ਸ਼ਕਤੀ ਸਾਮੰਤ ਅਤੇ ਸਦਾਬਹਾਰ ਸੰਗੀਤ

ਪਰਮਜੀਤ ਸਿੰਘ
ਸ਼ਕਤੀ ਸਾਮੰਤ ਉਨ੍ਹਾਂ ਨਿਰਦੇਸ਼ਕਾਂ ‘ਚੋਂ ਇਕ ਸੀ ਜੋ ਦਮਦਾਰ ਪਟਕਥਾ ਤੇ ਜਾਨਦਾਰ ਨਿਰਦੇਸ਼ਨ ਵਾਲੀਆਂ ਖੂਬਸੂਰਤ ਲੋਕੇਸ਼ਨਾਂ ਅਤੇ ਸੁਰੀਲੇ ਸੰਗੀਤ ਨਾਲ ਸਜੀਆਂ ਫਿਲਮਾਂ ਬਣਾਉਂਦੇ ਸਨ। ਆਪਣੇ ਲੰਮੇ ਫਿਲਮੀ ਕੈਰੀਅਰ ਦੌਰਾਨ ਉਨ੍ਹਾਂ ਨੇ ਅਨੇਕਾਂ ਅਜਿਹੀਆਂ ਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ ਦਾ ਸੰਗੀਤ ਹਿਟ ਰਿਹਾ ਅਤੇ ਉਸ ਦੀਆਂ ਬਾਤਾਂ ਅੱਜ ਵੀ ਪੈਂਦੀਆਂ ਹਨ। ਫਿਲਮ ‘ਕਟੀ ਪਤੰਗ’ ਦੇ ‘ਯੇਹ ਸ਼ਾਮ ਮਸਤਾਨੀ’, ‘ਜਿਸ ਗਲੀ ਮੇਂ ਤੇਰਾ ਘਰ ਨਾ ਹੋ ਬਾਲਮਾ’, ‘ਯੇਹ ਜੋ ਮੁਹੱਬਤ ਹੈ’, ‘ਪਿਆਰ ਦੀਵਾਨਾ ਹੋਤਾ ਹੈ, ਮਸਤਾਨਾ ਹੋਤਾ ਹੈ’ ਅਤੇ ‘ਅਰਾਧਨਾ’ ਦੇ ‘ਮੇਰੇ ਸਪਨੋਂ ਕੀ ਰਾਨੀ’, ‘ਕੋਰਾ ਕਾਗਜ਼ ਥਾ ਯੇਹ ਮਨ ਮੇਰਾ’, ‘ਰੂਪ ਤੇਰਾ ਮਸਤਾਨਾ’, ‘ਬਾਗੋਂ ਮੇਂ ਬਹਾਰ ਹੈ’ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਦੀ ਪਹਿਲੀ ਪਸੰਦ ਹਨ।

ਸ਼ਕਤੀ ਸਾਮੰਤ ਨੂੰ ਉਨ੍ਹਾਂ ਦੀਆਂ ਫਿਲਮਾਂ ਵਿਚਲੇ ‘ਆਈਏ ਮਿਹਰਬਾਂ’, ‘ਮੇਰੇ ਨੈਨਾ ਸਾਵਨ ਭਾਦੋਂ’, ‘ਆਤੇ-ਜਾਤੇ ਖੂਬਸੂਰਤ ਆਵਾਰਾ ਸੜਕੋਂ ਪੇ’, ‘ਤਾਰੀਫ ਕਰੂੰ ਕਿਆ ਉਸ ਕੀ’, ‘ਅਕੇਲੇ ਅਕੇਲੇ ਕਹਾਂ ਜਾ ਰਹੇ ਹੋ’ ਅਤੇ ‘ਚਿੰਗਾਰੀ ਕੋਈ ਭੜਕੇ’ ਆਦਿ ਅਨੇਕਾਂ ਸਦਾਬਹਾਰ ਗੀਤਾਂ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
ਸ਼ਕਤੀ ਸਾਮੰਤ ਦਾ ਜਨਮ 13 ਜਨਵਰੀ 1926 ਨੂੰ ਬਰਧਵਾਨ (ਪੱਛਮੀ ਬੰਗਾਲ) ਵਿਚ ਹੋਇਆ। ਦੇਹਰਾਦੂਨ ਤੋਂ ਸਕੂਲੀ ਵਿਦਿਆ ਗ੍ਰਹਿਣ ਕਰਨ ਪਿਛੋਂ ਉਨ੍ਹਾਂ ਨੇ 1944 ਵਿਚ ਕਲੱਕਤਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ ਅਤੇ ਬਤੌਰ ਅਦਾਕਾਰ ਫਿਲਮਾਂ ‘ਚ ਕੰਮ ਕਰਨ ਲਈ ਮੁੰਬਈ ਪਹੁੰਚ ਗਏ। ਇਥੇ ਆ ਕੇ ਇਕ ਸਾਲ ਉਨ੍ਹਾਂ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ। 1948 ਵਿਚ ਉਨ੍ਹਾਂ ਨੂੰ ਰਾਜ ਕਪੂਰ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਸੁਨਹਿਰੇ ਦਿਨ’ ਲਈ ਨਿਰਦੇਸ਼ਕ ਸਤੀਸ਼ ਨਿਗਮ ਦੇ ਸਹਾਇਕ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ।
ਗਿਆਨ ਮੁਖਰਜੀ ਅਤੇ ਫਣੀ ਮਜੂਮਦਾਰ ਜਿਹੇ ਨਾਮਵਰ ਨਿਰਦੇਸ਼ਕਾਂ ਦੇ ਸਹਾਇਕ ਵਜੋਂ ਕੰਮ ਕਰਨ ਪਿੱਛੋਂ ਉਨ੍ਹਾਂ ਨੇ 1954 ਵਿਚ ਫਿਲਮ ‘ਬਹੂ’ ਰਾਹੀਂ ਸੁਤੰਤਰ ਨਿਰਦੇਸ਼ਕ ਵਜੋਂ ਕਮਾਨ ਸੰਭਾਲੀ। ਕਰਨ ਦੀਵਾਨ, ਊਸ਼ਾ ਕਿਰਨ ਤੇ ਪ੍ਰਾਣ ਜਿਹੇ ਸਿਤਾਰਿਆਂ ਨਾਲ ਸਜੀ ਇਹ ਫਿਲਮ ਸਫਲ ਰਹੀ। ਇਸ ਪਿਛੋਂ ਸ਼ਕਤੀ ਸਾਮੰਤ ਨੇ ਮਨਮੋਹਕ ਅਤੇ ਕਾਮਯਾਬ ਫਿਲਮਾਂ ਦੀ ਝੜੀ ਲਾ ਦਿੱਤੀ ਜਿਨ੍ਹਾਂ ਵਿਚ ਇੰਸਪੈਕਟਰ, ਹਾਵੜਾ ਬ੍ਰਿਜ, ਜਾਅਲੀ ਨੋਟ, ਚਾਈਨਾ ਟਾਊਨ, ਕਸ਼ਮੀਰ ਕੀ ਕਲੀ, ਸਾਵਨ ਕੀ ਘਟਾ, ਐਨ ਈਵਨਿੰਗ ਇਨ ਪੈਰਿਸ, ਅਰਾਧਨਾ, ਕਟੀ ਪਤੰਗ, ਅਮਰ ਪ੍ਰੇਮ, ਅਮਾਨੁਸ਼, ਮਹਿਬੂਬਾ, ਬਰਸਾਤ ਕੀ ਰਾਤ, ਆਵਾਜ਼, ਅਲੱਗ ਅਲੱਗ ਆਦਿ ਫਿਲਮਾਂ ਮੁੱਖ ਤੌਰ ‘ਤੇ ਸ਼ਾਮਿਲ ਹਨ।
ਸ਼ਕਤੀ ਸਾਮੰਤ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਅਸ਼ੋਕ ਕੁਮਾਰ, ਰਾਜੇਸ਼ ਖੰਨਾ, ਆਰæ ਡੀæ ਬਰਮਨ, ਆਸ਼ਾ ਭੌਂਸਲੇ, ਕਿਸ਼ੋਰ ਕੁਮਾਰ, ਸ਼ੰਮੀ ਕਪੂਰ, ਆਨੰਦ ਬਖਸ਼ੀ, ਸ਼ੈਲੇਂਦਰ ਆਦਿ ਜਿਹੇ ਫਨਕਾਰਾਂ ਨੂੰ ਫਿਲਮਾਂ ‘ਚ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਅਸ਼ੋਕ ਕੁਮਾਰ ਨਾਲ ਉਨ੍ਹਾਂ ਨੇ ‘ਇੰਸਪੈਕਟਰ’, ‘ਸ਼ੇਰੂ’, ‘ਇਸੀ ਕਾ ਨਾਮ ਦੁਨੀਆਂ ਹੈ’, ‘ਹਾਵੜਾ ਬ੍ਰਿਜ’, ‘ਆਨੰਦ ਆਸ਼ਰਮ’ ਆਦਿ ਸਮੇਤ ਕੁੱਲ 9 ਫਿਲਮਾਂ ਬਣਾਈਆਂ। ਸ਼ਕਤੀ ਸਾਮੰਤ ਨੇ ‘ਅਮਰ ਪ੍ਰੇਮ’, ‘ਅਨੁਰੋਧ’, ‘ਅਨੁਰਾਗ’, ‘ਅਰਾਧਨਾ’, ‘ਕਟੀ ਪਤੰਗ’ ਆਦਿ ਜਿਹੀਆਂ ਸ਼ਾਹਕਾਰ ਫਿਲਮਾਂ ਨਾਲ ਰਾਜੇਸ਼ ਖੰਨਾ ਅਤੇ ‘ਕਸ਼ਮੀਰ ਕੀ ਕਲੀ’ ਤੇ ‘ਐਨ ਈਵਨਿੰਗ ਇਨ ਪੈਰਿਸ’ ਵਰਗੀਆਂ ਸਫਲ ਫਿਲਮਾਂ ਨਾਲ ਸ਼ੰਮੀ ਕਪੂਰ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਤਕ ਪਹੁੰਚਾਇਆ।
ਸ਼ਕਤੀ ਸਾਮੰਤ ਨੂੰ ਮਾਣ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੇ ਦੋ-ਭਾਸ਼ਾਈ ਫਿਲਮਾਂ ਬਣਾਉਣ ਦੀ ਪ੍ਰਥਾ ਆਪਣੀ ਫਿਲਮ ‘ਅਮਾਨੁਸ਼’ ਨੂੰ ਹਿੰਦੀ ਤੇ ਬੰਗਾਲੀ ਭਾਸ਼ਾ ਵਿਚ ਨਾਲੋ ਨਾਲ ਬਣਾ ਕੇ ਸ਼ੁਰੂ ਕੀਤੀ ਸੀ। ਉਹ ਇੰਡੀਅਨ ਮੋਸ਼ਨ ਪਿਕਚਰਜ਼ ਐਸੋਸੀਏਸ਼ਨ (ਇਮਪਾ), ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਅਤੇ ਸੱਤਿਆਜੀਤ ਰੇਅ ਫਿਲਮ ਐਂਡ ਟੀæ ਵੀæ ਇੰਸਟੀਚਿਊਟ, ਕਲਕੱਤਾ ਜਿਹੀਆਂ ਸੰਸਥਾਵਾਂ ਦੇ ਮੁਖੀ ਵੀ ਰਹੇ। ਉਨ੍ਹਾਂ ਨੂੰ ਜਿਥੇ ‘ਅਰਾਧਨਾ’, ‘ਅਨੁਰਾਗ’ ਅਤੇ ‘ਅਮਾਨੁਸ਼’ ਜਿਹੀਆਂ ਫਿਲਮਾਂ ਲਈ ਫਿਲਮਫੇਅਰ ਐਵਾਰਡ ਮਿਲੇ, ਉਥੇ ਹੀ ਸਾਲ 2002 ਵਿਚ ਉਨ੍ਹਾਂ ਨੂੰ ‘ਜ਼ੀ ਸਿਨੇ ਐਵਾਰਡ ਫਾਰ ਲਾਈਫ ਟਾਈਮ ਅਚੀਵਮੈਂਟ’ ਨਾਲ ਵੀ ਨਿਵਾਜਿਆ ਗਿਆ। 9 ਅਪਰੈਲ 2009 ਨੂੰ ਇਹ ਮਹਾਨ ਫਿਲਮਸਾਜ਼ ਮੁੰਬਈ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ।