ਸਫੈਦ ਸੱਚ

ਬਲਜੀਤ ਬਾਸੀ
ਉਰਦੂ-ਫਾਰਸੀ ਪੜ੍ਹੇ ਲੋਕ ਆਪਣੇ ਆਪ ਨੂੰ ਤਾਲੀਮ-ਯਾਫਤਾ ਸਮਝਦੇ ਹਨ, ਇਸ ਲਈ ਹਮਾਤੜ ਜਿਸ ਨੂੰ ਚਿੱਟਾ ਕਹਿੰਦੇ ਹਨ, ਇਹ ਸ਼ਰੀਫ ਸਫੈਦ ਬਿਆਨਦੇ ਹਨ। ਕਿਸ ਨੂੰ ਨਹੀਂ ਪਤਾ, ਇਕ ਸਮਾਂ ਆਇਆ ਜਦ ਪੰਜਾਬ ਵਿਚ ‘ਪੜ੍ਹੇ ਫਾਰਸੀ ਵੇਚੇ ਤੇਲ’ ਵਾਲੀ ਗੱਲ ਸ਼ੁਰੂ ਹੋ ਗਈ। ਕਿਸੇ ਵੇਲੇ ਪਿੰਡਾਂ ਵਿਚ ਜ਼ੈਲਦਾਰ, ਸਫੈਦਪੋਸ਼ ਹੋਇਆ ਕਰਦੇ ਸਨ। ਸਾਡੇ ਪਿੰਡ ਵਾਲੇ ਸਫੈਦਪੋਸ਼ ਦਾ ਨਾਂ ਹੀ ਭਗਤ ਸਿੰਘ ਸਫੈਦਪੋਸ਼ ਚਲਦਾ ਸੀ।

ਉਸ ਦੀ ਬਹੁਤ ਵੱਡੀ ਕੋਠੀ ਹੁੰਦੀ ਸੀ ਜਿਸ ਦੇ ਬਰਾਂਡੇ ਵਿਚ ਡੱਠੇ ਦੀਵਾਨ ‘ਤੇ ਉਹ ਅਕਸਰ ਬੈਠਿਆ ਕਰਦਾ ਸੀ। ਅੱਜ ਕਲ੍ਹ ਵ੍ਹਾਈਟ ਕਾਲਰ ਅਤੇ ਸ਼ਹਿਰ ਦੇ ਖਾਂਦੇ ਪੀਂਦੇ ਬੰਦਿਆਂ ਨੂੰ ਸਫੈਦਪੋਸ਼ ਕਿਹਾ ਜਾਣ ਲੱਗਾ ਹੈ। ਸਫੈਦ ਕੱਪੜਿਆਂ ‘ਤੇ ਲੱਗਾ ਦਾਗ ਜੁ ਬਹੁਤ ਛੇਤੀ ਦਿਸਦਾ ਹੈ। ਵਾਰਿਸ ਸ਼ਾਹ ਨੇ ਸਹਿਤੀ ਕੋਲੋਂ ਸੋਹਣੀ ਟਿੱਚਰ ਲਵਾਈ ਹੈ,
ਏਸ ਚਾਕ ਦੀ ਕੌਣ ਮਜਾਲ ਹੈ ਨੀ
ਰਾਜੇ ਭੋਜ ਥੀਂ ਅਸੀਂ ਨਾ ਹਾਰੀਆਂ ਹਾਂ।
ਵਾਰਸ ਸ਼ਾਹ ਵਿਚ ਹੱਕ ਸਫੈਦ-ਪੋਸ਼ਾਂ
ਅਸੀਂ ਹੋਲੀ ਦੀਆਂ ਰੰਗ ਪਚਕਾਰੀਆਂ ਹਾਂ।
ਇੱਕ ਲੋਕ-ਗੀਤ ਦੇ ਕੁਝ ਬੋਲਾਂ ਵਿਚ ਨੱਢੀ ਦੀ ਗੁੱਤ ‘ਤੇ ਲੱਗੀ ਗਹਿਣਿਆਂ ਦੀ ਕਚਹਿਰੀ ਵਿਚ ਗੋਖੜੂਆਂ ਨੂੰ ਸਫੈਦਪੋਸ਼ ਕਿਹਾ ਗਿਆ ਹੈ,
ਤੇਰੀ ਗੁੱਤ ‘ਤੇ ਕਚਹਿਰੀ ਲਗਦੀ
ਦੂਰੋਂ ਦੂਰੋਂ ਆਉਣ ਝਗੜੇ।
ਸੱਗੀ-ਫੁੱਲ ਨੀ ਸ਼ਿਸ਼ਨ ਜੱਜ ਤੇਰੇ
ਕੈਂਠਾ ਤੇਰਾ ਮੁਹਤਮ ਹੈ।
ਵਾਲੇ, ਡੰਡੀਆਂ ਕਮਿਸ਼ਨਰ ਡਿਪਟੀ
ਨੱਤੀਆਂ ਇਹ ਨੈਬ ਬਣੀਆਂ।
ਜ਼ੈਲਦਾਰ ਨੀ ਮੁਰਕੀਆਂ ਤੇਰੀਆਂ
ਸਫੈਦ-ਪੋਸ਼ ਬਣੇ ਗੋਖੜੂ।
ਖੈਰ, ਸਫੈਦਪੋਸ਼ ਆਖਰ ਚਿੱਟ-ਕੱਪੜੀਆ ਹੀ ਹੈ। ਸਫੈਦ, ਚਿੱਟਾ ਜਾਂ ਬੱਗਾ ਸ਼ਬਦ ਮਨੁੱਖੀ ਚਰਿੱਤਰ ਦੇ ਉਜਲਾ ਅਰਥਾਤ ਇਮਾਨਦਾਰ ਅਤੇ ਨਿਹਕਲੰਕ ਹੋਣ ਦੇ ਵੀ ਪ੍ਰਤੀਕ ਹਨ। ਉਚ ਜਾਤੀ ਦੇ ਪੰਡਿਤ ਪੁਜਾਰੀ ਅਜਿਹਾ ਵੇਸ ਧਾਰਦੇ ਸਨ। ਸਭ ਜਾਣਦੇ ਹਨ, ਗੁਰੂ ਨਾਨਕ ਦੇਵ ਨੇ ਅਜਿਹੇ ਲੋਕਾਂ ਬਾਰੇ ਕੀ ਕਿਹਾ ਸੀ। ਪਹਿਲਾਂ ਕਾਂਗਰਸੀ ਅਜਿਹੇ ਹੁੰਦੇ ਸਨ। ਰਾਜਨੀਤੀ ਵਿਚ ਅੱਜ ਕਲ੍ਹ ਭਗਵੇਂ ਗੋਖੜੂ ਬਣੇ ਹੋਏ ਹਨ।
ਚਲੋ ਅੱਜ ਸਫੈਦ ਸ਼ਬਦ ‘ਤੇ ਹੀ ਚਰਚਾ ਕਰ ਲੈਂਦੇ ਹਾਂ। ਪੰਜਾਬੀ ਵਿਚ ਅਨੇਕਾਂ ਸ਼ਬਦ ਤੇ ਉਕਤੀਆਂ ਪ੍ਰਚਲਿਤ ਹਨ, ਜੋ ਇਸ ਸ਼ਬਦ ਨਾਲ ਸਬੰਧਤ ਹਨ। ਉਕਤੀਆਂ ਵਿਚ ਸਫੈਦ ਝੂਠ ਸਭ ਤੋਂ ਉਪਰ ਹੈ। ਫਜ਼ੂਲ ਦਾ ਖਰਚਾ ਕਰਾਉਣ ਵਾਲੇ ਵਿਅਕਤੀ ਜਾਂ ਵਸਤੂ ਨੂੰ ਸਫੈਦ ਹਾਥੀ ਕਿਹਾ ਜਾਂਦਾ ਹੈ। ਬਹੁਤ ਪਹਿਲਾਂ ਸਫੈਦ ਹਾਥੀ ‘ਤੇ ਪੂਰਾ ਲੇਖ ਲਿਖਿਆ ਜਾ ਚੁਕਾ ਹੈ ਪਰ ਇਥੇ ਸੰਕੇਤ ਮਾਤਰ ਜ਼ਿਕਰ ਜ਼ਰੂਰੀ ਹੈ। ਕਿਹਾ ਜਾਂਦਾ ਹੈ ਕਿ ਸਿਆਮ ਦਾ ਰਾਜਾ ਆਪਣੀਆਂ ਨਜ਼ਰਾਂ ਵਿਚ ਗਿਰ ਚੁਕੇ ਕਿਸੇ ਦਰਬਾਰੀ ਨੂੰ ਸਫੈਦ ਹਾਥੀ ਭੇਟਾ ਕਰਿਆ ਕਰਦਾ ਸੀ। ਇਸ ਹਾਥੀ ਦੀ ਖੁਰਾਕ ਤੇ ਹੋਰ ਸਾਂਭ ਸੰਭਾਲ ਵਿਚ ਏਨਾ ਖਰਚਾ ਆ ਜਾਂਦਾ ਸੀ ਕਿ ਦਰਬਾਰੀ ਦਾ ਦੀਵਾਲਾ ਹੀ ਨਿਕਲ ਜਾਂਦਾ। ਉਪਰੋਂ ਇਹ ਹਾਥੀ ਕਿਸੇ ਕੰਮ ਵੀ ਨਹੀਂ ਸੀ ਆਉਂਦਾ।
ਇੱਕ ਚਿੱਟੇ ਫੁੱਲਾਂ ਵਾਲੀ ਜੜ੍ਹੀ ਬੂਟੀ ਦਾ ਨਾਂ ਸਫੈਦ ਮੂਸਲੀ ਹੈ। ਇਸ ਦੀ ਜੜ੍ਹ ਮੂਸਲ ਦੇ ਸਮਾਨ ਹੁੰਦੀ ਹੈ, ਜਿਸ ਦਾ ਰੰਗ ਵੀ ਸਫੈਦ ਹੁੰਦਾ ਹੈ। ਇਸ ਤੋਂ ਦੇਸੀ ਦਵਾਈਆਂ ਬਣਦੀਆਂ ਹਨ, ਜੋ ਹੋਰ ਇਲਾਜਾਂ ਤੋਂ ਇਲਾਵਾ ਮਰਦਾਨਾ ਕਾਮ ਸ਼ਕਤੀ ਨੂੰ ਵਧਾਉਂਦੀਆਂ ਹਨ। ਮਰਦਾਂ ਲਈ ਬੁਰੀ ਖਬਰ: ਵਾਤਾਵਰਣ ਦੀ ਢੇਰ ਤਬਦੀਲੀ ਕਾਰਨ ਇਸ ਦੀ ਕਾਸ਼ਤ ਬਹੁਤ ਘਟ ਗਈ ਹੈ। ਅੱਜ ਕਲ੍ਹ ਦੇ ਜ਼ਮਾਨੇ ਵਿਚ ਅਜਿਹੇ ਲੋਕ ਵੀ ਬਥੇਰੇ ਮਿਲ ਜਾਂਦੇ ਹਨ, ਜਿਨ੍ਹਾਂ ਦਾ ਖੂਨ ਹੀ ਸਫੈਦ ਹੋ ਗਿਆ ਹੁੰਦਾ ਹੈ। ਭੱਦਰ ਲੋਕਾਂ ਦੇ ਧੌਲੇ ਸਫੈਦ ਵਾਲ ਕਹਾਉਂਦੇ ਹਨ। ਇਹ ਲੋਕ ਆਪਣੇ ਸਫੈਦ ਵਾਲ ਕਾਲੇ ਅਤੇ ਕਾਲਾ ਧਨ ਸਫੈਦ ਕਰਨ ਦੇ ਮਾਹਰ ਹਨ। ਮਹਿੰਗੀ ਧਾਤ ਪਲਾਟੀਨਮ ਨੂੰ ਸਫੈਦ ਸੋਨਾ ਕਿਹਾ ਜਾਂਦਾ ਹੈ।
ਸਫੈਦ ਤੋਂ ਬਣਿਆ ਸਫੈਦਾ ਇੱਕ ਬਹੁਅਰਥਕ ਸ਼ਬਦ ਹੈ। ਚਿੱਟੇ ਸੱਕ ਵਾਲੇ ਖੰਬੇ ਵਾਂਗ ਇਕ ਸਿੱਧੇ ਦਰਖਤ ਨੂੰ ਸਫੈਦਾ ਕਿਹਾ ਜਾਂਦਾ ਹੈ। ਵੀਹਵੀਂ ਸਦੀ ਦੇ ਅਖੀਰ ਜਿਹੇ ਵਿਚ ਪੰਜਾਬ ਵਿਚ ਸਫੈਦੇ ਲਾਉਣ ਦਾ ਰਿਵਾਜ ਬਹੁਤ ਵਧ ਗਿਆ ਸੀ। ਜਣੇ-ਖਣੇ ਨੇ ਇਸ ਦੀ ਲਕੜੀ ਵੇਚ ਕੇ ਬਹੁਤ ਮੁਨਾਫਾਂ ਖੱਟਿਆ ਪਰ ਹਾਲ ਦੀਆਂ ਕੁਝ ਰਿਪੋਰਟਾਂ ਮੁਤਾਬਕ ਧਰਤੀ ਵਿਚ ਡੂੰਘਾ ਧੱਸਿਆ ਇਹ ਦਰਖਤ ਪਾਣੀ ਬਹੁਤ ਪੀਂਦਾ ਹੈ ਜਿਸ ਕਰਕੇ ਖਾਸ ਤੌਰ ‘ਤੇ ਕੰਢੀ ਦੇ ਇਲਾਕੇ ਵਿਚ ਧਰਤੀ ਹੇਠਾਂ ਪਾਣੀ ਦੀ ਪੱਧਰ ਬਹੁਤ ਨੀਵੀਂ ਚਲੇ ਗਈ ਹੈ। ਹੁਣ ਤਾਂ ਕਹਿੰਦੇ, ਸਫੈਦਾ ਪੰਜਾਬ ਲਈ ਸਫੈਦ ਹਾਥੀ ਹੀ ਹੋ ਨਿਬੜਿਆ ਹੈ।
ਪਿਛਲੀਆਂ ਚੋਣਾਂ ਵਿਚ ਕੁਝ ਸਫੈਦ ਝੂਠ ਬੋਲ ਕੇ ਲੋਕਾਂ ਨੂੰ ਭਰਮਾਉਣ ਵਾਲੇ ਰਾਜਨੀਤੀਵਾਨ ਕਹਿ ਰਹੇ ਸਨ ਕਿ ਪੰਜਾਬ ਵਿਚ ਸਫੈਦਾ ਲਾਉਣ ਦਾ ਰੁਝਾਨ ਅੰਦਰਖਾਤੇ ਪੰਜਾਬ ਦੇ ਦੋਖੀ ਰਾਜੀਵ ਗਾਂਧੀ ਨੇ ਸ਼ੁਰੂ ਕਰਾਇਆ ਤਾਂ ਕਿ ਇਸ ਸੂਬੇ ਵਿਚ ਪਾਣੀ ਦਾ ਡੂੰਘਾ ਸੰਕਟ ਪੈਦਾ ਹੋ ਜਾਵੇ। ਸਿੱਕੇ ਤੋਂ ਪੇਂਟ ਕਰਨ ਵਾਲੇ ਇੱਕ ਉਤਪਾਦ ਨੂੰ ਵੀ ਸਫੈਦਾ ਕਿਹਾ ਜਾਂਦਾ ਸੀ। ਪਹਿਲੀਆਂ ਵਿਚ ਚਾਂਦੀ ਦੇ ਰੁਪਏ ਨੂੰ ਵੀ ਸਫੈਦਾ ਕਿਹਾ ਜਾਂਦਾ ਸੀ। ਚਿੱਟੀ ਜਿਹੀ ਛਿੱਲ ਵਾਲੇ ਇੱਕ ਹਰਮਨਪਿਆਰੇ ਅੰਬ ਨੂੰ ਵੀ ਸਫੈਦਾ ਕਿਹਾ ਜਾਂਦਾ ਹੈ।
ਜੇ ਲੱਕੜੀਆਂ ਜਾਂ ਧਾਤਾਂ ਨੂੰ ਚਿੱਟਾ ਕਰਨ ਲਈ ਸਫੈਦਾ ਫੇਰਿਆ ਜਾਂਦਾ ਹੈ ਤਾਂ ਕੰਧਾਂ ‘ਤੇ ਅਜਿਹਾ ਰੂਪ ਚੜ੍ਹਾਉਣ ਲਈ ਇਸ ਦੀ ਪਤਨੀ ਸਫੈਦੀ ਤੋਂ ਕੰਮ ਲਿਆ ਜਾਂਦਾ ਹੈ, ਜੋ ਕਲੀ ਤੋਂ ਬਣਦੀ ਹੈ। ਸਫੈਦੀ ਨੇ ਪਾਂਡੂ ਦੀ ਥਾਂ ਲੈ ਲਈ ਹੈ। ਪਰ ਕੱਪੜਿਆਂ ਵਿਚ ‘ਦੂਧ ਸੀ ਸਫੈਦੀ ਨਿਰਮਾ ਸੇ ਆਤੀ ਹੈ।’ ਆਂਡੇ ਦੇ ਚਿੱਟੇ ਭਾਗ ਨੂੰ ਵੀ ਸਫੈਦੀ ਕਿਹਾ ਜਾਂਦਾ ਹੈ। ਫਾਰਸੀ ਉਰਦੂ ਵਿਚ ਫਲਵਹਿਰੀ ਨੂੰ ਸਫੈਦੀ ਕਹਿੰਦੇ ਹਨ। ਅੱਜੋਕੇ ਮਨੁੱਖ ਵਿਚ ਇਮਾਨਦਾਰੀ ਤਾਂ ਮਾਂਹ ਦੀ ਸਫੈਦੀ ਜਿੰਨੀ ਵੀ ਨਹੀਂ ਮਿਲਦੀ।
ਸਫੈਦ ਸ਼ਬਦ ਮੁਢਲੇ ਤੌਰ ‘ਤੇ ਫਾਰਸੀ ਤੋਂ ਆਇਆ ਹੈ। ਇਸ ਨੇ ਚਿੱਟੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਬਹੁਤਾ ਸਫਲ ਨਹੀਂ ਹੋ ਸਕਿਆ। ਫਾਰਸੀ ਵਿਚ ਸਫੈਦ ਲਈ ਸਫੀਦ ਸ਼ਬਦ ਵੀ ਹੈ, ਸਫੇਦ ਵੀ ਤੇ ਸਪੇਦ ਵੀ। ਇਸ ਭਾਸ਼ਾ ਵਿਚ ਇਸ ਸ਼ਬਦ ਤੋਂ ਅਨੇਕਾਂ ਹੋਰ ਸੰਯੁਕਤ ਸ਼ਬਦ ਬਣੇ ਹਨ। ਕੁਝ ਮਿਸਾਲਾਂ ਲੈਂਦੇ ਹਾਂ: ਸਪੇਦਾ (ਸਵੇਰ ਦੀ ਲੋਅ), ਸਪੇਦ ਪਾ (ਨੇਕ ਕਦਮ), ਸਪੇਦ ਪਰ (ਚਿੱਟੇ ਪਰਾਂ ਵਾਲਾ ਮੱਛਰ), ਸਪੇਦ ਚਸ਼ਮੀ (ਬੇਸ਼ਰਮੀ), ਸਪੇਦ ਜਾਮਾ (ਚਿੱਟ ਕਪੜੀਏ ਅਗਨੀ ਪੂਜ), ਸਪੇਦਰੂ (ਸਵੇਰ ਦੀ ਰੋਸ਼ਨੀ), ਸਪੇਦੀ (ਅੱਖ ਦਾ ਫੋਲਾ); ਸਫੇਦ ਗੋਈ (ਸਾਫ ਗੱਲ), ਸਫੇਦ ਮੁਹਰਾ (ਸੰਖ), ਸਫੇਦ ਬਖਤ (ਸੁਭਾਗਾ) ਆਦਿ। ਦਰਖਤ ਲਈ ਸਫੈਦਾ ਸ਼ਬਦ ‘ਸਫੇਦ ਦਾਰ’ (ਦਾਰ=ਦਰਖਤ) ਦਾ ਸੰਕੁਚਿਤ ਰੂਪ ਲਗਦਾ ਹੈ।
ਸਫੈਦ ਹਿੰਦ-ਇਰਾਨੀ ਸ਼ਬਦ ਹੈ। ਕਹਿਣ ਦਾ ਭਾਵ ਇਸ ਦੇ ਸਜਾਤੀ ਸ਼ਬਦ ਇਰਾਨੀ ਤੋਂ ਬਿਨਾ ਸੰਸਕ੍ਰਿਤ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਮਿਲਦੇ ਹਨ। ਇਸ ਦਾ ਜ਼ੈਂਦ ਰੂਪ ਸਪੈਤਾ ਜਿਹਾ ਤੇ ਪਹਿਲਵੀ ਸਪੇਤ ਹੈ। ਪੁਰਾਣੀ ਫਾਰਸੀ ਵਿਚ ਇਸ ਦਾ ਰੂਪ ਸਪੇਦ ਸੀ। ਇਸ ਦਾ ਫਾਰਸੀ ਧਾਤੂ ਸ਼ਪਿਤ ਹੈ ਤੇ ਸੰਸਕ੍ਰਿਤ ਸ਼ਵਿਤ। ਇਸ ਤੋਂ ਸ਼ਵੇਤ ਸ਼ਬਦ ਬਣਿਆ, ਜੋ ਪੰਜਾਬੀ ਵਿਚ ਜਾਣਿਆ ਜਾਂਦਾ ਹੈ ਭਾਵੇਂ ਪ੍ਰਚਲਿਤ ਨਹੀਂ। ਕਈ ਵਾਰੀ ਵ੍ਹਾਈਟ ਪੇਪਰ ਨੂੰ ਸ਼ਵੇਤ ਪੱਤਰ ਕਹਿ ਦਿੱਤਾ ਜਾਂਦਾ ਹੈ। ਚਿੱਟੇ ਕੱਪੜੇ ਪਹਿਨਣ ਵਾਲੇ ਨੂੰ ਸ਼ਵੇਤਾਂਬਰ ਕਿਹਾ ਜਾਂਦਾ ਹੈ, ‘ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ।’ ਸਵੇਤਾਂਬਰ ਜੈਨੀਆਂ ਦਾ ਇਕ ਫਿਰਕਾ ਵੀ ਹੈ, ਜੋ ਚਿੱਟੇ ਕੱਪੜੇ ਪਾਉਂਦੇ ਹਨ।
ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਸੰਕੁਚਤ ਰੂਪ ਸੇਤ ਮਿਲਦਾ ਹੈ, ‘ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ॥’ (ਗੁਰੂ ਨਾਨਕ ਦੇਵ); ‘ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤ॥’ (ਭਗਤ ਕਬੀਰ); ‘ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ॥’ (ਗੁਰੂ ਅਰਜਨ ਦੇਵ)। ਨਿਰੁਕਤ ਸ਼ਾਸਤਰੀ ਅਜਿਤ ਵਡਨੇਰਕਰ ਨੇ ਸਫੇਦ ਸ਼ਬਦ ਨੂੰ ਅਰਬੀ ਤੋਂ ਆਏ ਸਾਫ ਸ਼ਬਦ ਨਾਲ ਜੋੜਿਆ ਹੈ, ਜਿਸ ਤੋਂ ਸੂਫੀ ਸ਼ਬਦ ਵੀ ਬਣਿਆ ਦੱਸਿਆ ਹੈ। ਪਰ ਵਡਨੇਰਕਰ ਦੀ ਦਲੀਲ ਪੁਹੰਦੀ ਨਹੀਂ, ਇਸ ਬਾਰੇ ਫਿਰ ਕਦੇ।
ਟਰਨਰ ਨੇ ਹੋਰ ਹਿੰਦ-ਆਰੀਆਈ ਭਾਸ਼ਾਵਾਂ ਵਿਚ ਇਸ ਤੋਂ ਬਣੇ ਕਈ ਸ਼ਬਦ ਗਿਣਾਏ ਹਨ। ਜਿਵੇ ਸੇਤੋ (ਚਿੱਟਾ), ਹੈਤੂਰੂ (ਚਿੱਟੀ ਫਲਵਹਿਰੀ; ਸਿਤ (ਚਿੱਟਾ); ਚਿੱਟ (ਚਾਂਦੀ); ਚਿੱਟਾ (ਸੱਚਾਈ); ਚਿੱਟੋ (ਸਾਫ, ਸਪੱਸ਼ਟ, ਨਿਰਮਲ); ਇਸਪਰ (ਚਿੱਟਾ); ਹੇਵਾ (ਚਿੱਟਾ)। ਇਸੇ ਸੰਦਰਭ ਵਿਚ ਟਰਨਰ ਨੇ ਪੰਜਾਬੀ ਚਿੱਟਾ ਨੂੰ ਸਵਿਤ ਤੋਂ ਵਿਉਤਪਤ ਹੋਇਆ ਦੱਸਿਆ ਹੈ। ਇਥੇ ਇਹ ਦੱਸਣਾ ਥਾਂ-ਸਿਰ ਹੈ ਕਿ ਅਜਿਤ ਵਡਨੇਰਕਰ ਅਤੇ ਗ਼ ਸ਼ ਰਿਆਲ ਨੇ ਪੰਜਾਬੀ ਚਿੱਟਾ ਸ਼ਬਦ ਨੂੰ ਸੰਸਕ੍ਰਿਤ ਚਿਤਰ ਸ਼ਬਦ ਨਾਲ ਜੋੜਨ ਦੀ ਵਕਾਲਤ ਕੀਤੀ ਹੈ, ਜਿਸ ਵਿਚ ਚਮਕਦਾਰ, ਪਰਤੱਖ ਦੇ ਭਾਵ ਹਨ।
ਸਫੈਦ ਸ਼ਬਦ ਦੇ ਸਕੇ ਸੋਹਦਰੇ ਹੋਰ ਭਾਰੋਪੀ ਭਾਸ਼ਾਵਾਂ ਵਿਚ ਵੀ ਖੂਬ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ‘ਖੱeਟਿ’ ਕਲਪਿਆ ਗਿਆ ਹੈ। ਇਸ ਮੂਲ ਵਿਚ ਚਟਿਆਈ, ਚਮਕਣ ਦੇ ਭਾਵ ਹਨ। ਇਸ ਤੋਂ ਬਣੇ ਓਲਡ ਚਰਚ ਸਲੈਵੋਨਿਕ ਦੇ ਸ਼ਬਦ ਸਵਿਤੇਤੀ ਦਾ ਅਰਥ ਚਮਕਣਾ ਅਤੇ ਸਵੇਤੂ ਦਾ ਅਰਥ ਰੋਸ਼ਨੀ ਹੈ। ਲਿਥੂਏਨੀਅਨ ਸਵਿਸਤੀ ਦਾ ਅਰਥ ਵੀ ਚਮਕਣਾ ਹੈ। ‘ਕੱeਟਿ’ ਮੂਲ ਤੋਂ ਹੀ ਪ੍ਰਾਕ-ਜਰਮੈਨਿਕ ਉਪਮੂਲ ‘ਹੱeਟਿ’ ਹੋਂਦ ਵਿਚ ਆਇਆ। ਜਰਮੈਨਿਕ ਭਾਸ਼ਾਵਾਂ ਵਿਚ ‘ਕ’ ਧੁਨੀ ‘ਹ’ ਵਿਚ ਵਟ ਜਾਂਦੀ ਹੈ। ਇਸ ਮੂਲ ਤੋਂ ਪੁਰਾਣੀ ਸੈਕਸਨ ਅਤੇ ਪੁਰਾਣੀ ਫਰੀਜ਼ੀਅਨ ਦਾ ਸ਼ਬਦ, ੍ਹਵਿਟ ਪੁਰਾਣੀ ਨੋਰਸ ਦਾ ਸ਼ਬਦ ਹਵਿਤ੍ਰ, ਡੱਚ ਵਿਟ, ਪੁਰਾਣੀ ਜਰਮਨ ਹਵਿਜ਼, ਆਧੁਨਿਕ ਜਰਮਨ ਵੇਅਜ਼, ਡੈਨਿਸ ਹਵਿਦ ਜਿਹੇ ਸ਼ਬਦ ਬਣੇ ਜਿਨ੍ਹਾਂ ਵਿਚ ਚਮਕ, ਰੋਸ਼ਨੀ ਆਦਿ ਦੇ ਭਾਵ ਹਨ।
ਇਸੇ ਉਪਧਾਤੂ ਤੋਂ ਅੱਗੇ ਜਾ ਕੇ ਪੁਰਾਣੀ ਅੰਗਰੇਜ਼ੀ ਦਾ ਸ਼ਬਦ ਹਵਿਟ (੍ਹੱਟਿ) ਜਨਮ ਲੈਂਦਾ ਹੈ, ਜਿਸ ਦਾ ਅਰਥ ਸੀ-ਚਮਕਦਾਰ, ਉਜਲਾ, ਚਿੱਟਾ ਆਦਿ। ਆਧੁਨਿਕ ਵ੍ਹਾਈਟ (ੱਹਟਿe) ਵਿਚ ਆ ਕੇ ਇਸ ਸ਼ਬਦ ਦੇ ਹੇਜੇ ਬਦਲ ਜਾਂਦੇ ਹਨ। ਕਣਕ ਦੇ ਆਟੇ ਦਾ ਰੰਗ ਚਿੱਟਾ ਹੋਣ ਕਾਰਨ ਅੰਗਰੇਜ਼ੀ ਵ੍ਹੀਟ (ੱਹeਅਟ) ਸ਼ਬਦ ਵੀ ਇਸੇ ਧਾਤੂ ਨਾਲ ਜਾ ਜੁੜਦਾ ਹੈ। ਬਹੁਤ ਸਾਰੀਆਂ ਜਰਮੈਨਿਕ ਭਾਸ਼ਾਵਾਂ ਵਿਚ ਕਣਕ ਲਈ ਰਲਦੇ-ਮਿਲਦੇ ਸ਼ਬਦ ਹਨ।
ਭਾਰੋਪੀ ਭਾਸ਼ਾ ਪਰਿਵਾਰ ਦੇ ਉਪ-ਪਰਿਵਾਰ ਸਲਾਵਿਕ ਦੀਆਂ ਕਈ ਭਾਸ਼ਾਵਾਂ ਜਿਵੇਂ ਰੂਸੀ, ਬੁਲਗਾਰੀਅਨ, ਕਰੋਸ਼ੀਅਨ, ਬੋਸਨੀਅਨ, ਯੁਕਰੇਨੀਅਨ, ਚੈਕ ਆਦਿ ਵਿਚ ਵੀ ਸਫੈਦ ਸ਼ਬਦ ਦੇ ਸਜਾਤੀ ਹਨ। ਸੰਸਕ੍ਰਿਤ ਮੂਲ ਦੇ ਜ਼ਨਾਨਾ ਨਾਂ ‘ਸਵੇਤਾ’ ਦੇ ਟਾਕਰੇ ‘ਤੇ ਇਨ੍ਹਾਂ ਭਾਸ਼ਾਵਾਂ ਵਿਚ ਵੀ ਬਰਾਬਰ ਦੇ ਨਾਂ ਅਜਿਹੇ ਹੀ ਹਨ, ਜਿਵੇਂ ਰੂਸੀ ਸਵੇਤਾ। ਰੂਸੀ ਆਗੂ ਸਟਾਲਿਨ ਦੀ ਇਕਲੌਤੀ ਧੀ ਦਾ ਨਾਂ ਸਵੇਤਲਾਨਾ ਸੀ। ਰੂਸੀ ਵਿਚ ਸਵੇਤ ਦੇ ਅਰਥ ਧਰੂ ਤਾਰਾ, ਰੋਸ਼ਨੀ, ਚਮਕ, ਪਵਿਤਰ ਆਦਿ ਵੀ ਹਨ।