ਸਾਈਕਲ ਵਾਲੇ ਸਰਵਣ ਦੀ ਅੜੀ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸੰਨ ਅੱਸੀ ਦੇ ਜਨਵਰੀ-ਫਰਵਰੀ ਮਹੀਨੇ ਦੀ ਗੱਲ ਹੈ। ਉਣਾਸੀ ‘ਚ ਹੋਏ ਮੇਰੇ ਵਿਆਹ ਤੋਂ ਬਾਅਦ ਸਾਡੇ ਵੱਡੇ ਬੇਟੇ ਦਾ ਜਨਮ ਹੋਇਆ। ਰਵਾਇਤ ਮੁਤਾਬਕ ਪਲੇਠਾ ਬੱਚਾ ਹੋਣ ਕਰਕੇ ਉਹਦਾ ਜਨਮ ਨਾਨਕੇ ਘਰ ਹੋਇਆ ਸੀ। ਉਨ੍ਹੀਂ ਦਿਨੀਂ ਮੇਰੇ ਸਹੁਰਾ ਸਾਹਿਬ ਨਹਿਰੀ ਵਿਭਾਗ ਵਿਚ ਸਰਵਿਸ ਕਰਦੇ ਸਨ ਤੇ ਉਨ੍ਹਾਂ ਦੀ ਰਿਹਾਇਸ਼ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਵਿਚ ਸੀ। ਨਵਜਨਮੇ ਬਾਲ ਦੇ ਚਾਅ ਚਾਅ ਵਿਚ ਮੇਰਾ ਤਾਂ ਸਹੁਰੇ ਘਰ ਕੌਡੀ-ਫੇਰਾ ਹੀ ਰਹਿੰਦਾ ਸੀ ਪਰ ਰਿਵਾਜ਼ ਮੁਤਾਬਕ ਮੇਰੀ ਪਤਨੀ ਲਈ ਮਿੱਠਾ-ਥਿੰਦਾ, ਕੱਪੜੇ-ਲੱਤੇ ਵਗੈਰਾ ਨਿਕ-ਸੁਕ ਸਾਡੇ ਘਰਦਿਆਂ ਨੇ ਲੈ ਕੇ ਜਾਣਾ ਸੀ।

ਜੇਠੇ ਭਤੀਜੇ ਲਈ ਕੱਪੜੇ ਤੇ ਖਿਡੌਣੇ ਮੇਰੀਆਂ ਭੈਣਾਂ ਖਰੀਦ ਲਿਆਈਆਂ ਤੇ ਘਿਉ-ਦੁੱਧ ਘਰ ਦਾ ਹੋਣ ਕਾਰਨ ਪੰਜੀਰੀ ਘਰੇ ਤਿਆਰ ਕਰ ਲਈ। ਵੈਸੇ ਤਾਂ ਉਨ੍ਹਾਂ ਦਿਨਾਂ ਵਿਚ ਧੁੰਦਾਂ ਪੈਂਦੀਆਂ ਹੁੰਦੀਆਂ ਹਨ, ਪਰ ਇਕ ਦਿਨ ਸੋਹਣੀ ਧੁੱਪ ਨਿਕਲੀ ਹੋਣ ਕਰਕੇ ਭਾਈਆ ਜੀ ਹੁਣੀਂ ਗੜ੍ਹਸ਼ੰਕਰ ਜਾਣ ਦਾ ਵਿਚਾਰ ਬਣਾ ਲਿਆ। ਬੱਸ ਵਿਚ ਸਫਰ ਕਰਨ ਨੂੰ ਸਾਡੇ ਬਜ਼ੁਰਗ ਬਹੁਤ ਖਜਾਲਤ ਸਮਝਦੇ ਸਨ। ਅੰਮ੍ਰਿਤਸਰ, ਅਨੰਦਪੁਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਸਰਹਿੰਦ ਦੀ ਸਭਾ ਉਤੇ ਸਾਈਕਲ ‘ਤੇ ਜਾਂਦੇ ਰਹੇ ਸਾਡੇ ਪਿਤਾ ਜੀ ਭਾਵੇਂ ਉਦੋਂ ਬਜ਼ੁਰਗ ਹੋ ਚੁਕੇ ਸਨ, ਤਾਂ ਵੀ ਉਹ ਦੂਰ-ਨੇੜੇ ਜਾਣ ਲਈ ਸਾਈਕਲ ਹੀ ਵਰਤਦੇ ਸਨ।
ਸੋ ਦੁਪਾਲਪੁਰੋਂ ਗੜ੍ਹਸ਼ੰਕਰ ਜਾਣ ਲਈ ਪਹਿਲਾਂ ਡੇਢ-ਦੋ ਘੰਟੇ ਪਿੰਡਾਂ ਵਿਚ ਘੁੰਮਦੀ ਬੱਸ ਰਾਹੀਂ ਨਵਾਂਸ਼ਹਿਰ ਪਹੁੰਚੋ, ਫਿਰ ਉਥੋਂ ਹੁਸ਼ਿਆਰਪੁਰ ਜਾਣ ਵਾਲੀ ਬੱਸ ਦੀ ਉਡੀਕ ਕਰਨ ਨੂੰ ਸਿਰੇ ਦੀ ਖੱਜਲ ਖੁਆਰੀ, ਪੈਸੇ ਅਤੇ ਸਮੇਂ ਦੀ ਬਰਬਾਦੀ ਸਮਝਦਿਆਂ ਉਨ੍ਹਾਂ ਆਪਣੇ ‘ਹਰਕੁਲੀਸ’ ਸਾਈਕਲ ਨੂੰ ਤੇਲ-ਤੂਲ ਦੇ ਕੇ ਤਿਆਰ ਕਰ ਲਿਆ। ਇਕ ਝੋਲੇ ਵਿਚ ਪੰਜੀਰੀ ਵਾਲਾ ਗੜਵਾ ਅਤੇ ਦੂਜੇ ਝੋਲੇ ਵਿਚ ਸੂਟ-ਸਾਟ ਪਾ ਲਏ। ਦੋਵੇਂ ਝੋਲੇ ਹੈਂਡਲ ਦੇ ਸੱਜੇ-ਖੱਬੇ ਮਜ਼ਬੂਤੀ ਨਾਲ ਬੰਨ੍ਹ ਲਏ। ਖੱਦਰ ਦੇ ਪਰਨੇ ਨੂੰ ਚੌਫਲਾ ਕਰਕੇ ਸੇਬਿਆਂ ਨਾਲ ਕੈਰੀਅਰ ‘ਤੇ ਬੰਨ੍ਹ ਕੇ ਬੀਬੀ ਲਈ ‘ਅਰਾਮਦਾਇਕ ਸੀਟ’ ਬਣਾ ਲਈ।
ਲਉ ਜੀ, ਚਾਈਂ ਚਾਈਂ ਇਹ ਦੋਵੇਂ ਪਿੰਡੋਂ ਬਾਹਰ ਨਿਕਲ ਕੇ ਉਥੇ ਜਾ ਪਹੁੰਚੇ, ਜਿਥੋਂ ਭਾਈਆ ਜੀ ਨੇ ਬੀਬੀ ਜੀ ਨੂੰ ਪਿੱਛੇ ਬਹਾ ਕੇ ਸਾਈਕਲ ‘ਤੇ ਸਵਾਰ ਹੋਣਾ ਸੀ। ਸਾਡੇ ਪਿੰਡੋਂ ਚਾਰ ਕੁ ਮੀਲ ਦੂਰ ਜਾਡਲੇ ਨੂੰ ਜਾਣ ਲਈ ਬਿਸਤ ਦੁਆਬ ਨਹਿਰ ਤੱਕ ਮੀਲ ਕੁ ਦਾ ਰਾਹ ਚੜ੍ਹਾਈ ਵਾਲਾ ਹੈ। ਉਸ ਚੜ੍ਹਾਈ ਤੋਂ ਰਤਾ ਘਬਰਾਉਂਦਿਆਂ ਉਨ੍ਹਾਂ ਨੇ ਇਸ ਆਸ ਵਿਚ ਪਿੰਡੋਂ ਆਉਂਦੇ ਰਾਹ ਵੱਲ ਨਜ਼ਰ ਦੁੜਾਈ ਕਿ ਸ਼ਾਇਦ ਕੋਈ ‘ਕੱਲਾ-ਦੁਕੱਲਾ ਸਾਈਕਲ ਵਾਲਾ ਆਉਂਦਾ ਹੋਵੇ ਤਾਂ ਨਹਿਰ ਤਕ ਉਹਦੇ ਪਿੱਛੇ ਆਪਣੀ ਸਵਾਰੀ ਬਹਾ ਦਿਆਂ।
ਪਿੰਡ ਵੱਲੋਂ ਸਾਈਕਲ ‘ਤੇ ਸ਼ੂਟ ਵੱਟੀ ਆਉਂਦੇ ਇਕ ਗੱਭਰੂ ਨੂੰ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਚਮਕ ਆ ਗਈ। ਉਸ ਦੌਰ ਵਿਚ ਆਮ ਮੁੰਡੇ-ਖੁੰਡੇ ਆਪਣੇ ਸਾਈਕਲਾਂ ਦੇ ਪਿਛਲੇ ਕੈਰੀਅਰ ਉਤਾਰ ਕੇ ਘਰੇ ਸੁੱਟ ਛੱਡਦੇ ਸਨ ਤਾਂ ਕਿ ਰਾਹ ਵਾਟੇ ਕੋਈ ਸਵਾਰੀ ਨਾ ਬਿਠਾਉਣੀ ਪਵੇ। ਰਾਹ ਜਾਂਦੀਆਂ ਮਾਈਆਂ ਵੱਲੋਂ ਹੱਥ ਦੇਣ ‘ਤੇ ਉਹ ‘ਬੀਬੀ ਕੈਰੀਅਰ ਹੈ ਨੀ’ ਦਾ ਬਹਾਨਾ ਲਾ ਦਿੰਦੇ ਸਨ ਪਰ ਪਿੰਡੋਂ ਆ ਰਿਹਾ ਇਹ ਮੁੰਡਾ ਸਾਡੇ ਪਿੰਡ ਦੇ ਬੀਬੇ ਸਾਊਆਂ ਵਿਚੋਂ ਸੀ। ਉਹ ਸਿੱਖ ਰਹੁ-ਰੀਤਾਂ ਨੂੰ ਪਰਪੱਕਤਾ ਨਾਲ ਨਿਭਾ ਰਹੇ ਪਰਿਵਾਰ ਦਾ ਵੱਡਾ ਫਰਜ਼ੰਦ ਸੀ। ਸਿਰ ‘ਤੇ ਸਾਫਾ ਵਲ੍ਹੇਟੀ ਆਏ ਇਸ ਨੌਜਵਾਨ ਨੇ ਭਾਈਆ ਜੀ ਹੁਣਾਂ ਕੋਲ ਆ ਕੇ ‘ਸਤਿ ਸ੍ਰੀ ਅਕਾਲ ਤਾਇਆ ਜੀ’ ਆਖਿਆ ਤੇ ਸਾਈਕਲ ਤੋਂ ਉਤਰ ਖੜਿਆ।
“ਕਾਕਾ ਤੈਂ ਜਾਡਲੇ ਵੱਲ ਨੂੰ ਹੀ ਜਾਣਾ ਹੋਣੈ?”
ਸਤਿਬਚਨੀ ਸੁਭਾਅ ਵਾਲਾ ਲਛਮਣ ਸਿੰਘ ਖੌਰੇ ਨਹਿਰ ਕੋਲ ਆਪਣੇ ਖੇਤਾਂ ਵੱਲ ਗੇੜਾ ਮਾਰਨ ਚਲਿਆ ਸੀ ਜਾਂ ਸਚਮੁੱਚ ਉਸ ਨੇ ਜਾਡਲੇ ਹੀ ਜਾਣਾ ਸੀ, ਇਹ ਰੱਬ ਹੀ ਜਾਣੇ, ਪਰ ਬਹੁਤ ਘੱਟ ਅਤੇ ਮਿੱਠਾ ਬੋਲਣ ਵਾਲੇ ਨੇ ਝਟਪਟ ‘ਹਾਂ ਜੀ ਤਾਇਆ ਜੀ’ ਆਖ ਦਿੱਤਾ। ਨਾਲ ਹੀ ਸਾਡੀ ਬੀਬੀ ਨੂੰ ਆਪਣੇ ਸਾਈਕਲ ਪਿੱਛੇ ਬਿਠਾ ਲਿਆ। ਮੋਹਰੇ ਮੋਹਰੇ ਲਛਮਣ ਸਿੰਘ ਤੇ ਥੋੜ੍ਹੀ ਵਿੱਥ ਨਾਲ ਭਾਈਆ ਜੀ, ਦੋਵੇਂ ਜਾਡਲੇ ਨੂੰ ਤੁਰ ਪਏ।
ਆਪਣੇ ਖੇਤਾਂ ਕੋਲੋਂ ਉਹ ਚੁੱਪ ਕਰਕੇ ਲੰਘ ਗਿਆ। Ḕਇਹਦਾ ਮਤਲਬ ਉਸ ਨੇ ਕੋਈ ਸੌਦਾ-ਪੱਤਾ ਲੈਣ ਜਾਡਲੇ ਹੀ ਜਾਣਾ ਹੋਵੇਗਾ।Ḕ ਭਾਈਆ ਜੀ ਨੇ ਸੋਚਿਆ ਪਰ ਚਾਰ ਮੀਲ ਸਾਈਕਲ ਚਲਾਉਂਦੇ ਜਦ ਇਹ ਜਾਡਲੇ ਵਾਲੀ ਨਹਿਰ ‘ਤੇ ਪਹੁੰਚੇ ਤਾਂ ਬੀਬੀ ਨੂੰ ਸਾਈਕਲ ਤੋਂ ਉਤਾਰ ਕੇ ਜਾਡਲੇ ਸ਼ਹਿਰ ਵੱਲ ਜਾਣ ਦੀ ਥਾਂ ਲਛਮਣ ਸਿੰਘ ਨੇ ਸਾਈਕਲ ਨਹਿਰੇ, ਭਾਵ ਗੜ੍ਹਸ਼ੰਕਰ ਨੂੰ ਸਿੱਧਾ ਕਰ ਲਿਆ।
“ਕਾਕਾ ਹੁਣ ਤੂੰ ਜਾਹ ਜਿੱਥੇ ਜਾਣਾ ਹੈ, ਅਸੀਂ ਆਪੇ ਈ ਪਟੜੀਉ-ਪਟੜੀ ਸਿੱਧੇ ਰਾਹ ਗੜ੍ਹਸ਼ੰਕਰ ਚਲੇ ਜਾਣਾ ਹੈ… ਰਾਜ਼ੀ ਰਹਿ ਮੱਲਿਆ!”
ਉਚੀ ਆਵਾਜ਼ ਵਿਚ ਭਾਈਆ ਜੀ ਨੇ ਉਸ ਨੂੰ ‘ਆਪਣੇ ਕਿਸੇ ਕੰਮ’ ਚਲੇ ਜਾਣ ਲਈ ਕਿਹਾ ਪਰ ‘ਕੋਈ ਨਾ ਤਾਇਆ ਜੀ… ਆ ਜੋ ਤੁਸੀਂ’ ਕਹਿੰਦਿਆਂ ਉਹ ਸਾਈਕਲ ਦੱਬੀ ਗਿਆ। ਭਾਈਏ ਨੇ ਉਹਦੇ ਨੇੜੇ ਜਿਹੇ ਹੋ ਕੇ ਫਿਰ ਜ਼ੋਰ ਦੇ ਕੇ ਕਿਹਾ ਕਿ ਕਾਕਾ ਹੁਣ ਤੂੰ ਜਾਹ ਪਰ ਉਹ ‘ਕੋਈ ਨੀ… ਕੋਈ ਨੀ’ ਕਰਦਾ ਤੁਰਿਆ ਰਿਹਾ।
ਉਸ ਨੂੰ ਇੰਜ ਧੁੱਸ ਦਿੰਦੇ ਤੁਰੇ ਜਾਂਦਿਆਂ ਦੇਖ ਸਾਡੇ ਬਾਪ ਨੇ ਕਿਆਸ ਲਾਇਆ ਕਿ ਇਥੋਂ ਸੱਤ ਕੁ ਮੀਲ ਅੱਗੇ ਜਾ ਕੇ ਨਹਿਰ ਤੋਂ ਡੇਢ ਕੁ ਮੀਲ ਹਟਵਾਂ ਪਿੰਡ ਸਿੰਬਲੀ ਹੈ, ਉਥੇ ਇਨ੍ਹਾਂ ਦੀ ਖਾਸ ਰਿਸ਼ਤੇਦਾਰੀ ਹੈ। ਹੋਵੇ ਨਾ ਤਾਂ ਇਸ ਨੇ ਆਪਣੇ ਰਿਸ਼ਤੇਦਾਰਾਂ ਦੇ ਜਾਣਾ ਹੋਵੇ ਪਰ ਦੂਜੇ ਹੀ ਪਲ ਉਨ੍ਹਾਂ ਨੂੰ ਖਿਆਲ ਆਇਆ ਕਿ ਇਹਦੇ ਤਨ ਦੇ ਕਪੜੇ ਸਾਧਾਰਨ ਹਨ ਤੇ ਪੱਗ ਵੀ ਨਹੀਂ ਬੰਨ੍ਹੀ ਹੋਈ, ਇਸ ਹਾਲਤ ਵਿਚ ਇਹ ਰਿਸ਼ਤੇਦਾਰਾਂ ਦੇ ਘਰੇ ਵੀ ਨਹੀਂ ਜਾ ਸਕਦਾ।
ਜਦੋਂ ਉਹ ਸਾਈਕਲ ਚਲਾਉਂਦਾ ਪਿੰਡ ਸਿੰਬਲੀ ਵਾਲਾ ਪੁਲ ਵੀ ਟੱਪ ਗਿਆ ਤਾਂ ਸਾਡੇ ਬਜ਼ੁਰਗਾਂ ਨੂੰ ਬੜਾ ਅਚੰਭਾ ਹੋਇਆ ਕਿ ਆਖਰ ਇਸ ਨੇ ਜਾਣਾ ਕਿਥੇ ਹੋਵੇਗਾ ਅੱਜ? ਮਨ ਹੀ ਮਨ ਉਨ੍ਹਾਂ ਨੂੰ ਪਛਤਾਵਾ ਵੀ ਹੋ ਰਿਹਾ ਸੀ ਕਿ ਅਸੀਂ ਇਹਨੂੰ ਕਾਹਨੂੰ ਕਹਿ ਬੈਠੇ!
ਗੱਲ ਮੁੱਕੀ, ਪਿੰਡੋਂ ਵੀਹ-ਬਾਈ ਕਿਲੋਮੀਟਰ ਦੂਰ ਰਵਾਂ-ਰਵੀਂ ਸਾਈਕਲ ਚਲਾਉਂਦਾ ਉਹ ਧੁਰ ਗੜ੍ਹਸ਼ੰਕਰ ਦੇ ਪੁਲ ਉਤੇ ਜਾ ਪਹੁੰਚਿਆ। ਪਿੰਡੋਂ ਚੱਲਣ ਲੱਗਿਆਂ ਹੀ ਉਸ ਨੇ ਪੁੱਛ ਜੋ ਲਿਆ ਸੀ ਕਿ ਕਿਥੇ ਜਾ ਰਹੇ ਹੋ।
ਜਦ ਵੀ ਕਿਤੇ ਸਲੱਗ ਧੀਆਂ-ਪੁੱਤਾਂ ਦੀ ਗੱਲ ਚੱਲਣੀ ਤਾਂ ਭਾਈਆ ਜੀ ਨੇ ਆਪਣੀ ਇਸੇ ਹੱਡ-ਬੀਤੀ ਦੇ ਅੰਤਲੇ ਭਾਗ ਵਿਚ ਲਛਮਣ ਸਿੰਘ ਦੇ ਇਕ ਹੋਰ ਪਰਉਪਕਾਰ ਅਤੇ ਉਸ ਦੇ ਅਜੀਬ ਸੁਭਾਅ ਬਾਰੇ ਦੱਸਦਿਆਂ ਆਖਣਾ, “ਲਉ ਜੀ ਗੜ੍ਹਸ਼ੰਕਰ ਵਾਲੇ ਪੁਲ ਦੇ ਲਹਿੰਦੇ ਪਾਸੇ ਨਾਲ ਹੀ ਨਹਿਰ ਕਾਲੋਨੀ ਹੈ, ਜਿਥੇ ਸਾਡੇ ਕੁੜਮ ਰਹਿੰਦੇ ਸਨ ਤੇ ਚੜ੍ਹਦੇ ਪਾਸੇ ਅੱਧੇ ਕੁ ਮੀਲ ‘ਤੇ ਸ਼ਹਿਰ ਦਾ ਬਾਜ਼ਾਰ ਹੈ। ਮੈਂ ਉਹਨੂੰ ਕਿਹਾ ਕਿ ਕਾਕਾ ਤੂੰ ਇਥੇ ਰਤਾ ਕੁ ਰੁਕ, ਮੈਂ ਸ਼ਹਿਰੋਂ ਜਾ ਕੇ ਕੋਈ ਫਲ-ਫਰੂਟ ਲੈ ਆਵਾਂ, ਅਸੀਂ ਅੱਜ ਸ਼ਗਨਾਂ ਨਾਲ ਨਵੇਂ-ਸਵੇਂ ਕੁੜਮਾਂ ਦੇ ਜਾ ਰਹੇ ਹਾਂ। ਇਹ ਗੱਲ ਸੁਣਦਿਆਂ ਹੀ ਉਸ ਨੇ ਸਾਈਕਲ ਚੁਕਿਆ ਤੇ ਮੇਰੇ ਮਨ੍ਹਾਂ ਕਰਦੇ ਕਰਦੇ ਸ਼ਹਿਰ ਵੱਲ ਭੱਜ ਗਿਆ। ਮਿੰਟਾਂ ਵਿਚ ਹੀ ਕੇਲਿਆਂ ਅਤੇ ਸੇਬਾਂ ਦੇ ਦੋ ਲਿਫਾਫੇ ਸਾਡੇ ਹੱਥ ਲਿਆ ਫੜਾਏ।
ਆਪਣੇ ਬੁੱਢੇ ਮਾਂ-ਬਾਪ ਨੂੰ ਵਹਿੰਗੀ ਵਿਚ ਬਿਠਾ ਕੇ ਤੀਰਥ ਯਾਤਰਾ ਕਰਵਾਉਣ ਵਾਲੇ ਸਰਵਣ ਪੁੱਤ ਵਰਗੇ ਆਗਿਆਕਾਰੀ ਨੇ ਅੱਧੇ ਪੌਣੇ ਮੀਲ ਤਕ ਸਵਾਰੀ ਲਿਜਾਣ ਲਈ ਕਹਿਣ ‘ਤੇ ਵੀਹ-ਬਾਈ ਕਿਲੋਮੀਟਰ ਦਾ ਸਫਰ ਤਾਂ ਕਰ ਲਿਆ ਪਰ ਉਥੇ ਜਾ ਕੇ ਐਸੀ ਅੜੀ ਫੜੀ ਕਿ ਮੈਂ ਫਰੂਟ ਦੇ ਪੈਸੇ ਫੜਾਏ, ਉਸ ਨੇ ਨਾ ਫੜੇ। ਫਿਰ ਮੈਂ ਬਾਹੋਂ ਫੜ ਕੇ ਨਾਲ ਖਿੱਚਿਆ ਕਿ ਕੁੜਮਾਂ ਦੇ ਘਰੋਂ ਚਾਹ ਦਾ ਕੱਪ ਪੀ ਕੇ ਮੁੜ ਆਈਂ। ਇਹ ਵੀ ਨਹੀਂ ਮੰਨਿਆ। ਅਸੀਂ ਦੋਹਾਂ ਨੇ ਉਹਨੂੰ ਬੱਚਿਆਂ ਵਾਂਗ ਕਲਾਵੇ ਵਿਚ ਲੈਂਦਿਆਂ ਪੁੱਛਿਆ, ਕਾਕਾ ਪੁੱਤ ਸੱਚ ਸੱਚ ਦੱਸ, ਤੂੰ ਅੱਜ ਪਿੰਡੋਂ ਕਿਥੇ ਜਾਣ ਲਈ ਨਿਕਲਿਆ ਸੈਂ?
ਸਾਈਕਲ ਵਾਲੇ ਸਰਵਣ ਨੇ ਸਾਡੇ ਸਵਾਲ ਦੇ ਜਵਾਬ ਵਿਚ ਬਸ ਮੁਸਕਰਾਉਂਦਿਆਂ ਸਾਨੂੰ ਝੁਕ ਕੇ ਪ੍ਰਣਾਮ ਕੀਤਾ ਤੇ ਅਹੁ ਗਿਆ… ਅਹੁ ਗਿਆ।”