ਵਿਸ਼ਾਲ ਭਾਰਦਵਾਜ ਦੀ ਫਿਲਮ ‘ਹੈਦਰ’ ਨੇ ਕੌਮਾਂਤਰੀ ਫਿਲਮ ਮੇਲੇ ‘ਚ ਖੱਟੀ ਬੱਲੇ ਬੱਲੇ

ਸ਼ਿਕਾਗੋ ਦੇ 54ਵੇਂ ਕੌਮਾਂਤਰੀ ਫਿਲਮ ਮੇਲੇ ਵਿਚ ਇਕੋ ਇਕ ਭਾਰਤੀ ਹਿੰਦੀ ਫਿਲਮ ‘ਹੈਦਰ’ ਦਿਖਾਈ ਗਈ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਡਾਊਨ ਟਾਊਨ ਸ਼ਿਕਾਗੋ ਦੇ ਏ. ਐਮ. ਸੀ. ਸਿਨੇਮਾ ਹਾਲ ਵਿਚ ਫਿਲਮ ਨੂੰ ਦੇਖਣ ਲਈ ਭਾਰਤੀ ਦਰਸ਼ਕਾਂ ਨਾਲੋਂ ਅਮਰੀਕੀ ਤੇ ਹੋਰ ਦੇਸ਼ਾਂ ਦੇ ਦਰਸ਼ਕ ਵੱਧ ਸਨ।

ਫਿਲਮ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਮਸ਼ਹੂਰ ਨਾਟਕਕਾਰ ਸ਼ੇਕਸਪੀਅਰ ਤੋਂ ਬਹੁਤ ਪ੍ਰਭਾਵਿਤ ਹਨ। ਉਹ ਪਹਿਲਾਂ ਵੀ ਸ਼ੇਕਸਪੀਅਰ ਦੇ ਨਾਟਕ ‘ਉਥੈਲੋ’ (ੌਟਹeਲਲੋ) ‘ਤੇ ਮੂਵੀ ‘ਓਮਕਾਰਾ’ (ੌਮਕਅਰਅ) ਅਤੇ ‘ਮੈਕਬੈਥ’ (ੰਅਚਬeਟਹ) ਦੇ ਆਧਾਰ ‘ਤੇ ਫਿਲਮ ‘ਮਕਬੂਲ’ ਬਣਾ ਚੁਕੇ ਹਨ। ਫਿਲਮ ‘ਹੈਦਰ’ ਵੀ ਸ਼ੇਕਸਪੀਅਰ ਦੇ ਮਸ਼ਹੂਰ ਨਾਟਕ ‘ਹੈਲਮੇਟ’ ਦੇ ਪਾਤਰਾਂ ਨੂੰ ਕਸ਼ਮੀਰ ਵਿਚ ਚਲ ਰਹੇ ਅਜੋਕੇ ਅਸ਼ਾਂਤੀ ਦੇ ਮਾਹੌਲ ਦੀ ਪਿੱਠਭੂਮੀ ਬਣਾ ਕੇ ਹੀ ਇਸ ਦਾ ਤਾਣਾ-ਬਾਣਾ ਬੁਣਿਆ ਗਿਆ ਹੈ।
ਫਿਲਮ ਵਿਚ ਸ਼ਾਹਿਦ ਕਪੂਰ (ਹੈਦਰ ਮੀਰ) ਤੇ ਤਬੂ (ਗਜ਼ਾਲਾ ਮੀਰ), ਸ਼ਰਧਾ ਕਪੂਰ (ਅਰਸ਼ੀਆ), ਕੇ. ਕੇ. ਮੈਨਨ (ਖੁਰਮ ਮੀਰ), ਨਰਿੰਦਰ ਝਾਅ (ਡਾ. ਹਲਾਲ ਮੀਰ) ਅਤੇ ਇਰਫਾਨ ਖਾਨ (ਰੂਹਦਾਰ) ਆਦਿ ਕਲਾਕਾਰਾਂ ਨੇ ਪ੍ਰਮੁਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਵਿਚ ਤਬੂ ਨੇ ਮਾਂ ਦੀ ਭੂਮਿਕਾ ਨਿਭਾਈ ਹੈ ਤੇ ਸ਼ਾਹਿਦ ਕਪੂਰ ਉਸ ਦੇ ਬੇਟੇ ਦੇ ਰੋਲ ਵਿਚ ਹੈ।
ਵਿਸ਼ਾਲ ਭਾਰਦਵਾਜ ਨੇ ਖੁਦ ਵੀ ਥਿਏਟਰ ਵਿਚ ਬੈਠ ਕੇ ਦਰਸ਼ਕਾਂ ਦੇ ਨਾਲ ਹੀ ਫਿਲਮ ਦੇਖੀ। ਫਿਲਮ ਖਤਮ ਹੋਣ ‘ਤੇ ਦਰਸ਼ਕਾਂ ਨੇ ਸਵਾਲ-ਜਵਾਬ ਦੌਰਾਨ ਜਦੋਂ ਪੁਛਿਆ ਕਿ ਉਸ ਨੂੰ ਫਿਲਮ ‘ਹੈਦਰ’ ਕਸ਼ਮੀਰ ਦੇ ਮਸਲੇ ਨਾਲ ਜੋੜ ਕੇ ਬਣਾਉਣ ਦਾ ਖਿਆਲ ਕਿਵੇਂ ਆਇਆ? ਉਨ੍ਹਾਂ ਕਿਹਾ ਕਿ ਉਹ ਹੈਲਮੇਟ ਨਾਟਕ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਇਸ ਆਧਾਰ ‘ਤੇ ਫਿਲਮ ਬਣਾਉਣੀ ਚਾਹੁੰਦੇ ਸਨ। ਜਦੋਂ ਉਸ ਦੇ ਇਕ ਪੱਤਰਕਾਰ ਦੋਸਤ ਬਸ਼ਰਤ ਪੀਰ, ਜੋ ਕਸ਼ਮੀਰ ਨਾਲ ਸਬੰਧਤ ਸੀ, ਉਥੇ ਪੜ੍ਹਿਆ-ਲਿਖਿਆ ਤੇ ਵੱਡਾ ਹੋਇਆ ਸੀ, ਉਸ ਨੇ ਆਪਣੀਆਂ ਯਾਦਾਂ ਬਾਰੇ ਇਕ ਕਿਤਾਬ ਵੀ ਲਿਖੀ ਹੈ, ਨੇ ਕਸ਼ਮੀਰ ਦਾ ਮਾਹੌਲ ਮੇਰੇ ਨਾਲ ਸਾਂਝਾ ਕੀਤਾ ਤਾਂ ਇਹ ਫਿਲਮ ਬਣਾਉਣ ਦਾ ਖਿਆਲ ਆਇਆ। ਇਸ ਦੇ ਨਾਲ ਮੈਂ ਵੀ ਕਸ਼ਮੀਰ ਸਬੰਧੀ ਹੋਰ ਜਾਣਕਾਰੀ ਹਾਸਿਲ ਕੀਤੀ। ਇਸ ਤਰ੍ਹਾਂ ਹੈਲਮੇਟ ਨਾਟਕ ਦੇ ਕਿਰਦਾਰਾਂ ਨੂੰ ਇਸ ਫਿਲਮ ਦੇ ਕਿਰਦਾਰਾਂ ਨਾਲ ਜੋੜ ਕੇ ਇਸ ਫਿਲਮ ਲਈ ਸਕ੍ਰਿਪਟ ਲਿਖਣ ਦਾ ਕੰਮ ਸ਼ੁਰੂ ਕੀਤਾ ਤੇ ਇਹ ਫਿਲਮ ਬਣੀ।
ਨਾਟਕ ਵਿਚ ਹੈਲਮੇਟ ਆਪਣੇ ਪਿਤਾ ਦੀ ਮੌਤ ਦਾ ਬਦਲਾ ਦੁਸ਼ਮਣ ਅੰਕਲ ਤੋਂ ਲੈ ਲੈਂਦਾ ਹੈ, ਪਰ ਫਿਲਮ ਦੇ ਅੰਤ ਵਿਚ ਫਿਲਮ ਦਾ ਹੀਰੋ ਹੈਦਰ ਆਪਣੇ ਵੈਰੀ ਚਾਚੇ ਨੂੰ ਮਾਰਨ ਦਾ ਮੌਕਾ ਹੋਣ ‘ਤੇ ਵੀ ਉਸ ਨੂੰ ਛੱਡ ਦਿੰਦਾ ਹੈ। ਕੀ ਅਜਿਹਾ ਜਾਣ ਬੁਝ ਕੇ ਕੀਤਾ ਗਿਆ?
ਜਵਾਬ ਵਿਚ ਵਿਸ਼ਾਲ ਭਾਰਦਵਾਜ ਨੇ ਕਿਹਾ ਕਿ ਫਿਲਮ ਬਣਾਉਂਦਿਆਂ ਇਸ ਗੱਲ ਬਾਰੇ ਮੇਰੀ ਆਪਣੇ ਸਾਥੀਆਂ ਤੇ ਦੋਸਤਾਂ ਨਾਲ ਬਹੁਤ ਵਿਚਾਰਾਂ ਹੋਈਆਂ ਕਿਉਂਕਿ ਮੈਂ ਸਕ੍ਰਿਪਟ ਆਪਣੇ ਦੋਸਤਾਂ ਨੂੰ ਵੀ ਪੜ੍ਹਨ ਨੂੰ ਦਿੱਤੀ ਸੀ ਪਰ ਅਖੀਰ ਫੈਸਲਾ ਹੋਇਆ ਕਿ ਹੈਦਰ ਆਪਣੇ ਅੰਕਲ ਨੂੰ ਉਸੇ ਹਾਲਤ ਵਿਚ ਛੱਡ ਦੇਵੇ। ਅਸਲ ਵਿਚ ਅਸੀਂ ਦੱਸਣਾ ਚਾਹੁੰਦੇ ਸਾਂ ਕਿ ਬਦਲਾ ਹੀ ਕਿਸੇ ਸਮੱਸਿਆ ਦਾ ਇਕੋ ਇਕ ਹੱਲ ਨਹੀਂ ਹੈ। ਇਸ ਖਿਤੇ ਵਿਚ ਹੋਪ, ਇਕ ਆਸ ਸ਼ਾਂਤੀ ਦੀ ਵੀ ਹੈ। ਬਦਲੇ ਦੀ ਭਾਵਨਾ ਤੋਂ ਪਰੇ ਵੀ ਇਕ ਉਸਾਰੂ ਮਾਹੌਲ ਦੀ ਉਮੀਦ ਹੈ। ਇਸੇ ਸਦਰੰਭ ਵਿਚ ਇਹ ਸ਼ਾਂਤੀ-ਸਕੂਨ ਦੀ ਆਸ ਦਾ ਪ੍ਰਗਟਾਵਾ ਸੀ।
ਸ਼ੇਕਸਪੀਅਰ ਦੇ ਨਾਟਕ ਹੈਲਮੇਟ ਵਿਚ ਇਕ ਭੂਤ ਦਾ ਕਿਰਦਾਰ ਹੈ, ਜੋ ਰਾਜ ਦਰਬਾਰ ਵਿਚ ਰਚੀ ਗਈ ਸਾਜਿਸ਼ ਬੇਨਕਾਬ ਕਰਦਾ ਹੈ, ਪਰ ਇਸ ਫਿਲਮ ਵਿਚ ਉਸ ਪਾਤਰ ਨੂੰ ਨਵੇਂ ਰੰਗ ਵਿਚ ਦਿਖਾਇਆ ਗਿਆ ਹੈ। ਕਿਉਂ?
ਵਿਸ਼ਾਲ ਭਾਰਦਵਾਜ ਨੇ ਕਿਹਾ, ਹਾਂ, ਇਸ ਫਿਲਮ ਵਿਚ ਇਹ ਕਿਰਦਾਰ ਇਰਫਾਨ ਪਠਾਨ ਵਾਲਾ ਹੈ, ਜੋ ਹੈਦਰ ਨੂੰ ਅਸਲੀਅਤ ਤੋਂ ਜਾਣੂ ਕਰਵਾਉਂਦਾ ਹੈ, ਜਿਸ ਦਾ ਫਿਲਮੀ ਨਾਂ ਰੂਹਦਾਰ ਹੈ, ਜੋ ਫਿਲਮ ਮੁਤਾਬਕ ਕੁਝ ਤਬਦੀਲੀ ਕਰਕੇ ਸਿਰਜਿਆ ਗਿਆ ਹੈ।
ਇਹ ਪੁੱਛੇ ਜਾਣ ‘ਤੇ ਕਿ ਤੁਸੀਂ ਆਪਣੀ ਫਿਲਮਾਂ ਲਈ ਕਿਸੇ ਨਾ ਕਿਸੇ ਗੰਭੀਰ ਵਿਸ਼ੇ ਨੂੰ ਚੁਣਦੇ ਹੋ, ਕਿਸੇ ਨਾ ਕਿਸੇ ਸਮਾਜਕ ਚਲੰਤ ਮਾਮਲਿਆਂ ਨੂੰ ਆਪਣੀਆਂ ਫਿਲਮਾਂ ਦਾ ਵਿਸ਼ਾ ਬਣਾਉਂਦੇ ਹੋ। ਕੀ ਇਹ ਬਿਜਨਿਸ ਪੱਖੋਂ ਰਿਸਕੀ ਨਹੀਂ ਹੁੰਦਾ? ਉਨ੍ਹਾਂ ਕਿਹਾ ਕਿ ਫਿਲਮਾਂ ਸਮਾਜ ਦਾ ਆਇਨਾ ਹੁੰਦੀਆਂ ਹਨ, ਸੋ ਜੋ ਸਮਾਜ ਵਿਚ ਵਾਪਰਦਾ ਹੈ, ਫਿਲਮ ਨਿਰਮਾਤਾ ਦਾ ਫਰਜ਼ ਹੈ ਕਿ ਉਸ ਵਿਸ਼ੇ ਨੂੰ ਚੁਣੇ ਤੇ ਫਿਲਮ ਬਣਾਏ।
ਇਹ ਪੁੱਛੇ ਜਾਣ ‘ਤੇ ਕਿ ਅੱਜ ਕਲ ਕੌਮਾਂਤਰੀ ਫਿਲਮ ਮੇਲੇ ਵਿਚ ਭਾਰਤੀ ਫਿਲਮਾਂ ਦਾਖਲ ਤਾਂ ਹੁੰਦੀਆਂ ਹਨ, ਪਰ ਇਹ ਗਿਣਤੀ ਬਹੁਤ ਘੱਟ ਹੈ। ਭਾਰਤੀ ਫਿਲਮਾਂ ਦੁਨੀਆਂ ਵਿਚ ਪ੍ਰਸਿੱਧ ਹਾਲੀਵੁਡ ਦੇ ਆਸਕਰ ਅਵਾਰਡ ਵਿਚ ਵੀ ਅਜੇ ਤੱਕ ਕੋਈ ਇਨਾਮ ਹਾਸਿਲ ਨਹੀਂ ਕਰ ਸਕੀਆਂ। ਤੁਹਾਡੀ ਨਜ਼ਰ ਵਿਚ ਕੀ ਕਾਰਨ ਹੋ ਸਕਦਾ ਹੈ?
ਵਿਸ਼ਾਲ ਦਾ ਜਵਾਬ ਸੀ ਕਿ ਅਸੀਂ ਉਸ ਤਰ੍ਹਾਂ ਦੀਆਂ ਫਿਲਮਾਂ ਬਹੁਤ ਘਟ ਬਣਾਉਂਦੇ ਹਾਂ। ਸਾਡੀਆਂ ਫਿਲਮਾਂ ਜ਼ਿਆਦਾਤਰ ਭਾਰਤੀ ਦਰਸ਼ਕਾਂ ਦੀ ਰੁਚੀ ਨੂੰ ਸਨਮੁਖ ਰੱਖ ਕੇ ਬਣਾਈਆਂ ਜਾਂਦੀਆਂ ਹਨ। ਬਹੁਤੇ ਫਿਲਮ ਨਿਰਮਾਤਾ ਕਮਰਸ਼ੀਅਲ ਪੱਖ ਨੂੰ ਮੁਖ ਰੱਖ ਕੇ ਫਿਲਮਾਂ ਬਣਾਉਂਦੇ ਹਨ। ਹਾਂ ਸਤਿਆਜੀਤ ਰੇਅ ਅਲੱਗ ਤਰ੍ਹਾਂ ਦੀਆਂ ਫਿਲਮਾਂ ਬਣਾਉਂਦੇ ਸਨ।
ਤੁਹਾਡੀਆਂ ਫਿਲਮਾਂ ਵਿਚ ਗੀਤ-ਸੰਗੀਤ ਬਹੁਤ ਉਭਰ ਕੇ ਆਉਂਦੇ ਹਨ। ਫਿਲਮ ‘ਹੈਦਰ’ ਵਿਚ ਵੀ ਗੀਤ-ਸੰਗੀਤ ਬਹੁਤ ਮਜਬੂਤ ਪੱਖ ਹੈ।
ਜਵਾਬ ਵਿਚ ਉਨ੍ਹਾਂ ਕਿਹਾ ਕਿ ਮੈਂ ਇਕ ਸੰਗੀਤਕਾਰ ਵੀ ਹਾਂ ਤੇ ਗੀਤਕਾਰ ਵੀ ਅਤੇ ਫਿਲਮਸਾਜ਼-ਗੀਤਕਾਰ ਗੁਲਜ਼ਾਰ ਜੀ ਮੇਰੇ ਮੈਂਟਰ ਹਨ। ਮੈਂ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹਾਂ, ਉਨ੍ਹਾਂ ਦੀ ਫਿਲਮ ‘ਮਾਚਿਸ’ ਦਾ ਸੰਗੀਤ ਮੈਂ ਤਿਆਰ ਕੀਤਾ ਸੀ, ਜਿਸ ਦਾ ਗੀਤ ‘ਚੱਪਾ ਚੱਪਾ ਚਰਖਾ ਚਲੇ’ ਬਹੁਤ ਮਕਬੂਲ ਹੋਇਆ ਸੀ।
ਇਕ ਅਮਰੀਕੀ ਦਰਸ਼ਕ ਨੇ ਜਦੋਂ ਇਹ ਸਵਾਲ ਉਠਾਇਆ ਕਿ ਫਿਲਮ ਵਿਚ ਇੰਗਲਿਸ਼ ਵਿਚ ਚਲਦੇ ਸਬ-ਟਾਈਟਲ ਵਿਚ ਕੁਝ ਗਲਤੀਆਂ ਹਨ ਤਾਂ ਵਿਸ਼ਾਲ ਭਾਰਦਵਾਜ ਨੇ ਹੱਸਦਿਆ ਆਖਿਆ ਕਿ ਮੇਰੀ ਇੰਗਲਿਸ਼ ਕੁਝ ਕਮਜੋਰ ਹੈ। ਹਾਲਾਂਕਿ ਉਨ੍ਹਾਂ ਦਿੱਲੀ ਯੂਨੀਵਰਸਿਟੀ ਤੋਂ ਗਰੈਜੂਏਟ ਦੀ ਡਿਗਰੀ ਹਾਸਿਲ ਕੀਤੀ ਹੈ।
ਫਿਲਮ ‘ਹੈਦਰ’ 54ਵੇਂ ਕੌਮਾਂਤਰੀ ਫਿਲਮ ਮੇਲੇ ਦੇ ‘ਮਾਸਟਰ ਪੀਸ ਫਿਲਮ’ ਕੈਟੇਗਿਰੀ ਮੁਕਾਬਲੇ ਵਿਚ ਸੀ। ਇਨਾਮ ਜਿੱਤਣ ਵਾਲੀਆਂ ਫਿਲਮਾਂ ਦੇ ਨਤੀਜੇ ਆ ਗਏ ਹਨ, ਪਰ ਫਿਲਮ ‘ਹੈਦਰ’ਕੋਈ ਇਨਾਮ ਨਹੀਂ ਜਿੱਤ ਸਕੀ। ਇਨਾਮ ਨਿਰਦੇਸ਼ਕ ਆਲਈਸ ਦੀ ਫਿਲਮ ‘ਲੈਜਾਰੋ’ ਨੇ ਜਿਤਿਆ ਹੈ।
ਪ੍ਰਤਿਭਾਸ਼ਾਲੀ ਵਿਸ਼ਾਲ ਭਾਰਦਵਾਜ ਸੰਗੀਤਕਾਰ, ਨਿਰਮਾਤਾ, ਨਿਰਦੇਸ਼ਕ, ਸਕਰੀਨ ਰਾਈਟਰ, ਪਲੇ ਬੈਕ ਸਿੰਗਰ, ਗੀਤਕਾਰ ਵੀ ਹਨ ਅਤੇ ਕਰੀਬ ਇਨ੍ਹਾਂ ਸਭਨਾਂ ਖੇਤਰਾਂ ਵਿਚ ਉਹ ਕੋਈ 2 ਦਰਜਨ ਕੌਮਾਂਤਰੀ ਤੇ ਕੌਮੀ ਅਵਾਰਡ ਹਾਸਿਲ ਕਰ ਚੁਕੇ ਹਨ। ਅੱਜ ਕਲ ਉਹ ‘ਰਾਣੀ’ ਨਾਂ ਦੀ ਫਿਲਮ ਬਣਾ ਰਹੇ ਹਨ।
-ਸੁਰਿੰਦਰ ਸਿੰਘ ਭਾਟੀਆ