ਲੜਕੀਆਂ ਦੇ ਹੋਸਟਲ ਸਬੰਧੀ ਸਮੇਂ ਦੀ ਸੀਮਾ ਨੂੰ ਲੈ ਕੇ ਹੜਤਾਲ

ਸੰਪਾਦਕ ਜੀ,
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਕਾਫੀ ਦਿਨਾਂ ਤੋਂ ਲੜਕੀਆਂ ਦੇ ਹੋਸਟਲ ਸਬੰਧੀ ਸਮੇਂ ਦੀ ਸੀਮਾ ਨੂੰ ਲੈ ਕੇ ਹੜਤਾਲ ਚੱਲ ਰਹੀ ਹੈ| ਇਸੇ ਸਬੰਧੀ 13 ਅਕਤੂਬਰ ਦੇ Ḕਪੰਜਾਬ ਟਾਈਮਜ਼Ḕ ਵਿਚ ਡਾ. ਤੇਗਿੰਦਰ ਦਾ ਲੇਖ ਪੜ੍ਹਿਆ| ਡਾ. ਤੇਗਿੰਦਰ ਉਨ੍ਹਾਂ ਕੁਝ ਇੱਕ ਸੁਲਝੇ ਅਧਿਆਪਕਾਂ ਵਿਚੋਂ ਹਨ, ਜੋ ਆਪਣੇ ਵਿਦਿਆਰਥੀਆਂ ਨੂੰ ਬਹੁਤ ਹੀ ਲਗਨ ਨਾਲ ਪੜ੍ਹਾਈ ਕਰਾਉਣ ਦੇ ਨਾਲ ਨਾਲ ਜੀਵਨ ਨੂੰ ਸਮਾਜ ਦੀ ਬਿਹਤਰੀ ਅਤੇ ਵਿਕਾਸ ਲਈ ਸਮਰਪਣ ਦੀ ਲਗਨ ਪੈਦਾ ਕਰਨ, ਉਸਾਰੂ ਸੋਚ ਰੱਖਣ ਅਤੇ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਰਹੇ ਹਨ; ਭਾਵੇਂ ਉਹ ਪਿੰਡ ਦੇ ਸਕੂਲ ਵਿਚ ਅਧਿਆਪਕ ਦੇ ਤੌਰ ‘ਤੇ ਰਹੇ ਹੋਣ ਤੇ ਭਾਵੇਂ ਹੁਣ ਯੂਨੀਵਰਸਿਟੀ ਦੇ ਕਾਲਜ ਘਨੌਰ ਵਿਚ ਪੜ੍ਹਾ ਰਹੇ ਹੋਣ| ਸਮਾਜ ਦੀ ਬਿਹਤਰੀ ਅਤੇ ਵਿਕਾਸ ਨੂੰ ਸਮਰਪਿਤ ਅਜਿਹੇ ਅਧਿਆਪਕ ਬਹੁਤ ਘੱਟ ਹੁੰਦੇ ਹਨ|

ਡਾ. ਤੇਗਿੰਦਰ ਨੇ ਬਿਲਕੁਲ ਸਹੀ ਆਖਿਆ ਹੈ ਕਿ ਕੋਈ ਵੀ ਚੰਗਾ ਕੰਮ ਇੱਕ ਵਾਰ ਤਾਂ ਪਹਿਲੀ ਵਾਰ ਹੀ ਕਰਨ ਦਾ ਹੌਂਸਲਾ ਕਰਨਾ ਪੈਂਦਾ ਹੈ ਭਾਵੇਂ ਉਹ ਔਰਤਾਂ ਨੂੰ ਵੋਟ ਦਾ ਹੱਕ ਸੀ, ਭਾਵੇਂ ਘਰੋਂ ਬਾਹਰ ਜਾ ਕੇ ਕੰਮ ਕਰਨ ਦਾ| ਕਦੀ ਨਾ ਕਦੀ, ਕਿਸੇ ਨਾ ਕਿਸੇ ਨੂੰ ਤਾਂ ਜੇਰਾ ਕਰਨਾ ਹੀ ਪੈਂਦਾ ਹੈ| ਮੈਂ ਜੇ ਇਥੇ ਆਪਣੀ ਮਿਸਾਲ ਦੇਵਾਂ ਤਾਂ ਮੈਂ ਆਪਣੇ ਪਿੰਡ ਦੀ ਪਹਿਲੀ ਕੁੜੀ ਸਾਂ, ਜੋ ਪਿੰਡ ਤੋਂ ਬਾਹਰ ਸ਼ਹਿਰ ਦੇ ਸਕੂਲ ਸਮਰਾਲੇ ਪੜ੍ਹਨ ਲੱਗੀ ਅਤੇ ਪਿੰਡ ਦੇ ਬਹੁਤੇ ਲੋਕਾਂ ਨੇ ਮੇਰੇ ਘਰਦਿਆਂ ਦੇ ਇਸ ਕਦਮ ਦਾ ਵਿਰੋਧ ਕੀਤਾ| ਭਾਵੇਂ ਮੇਰਾ ਸਾਰਾ ਪਰਿਵਾਰ ਖੇਤੀਬਾੜੀ ਕਰਨ ਵਾਲਾ ਸੀ ਪਰ ਉਹ ਆਪਣੇ ਫੈਸਲੇ ‘ਤੇ ਡਟਿਆ ਰਿਹਾ| ਇਸ ਦਾ ਹਾਂ-ਵਾਚਕ ਨਤੀਜਾ ਇਹ ਨਿਕਲਿਆ ਕਿ ਮੇਰੇ ਪਿੰਡ ਵਿਚ ਮੇਰੇ ਤੋਂ ਦੋ ਸਾਲ ਬਾਅਦ ਹੀ ਮੇਰੀ ਛੋਟੀ ਭੈਣ ਸਮੇਤ ਪਿੰਡ ਦੀਆਂ ਕਈ ਕੁੜੀਆਂ ਸਮਰਾਲੇ ਦੇ ਹਾਈ ਸਕੂਲ ਵਿਚ ਦਾਖਲ ਹੋਈਆਂ ਅਤੇ ਪਿੰਡ ਵਿਚ ਕੁੜੀਆਂ ਨੂੰ ਪੜ੍ਹਾਉਣ ਦੀ ਪਿਰਤ ਪੈ ਗਈ| ਅੱਜ ਮੇਰਾ ਪਿੰਡ ਬਹੁਤ ਮਾਣ ਨਾਲ ਮੇਰਾ ਜ਼ਿਕਰ ਕਰਦਾ ਹੈ ਤੇ ਕੁੜੀਆਂ ਦੀ ਹੌਂਸਲਾ ਅਫਜ਼ਾਈ ਲਈ ਮੇਰੀਆਂ ਪ੍ਰਾਪਤੀਆਂ ਦੀ ਮਿਸਾਲ ਦਿੰਦਾ ਹੈ|
ਇੱਕ ਛੋਟੀ ਜਿਹੀ ਘਟਨਾ ਦਾ ਇੱਥੇ ਹੋਰ ਜ਼ਿਕਰ ਕਰਨਾ ਚਾਹਾਂਗੀ| ਮਕਾਨ ਖਰੀਦਣ ਸਬੰਧੀ ਇੱਕ ਮਿਸਟਰ ਗਿੱਲ ਨਾਲ ਵਾਹ ਪਿਆ ਤਾਂ ਉਸ ਨੇ ਦਿਲਚਸਪ ਕਹਾਣੀ ਦੱਸੀ| ਕਹਿੰਦਾ, ਭੈਣ ਜੀ ਜਦੋਂ ਮੈਂ ਨਵਾਂ ਨਵਾਂ ਆਇਆ ਤਾਂ ਆਪਣੀ ਮਾਸੀ ਵੱਲ ਠਹਿਰਿਆ ਅਤੇ ਪਹਿਲੇ ਹੀ ਦਿਨ ਦੇਖਿਆ ਕਿ ਮਾਸੀ ਦੀ ਧੀ ਕੰਮ ‘ਤੇ ਗਈ ਹੋਈ ਸੀ| ਜਦੋਂ ਸ਼ਾਮ ਦੇ ਅੱਠ ਕੁ ਵੱਜ ਗਏ, ਮੈਂ ਉਚੜ-ਪੈੜੇ ਲੈਣੇ ਸ਼ੁਰੂ ਕਰ ਦਿੱਤੇ ਕਿ ਹਨੇਰਾ ਹੋ ਗਿਆ ਪਰ ਭੈਣ ਹਾਲੇ ਵਾਪਸ ਨਹੀਂ ਆਈ| ਕਹਿੰਦਾ, ਮੇਰੀ ਮਾਸੀ ਨੇ ਮੇਰੀ ਬੇਚੈਨੀ ਤਾੜ ਲਈ| ਕਹਿੰਦੀ, ਬਲਵਿੰਦਰ ਸਿੰਘ ਭੈਣ ਦਾ ਫਿਕਰ ਨਾ ਕਰ| ਜਦੋਂ ਰਾਤ ਦੇ 12 ਕੁ ਵਜੇ ਭੈਣ ਦੀ ਬੱਸ ਦੇ ਆਉਣ ਦਾ ਸਮਾਂ ਹੋਇਆ, ਜੋ ਘਰ ਤੋਂ ਥੋੜ੍ਹੀ ਵਿੱਥ ‘ਤੇ ਰੁਕਦੀ ਸੀ, ਤਾਂ ਮਾਸੀ ਮੈਨੂੰ ਬਾਹਰ ਸਟਰੀਟ ‘ਤੇ ਲੈ ਗਈ ਤੇ ਦਿਖਾਇਆ ਕਿ ਭੈਣ ਅਰਾਮ ਨਾਲ ਬੱਸ ਤੋਂ ਉਤਰ ਰਹੀ ਸੀ| ਕਹਿੰਦਾ, ਉਦੋਂ ਤੋਂ ਹੀ ਮੈਨੂੰ ਕੈਨੇਡਾ ਨਾਲ ਮੋਹ ਜਿਹਾ ਹੋ ਗਿਆ ਕਿ ਕੁੜੀਆਂ ਇਥੇ ਕਿਵੇਂ ਬਿਨਾ ਕਿਸੇ ਭੈ ਦੇ ਵਿਚਰਦੀਆਂ ਹਨ|
ਇਹ ਮਸਲਾ ਆਧੁਨਿਕਤਾ ਜਾਂ ਰਵਾਇਤ, ਪੱਛਮ ਜਾਂ ਪੂਰਬ ਦਾ ਨਹੀਂ ਹੈ| ਪੱਛਮ ਦੇ ਸਮਾਜ ਵੀ ਏਨੇ ਹੀ ਰੂੜ੍ਹੀਵਾਦੀ ਅਤੇ ਰਵਾਇਤੀ ਹੁੰਦੇ ਸਨ। ਯਾਦ ਆਉਂਦਾ ਹੈ, ਉਹ ਪੁਰਾਣਾ ਸਮਾਂ ਜਦੋਂ ਥਾਮਸ ਹਾਰਡੀ ਨੇ ਨਾਵਲ ḔਟੈੱਸḔ ਲਿਖਿਆ ਸੀ| ਉਦੋਂ ਪੱਛਮੀ ਸਮਾਜ ਸਾਡੇ ਨਾਲੋਂ ਕੋਈ ਬਿਹਤਰ ਨਹੀਂ ਸੀ| ਟੈੱਸ ਦੇ ਦੁਖਾਂਤ ਨੂੰ ਚੇਤੇ ਕਰਦਿਆਂ ਅੱਜ ਵੀ ਕਿਹਨੂੰ ਕੰਬਣੀ ਨਹੀਂ ਛਿੜਦੀ? ਇਹ ਟੈੱਸ ਦਾ ਦੁਖਾਂਤ ਹੀ ਸੀ ਜਿਸ ਤੋਂ ਅੰਗਰੇਜ਼ ਸਮਾਜ ਅੱਗੇ ਵਧਿਆ ਅਤੇ ਵਰਜੀਨੀਆ ਵੁਲਫ ਵਰਗੀ ਸੁਤੰਤਰ ਮਾਨਸਿਕਤਾ ਪੈਦਾ ਕੀਤੀ|
ਪਾਕਿਸਤਾਨ ਦੀ ਛੋਟੀ ਉਮਰ ਦੀ ਕੁੜੀ ਮਲਾਲਾ ਦੀ ਕਹਾਣੀ ਸਭ ਨੂੰ ਪਤਾ ਹੈ, ਜੋ ਕੁੜੀਆਂ ਦੀ ਪੜ੍ਹਾਈ ਲਈ ਜਾਂ ਕਹੀਏ ਕੁੜੀਆਂ ਦੇ ਹੱਕ ਲਈ ਤਾਲਿਬਾਨਾਂ ਨਾਲ ਵੀ ਭਿੜ ਗਈ, ਕਿਸੇ ਤੋਂ ਡਰੀ ਨਹੀਂ| ਪਾਕਿਸਤਾਨ ਦੀ ਹੀ ਅਸਮਾ ਜਹਾਂਗੀਰ ਇੱਕ ਧੜੱਲੇਦਾਰ ਵਕੀਲ ਅਤੇ ਮਨੁੱਖੀ ਅਧਿਕਾਰਾਂ ਦੀ ਅਜਿਹੀ ਚੈਂਪੀਅਨ ਸੀ, ਜਿਸ ਤੋਂ ਫੌਜੀ ਤਾਨਾਸ਼ਾਹ ਵੀ ਤਰਿਹੰਦੇ ਸੀ|
ਕੁਝ ਦਿਨ ਪਹਿਲਾਂ ਚੰਡੀਗੜ੍ਹ ਤੋਂ ਨਿਕਲਦੇ Ḕਪੰਜਾਬੀ ਟ੍ਰਿਬਿਊਨḔ ਵਿਚ ਸਰਬਜੀਤ ਕੌਰ ਦਾ ਲੇਖ ਛਪਿਆ ਸੀ| ਉਸ ਦਾ ਕਹਿਣਾ ਬਿਲਕੁਲ ਦਰੁਸਤ ਹੈ ਕਿ ਵਿਦਿਆਰਥੀਆਂ ਨਾਲ ਵਿਦਿਆਰਥੀਆਂ ਵਾਂਗ ਹੀ ਵਰਤਣਾ ਚਾਹੀਦਾ ਹੈ, ਮੁੰਡੇ ਜਾਂ ਕੁੜੀਆਂ ਦੇ ਤੌਰ ‘ਤੇ ਕਿਉਂ? ਮਸਲਾ ਭਾਰਤੀ ਸਮਾਜ ਦੀ ਜ਼ਹਿਨੀਅਤ ਬਦਲਣ ਦਾ ਹੈ, ਨਾ ਕਿ ਕੁੜੀਆਂ ‘ਤੇ ਬੰਦਿਸ਼ਾਂ ਲਾਉਣ ਦਾ? ਉਨ੍ਹਾਂ ਨੂੰ ਵੀ ਲਾਇਬ੍ਰੇਰੀਆਂ ਵਿਚ ਉਵੇਂ ਹੀ ਦੇਰ ਰਾਤ ਤੱਕ ਬੈਠ ਕੇ ਪੜ੍ਹਨ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਲੜਕਿਆਂ ਨੂੰ| ਭਾਰਤੀ ਕੁੜੀਆਂ ਅੱਜ ਹਰ ਖੇਤਰ ਵਿਚ ਮੁੰਡਿਆਂ ਦੇ ਬਰਾਬਰ ਕੰਮ ਕਰ ਰਹੀਆਂ ਹਨ ਅਤੇ ਉਹ ਬਰਾਬਰ ਦੀਆਂ ਇਨਸਾਨ ਹਨ| ਜਿਹੜੇ ਲੱਖਾਂ ਵਿਦਿਆਰਥੀ ਪੰਜਾਬ ਤੋਂ ਇੱਥੇ ਕੈਨੇਡਾ ਵਿਚ ਜਾਂ ਦੂਸਰੇ ਹੋਰ ਮੁਲਕਾਂ ਵਿਚ ਪੜ੍ਹਨ ਆ ਰਹੇ ਹਨ, ਉਨ੍ਹਾਂ ਵਿਚ ਕੁੜੀਆਂ ਦੀ ਬਥੇਰੀ ਗਿਣਤੀ ਹੈ ਤੇ ਇਨ੍ਹਾਂ ਮੁਲਕਾਂ ਵਿਚ ਯੂਨੀਵਰਸਿਟੀ ਕੈਂਪਸ ਵਿਚ ਸਿਰਫ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਰਹਿਣ ਲਈ ਥਾਂ ਦਿੱਤੀ ਜਾਂਦੀ ਹੈ|
ਆਮ ਤੌਰ ‘ਤੇ ਵਿਦਿਆਰਥੀ (ਕੁੜੀਆਂ ਹੋਣ ਭਾਵੇਂ ਮੁੰਡੇ) ਬਾਹਰ ਕਿਰਾਏ ਦੀਆਂ ਥਾਂਵਾਂ ‘ਤੇ ਹੀ ਰਹਿੰਦੇ ਹਨ ਅਤੇ ਦੇਰ ਰਾਤ ਤੱਕ ਲੜਕੀਆਂ ਲਾਇਬ੍ਰੇਰੀਆਂ ਤੇ ਕੰਮਾਂ-ਕਾਰਾਂ ਦੀਆਂ ਥਾਂਵਾਂ ‘ਤੇ ਵਿਚਰਦੀਆਂ ਹਨ| ਮਸਲਾ ਮਾਨਸਿਕਤਾ ਬਦਲਣ ਅਤੇ ਨਰੋਆ ਸਿਸਟਮ ਦੇਣ ਦਾ ਹੈ, ਨਾ ਕਿ ਫਰਕ ਕਰਨ ਦਾ| ਇਹ ਅਠਾਰਵੀਂ ਸਦੀ ਨਹੀਂ ਹੈ, ਇੱਕੀਵੀਂ ਸਦੀ ਦਾ ਦੂਜਾ ਦਹਾਕਾ ਮੁੱਕਣ ਵਾਲਾ ਹੈ| ਅਸੀਂ ਕਦੋਂ ਕੁੜੀਆਂ ਤੇ ਮੁੰਡਿਆਂ ਵਿਚ ਫਰਕ ਕਰਨਾ ਛੱਡਾਂਗੇ? ਅੱਜ ਸਾਨੂੰ ਇਸ ਮਸਲੇ ਪ੍ਰਤੀ ਜ਼ਰਾ ਹੋਰ ਖੁੱਲ੍ਹੇ ਮਨ ਨਾਲ ਵਿਚਾਰਨ ਲਈ ਤਿਆਰ ਹੋਣ ਦਾ ਜੇਰਾ ਕਰਨਾ ਚਾਹੀਦਾ ਹੈ|
-ਡਾ. ਗੁਰਨਾਮ ਕੌਰ, ਕੈਨੇਡਾ
ਸਾਬਕਾ ਪ੍ਰੋਫੈਸਰ ਅਤੇ ਮੁਖੀ
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ