ਸੂਤਕ ਵਿਚਾਰ

ਬਲਜੀਤ ਬਾਸੀ
ਕੁਝ ਸਮੇਂ ਤੋਂ ਕੇਰਲ ਵਿਚ ਸ਼ਬਰੀਮਲਾ ਨਾਂ ਦਾ ਮੰਦਿਰ ਕਾਫੀ ਚਰਚਾ ਵਿਚ ਹੈ। ਇਹ ਮੰਦਿਰ ਅਠਾਰਾਂ ਪਹਾੜੀਆਂ ਅਤੇ ਘਣੇ ਜੰਗਲਾਂ ਵਿਚਾਲੇ ਕੋਈ 480 ਮੀਟਰ ਦੀ ਉਚਾਈ ‘ਤੇ ਸਥਿਤ ਹੈ। ਮਲਿਆਲਮ ਵਿਚ ਸਬਰੀਮਲਾ ਦਾ ਅਰਥ ਹੀ ਪਰਬਤ ਹੈ। ਇਸ ਤੱਕ ਪਹੁੰਚਣ ਲਈ ਵੀ ਸ਼ਰਧਾਲੂਆਂ ਨੂੰ ਅਠਾਰਾਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ।
ਇਹ ਮੰਦਿਰ ਅਯਾਪਨ ਦੇਵਤੇ (ਇਯਾਪਾ) ਨੂੰ ਸਮਰਪਿਤ ਹੈ, ਜੋ ਮਾਨਤਾ ਅਨੁਸਾਰ ਸ਼ਿਵ ਅਤੇ ਵਿਸ਼ਨੂੰ ਦਾ ਪੁੱਤਰ ਸੀ।

ਕਿਹਾ ਜਾਂਦਾ ਹੈ ਕਿ ਉਹ ਸ਼ਾਸਤਾ ਨਾਂ ਦੇ ਇਕ ਦੇਵਤੇ ਦਾ ਅਵਤਾਰ ਸੀ, ਜਿਸ ਦਾ ਜਨਮ ਮੋਹਨੀ ਦੇ ਵੇਸਧਾਰੀ ਵਿਸ਼ਨੂੰ ਅਤੇ ਸ਼ਿਵ ਦੇ ਸਮਾਗਮ ਤੋਂ ਹੋਇਆ ਸੀ। ਕੋਈ ਸੱਤ ਅੱਠ ਸੌ ਸਾਲ ਪਹਿਲਾਂ ਦੱਖਣ ਵਿਚ ਸ਼ੈਵ ਅਤੇ ਵੈਸ਼ਣਵ ਮੱਤਾਂ ਵਿਚਾਲੇ ਜ਼ਬਰਦਸਤ ਵਿਰੋਧ ਚੱਲ ਪਿਆ ਤਾਂ ਮਤਭੇਦਾਂ ਨੂੰ ਸੁਲਝਾਉਣ ਲਈ ਅਯਾਪਨ ਦੀ ਪਰਿਕਲਪਨਾ ਕੀਤੀ ਗਈ। ਸ਼ਾਸਤਾ ਦੇਵਤੇ ਦੇ ਜਨਮ ਦੀ ਮਿਥ ਇਸੇ ਵੱਲ ਸੰਕੇਤ ਕਰਦੀ ਹੈ।
ਅਯਾਪਨ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਨੂੰ ‘ਨੈਸ਼ਤਿਕ ਬ੍ਰਹਮਚਾਰੀ’ ਅਰਥਾਤ ਸਦੈਵ ਕੁਆਰਾ ਕਿਹਾ ਗਿਆ ਹੈ। ਇਸ ਲਈ ਇਸ ਮੰਦਿਰ ਵਿਚ ਹਰ ਉਮਰ ਦੇ ਮਰਦ ਤਾਂ ਜਾ ਸਕਦੇ ਹਨ ਪਰ 10 ਤੋਂ 50 ਸਾਲ ਦੀਆਂ ਮਾਹਵਾਰੀ ਉਮਰ ਦੀਆਂ ਔਰਤਾਂ ਨਹੀਂ। ਮਤਲਬ ਇਹ ਕਿ ਬੱਚੀਆਂ/ਬੁਢੀਆਂ ਇੱਕ ਤਰ੍ਹਾਂ ਮਰਦਾਂ ਦੇ ਨਿਆਈਂ ਹੀ ਹਨ ਕਿਉਂਕਿ ਉਹ ਬੱਚੇ ਪੈਦਾ ਨਹੀਂ ਕਰ ਸਕਦੀਆਂ। ਇਸੇ ਕਾਰਨ ਉਹ ਛੜੇ ਅਵਤਾਰ ਦੀ ਪੂਜਾ ਅਰਚਨਾ ਦੇ ਯੋਗ ਹਨ ਜਦ ਕਿ ਮਾਹਵਾਰੀ ਵਾਲੀਆਂ ਨਹੀਂ, ਕਿਉਂਕਿ ਕਾਮੁਕ ਨਜ਼ਰੀਏ ਤੋਂ ਉਹ ਪੂਰਨ ਔਰਤਾਂ ਹਨ। ਨੈਸ਼ਤਿਕ ਬ੍ਰਹਮਚਾਰੀ ਦਾ ਸਤ ਭੰਗ ਹੋਣ ਦੀ ਸ਼ੰਕਾ ਹੋ ਸਕਦੀ ਹੈ। ਭਾਵ ਸਾਡੇ ਸਮਾਜ ਵਿਚ ਮਰਦ ਦਾ ਬ੍ਰਹਮਚਰਯ ਭੰਗ ਹੋਣ ਦੀ ਜਿੰਮੇਵਾਰੀ ਔਰਤ ਦੇ ਸਿਰ ਮੜ੍ਹ ਦਿੱਤੀ ਜਾਂਦੀ ਹੈ।
ਪਿਛੇ ਜਿਹੇ ਸੁਪਰੀਮ ਕੋਰਟ ਨੇ ਭਾਰਤੀ ਸੰਵਿਧਾਨ ਅਨੁਸਾਰ ਔਰਤ ਨੂੰ ਮਰਦ ਦੇ ਬਰਾਬਰ ਪੂਜਾ ਅਧਿਕਾਰ ਹੋਣ ਕਾਰਨ ਮਾਹਵਾਰੀ ਉਮਰ ਦੀਆਂ ਇਸਤਰੀਆਂ ਨੂੰ ਵੀ ਇਯਾਪਾ ਦੀ ਪੂਜਾ ਕਰਨ ਦਾ ਅਧਿਕਾਰ ਦੇ ਦਿੱਤਾ। ਆਰ. ਐਸ਼ ਐਸ਼ ਜਿਹੀਆਂ ਪਿਛਾਖੜੀ ਸ਼ਕਤੀਆਂ ਸੁਪਰੀਮ ਕੋਰਟ ਦੇ ਆਦੇਸ਼ ਦਾ ਜ਼ਬਰਦਸਤ ਅਤੇ ਸਰਗਰਮ ਵਿਰੋਧ ਕਰ ਰਹੀਆਂ ਹਨ, ਜਦਕਿ ਕੇਰਲ ਸਰਕਾਰ ਆਦੇਸ਼ ਨੂੰ ਲਾਗੂ ਕਰਨ ‘ਤੇ ਤੁਲੀ ਹੋਈ ਹੈ। ਕੇਂਦਰੀ ਮੰਤਰੀ ਸਿਮ੍ਰਤੀ ਇਰਾਨੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ, “ਕੀ ਤੁਸੀਂ ਖੂਨ ਨਾਲ ਲੱਥ ਪੱਥ ਮਾਹਵਾਰੀ ਕੱਪੜੇ ਆਪਣੇ ਦੋਸਤ ਦੇ ਘਰ ਲੈ ਜਾਵੋਗੇ? ਇਸੇ ਤਰ੍ਹਾਂ ਰੱਬ ਦੇ ਘਰ ਵਿਚ ਇਨ੍ਹਾਂ ਨੂੰ ਕਿਉਂ ਲਿਜਾਵੋਗੇ?” ਕਿੰਨੀ ਹਾਸੋਹੀਣੀ ਦਲੀਲ ਹੈ। ਕੀ ਔਰਤਾਂ ਮਾਹਵਾਰੀ ਕੱਪੜੇ ਹੱਥਾਂ ਵਿਚ ਚੁੱਕੀ ਫਿਰਦੀਆਂ ਹਨ? ਹੋਰ ਤਾਂ ਹੋਰ ਇੱਕ ਪੜ੍ਹੇ-ਲਿਖੇ ਅਫਸਰ ਨੇ ਇਹ ਵੀ ਕਹਿ ਮਾਰਿਆ ਕਿ ਕੇਰਲ ਵਿਚ ਆਏ ਭਿਅੰਕਰ ਹੜ੍ਹ ਸ਼ਬਰੀਮਲਾ ਮੰਦਿਰ ਵਿਚ ਔਰਤਾਂ ਦੇ ਪਰਵੇਸ਼ ਦੀ ਇਜਾਜ਼ਤ ਕਾਰਨ ਇਆਪਾ ਦੇ ਪ੍ਰਕੋਪ ਦਾ ਨਤੀਜਾ ਹਨ।
ਅਯਾਪਨ-ਪੂਜਾ ਬਾਰੇ ਉਪਰੋਕਤ ਮਨਾਹੀ ਨੂੰ ਸਹੀ ਠਹਿਰਾਉਣ ਲਈ ਭਾਵੇਂ ਪ੍ਰਚਲਿਤ ਮਰਿਆਦਾ ਜਾਂ ਕੋਈ ਵੀ ਹੋਰ ਦਲੀਲ ਦਿੱਤੀ ਜਾ ਰਹੀ ਹੈ ਪਰ ਮੇਰੇ ਖਿਆਲ ਵਿਚ ਇਸ ਪਿੱਛੇ ਕੰਮ ਕਰ ਰਹੀ ਭਾਵਨਾ ਇਸ ਉਮਰ ਦੀਆਂ ਔਰਤਾਂ ਨੂੰ ਮਲੀਨ ਸਮਝਣ ਵਾਲੀ ਪੁਰਾਣੀ ਹਿੰਦੂ ਮਾਨਤਾ ਦੀ ਰਹਿੰਦ-ਖੂੰਹਦ ਹੀ ਹੈ। ਧਰਮ ਦੀਆਂ ਬਹੁਤ ਸਾਰੀਆਂ ਮਾਨਤਾਵਾਂ ਪਿਛੇ ਕੋਈ ਨਾ ਕੋਈ ਸਮਾਜਕ ਸੱਚਾਈ ਜੁੜੀ ਹੋਈ ਹੁੰਦੀ ਹੈ, ਜਿਸ ਨੂੰ ਧਰਮ ਕਰਮ-ਕਾਂਡ ਵਿਚ ਬਦਲ ਕੇ ਲਾਗੂ ਕਰਾਉਂਦਾ ਹੈ। ਬਾਅਦ ਵਿਚ ਇਹ ਧਰਮ ਦੀ ਮਰਿਆਦਾ ਬਣ ਕੇ ਅਬਦਲ ਹੀ ਹੋ ਜਾਂਦੀ ਹੈ, ਪਰ ਸਮਾਜਕ ਲਹਿਰਾਂ ਨੇ ਧਾਰਮਕ ਮਰਿਆਦਾਵਾਂ ਅਤੇ ਸੰਸਕਾਰਾਂ ਨੂੰ ਬਦਲਵਾਇਆ ਹੈ। ਉਨ੍ਹੀਵੀਂ ਸਦੀ ਤੱਕ ਕੇਰਲ ਦੀਆਂ ਔਰਤਾਂ ਛਾਤੀ ਨਹੀਂ ਸਨ ਢਕ ਸਕਦੀਆਂ ਅਤੇ 1936 ਤੱਕ ਅਛੂਤਾਂ ਨੂੰ ਮੰਦਿਰਾਂ ਵਿਚ ਨਹੀਂ ਸੀ ਜਾਣ ਦਿੱਤਾ ਜਾਂਦਾ। ਦੇਸ਼ ਵਿਚ ਸਤੀ ਪ੍ਰਥਾ ਨੂੰ ਖਤਮ ਕੀਤਾ ਗਿਆ ਹੈ।
ਮਾਹਵਾਰੀ ਔਰਤਾਂ ਦੇ ਅਪਵਿੱਤਰ ਹੋਣ ਵਾਲੇ ਵਿਚਾਰ ਨੂੰ ਸੂਤਕ ਕਿਹਾ ਜਾਂਦਾ ਹੈ। ਹਿੰਦੂ ਧਰਮ ਵਿਚ ਰਵਾਇਤੀ ਤੌਰ ‘ਤੇ ਬੱਚੇ ਦੇ ਜਨਮ ਤੋਂ ਦਸ ਦਿਨ ਤੱਕ ਸੂਤਕ ਦਾ ਵਿਚਾਰ ਕੀਤਾ ਜਾਂਦਾ ਹੈ। ਸੰਕੋਚ ਦਾ ਇਹ ਅਰਸਾ ਬ੍ਰਾਹਮਣਾਂ ਲਈ ਦਸ ਦਿਨ, ਖਤਰੀਆਂ ਲਈ ਬਾਰਾਂ ਦਿਨ, ਵੈਸ਼ਾਂ ਲਈ ਵੀਹ ਦਿਨ ਅਤੇ ਸ਼ੂਦਰਾਂ ਲਈ ਤੀਹ ਦਿਨ ਹੈ। ਸ਼ੂਦਰ ਔਰਤਾਂ ਨੂੰ ਖੇਤਾਂ ਵਿਚ ਕੰਮ ਵੀ ਕਰਨਾ ਹੁੰਦਾ ਸੀ, ਇਸ ਲਈ ਉਚ ਜਾਤੀਆਂ ਲਈ ਉਨ੍ਹਾਂ ਤੋਂ ਭਿਟ ਕੁਝ ਵਧੇਰੇ ਹੀ ਹੁੰਦੀ ਸੀ। ਇਸ ਦੌਰਾਨ ਬੱਚੇ ਦੀ ਮਾਂ ਨਾ ਤਾਂ ਕਿਸੇ ਨੂੰ ਮਿਲ ਸਕਦੀ ਹੈ ਤੇ ਨਾ ਹੀ ਉਹ ਰਸੋਈ ਵਿਚ ਜਾ ਸਕਦੀ ਹੈ। ਘਰ ਦੇ ਹੋਰ ਜੀਆਂ ਲਈ ਵੀ ਧਰਮ-ਕਰਮ ਤੋਂ ਵਰਜਣਾ ਕੀਤੀ ਗਈ ਹੈ। ਨਿਰਧਾਰਤ ਸਮੇਂ ਤੋਂ ਪਿਛੋਂ ਹੀ ਹਵਨ ਆਦਿ ਕਰਕੇ ਸੂਤਕ ਤੋਂ ਮੁਕਤੀ ਹੁੰਦੀ ਹੈ। ਅਸਲ ਵਿਚ ਸੂਤਕ ਦੀ ਪਾਲਣਾ ਕਿਸੇ ਦੀ ਮੌਤ ਪਿਛੋਂ ਵੀ ਕੀਤੀ ਜਾਂਦੀ ਹੈ, ਜਿਸ ਲਈ ਵਖਰਾ ਸ਼ਬਦ ਪਾਤਕ ਹੈ, ਪਰ ਅੱਜ ਕਲ੍ਹ ਇਸ ਨੂੰ ਵੀ ਸੂਤਕ ਜਾਂ ਸੂਤਕ-ਪਾਤਕ ਹੀ ਕਹਿ ਦਿੱਤਾ ਜਾਂਦਾ ਹੈ। ਚੰਦ-ਸੂਰਜ ਗ੍ਰਹਿਣ ਵੇਲੇ ਵੀ ਸੂਤਕ ਦੀ ਪਾਲਣਾ ਕੀਤੀ ਜਾਂਦੀ ਹੈ।
ਅੱਜ ਅਸੀਂ ਸੂਤਕ ‘ਤੇ ਹੀ ਵਿਚਾਰ ਕਰਨ ਲੱਗੇ ਹਾਂ ਕਿਉਂਕਿ ਇਸ ਸ਼ਬਦ ਦਾ ਸਬੰਧ ਹੀ ਜਨਮ ਨਾਲ ਹੈ। ਸੂਤਕ ਪਾਲਣਾ ਦੀ ਵਿਗਿਆਨਕ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਅਖੇ ਇਸ ਸਮੇਂ ਦੌਰਾਨ ਜੱਚਾ ਤੇ ਬੱਚਾ ਨੂੰ ਛੂਤ ਦੀ ਬੀਮਾਰੀ ਹੋਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਸਾਡੇ ਸਮਾਜ ਵਿਚ ਔਰਤਾਂ ਅਤੇ ਨਿਮਨ ਜਾਤੀਆਂ ਨੂੰ ਨਖਿਧ ਸਮਝਿਆ ਗਿਆ ਹੈ। ਭਿਟ-ਸੁੱਚ ਦਾ ਵਿਚਾਰ ਇਸ ਵਰਗ ‘ਤੇ ਹੀ ਵਧੇਰੇ ਲਾਗੂ ਹੁੰਦਾ ਹੈ। ਰੋਟੀ ਜੂਠੀ ਹੋਣ ਦਾ ਵਿਚਾਰ ਵੀ ਸਾਡੇ ਬਹੁਤ ਪ੍ਰਚਲਿਤ ਹੈ। ਤਨਜ਼ ਵਾਲੀ ਗੱਲ ਇਹ ਹੈ ਕਿ ਔਰਤਾਂ ਆਪਣੇ ਪਤੀ ਜਾਂ ਬੱਚੇ ਦੀ ਜੂਠ ਖਾ ਲੈਂਦੀਆਂ ਹਨ ਪਰ ਇਸ ਤੋਂ ਉਲਟ ਨਹੀਂ ਕਰਨ ਦਿੰਦੀਆਂ। ਇਹ ਵੀ ਦੇਖਣ ਵਿਚ ਆਇਆ ਹੈ ਕਿ ਔਰਤਾਂ ਧਰਮ-ਕਰਮ ਨੂੰ ਮਰਦਾਂ ਨਾਲੋਂ ਵੀ ਵਧੇਰੇ ਉਤਸ਼ਾਹ ਨਾਲ ਨਿਭਾਉਂਦੀਆਂ ਹਨ। ਸ਼ਬਰੀਮਲਾ ਬਾਰੇ ਕੋਰਟ ਦੇ ਆਦੇਸ਼ ਦਾ ਔਰਤਾਂ ਵਧੇਰੇ ਜ਼ੋਰ ਸ਼ੋਰ ਨਾਲ ਵਿਰੋਧ ਕਰ ਰਹੀਆਂ ਹਨ, ਹਾਲਾਂ ਕਿ ਇਹ ਉਨ੍ਹਾਂ ਦੇ ਹੱਕ ਵਿਚ ਜਾਂਦਾ ਹੈ।
ਸਿੱਖੀ ਵਿਚ ਕਰਮ ਕਾਂਡ ‘ਤੇ ਬਹੁਤਾ ਜ਼ੋਰ ਨਹੀਂ ਦਿੱਤਾ ਗਿਆ, ਇਸ ਲਈ ਸਿੱਖ ਪਰਿਵਾਰਾਂ ਵਿਚ ਸੂਤਕ ਦਾ ਬਹੁਤਾ ਵਿਚਾਰ ਨਹੀਂ ਕੀਤਾ ਜਾਂਦਾ। ਗੁਰੂ ਨਾਨਕ ਦੇਵ ਨੇ ਬਹੁਤ ਸਾਰੇ ਸਮਾਜਕ ਵਿਸ਼ਿਆਂ ‘ਤੇ ਕਾਫੀ ਤਰਕ ਕੀਤਾ ਹੈ। ਇਸ ਤੋਂ ਪਹਿਲਾਂ ਭਗਤ ਕਬੀਰ ਨੇ ਵੀ ਇਸ ਰੀਤ ਦਾ ਖੂਬ ਖੰਡਨ ਕੀਤਾ,
ਜਲਿ ਹੈ ਸੂਤਕੁ ਥਲਿ ਹੈ ਸੂਤਕੁ
ਸੂਤਕ ਓਪਤਿ ਹੋਈ॥
ਜਨਮੇ ਸੂਤਕੁ ਮੂਏ ਫੁਨਿ ਸੂਤਕੁ
ਸੂਤਕ ਪਰਜ ਬਿਗੋਈ॥
ਭਾਵ ਪਾਣੀ ਅਤੇ ਧਰਤੀ ਉਤੇ ਹਰ ਵੇਲੇ ਉਤਪਤੀ ਹੋ ਰਹੀ ਹੈ, ਇਸ ਦਾ ਮਤਲਬ ਸਭ ਕੁਝ ਭਿਟਿਆ ਹੋਇਆ ਹੈ। ਇਸ ਭਿਟ ਪਿਛੇ ਲੋਕਾਈ ਖੁਆਰ ਹੋ ਰਹੀ ਹੈ। ਆਸਾ ਦੀ ਵਾਰ ਵਿਚ ਗੁਰੂ ਨਾਨਕ ਦੇਵ ਨੇ ਸਿਰੇ ਦੀ ਗੱਲ ਬਿਆਨੀ ਹੈ,
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥
ਨਾਨਕ ਜਿਨ੍ਹੀ ਗੁਰਮੁਖਿ ਬੁਝਿਆ ਤਿਨ੍ਹਾ ਸੂਤਕੁ ਨਾਹਿ॥
ਸੂਤਕ ਮੁਢਲੇ ਤੌਰ ‘ਤੇ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਅਰਥ ਸੂਣ, ਜਨਮ, ਪੈਦਾਇਸ਼; ਜਨਮ ਨਾਲ ਜੁੜੀ ਅਪਵਿੱਤਰਤਾ ਅਤੇ ਆਮ ਅਪਵਿਤਰਤਾ, ਅਸ਼ੁਧਤਾ ਹੈ। ਸੰਸਕ੍ਰਿਤ ਵਿਚ ਸੂਤਕਾ ਜਣੇਪੇ ਵਾਲੀ ਔਰਤ ਹੈ ਤੇ ਸੂਤਿਕਾ ਜਣੇਪੇ ਪਿਛੋਂ ਹੋਇਆ ਰੋਗ ਹੈ। ਇਸ ਸ਼ਬਦ ਦਾ ਧਾਤੂ ‘ਸੂ’ ਹੈ ਜਿਸ ਵਿਚ ਜਮਾਉਣ, ਪੈਦਾ ਕਰਨ ਦਾ ਭਾਵ ਹੈ। ‘ਸੂ’ ਦਾ ਹੀ ਅਰਥ ਜਣਨੀ ਅਰਥਾਤ ਮਾਤਾ ਵੀ ਹੈ।
ਪੰਜਾਬੀ ਵਿਚ ਬੱਚਾ ਜਣਨ ਦੇ ਅਰਥ ਵਿਚ ਸੂਣਾ ਸ਼ਬਦ ਵਰਤਿਆ ਜਾਂਦਾ ਹੈ, ਭਾਵੇਂ ਇਹ ਪਸੂਆਂ ਦੇ ਪ੍ਰਸੰਗ ਵਿਚ ਹੀ ਰੂੜ੍ਹ ਹੋ ਗਿਆ ਹੈ। ਜਿਵੇਂ ‘ਮੱਝ ਸੂ ਪਈ।’ ਸੂਆਂ ਜਿਵੇਂ ‘ਮੱਝ ਦਾ ਤੀਜਾ ਸੂਆ’ ਮਾਦਾ ਪਸੂਆਂ ਦਾ ਜਣੇਪਾ ਹੀ ਹੈ। ਪਰ ਇਸ ਦੇ ਅੱਗੇ ‘ਪ੍ਰ’ ਅਗੇਤਰ ਲਾ ਕੇ ਬਣਿਆ ਪ੍ਰਸੂਤ ਸ਼ਬਦ ਜਣਨੀ ਇਸਤਰੀ ਦੇ ਸਬੰਧ ਵਿਚ ਵਰਤਿਆ ਜਾਂਦਾ ਹੈ। ਜਣੇਪੇ ਦੀਆਂ ਦਰਦਾਂ ਨੂੰ ਪ੍ਰਸੂਤ ਪੀੜਾ ਕਿਹਾ ਜਾਂਦਾ ਹੈ।
ਗੁਰੂ ਅਮਰ ਦਾਸ ਨੇ ਇਹ ਸ਼ਬਦ ਔਲਾਦ ਦੇ ਅਰਥਾਂ ਵਿਚ ਵਰਤਿਆ ਹੈ, “ਮਾਇਆ ਮਾਈ ਤ੍ਰੈਗੁਣ ਪਰਸੂਤਿ ਜਮਾਇਆ॥” ਸੰਸਕ੍ਰਿਤ ਵਿਚ ਪ੍ਰਸੂਤਿ ਸ਼ਬਦ ਦਾ ਮੁਢਲਾ ਅਰਥ ਜਣੇਪਾ, ਜਨਮ ਦੇਣ, ਸੂਆ, ਆਂਡੇ ਦੇਣ, ਫਲਣ ਆਦਿ ਹੈ, ਹੋਰ ਅੱਗੇ ਜਨਮ ਦੇਣ ਵਾਲੇ ਮਾਤਾ-ਪਿਤਾ ਵੀ ਹੈ ਤੇ ਔਲਾਦ ਵੀ। ਇਸੇ ਕਰਕੇ ਗੁਰੂ ਅਮਰ ਦਾਸ ਦੀ ਉਪਰੋਕਤ ਤੁਕ ਵਿਚਲੇ ਪਰਸੂਤਿ ਸ਼ਬਦ ਦਾ ਭਾਈ ਕਾਹਨ ਸਿੰਘ ਨੇ ਅਰਥ ‘ਮਾਤਾ’ ਕੀਤਾ ਹੈ, ਪਰ ਮੇਰੀ ਜਾਚੇ ਸੰਤਾਨ ਵਧੇਰੇ ਢੁਕਦਾ ਹੈ।
ਅਸਲ ਵਿਚ ਤਾਂ ਸੂਤ ਜਾਂ ਸੂਤਿ ਦਾ ਅਰਥ ਜਣੇਪਾ, ਜਣਨ ਵੀ ਹੈ ਤੇ ਜਣਨ ਦਾ ਨਤੀਜਾ ਅਰਥਾਤ ਸੰਤਾਨ ਜਾਂ ਬੱਚਾ ਤੇ ਫਲ ਵੀ ਹੈ। ਸੁਤ ਦਾ ਅਰਥ ਪੁੱਤਰ ਵੀ ਹੈ ਤੇ ਸੰਤਾਨ ਵੀ। ਇਸ ਦੇ ਟਾਕਰੇ ‘ਤੇ ਸੁਤਾ ਦਾ ਅਰਥ ਧੀ ਹੈ। ਪੁੱਤਰ ਦੇ ਅਰਥਾਂ ਵਿਚ ਗੁਰੂ ਅਰਜਨ ਦੇਵ ਨੇ ਇਹ ਸ਼ਬਦ ਵਰਤਿਆ ਹੈ, “ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ॥” ਹੋਰ ਦੇਖੋ, “ਸੁਤਿ ਮੁਕਲਾਈ ਅਪਨੀ ਮਾਉ॥” (ਭਗਤ ਕਬੀਰ)। ਪੰਜਾਬੀ ਵਿਚ ਪਹਿਲੇ ਸੂਏ ਦੀ ਕੱਟੀ ਨੂੰ ਪਲੂਣ ਜਾਂ ਪਹਿਲ ਪਲੂਣ ਕਿਹਾ ਜਾਂਦਾ ਹੈ। ਪਲੂਣ ਸ਼ਬਦ ਬਣਿਆ ਹੀ ‘ਪਹਿਲ+ਸੂਣ’ ਤੋਂ ਹੈ, ਪਰ ਤੂਣਾ ਇਸ ਨਾਲ ਸਬੰਧਤ ਸ਼ਬਦ ਨਹੀਂ ਹੈ, ਇਸ ਦਾ ਧਾਤੂ ‘ਤੁਜ’ ਹੈ, ਜਿਸ ਵਿਚ ਬਾਹਰ ਕੱਢਣ ਦਾ ਭਾਵ ਹੈ।
ਵਿਦਵਾਨਾਂ ਦੀ ਰਾਏ ਹੈ ਕਿ ਇਹ ਸਾਰੇ ਸ਼ਬਦ ਭਾਰੋਪੀ ਖਾਸੇ ਵਾਲੇ ਹਨ। ਇੱਕ ਭਾਰੋਪੀ ਮੂਲ ‘ੰeੁe’ ਕਲਪਿਆ ਗਿਆ ਹੈ ਜਿਸ ਵਿਚ ਜਨਮ ਦੇਣ, ਸੂਣ ਦੇ ਭਾਵ ਹਨ। ਇਸ ਦੇ ਪਿਛੇ ‘ਂ’ ਧੁਨੀ ਲੱਗ ਕੇ ‘ੁੰ(e)-ਨੁ’ ਜਿਹਾ ਉਪਧਾਤੂ ਸੂੰਦਾ ਹੈ, ਜਿਸ ਵਿਚ ਪੁੱਤਰ ਦਾ ਭਾਵ ਹੈ। ਜਰਮੈਨਿਕ ਭਾਸ਼ਾਵਾਂ ਵਿਚ ਇਸ ਤੋਂ ਵਿਉਤਪਤ ਹੋਏ ਸ਼ਬਦਾਂ ਦੇ ਅਰਥ ਪੁੱਤਰ ਅਰਥਾਤ ‘ਜਿਸ ਨੂੰ ਜਨਮ ਦਿੱਤਾ’ ਹੈ। ਕੁਝ ਸ਼ਬਦ ਗਿਣਾਉਂਦੇ ਹਾਂ: ਓਲਡ ਸੈਕਸਨ ਤੇ ਓਲਡ ਫਰੀਜ਼ੀਅਨ ੁੰਨੁ, ਡੈਨਿਸ਼ ਤੇ ਸਵੀਡਿਸ਼ ੰੋਨ, ਡੱਚ ਢੋਨ, ਜਰਮਨ ੰੋਹਨ, ਗੌਥਿਕ ੁੰਨੁਸ ਅਤੇ ਅੰਗਰੇਜ਼ੀ ੰੋਨ। ਜਰਮੈਨਿਕ ਤੋਂ ਬਿਨਾ ਗਰੀਕ ੍ਹਿਸ, ਅਵੇਸਤਨ ੍ਹੁਨੁਸਹ, ਲਿਥੂਏਨੀਅਨ ੁੰਨੁਸ, ਰੂਸੀ ਤੇ ਪੋਲਿਸ਼ ੰੇਨ ਵੀ ਸਕੇ ਸ਼ਬਦ ਹਨ, ਜਿਨ੍ਹਾਂ ਦਾ ਅਰਥ ਪੁੱਤਰ ਹੈ। ਸੰਸਕ੍ਰਿਤ ‘ਸੂਨੁ’ ਸ਼ਬਦ ਦਾ ਅਰਥ ਪੁੱਤਰ/ਪੁਤਰੀ ਹੈ। ਹਿੰਦੀ ਵਿਚ ਸੂਨੂ ਧੀ ਨੂੰ ਅਤੇ ਸੂਨ ਪੁੱਤਰ ਨੂੰ ਕਹਿੰਦੇ ਹਨ, ‘ਸ਼੍ਰੀ ਬਸੁਦੇਵ ਸੂਨ ਹੈ, ਨੰਦ ਕੁਮਾਰ ਕਹਾਵਤ।’ “ਇਹੀ ਬੀਚ ਆਯੋ ਮ੍ਰਿਤੰ ਸੂਨ ਬਿੱਪੰ॥” (ਰਾਮ ਅਵਤਾਰ)