ਸਿੱਖ ਪੰਥ ਅਤੇ ਪ੍ਰਭਸ਼ਰਨਦੀਪ ਸਿੰਘ ਦੇ ਨੁਕਤੇ

ਸਿੱਖ ਬੁੱਧੀਜੀਵੀ ਪ੍ਰਭਸ਼ਰਨਦੀਪ ਸਿੰਘ ਨੇ ਪੰਜਾਬ ਟਾਈਮਜ਼ ਵਿਚ ਕੁਝ ਹਫਤੇ ਪਹਿਲਾਂ ਛਪੇ ਆਪਣੇ ਲੇਖ ਵਿਚ ਸਿੱਖ ਪੰਥ ਨੂੰ ਦਰਪੇਸ਼ ਮਸਲਿਆਂ ‘ਤੇ ਵਿਚਾਰ-ਚਰਚਾ ਕਰਦਿਆਂ ਕੁਝ ਗੰਭੀਰ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਦੀ ਚਰਚਾ ਨੂੰ ਅੱਗੇ ਤੋਰਦਿਆਂ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਕੁਝ ਟਿੱਪਣੀਆਂ ਕਰਦਿਆਂ ਸਵਾਲ ਕੀਤਾ ਹੈ, “ਕੀ ਧਰਮ ਨੂੰ ਸਿਆਸਤ ਵਾਸਤੇ ਵਰਤਣ ਵਾਲੇ ਸਿਆਸਤਦਾਨ ਅਤੇ ਬੁੱਧੀਜੀਵੀ ਇਸ ਸਾਦਾ ਜਿਹੀ ਸਿੱਖ ਭਾਵਨਾ ਨੂੰ ਧਿਆਨ ਵਿਚ ਰੱਖਣ ਲਈ ਤਿਆਰ ਹਨ?”

-ਸੰਪਾਦਕ

ਬਲਕਾਰ ਸਿੰਘ ਪ੍ਰੋ.
ਸਿੱਖ ਮਸਲਿਆਂ ਬਾਰੇ ਲਿਖਣ ਵਾਲੇ ਮੇਰੇ ਸਮਕਾਲੀ ਸਿੱਖ ਲੇਖਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ ਅਤੇ ਉਨ੍ਹਾਂ ਵਿਚੋਂ ਸੰਵਾਦ ਰਚਾਉਣ ਵਾਲਿਆਂ ਦੀ ਗਿਣਤੀ ਹੋਰ ਵੀ ਥੋੜ੍ਹੀ ਹੈ। ਜਿਹੋ ਜਿਹੀ ਚਰਚਾ ਪ੍ਰਭਸ਼ਰਨਬੀਰ ਸਿੰਘ ਅਤੇ ਕਰਮਜੀਤ ਸਿੰਘ ਨੇ ਸ਼ੁਰੂ ਕੀਤੀ ਹੈ, ਇਹੋ ਜਿਹਾ ਯਤਨ ਪਹਿਲਾਂ ਵੀ ‘ਪੰਜਾਬ ਟਾਈਮਜ਼’ ਵਲੋਂ ਹੋ ਚੁਕਾ ਹੈ ਅਤੇ ਓਹੀ “ਸਿੱਖ ਕੌਮ: ਹਸਤੀ ਤੇ ਹੋਣੀ” (ਚੇਤਨਾ ਪ੍ਰਕਾਸ਼ਨ, 2012) ਵਜੋਂ ਛਪਿਆ ਹੋਇਆ ਪ੍ਰਾਪਤ ਹੈ। ਉਸ ਪੁਸਤਕ ਵਿਚ ਇਨ੍ਹਾਂ ਦੋਹਾਂ ਵਿਦਵਾਨਾਂ ਸਮੇਤ ਦੋ ਦਰਜਨ ਵਿਦਵਾਨਾਂ ਦੇ ਵਿਚਾਰ ਸ਼ਾਮਲ ਹਨ। ਚੰਗਾ ਹੁੰਦਾ ਜੇ ਚਰਚਾ ਉਸ ਪੁਸਤਕ ਦੇ ਹਵਾਲੇ ਨਾਲ ਅੱਗੇ ਤੋਰੀ ਜਾਂਦੀ।
ਮਸਲਾ ਉਦੋਂ ਵੀ ਇਹੀ ਸੀ ਅਤੇ ਅਜਮੇਰ ਸਿੰਘ ਉਸ ਚਰਚਾ ਵਿਚ ਸ਼ਾਮਲ ਹੀ ਨਹੀਂ ਸੀ ਹੋਇਆ। ਉਸ ਦੇ ਪ੍ਰਸ਼ੰਸਕਨੁਮਾ ਪਾਠਕ ਉਸ ਦੇ ਹੱਕ ਵਿਚ ਓਹੋ ਜਿਹੀ ਭੂਮਿਕਾ ਨਿਭਾਉਣ ਦਾ ਭਰਮ ਪਾਲ ਰਹੇ ਸਨ, ਜਿਹੋ ਜਿਹੀ ਕਿਸੇ ਵੇਲੇ ਮਾਰਕਸ ਨੂੰ ਆਮ ਬੰਦੇ ਤੱਕ ਲੈ ਕੇ ਜਾਣ ਵਾਸਤੇ ਲੈਨਿਨ ਨੇ ਨਿਭਾਈ ਸੀ। ਪੁਸਤਕ ਵਿਚ ਉਨ੍ਹਾਂ ਸਾਰਿਆਂ ਨੂੰ ਇਸ ਆਸ ਨਾਲ ਸ਼ਾਮਲ ਕੀਤਾ ਗਿਆ ਸੀ ਕਿ ਚਰਚਾ ਵਿਚ ਧਿਰ ਹੋ ਗਿਆਂ ਨੂੰ ਲੈ ਕੇ ਪੰਥਕ ਰਾਏ ਬਣਾਉਣ ਵਾਸਤੇ ਲੋੜ ਪੈਣ ‘ਤੇ ਮਦਦ ਮਿਲ ਸਕੇ। ਸਿੱਖ ਭਾਈਚਾਰਾ ਪੁਸਤਕ ਕਲਚਰ ਤੋਂ ਮਹਿਰੂਮ ਹੈ ਅਤੇ ਆਪੋ ਆਪਣੇ ਵਹਿਣ ਵਿਚ ਵਹਿੰਦਿਆਂ ਨੂੰ ਇਸ ਦੀ ਸ਼ਾਇਦ ਲੋੜ ਹੀ ਨਹੀਂ ਹੈ।
ਮਸਲਾ ਇਹ ਨਹੀਂ ਕਿ ਅਸੀਂ ਇਕ ਦੂਜੇ ਵਾਂਗ ਕਿਉਂ ਨਹੀਂ ਸੋਚਦੇ, ਸਗੋਂ ਮਸਲਾ ਇਹ ਹੈ ਕਿ ਅਸੀਂ ਧਰਮ ਅਤੇ ਸਿਆਸਤ ਨੂੰ ਕਿਉਂ ਉਲਝਾ ਰਹੇ ਹਾਂ? ਜਿਹੋ ਜਿਹੇ ਉਲਝਾ ਦੀ ਸਿਆਸਤ ਸਿੱਖ ਸਿਆਸਤਦਾਨ ਕਰੀ ਜਾ ਰਹੇ ਹਨ, ਉਹੋ ਜਿਹੇ ਉਲਝਾ ਦੀ ਸਿਆਸਤ ਅਜਮੇਰ ਸਿੰਘ ਦੀਆਂ ਪੁਸਤਕਾਂ ਕਰੀ ਜਾ ਰਹੀਆਂ ਹਨ ਅਤੇ ਉਸੇ ਹਵਾਲੇ ਨਾਲ ਚਰਚਾ ਸ਼ੁਰੂ ਹੋ ਗਈ ਹੈ। ਜਿਨ੍ਹਾਂ ਨੂੰ ਬਰਗਾੜੀ ਦਾ ਮੋਰਚਾ ਅਤੇ ਪੰਥਕ ਅਸੈਂਬਲੀ ਇਕ ਦੂਜੇ ਦੇ ਵਿਰੋਧ ਵਿਚ ਭੁਗਤਦੇ ਨਜ਼ਰ ਆਉਂਦੇ ਹਨ, ਉਨ੍ਹਾਂ ਨੂੰ ਕੌਣ ਦੱਸੇ ਕਿ ਦੋਹਾਂ ਵਿਚ ਹਿੱਸਾ ਲੈਣ ਵਾਲੇ ਜੇ ਬਹੁਗਿਣਤੀ ਵਿਚ ਸਨ ਤਾਂ ਦੋਹਾਂ ਦਾ ਅਪਹਰਣ ਘਟ ਗਿਣਤੀ ਕਿਉਂ ਕਰੀ ਫਿਰਦੀ ਹੈ? ਮਸਲਾ ਇਹ ਹੈ ਕਿ ਧਰਮ ਦੇ ਨਾਂ ‘ਤੇ ਇਕੱਠੇ ਹੋਣ ਵਾਲੇ ਸਿੱਖ ਸਿਆਸਤਦਾਨਾਂ ਵਾਂਗ ਭਾਸ਼ਣਬਾਜੀ ਕਰਕੇ ਜਿਧਰ ਮੂੰਹ ਆਇਆ, ਉਧਰ ਕਿਉਂ ਤੁਰ ਜਾਂਦੇ ਹਨ? ਜਿਹੜੀ ਗੱਲ ਸਿੱਖ ਆਸਥਾ ਨੂੰ ਸਮਝ ਆ ਗਈ ਹੈ, ਉਹ ਸਿੱਖ ਸਿਆਸਤਦਾਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ? ਮੈਨੂੰ ਫਿਕਰ ਹੈ ਕਿ ਬਰਗਾੜੀ ਵਾਲਾ ਸਿੱਖ ਆਸਥਾ ਦਾ ਸੁੱਚਾ ਉਭਾਰ ਕਿਧਰੇ ਚੱਬੇ ਵਾਲੇ ਸਰਬੱਤ ਖਾਲਸਾ ਵਾਲੇ ਰਾਹ ਨਾ ਪੈ ਜਾਵੇ?
ਪ੍ਰਭਸ਼ਰਨਬੀਰ ਅਤੇ ਕਰਮਜੀਤ ਸਿੰਘ ਬਰਗਾੜੀ ਨੂੰ ਸਰਬੱਤ ਖਾਲਸਾ ਦੀ ਨਿਰੰਤਰਤਾ ਨਾ ਕੇਵਲ ਵੇਖ ਰਹੇ ਹਨ, ਸਗੋਂ ਇਹੀ ਸਾਬਤ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ। ਇਸੇ ਨੂੰ ਮੈਂ ਧਰਮ ਵੱਲੋਂ ਸਿਆਸਤ ਨੂੰ ਅਤੇ ਸਿਆਸਤ ਵੱਲੋਂ ਧਰਮ ਨੂੰ ਫੇਲ੍ਹ ਕਰਨ ਵਾਲੀ ਸਿੱਖ ਸਿਆਸਤ ਵਜੋਂ ਵੇਖ ਰਿਹਾ ਹਾਂ। ਅਜਮੇਰ, ਕਰਮਜੀਤ ਅਤੇ ਪ੍ਰਭਸ਼ਰਨ ਮੇਰੇ ਨਜ਼ਦੀਕੀ ਮਿੱਤਰ ਹਨ ਅਤੇ ਬੜੇ ਸਿਰੜ ਨਾਲ ਆਪੋ ਆਪਣੀ ਸਿਆਸਤ ਕਰੀ ਜਾ ਰਹੇ ਹਨ। ਇਸ ਵਿਚ ਵਾਧਾ ਇਹ ਹੈ ਕਿ ਲੋੜ ਪੈਣ ‘ਤੇ ਧਰਮ ਅਤੇ ਅਕਾਦਮਿਕਤਾ ਦੀ ਆੜ ਵਿਚ ਇਕ ਦੂਜੇ ਦੇ ਨਾਲ ਵੀ ਹੋ ਜਾਂਦੇ ਹਨ ਅਤੇ ਇਕ ਦੂਜੇ ਦੇ ਵਿਰੁਧ ਵੀ ਹੋ ਜਾਂਦੇ ਹਨ।
ਮਸਲਾ ਇਸ ਵੇਲੇ ਇਹੀ ਹੈ ਕਿ ਸਿੱਖ ਸਿਆਸਤਦਾਨਾਂ ਤੋਂ ਸਿੱਖ ਸੰਸਥਾਵਾਂ ਨੂੰ ਕਿਵੇਂ ਬਚਾਉਣਾ ਹੈ? ਸਿੱਖ ਸਿਆਸਤ ਦਾ ਮੋਢੀ ਬਾਬਾ ਬੰਦਾ ਸਿੰਘ ਬਹਾਦਰ ਹੈ ਅਤੇ ਸਿੱਖ ਸੰਸਥਾਵਾਂ ਨੂੰ ਸਿਆਸਤ ਵਾਸਤੇ ਵਰਤਣ ਦਾ ਮੋਢੀ ਮਹਾਰਾਜਾ ਰਣਜੀਤ ਸਿੰਘ ਹੈ। ਲੋੜ ਪੈਣ ‘ਤੇ ਇਸ ਦਾ ਵਿਸਥਾਰ ਵੀ ਦਿੱਤਾ ਜਾ ਸਕਦਾ ਹੈ। ਸਿੱਖ ਸੰਸਥਾਵਾਂ ਦੇ ਸਿਆਸੀ ਅਪਹਰਣ ਦੀ ਸਥਿਤੀ ਬਾਦਲਕਿਆਂ ਤੱਕ ਪਹੁੰਚ ਕੇ ਇਸ ਹੱਦ ਤੱਕ ਉਲਝ ਗਈ ਹੈ ਕਿ ਸੁਲਝਾਉਣ ਦੀ ਕੋਸ਼ਿਸ਼ ਵੀ ਉਲਝਾਉਣ ਵਿਚ ਹੀ ਵਾਧਾ ਕਰੀ ਜਾ ਰਹੀ ਹੈ। ਹਾਲਤ ਇਥੋਂ ਤੱਕ ਪਹੁੰਚ ਗਈ ਹੈ ਕਿ ਇਕੱਲੇ ਇਕੱਲੇ ਸਿੱਖ ਵੀ ਆਪੋ ਆਪਣੀ ਸੁੰਢ ਦੀ ਗੰਢੀ ਵਰਗੀ ਸਿਆਸਤ ਦਾ ਮਾਲਕ ਹੋਣ ਦਾ ਭਰਮ ਪਾਲੀ ਜਾ ਰਹੇ ਹਨ। ਉਨ੍ਹਾਂ ਨੂੰ ਕੌਣ ਦੱਸੇ ਕਿ ਜੋ ਪ੍ਰਾਪਤ ਹੈ, ਉਸ ਨੂੰ ਢਾਹੁਣ ਤੋਂ ਪਹਿਲਾਂ ਉਸ ਦਾ ਬਦਲ ਉਸਾਰਨਾ ਜ਼ਰੂਰੀ ਹੈ। ਇਹੋ ਜਿਹੀ ਇਕਹਿਰੀ ਸਿਆਸਤ ਵਾਸਤੇ ਮਸਲੇ ਬਣਾ ਲੈਣ ਦੀ ਚਾਲਾਕੀ ਨੂੰ ਘਟੋ ਘਟ ਸਿੱਖੀ ਸਮਝਣਾ ਤਾਂ ਬੰਦ ਕਰ ਦੇਣਾ ਚਾਹੀਦਾ ਹੈ।
ਹਾਲਤ ਇਹ ਹੋ ਗਈ ਹੈ ਕਿ ਸਿੱਖਾਂ ਦੇ ਲਹੂ ਵਿਚ ਨਹਾਉਣ ਵਾਲੀ ਸਿਆਸਤ ਨੂੰ ਵੀ ਪੰਥਕ ਰੰਗ ਵਿਚ ਰੰਗ ਕੇ ਪੇਸ਼ ਕਰਨ ਦੀ ਵਧੀਕੀ ਹੋਈ ਜਾ ਰਹੀ ਹੈ। ਇਸ ਨਾਲ ਸਿੱਖੀ ਦੇ ਹਮਦਰਦਾਂ ਦਾ ਘੇਰਾ ਘਟਦਾ ਜਾ ਰਿਹਾ ਹੈ। ਕਿਸੇ ਵੇਲੇ ਪੰਜਾਬ ਦੇ ਹਿੰਦੂਆਂ ਵਿਚ ਵੱਡੇ ਪੁੱਤਰ ਨੂੰ ਸਿੱਖ ਬਣਾਉਣ ਦੀ ਪਰੰਪਰਾ ਸੀ ਅਤੇ ਹੁਣ ਸਿੱਖ ਘਰਾਂ ਵਿਚ ਹੀ ਸਿੱਖ ਪਛਾਣ ਗੁੰਮਦੀ ਜਾ ਰਹੀ ਹੈ। ਕਿਸੇ ਵੇਲੇ ਪੰਜਾਬੀ ਸਭਿਆਚਾਰ ਨੂੰ ਸਿੱਖ ਸਭਿਆਚਾਰ ਨੇ ਪ੍ਰਭਾਵਿਤ ਕੀਤਾ ਸੀ ਅਤੇ ਇਸ ਵੇਲੇ ਪੰਜਾਬੀ ਸਭਿਆਚਾਰ ਦਾ ਪ੍ਰਭਾਵ ਸਿੱਖ ਸਭਿਆਚਾਰ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਇਸੇ ਦਾ ਸਿੱਟਾ ਹੈ ਕਿ ਬਾਣੀ ਦੇ ਸਿੱਖਾਂ ਦੀ ਥਾਂ ਇਤਿਹਾਸ ਦੇ ਸਿੱਖ ਹੋਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਬਾਣੀ ਦੇ ਸਿੱਖਾਂ ਦੇ ਪ੍ਰਤੀਨਿਧ ਸੰਤ ਹੋ ਗਏ ਹਨ ਅਤੇ ਇਤਿਹਾਸ ਦੇ ਸਿੱਖਾਂ ਦੇ ਪ੍ਰਤੀਨਿਧ ਸਿੱਖ ਸਿਆਸਤਦਾਨ ਹੋ ਗਏ ਹਨ। ਦੋਹਾਂ ਦੀ ਗਿਣਤੀ ਰਲਾ ਕੇ ਵੀ 5% ਨਹੀਂ ਬਣਦੀ। 95% ਦਾ 5% ਵਲੋਂ ਅਪਹਰਣ ਕਰ ਲੈਣ ਦੀ ਕਲਾ ਨੂੰ ਸਿੱਖ ਸਿਆਸਤ ਕਹਿ ਰਿਹਾ ਹਾਂ।
ਇਸ ਹਾਲਤ ਵਿਚ ਇਹ ਸੋਚੇ ਜਾਣ ਦੀ ਲੋੜ ਹੈ ਕਿ ਬਹੁ-ਸਭਿਆਚਾਰਕ ਪ੍ਰਸੰਗ ਵਿਚ ਸਿੱਖ ਸਰੋਕਾਰਾਂ ਨਾਲ ਜੁੜੀ ਹੋਈ, ਸਿੱਖ ਭਾਈਚਾਰੇ ਵਾਸਤੇ ਕਿਹੋ ਜਿਹੀ ਵਰਤੀ ਜਾਣ ਯੋਗ ਸਪੇਸ ਪ੍ਰਾਪਤ ਹੈ। ਵਿਦੇਸ਼ੀ ਪ੍ਰਸੰਗ ਵਿਚ ਸਿੱਖ ਸਿਆਸਤ ਵਾਸਤੇ ਸਫਲ ਕੈਨੇਡੀਅਨ ਮਾਡਲ ਨੂੰ ਜਿਸ ਤਰ੍ਹਾਂ ਖਾਲਿਸਤਾਨੀ ਪਹੁੰਚ ਤੋਂ ਕਿਨਾਰਾ ਕਰਨਾ ਪੈ ਰਿਹਾ ਹੈ, ਉਸ ਨੂੰ ਧਿਆਨ ਵਿਚ ਰੱਖ ਕੇ ਕੀਤੀ ਹੋਈ ਕੋਈ ਟਿੱਪਣੀ ਸਿਆਸਤਨੁਮਾ ਸਿੱਖ ਲੇਖਕਾਂ ਵਿਚੋਂ ਅਕਸਰ ਗੁੰਮ ਰਹਿੰਦੀ ਹੈ। ਖਾਲਿਸਤਾਨੀ ਸਿਆਸਤ ਦੇ ਜਿਹੋ ਜਿਹੇ ਹਵਾਲੇ ਲਿਖਤਾਂ ਵਿਚ ਆ ਗਏ ਹਨ, ਉਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਕਹਿਣਾ ਚਾਹੁੰਦਾ ਹਾਂ ਕਿ ਬਾਦਲਕੇ ਇਸੇ ਦਾ ਹੀ ਖੱਟਿਆ ਖਾ ਰਹੇ ਹਨ। ਕਿਸ ਨੂੰ ਨਹੀਂ ਪਤਾ ਕਿ ਅਕਾਲੀ ਦਲ (ਅੰਮ੍ਰਿਤਸਰ) ਨੂੰ ਬਣਦਿਆਂ ਹੀ ਕਿਸ ਨੇ ਫੇਲ੍ਹ ਕੀਤਾ ਸੀ?
ਇਹ ਨਹੀਂ ਭੁੱਲਣਾ ਚਾਹੀਦਾ ਕਿ ਬਰਗਾੜੀ ਮੋਰਚੇ ਦਾ ਜਲੌਅ ਉਸ ਮਾਤਰਾ ਵਿਚ ਹੀ ਕਾਇਮ ਰਹਿਣਾ ਹੈ, ਜਿਸ ਮਾਤਰਾ ਵਿਚ ਬਰਗਾੜੀ ਮੋਰਚਾ ਸਿੱਖ ਸਿਆਸਤ ਤੋਂ ਬਚਿਆ ਰਹੇਗਾ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਬਰਗਾੜੀ ਮੋਰਚੇ ਨੇ ਕਿਸੇ ਕਿਸਮ ਦੇ ਸਿਆਸੀ ਬਦਲ ਦੀਆਂ ਨਹੀਂ, ਕੇਵਲ ਤੇ ਕੇਵਲ ਬਾਦਲ ਮੁਕਤ ਸ਼੍ਰੋਮਣੀ ਕਮੇਟੀ ਦੇ ਬਦਲ ਦੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ। ਸਿੱਖ ਸਿਆਸਤ ਦੇ ਜਿੰਨੇ ਧੜੇ ਬਰਗਾੜੀ ‘ਤੇ ਨਿਗਾਹਾਂ ਲਾਈ ਬੈਠੇ ਹਨ, ਉਨ੍ਹਾਂ ਤੋਂ ਉਖੜੇ ਹੋਏ ਬਾਦਲਕੇ ਵੀ ਕੋਈ ਖਤਰਾ ਮਹਿਸੂਸ ਨਹੀਂ ਕਰ ਰਹੇ। ਇਹੀ ਹਾਲ ਰਿਹਾ ਤਾਂ ਪੰਥਕ ਸਿਆਸਤ ਨੂੰ ਬਰਗਾੜੀ ਮੋਰਚੇ ਨਾਲ ਸੰਭਲਣ ਲਈ ਮਿਲ ਗਿਆ ਸੁਨਹਿਰੀ ਮੌਕਾ ਵੀ ਕਿਸੇ ਕੰਮ ਨਹੀਂ ਆਵੇਗਾ।
ਪੰਥਕਨੁਮਾ ਸਾਰੇ ਲੇਖਕਾਂ ਨੂੰ ਮੇਰੀ ਬੇਨਤੀ ਹੈ ਕਿ ਗੁਰੂ ਦੀ ਬਖਸ਼ੀ ਹੋਈ ਸੁਜੱਗਤਾ ਨੂੰ ਘਰ ਸੰਭਾਲਣ ਵਾਸਤੇ ਨਹੀਂ ਵਰਤਾਂਗੇ ਤਾਂ ਸਿੱਖ ਸੰਸਥਾਵਾਂ ਦੇ ਸਿਆਸੀ ਅਪਹਰਣ ਨੂੰ ਨਹੀਂ ਰੋਕ ਸਕਾਂਗੇ। ਬੇਗਾਨਿਆਂ ਦੀਆਂ ਵਧੀਕੀਆਂ ਨਾ ਪਹਿਲਾਂ ਸਿੱਖੀ ਦਾ ਕੁਝ ਵਿਗਾੜ ਸਕੀਆਂ ਹਨ ਅਤੇ ਨਾ ਅੱਗੋਂ ਕੁਝ ਵਿਗਾੜ ਸਕਣਗੀਆਂ, ਪਰ ਆਪਣਿਆਂ ਦੀਆਂ ਵਧੀਕੀਆਂ ਤੋਂ ਬਚਣ ਲਈ ਸਿੱਖ ਸਿਆਸਤਦਾਨਾਂ ਨੂੰ ਸਮਝਾਉਣਾ ਪਵੇਗਾ ਕਿ ਧਰਮ ਨੂੰ ਸਿਆਸਤ ਵਾਸਤੇ ਵਰਤਣਾ ਕਿਸੇ ਵੀ ਧਰਮ ਵਾਸਤੇ ਨਾ ਲਾਹੇਵੰਦ ਹੋਇਆ ਹੈ ਅਤੇ ਨਾ ਹੋ ਸਕੇਗਾ। ਧਰਮ ਦੀ ਸਿਆਸਤ ਵਾਸਤੇ ਕੀਤੀ ਹੋਈ ਬੇਕਿਰਕ ਵਰਤੋਂ ਬਾਦਲਕਿਆਂ ਨੂੰ ਜਿਥੋਂ ਤੱਕ ਲੈ ਗਈ ਹੈ, ਉਸ ਤੋਂ ਕੋਈ ਸਬਕ ਤਾਂ ਸਿੱਖ ਸਿਆਸਤਦਾਨਾਂ ਨੂੰ ਸਿੱਖ ਹੀ ਲੈਣਾ ਚਾਹੀਦਾ ਹੈ।
ਕਹਿਣਾ ਇਹ ਚਾਹੁੰਦਾ ਹਾਂ ਕਿ ਜਦੋਂ ਅਸੀਂ ਆਪਣੀ ਵਿਰਾਸਤੀ ਸੁਜੱਗਤਾ ਨੂੰ ਆਪੋ ਆਪਣੀ ਸਿਆਸਤ ਦੇ ਹੱਕ ਵਿਚ ਭੁਗਤਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਪ੍ਰੋ. ਪੂਰਨ ਸਿੰਘ ਦੇ ਇਹ ਸ਼ਬਦ ਨਹੀਂ ਭੁੱਲਣੇ ਚਾਹੀਦੇ, “ਰਾਜਨੀਤਕ ਆਰਥਕਤਾ ਦੇ ਸੂਤਰ ਤਾਂ ਮਨੁੱਖ ਤੋਂ ਮਨੁੱਖ ਨੂੰ ਨਿਖੇੜਦੇ ਤੇ ਉਨ੍ਹਾਂ ਵਿਚ ਦੁਪਿਆਰਤਾ ਪੈਦਾ ਕਰਦੇ ਹਨ, ਜੋ ਇਕ ਤਰ੍ਹਾਂ ਸਿਲਸਿਲੇਵਾਰ ਤੇ ਨਿਰੰਤਰ ਚਲਣ ਵਾਲੀ ਭਾਵਨਾ ਬਣ ਜਾਂਦੀ ਹੈ। ਇਹ ਤਾਂ ਮਨੁੱਖਤਾ ਦੀ ਚਤੁਰ-ਚਲਾਕੀ ਦੀ ਚੰਚਲ ਖੇਡ ਹੈ।”
ਇਸ ਦੇ ਕਾਰਨ ਲੱਭਣ ਵਾਸਤੇ ਉਨ੍ਹਾਂ ਦੀ ਇਹ ਟਿਪਣੀ ਵੀ ਵਰਤੋਂ ਵਿਚ ਆ ਸਕਦੀ ਹੈ, “ਸਿੱਖੀ ਜੀਵਨ ਦਾ ਆਦਰਸ਼ ਤਾਂ ਰਾਜਨੀਤਕ ਦੰਭਾਂ ਤੇ ਹਲਕੇ ਹੋਏ ਭਰਮ ਭੁਲੇਖਿਆਂ ਦੇ ਰਾਜਨੀਤਕ ਆਰਥਕਤਾ ਦੇ ਚੱਕਰ ਤੋਂ ਉਲਟੀ ਦਸ਼ਾ ਵਿਚ ਚਲਣ ਵਿਚ ਹੈ, ਪਿਆਰ ਦੀ ਪਾਤਸ਼ਾਹਤ ਵਿਚ ਕੋਈ ਵੀ ਰਾਜਨੀਤਕ ਆਰਥਕਤਾ ਨਹੀਂ ਹੈ।”
ਜਿਹੋ ਜਿਹੀ ਸਿਆਸਤ ਦੇ ਗਲ ਵੱਢ ਮੁਕਾਬਲੇ ਦਾ ਸ਼ਿਕਾਰ ਇਸ ਵੇਲੇ ਸਿੱਖ ਭਾਈਚਾਰਾ ਹੋ ਗਿਆ ਹੈ ਅਤੇ ਜਿਸ ਨੂੰ ਪੰਥਕਨੁਮਾ ਲੇਖਕ ਸ਼ਹਿ ਦੇਣ ਵਾਸਤੇ ਸਿਰਤੋੜ ਮਿਹਨਤ ਕਰੀ ਜਾ ਰਹੇ ਹਨ, ਉਨ੍ਹਾਂ ਨਾਲ ਚਰਚਾ ਵਾਸਤੇ ਪ੍ਰੋ. ਪੂਰਨ ਸਿੰਘ ਦਾ ਇਹ ਨੁਕਤਾ ਵੀ ਉਠਾਉਣਾ ਚਾਹੁੰਦਾ ਹਾਂ, “ਆਪ ਜਿਉਣਾ ਤੇ ਦੂਜਿਆਂ ਨੂੰ ਜਿਉਣ ਦੇਣਾ ਹਰ ਵਿਅਕਤੀ ਦੇ ਜੀਵਨ ਵਿਚ ਨਿਆਏ ਪੂਰਵਕ ਢੰਗ ਨਾਲ ਖੁਸ਼ੀ ਭਰਿਆ ਜੀਵਨ ਜਿਉਣਾ ਅਤੇ ਗ੍ਰਹਿਸਥੀ ਤੇ ਗ੍ਰਾਮੀਣ ਸਾਦਾ ਜੀਵਨ ਵਿਚ ਸ਼ੁਕਰ ਮਨਾਉਣਾ ਹੀ ਗੁਰੂ ਸਾਹਿਬ ਦੇ ਆਦਰਸ਼ਾਂ ਅਨੁਸਾਰ ਦੂਜਿਆਂ ਉਤੇ ਰਾਜ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ।”
ਕੀ ਧਰਮ ਨੂੰ ਸਿਆਸਤ ਵਾਸਤੇ ਵਰਤਣ ਵਾਲੇ ਸਿਆਸਤਦਾਨ ਅਤੇ ਬੁੱਧੀਜੀਵੀ ਇਸ ਸਾਦਾ ਜਿਹੀ ਸਿੱਖ ਭਾਵਨਾ ਨੂੰ ਧਿਆਨ ਵਿਚ ਰੱਖਣ ਲਈ ਤਿਆਰ ਹਨ? ਇਸ ਨੂੰ ਹੋ ਰਹੀ ਚਰਚਾ ਵਿਚ ਸ਼ਾਮਲ ਕਰ ਲੈਣਾ ਚਾਹੀਦਾ ਹੈ।