿ ਜਦੋਂ ਮੇਰੀ ਰੂਹ ਮੇਰੇ ਤਨ ਨੂੰ ਛੱਡ ਗਈ ਤਾਂ ਉਹ ਸੰਤੁਸ਼ਟ ਹੋ ਜਾਣਗੇ, ਪਰ ਨਹੀਂ। ਉਨ੍ਹਾਂ ਕਾਰਜਾਂ ਪ੍ਰਤੀ ਉਨ੍ਹਾਂ ਦਾ ਗੁੱਸਾ ਏਨਾ ਜ਼ਿਆਦਾ ਸੀ, ਜਿਨ੍ਹਾਂ ਬਾਰੇ ਮੈਨੂੰ ਵੀ ਯਕੀਨ ਨਹੀਂ ਕਿ ਮੈਂ ਉਹ ਕਦੇ ਕੀਤੇ ਸਨ। ਮੇਰੇ ਜਿਸਮ ਨੂੰ ਬੁਰੀ ਤਰ੍ਹਾਂ ਖਤਮ ਕਰਕੇ ਉਹ ਆਪਣਾ ਗੁੱਸਾ ਠੰਢਾ ਕਰਨਾ ਅਤੇ ਜੰਨਤ ਵਿਚ ਆਪਣੀ ਜਗ੍ਹਾ ਪੱਕੀ ਕਰਨਾ ਚਾਹੁੰਦੇ ਸਨ। ਉਨ੍ਹਾਂ ਕੋਲ ਅਜਿਹੇ ਬੌਧਿਕ ਤਰਕ ਸਨ ਕਿ ਉਹ ਸਾਰੇ ਮੇਰੇ ਉਤੇ ਆ ਚੜ੍ਹੇ। ਮੇਰੀ ਲੋਥ ਨੂੰ ਬਹੁਤ ਬਾਅਦ ਵਿਚ ਪੁਲਿਸ ਨੇ ਬਚਾਇਆ। ਮੇਰੀ ਕਾਇਆ ਦੀ ਜਿਹੜੀ ਥੋੜ੍ਹੀ-ਬਹੁਤ ਪਵਿੱਤਰਤਾ ਹੈ ਸੀ, ਉਹ ਉਨ੍ਹਾਂ ਦੀਆਂ ਭਾਵਨਾਵਾਂ ਦੀ ਪਵਿੱਤਰਤਾ ਅੱਗੇ ਬੌਣੀ ਹੋ ਗਈ।
ਮੇਰੀ ਅੰਮੀ ਨੇ ਕੁਝ ਦਿਨ ਪਹਿਲਾਂ ਮੈਨੂੰ ਘਰ ਆਉਣ ਨੂੰ ਆਖਿਆ ਸੀ ਅਤੇ ਉਹ ਮੈਨੂੰ ਸ਼ਿੱਦਤ ਨਾਲ ਉਡੀਕ ਰਹੀ ਸੀ। ਮੈਂ ਉਸ ਨੂੰ ਕਿਹਾ ਸੀ ਕਿ ਮੈਂ ਸ਼ੁੱਕਰਵਾਰ ਨੂੰ ਆਵਾਂਗਾ ਪਰ ਮੇਰੇ ਸਾਥੀ ਵਿਦਿਆਰਥੀਆਂ ਨੇ, ਜਿਨ੍ਹਾਂ ਬਾਰੇ ਮੈਂ ਨਹੀਂ ਜਾਣਦਾ ਸੀ ਕਿ ਕਦ ਉਹ ਸਿੱਖਿਆ ਅਤੇ ਸੋਚਣ ਦੇ ਖਾਸ ਤਰੀਕੇ ‘ਤੇ ਗਿੱਝ ਕੇ ਲਹੂ ਪਿਆਸੇ ਦੈਂਤਾਂ ਵਿਚ ਤਬਦੀਲ ਹੋ ਚੁਕੇ ਸਨ, ਹੋਰ ਹੀ ਵਿਉਂਤ ਬਣਾਈ ਹੋਈ ਸੀ। ਉਨ੍ਹਾਂ ਮੈਨੂੰ ਵੀਰਵਾਰ ਨੂੰ ਹੀ ਸਦਾ ਲਈ ਘਰ ਨੂੰ ਤੋਰ ਦਿੱਤਾ।
ਜਦੋਂ ਮੈਂ ਮਾਸਕੋ ਵਿਚ ਸਿਵਲ ਇੰਜੀਨੀਅਰਿੰਗ ਦੀ ਆਨਰਜ਼ ਡਿਗਰੀ ਕਰ ਰਿਹਾ ਸਾਂ, ਤਦ ਮੈਂ ਆਪਣੇ ਸ਼ਹਿਰ ਦੀਆਂ ਗਲੀਆਂ ਅਤੇ ਲੋਕਾਂ ਨੂੰ ਬਹੁਤ ਯਾਦ ਕਰਿਆ ਕਰਦਾ ਸਾਂ। ਸ਼ਾਇਦ ਹੁਣ ਮੇਰਾ ਹਮੇਸ਼ਾ ਲਈ ਆਪਣੇ ਪਿੰਡ ਵਿਚ ਆਰਾਮ ਕਰਨ ਦਾ ਵੇਲਾ ਆ ਗਿਆ ਸੀ। ਪਰ ਜਿਵੇਂ ਮੇਰਾ ਆਪਣੀ ਮਾਂ ਨੂੰ ਮਿਲਣ ਲਈ ਜੀਅ ਸੀ ਕਿ ਕਿਸੇ ਵੀ ਹੋਰ ਦੀ ਤਰ੍ਹਾਂ ਮੈਂ ਸਾਬਤ-ਸਬੂਤ ਮਾਂ ਨੂੰ ਮਿਲ ਸਕਦਾ। ਜਦ ਮੇਰੀ ਜਨਣੀ ਨੇ ਮੇਰੇ ਹੱਥ ਆਪਣੇ ਹੱਥਾਂ ਵਿਚ ਲਏ, ਤਦ ਤਕ ਜ਼ੁਲਮਾਂ ਦਾ ਦਰਦ ਬੀਤੇ ਵਕਤ ਦੀ ਸ਼ੈ ਬਣ ਚੁਕਾ ਸੀ। ਮੇਰੀ ਅੰਮੀ ਨੂੰ ਮਹਿਸੂਸ ਹੋਇਆ ਕਿ ਮੇਰੇ ਹੱਥਾਂ ਦੀਆਂ ਸਭ ਹੱਡੀਆਂ ਅਤੇ ਮੇਰੀਆਂ ਤਮਾਮ ਉਂਗਲਾਂ ਟੁੱਟੀਆਂ ਹੋਈਆਂ ਸਨ ਤਾਂ ਮੇਰੀਆਂ ਦਰਦ ਦੀਆਂ ਚੀਸਾਂ ਤੇ ਤਕਲੀਫ ਤੋਂ ਉਠੀਆਂ ਚੀਕਾਂ ਉਸ ਦੇ ਦਿਲ ਵਿਚ ਲਹਿੰਦੀਆਂ ਗਈਆਂ। ਮੇਰੀ ਅੰਮੀ ਨੇ ਬਾਅਦ ਵਿਚ ਕੀਰਨੇ ਪਾਏ ਤੇ ਇੱਕ ਇੰਟਰਵਿਊ ਲੈਣ ਵਾਲੇ ਨੂੰ ਦੱਸਿਆ ਕਿ ਮੇਰੀਆਂ ਸਾਰੀਆਂ ਉਂਗਲਾਂ ਟੁੱਟੀਆਂ ਹੋਈਆਂ ਸਨæææਅਤੇ ਮੇਰੇ ਅੱਬਾ, ਜਿਹੜੀ ਪੀੜ ਉਨ੍ਹਾਂ ਝੱਲੀ, ਮੈਂ ਉਸ ਨੂੰ ਵਿਸਥਾਰ ਨਾਲ ਬਿਆਨ ਨਹੀਂ ਕਰ ਸਕਦਾ। ਉਹ ਮੈਥੋਂ ਵਿਛੋੜੇ ਦਾ ਦਰਦ ਨਹੀਂ ਮਹਿਸੂਸ ਕਰ ਰਹੇ ਸਨ, ਕਿਉਂਕਿ ਉਨ੍ਹਾਂ ਕੋਲ ਹੋਰ ਬਹੁਤ ਮਸਲੇ ਹਨ, ਜਿਨ੍ਹਾਂ ਨਾਲ ਉਹ ਦੋ-ਚਾਰ ਹੋ ਰਹੇ ਸਨ। ਹਰ ਪਿਤਾ ਆਪਣੇ ਮ੍ਰਿਤਕ ਬੱਚੇ ਲਈ ਕਿਸੇ ਖੂੰਜੇ ਵਿਚ ਬੈਠ ਕੇ ਰੋਣ ਦਾ ਹੱਕਦਾਰ ਹੁੰਦਾ ਹੈ ਪਰ ਮੇਰੇ ਅੱਬਾ ਨੇ ਇਹ ਵੀ ਸਹਿ ਲਿਆ ਅਤੇ ਉਹ ਲੋਕਾਂ ਨੂੰ ਮੇਰੇ ਨਾਂ ਦੇ ਅਰਥ ਸਮਝਾਉਂਦੇ ਰਹੇ। ਉਨ੍ਹਾਂ ਆਪਣੀ ਸਾਰੀ ਉਮਰ ਲਫਜ਼ਾਂ ਸੰਗ ਗੁਜ਼ਾਰੀ ਹੈ। ਉਹ ਸ਼ਾਇਰ ਹਨ। ਪਰ ਲੋਕਾਂ ਨੇ ਉਨ੍ਹਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਆਪਣੀ ਸ਼ਬਦੀ ਜੁਗਤ ਵਰਤਦਿਆਂ ਮੈਨੂੰ ਉਨ੍ਹਾਂ ਵਿਚੋਂ ਹੀ ਇੱਕ ਬਣਾ ਕੇ ਪੇਸ਼ ਕਰਨ ਨਾ ਕਿ ਕੋਈ ḔਹੋਰḔ ਬੁਰਾਈ ਬਣਾ ਕੇ।
ਮੈਂ ਚਾਹੁੰਦਾ ਸਾਂ ਕਿ ਉਹ ਇੱਕ ਦਿਨ ਫਖਰ ਮਹਿਸੂਸ ਕਰਨ। ਉਨ੍ਹਾਂ ਕੋਸ਼ਿਸ਼ ਕਰਕੇ ਹੌਲੀ-ਹੌਲੀ ਮੇਰੇ ਅੰਦਰ ਪੜ੍ਹਨ ਦਾ ਜਜ਼ਬਾ ਪੈਦਾ ਕੀਤਾ ਅਤੇ ਆਦਰਸ਼ਵਾਦ ਦੀ ਜਾਗ ਲਾਈ। ਇਹੀ ਕਾਰਨ ਸੀ ਕਿ ਇੰਜੀਨੀਅਰ ਬਣ ਕੇ ਅਤੇ ਇੱਕ ਚੰਗੀ ਥਾਂ ਤੋਂ ਡਿਗਰੀ ਹਾਸਲ ਕਰਨ ਦੇ ਬਾਵਜੂਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸਿਵਲ ਸਰਵਿਸ ਵਿਚ ਜਾਣਾ ਚਾਹਾਂਗਾ ਅਤੇ ਸਿੱਧੇ ਤਰੀਕੇ ਨਾਲ ਹੀ ਲੋਕਾਂ ਦੀ ਸੇਵਾ ਕਰਨੀ ਚਾਹਾਂਗਾ ਤਾਂ ਕਿ ਉਨ੍ਹਾਂ ਨੂੰ ਮੇਰੇ ‘ਤੇ ਮਾਣ ਹੋਏ। ਉਨ੍ਹਾਂ ਆਪਣੀ ਘੋਰ ਗਰੀਬੀ ਦੇ ਬਾਵਜੂਦ ਮੇਰੇ ਇਸ ਖਿਆਲ ‘ਤੇ ਕਦੀ ਮੱਥੇ ਵੱਟ ਨਾ ਪਾਇਆ।
ਮੇਰੇ ਘਰ ਕੋਲ ਇੱਕ ਮਸਜਿਦ ਹੈ। ਮੈਂ ਕਈ ਵਾਰ ਉਥੇ ਜਾ ਕੇ ਇਬਾਦਤ ਕਰਿਆ ਕਰਦਾ ਸਾਂ। ਪਰ ਜਦੋਂ ਉਸ ਦਿਨ ਮੈਨੂੰ ਘਰ ਲਿਆਂਦਾ ਤਾਂ ਮੌਲਵੀ ਲਾਊਡ ਸਪੀਕਰ ਰਾਹੀਂ ਗਰਜਿਆ, “ਜਿਹੜਾ ਵੀ ਕੋਈ ਮਸ਼ਾਲ ਦੇ ਜਨਾਜ਼ੇ ਵਿਚ ਸ਼ਾਮਿਲ ਹੋਏਗਾ, ਉਸ ਨੂੰ ਆਪਣਾ ਨਿਕਾਹ ਨਵਿਆਉਣਾ ਪਵੇਗਾ।” ਉਸ ਨੇ ਮੇਰੀ ਨਮਾਜ਼ੇ-ਜਨਾਜ਼ਾ ਪੜ੍ਹਨ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਹੋਰਨਾਂ ਨੂੰ ਵੀ ਅਜਿਹਾ ਕਰਨ ਤੋਂ ਰੋਕਿਆ। ਜਦੋਂ ਦੂਜਾ ਕੋਈ ਮੇਰੀ ਆਖਰੀ ਰਸਮ-ਏ-ਇਬਾਦਤ ਪੜ੍ਹਨ ਲਈ ਰਾਜ਼ੀ ਹੋਇਆ ਤਾਂ ਉਸ ਨੇ ਉਚੀ ਆਵਾਜ਼ ਵਿਚ ਲਾਊਡ ਸਪੀਕਰਾਂ ਤੋਂ ਨਾਤਾਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਮੇਰਾ ਜਨਾਜ਼ਾ ਖਿੰਡ ਜਾਵੇ। ਉਹ ਕਹਿੰਦੇ ਹਨ ਕਿ ਮੈਂ ਤੌਹੀਨ-ਏ-ਰਸਾਲਤ ਕੀਤੀ ਹੈ। ਇਥੇ ਉਹ ਮੌਲਵੀ ਪੈਗੰਬਰੀ ਸਲਾਹਿਤ ਵਿਚ ਕੀਤੇ ਜਾਂਦੇ ਗਾਇਨ ਨੂੰ ਵਰਤ ਕੇ ਮੇਰੀਆਂ ਆਖਰੀ ਰਸੁਮਾਤ ਤੋਂ ਲੋਕਾਂ ਦਾ ਧਿਆਨ ਭੰਗ ਕਰ ਰਿਹਾ ਸੀ!
ਜੇ ਮੈਂ ਲੋਕ ਸਮੂਹਾਂ ਦੀ ਅਗਵਾਈ ਕਰਨ ਦਾ ਦਾਅਵਾ ਕਰਨ ਵਾਲਿਆਂ ਦੀ ਚੁੱਪੀ ਦਾ ਜ਼ਿਕਰ ਨਾ ਕੀਤਾ ਤਾਂ ਮੇਰਾ ਖਤ ਅਧੂਰਾ ਹੀ ਰਹੇਗਾ। ਮੈਂ ਵੇਖਿਆ ਕਿ ਸਾਰੀ ਦੁਨੀਆਂ ਤੋਂ ਲੋਕ ਮੇਰੀ ਮੌਤ ਦਾ ਮਾਤਮ ਕਰ ਰਹੇ ਸਨ ਪਰ ਜਿਨ੍ਹਾਂ ਨਾਲ ਮੈਂ ਸਿਆਸੀ ਤੌਰ ‘ਤੇ ਜੁੜਿਆ ਹੋਇਆ ਸਾਂ, ਉਹ ਚੁੱਪ ਸਨ। ਮੈਂ ਇੱਕ ਅਗਾਂਹਵਧੂ ਅਤੇ ਫਰਾਖਦਿਲ ਸਮਾਜ ਬਣਿਆ ਦੇਖਣ ਦਾ ਚਾਹਵਾਨ ਸਾਂ। ਮੇਰੇ ‘ਤੇ ਯਕੀਨ ਨਹੀਂ? ਮੇਰੀਆਂ ਸੋਸ਼ਲ ਮੀਡੀਆ ‘ਤੇ ਪਾਈਆਂ ਪੋਸਟਾਂ ਫਰੋਲੋ ਤਾਂ ਤੁਸੀਂ ਦੇਖੋਗੇ ਕਿ ਉਨ੍ਹਾਂ ਲੋਕਾਂ ਅਤੇ ਉਸ ਸਮਾਜ ਲਈ ਕਿਸ ਤਰ੍ਹਾਂ ਦੀ ਸੋਚ ਰੱਖਦਾ ਸਾਂ। ਪਰ ਜਿਨ੍ਹਾਂ ਲੋਕਾਂ ਨੂੰ ਮੈਂ ਇੱਕ ਵੱਧ ਖੁੱਲ੍ਹੇ ਮੁਆਸ਼ਰੇ ਲਈ ਜੰਗ ਦਾ ਸਾਥੀ ਬਣਾਇਆ, ਉਹ ਸਾਰੇ ਚੁੱਪ ਸਨ। ਇਥੋਂ ਤਕ ਕਿ ਸਰਕਾਰ ਵੀ, ਜਿਸ ਦੇ ਹੁਕਮ ਨੂੰ ਚੈਲੰਜ ਕਰ ਦਿੱਤਾ ਗਿਆ ਸੀ; ਪਿਛਲੇ ਤਿੰਨ ਦਿਨਾਂ ਤੋਂ ਚੁੱਪ ਸੀ। ਉਹ ਇੰਤਜ਼ਾਰ ਕਰ ਰਹੇ ਸਨ ਕਿ ਪੁਲਿਸ ਕਦੋਂ ਮੈਨੂੰ ਨਿਰਦੋਸ਼ ਸਾਬਤ ਕਰਦੀ ਹੈ। ਜਦੋਂ ਮੇਰੇ ਅੱਬਾ ਨੂੰ ਧਾਹਾਂ ਮਾਰਨ ਲਈ ਮੋਢੇ ਦੀ ਲੋੜ ਸੀ, ਤਦ ਉਹ ਆਪਣੇ ਚਿਹਰੇ ਲੁਕਾ ਰਹੇ ਸਨ ਤੇ ਮੇਰੇ ਨਾਂ ਤੋਂ ਇਸ ਤਰ੍ਹਾਂ ਬਚਦੇ ਫਿਰਦੇ ਸਨ ਜਿਵੇਂ ਕਿ ਮੈਂ ਕੋਈ ਬਦ-ਦੁਆ ਹੋਵਾਂ। ਜਦੋਂ ਸਾਰਾ ਦੇਸ਼ ਸਦਮੇ ਵਿਚ ਸੀ, ਉਦੋਂ ਇਖਲਾਕੀ ਸਾਫਗੋਈ ਅਤੇ ਇਖਲਾਕੀ ਹੌਸਲਾ ਸਮੇਂ ਦੀ ਲੋੜ ਸੀ ਪਰ ਉਹ ਉਸ ਸਮੇਂ ਕਿਸੇ ਹੋਰ ਹੀ ਜਹਾਨ ਵਿਚ ਵਿਚਰਨ ਦਾ ਡਰਾਮਾ ਕਰ ਰਹੇ ਸਨ, ਜਿੱਥੇ ਵੋਟ ਬੈਂਕ ਅਤੇ ਸਿਆਸੀ ਜਮ੍ਹਾਂ-ਖਰਚੀ ਉਨ੍ਹਾਂ ਦੀ ਪਹਿਲ ਬਣੀ ਹੋਈ ਸੀ। ਪਰ ਸ਼ੁਕਰੀਆ ਪੁਲਿਸ ਦੀ ਲਿਆਕਤ ਦਾ (ਜਦੋਂ ਮੈਂ ਭੀੜ ਤੋਂ ਬਚਣ ਲਈ ਕੈਂਪਸ ਵਿਚ ਲੁਕਣ ਦੀ ਕੋਸ਼ਿਸ਼ ਕਰ ਰਿਹਾ ਸਾਂ ਅਤੇ ਭੀੜ ਮੈਨੂੰ ਲੱਭ ਰਹੀ ਸੀ, ਉਹ ਕਿਸੇ ਵੀ ਢੰਗ ਨਾਲ ਮੇਰਾ ਬਚਾਅ ਕਰਨ ਤੋਂ ਅਸਮਰੱਥ ਸੀ), ਬੇਖੌਫ ਐਂਕਰਜ਼ ਅਤੇ ਸੋਸ਼ਲ ਮੀਡੀਆ ਦੇ ਸਫਿਆਂ ਦਾ, ਜਿਨ੍ਹਾਂ ਇਹ ਸੱਚ ਸਾਹਮਣੇ ਲਿਆਂਦਾ ਕਿ ਮੈਂ ਗੁਨਾਹਗਾਰ ਨਹੀਂ ਹਾਂ ਸਗੋਂ ਬਲੀ ਦਾ ਬੱਕਰਾ ਬਣਾਇਆ ਗਿਆ ਹਾਂ।
ਜਦੋਂ ਇਸ ਧਰਤੀ ਦੀ ਧੀ, ਮਲਾਲਾ ਦੀ ਕਿਤਾਬ ਨੂੰ ਯੂਨੀਵਰਸਿਟੀਆਂ ਵਿਚ ਜਾਰੀ ਹੋਣ ਦੀ ਇਜਾਜ਼ਤ ਨਾ ਮਿਲੀ ਅਤੇ ਜਿਸ ਸ਼ਖਸ ਨੂੰ ਸਰਕਾਰ ਨੇ ਦਹਿਸ਼ਤਗਰਦੀ ਦੀ ਕਾਰਵਾਈ ਕਰਕੇ ਫਾਂਸੀ ਚਾੜ੍ਹਿਆ ਸੀ, ਉਸ ਦੇ ਪੋਸਟਰਾਂ ਨਾਲ ਕੈਂਪਸਾਂ ਦੀਆਂ ਕੰਧਾਂ ਭਰ ਦਿੱਤੀਆਂ ਗਈਆਂ ਤਾਂ ਮੇਰੇ ਸਾਥੀ ਵਿਦਿਆਰਥੀਆਂ ਨੇ ਇਕ ਨਾ ਇਕ ਦਿਨ ਜੰਗਲੀ ਦਰਿੰਦੇ ਬਣ ਹੀ ਜਾਣਾ ਸੀ, ਜੋ ਅਖੀਰ ਉਹ ਬਣ ਗਏ। ਜੋ ਥਾਂਵਾਂ ਵਿਚਾਰਾਂ ਤੇ ਬਹਿਸਾਂ ਲਈ ਬਣਾਈਆਂ ਗਈਆਂ ਹਨ, ਜਦੋਂ ਉਥੇ ਹੁੰਦੀਆਂ ਵਿਚਾਰਾਂ ਤੇ ਬਹਿਸਾਂ ਨੂੰ ਚਾਰਜਸ਼ੀਟ ਦੇ ਤੌਰ ‘ਤੇ ਵਰਤਿਆ ਜਾਣ ਲੱਗ ਪਵੇ ਤਾਂ ਉਨ੍ਹਾਂ ਦਾ ਉਸ ਸਮਾਜ ਨਾਲੋਂ ਕੋਈ ਫਰਕ ਨਹੀਂ ਰਹਿੰਦਾ ਜਿਸ ਵਿਚ ਉਹ ਕ੍ਰਿਆਸ਼ੀਲ ਹੁੰਦੀਆਂ ਹਨ।
ਮੈਂ ਹੁਣ ਤੁਰ ਗਿਆ ਹਾਂ। ਮੈਂ ਚਾਹੁੰਦਾ ਸਾਂ ਕਿ ਮੇਰੇ ਅੱਬਾ ਨੂੰ ਮੇਰੇ ‘ਤੇ ਫਖਰ ਹੋਵੇ ਤੇ ਮੈਂ ਆਪਣੀ ਅੰਮੀ ਦੇ ਦੁੱਖਾਂ ਦੀ ਢੋਈ ਬਣ ਸਕਾਂ ਪਰ ਹੁਣ ਇਹ ਗੱਲਾਂ ਮੇਰੇ ਵੱਸੋਂ ਬਾਹਰ ਹਨ। ਮੇਰੇ ਅੱਬਾ ਬਹੁਤ ਥੱਕ ਗਏ ਹਨ, ਝੰਜੋੜੇ ਗਏ ਹਨ ਤੇ ਟੁੱਟ ਗਏ ਹਨ ਪਰ ਫਿਰ ਵੀ ਇਸ ਨੂੰ ਜ਼ਾਹਰ ਨਹੀਂ ਹੋਣ ਦਿੰਦੇ। ਉਹ ਹਰ ਮੌਕੇ ਇਹੀ ਕਹਿੰਦੇ ਹਨ ਕਿ ਜਿਹੜੀ ਉਸ ਦੇ ਪੁੱਤਰ ਨਾਲ ਹੋਈ, ਉਹ ਕਿਸੇ ਹੋਰ ਦੇ ਬੱਚੇ ਨਾਲ ਨਾ ਹੋਏ। ਮੈਂ ਸਮੂਹਿਕ ਪਾਗਲਪਨ ਦਾ ਪਹਿਲਾ ਸ਼ਿਕਾਰ ਨਹੀਂ ਹਾਂ ਪਰ ਤੁਸੀਂ ਮੈਨੂੰ ਆਖਰੀ ਬਣਾਉਣ ਵਿਚ ਸਹਾਈ ਹੋ ਸਕਦੇ ਹੋ। ਮੈਂ ਤੁਹਾਡੇ ਤੋਂ ਉਮੀਦ ਕਰਦਾਂ ਕਿ ਤੁਸੀਂ ਵਿਚਾਰਾਂ ਨੂੰ ਜਿਉਂਦੇ ਰਹਿਣ ਦਿਓਗੇ, ਪਰ ਜਿਵੇਂ ਕਿ ਮੇਰੇ ਅੱਬਾ ਕਹਿੰਦੇ ਹਨ, “ਤੁਸੀਂ ਸੂਰਜ ਦੀਆਂ ਕਿਰਨਾਂ ਨੂੰ ਸੰਗਲ ਨਹੀਂ ਪਾ ਸਕਦੇ।”