ਲੋਕਾਂ ਦੇ ਮੂੰਹੋਂ ਰੋਟੀ ਖੋਹ ਕੇ ਲੈ ਗਿਆ ਡੇਰਾ ਸਿਰਸਾ ਮੁਖੀ ਦਾ ਗੁਨਾਹ

ਸਿਰਸਾ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਾਧਵੀਆ ਨਾਲ ਜਬਰ ਜਨਾਹ ਦੇ ਦੋਸ਼ ਵਿਚ 20 ਸਾਲ ਲਈ ਜੇਲ੍ਹ ਵਿਚ ਬੰਦ ਹੈ। ਡੇਰਾ ਮੁਖੀ ਦੇ ਇਸ ਗੁਨਾਹ ਨੇ ਹਜ਼ਾਰਾਂ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਡੇਰੇ ਨਾਲ ਜੁੜੇ ਕਾਰਖਾਨੇ, ਜੋ ਐਮæਐਸ਼ਜੀæ ਦੇ ਨਾਂ ਹੇਠ ਖੁਰਾਕ ਪਦਾਰਥ ਤੇ ਹੋਰ ਘਰੇਲੂ ਸਾਮਾਨ ਦੀ ਸਮੱਗਰੀ ਤਿਆਰ ਕਰਦੇ ਸਨ, ਨੂੰ ਹੁਣ ਤਾਲੇ ਲੱਗੇ ਹੋਏ ਹਨ। ਡੇਰੇ ਦੀ ਬੇਕਰੀ ਵੀ ਬੰਦ ਪਈ ਹੈ। ਡੇਰੇ ਦੀ ਆਈਸਕਰੀਮ ਬਣਾਉਣ ਵਾਲੀ ਫੈਕਟਰੀ ਵੀ ਬੰਦ ਹੈ ਤੇ ਆਈਸਕਰੀਮ ਵੇਚਣ ਲਈ ਤਿਆਰ ਕੀਤੀਆਂ ਰੇਹੜੀਆਂ ਡੇਰੇ ਦੇ ਰੈਸਟੋਰੈਂਟ ਵਿਚ ਧੂੜ ਫੱਕ ਰਹੀਆਂ ਹਨ।

ਸਭ ਤੋਂ ਜ਼ਿਆਦਾ ਗਹਿਮਾ-ਗਹਿਮੀ ਡੇਰੇ ਦੇ ਸ਼ਾਪਿੰਗ ਮਾਲ ਤੇ ਸਿਨੇਮਾ ਘਰ ‘ਚ ਹੁੰਦੀ ਸੀ, ਪਰ ਹੁਣ ਇਥੇ ਤਾਲੇ ਲੱਗ ਗਏ ਹਨ। ਸਿਨੇਮੇ ਦੇ ਬਾਹਰ ਡੇਰਾ ਮੁਖੀ ਦੀ ਫਿਲਮ ‘ਜੱਟੂ ਇੰਜੀਨੀਅਰ’ ਦੇ ਪੋਸਟਰ ਤਾਂ ਲੱਗੇ ਹੋਏ ਹਨ, ਪਰ ਇਥੇ ਕੋਈ ਪਰਿੰਦਾ ਤੱਕ ਨਜ਼ਰ ਨਹੀਂ ਆਉਂਦਾ। ਇਥੇ ਬਣੇ ਰੈਸਟੋਰੈਂਟ ‘ਚ ਪਹਿਲਾਂ ਕਤਾਰਾਂ ਲੱਗੀਆਂ ਰਹਿੰਦੀਆਂ ਸਨ, ਪਰ ਹੁਣ ਬੰਦ ਹੋਣ ਕਾਰਨ ਚਾਰੇ ਪਾਸੇ ਮਿੱਟੀ ਹੀ ਮਿੱਟੀ ਨਜ਼ਰ ਆਉਂਦੀ ਹੈ।
ਡੇਰਾ ਮੁਖੀ ਦੀ ਫਿਲਮ ‘ਜੱਟੂ ਇੰਜੀਨੀਅਰ’ ਦੇ ਪੋਸਟਰ ਸਿਨੇਮੇ ਤੋਂ ਇਲਾਵਾ ਡੇਰੇ ਦੇ ਹੋਰ ਸੰਸਥਾਨਾਂ ਉਤੇ ਵੀ ਲੱਗੇ ਹੋਏ ਹਨ, ਪਰ ਸਿਨੇਮਾ ਬੰਦ ਹੋਣ ਕਾਰਨ ਹੁਣ ਇਸ ਨੂੰ ਵੇਖਣ ਜਾਂ ਚਲਾਉਣ ਵਾਲਾ ਕੋਈ ਨਹੀਂ। ਡੇਰੇ ਦਾ ਸ਼ਾਹ ਸਤਨਾਮ ਜੀ ਪੈਸ਼ਲਿਟੀ ਹਸਪਤਾਲ ਖੁੱਲ੍ਹ ਤਾਂ ਗਿਆ ਹੈ, ਪਰ ਹੁਣ ਇਥੇ ਕੁਝ ਕੁ ਲੋਕਾਂ ਨੂੰ ਛੱਡ ਕੇ ਪਹਿਲਾਂ ਵਾਂਗ ਕੋਈ ਮਰੀਜ਼ ਵਿਖਾਈ ਨਹੀਂ ਦਿੰਦਾ। ਹਸਪਤਾਲ ਦੀ ਵੱਡੀ ਆਲੀਸ਼ਾਨ ਇਮਾਰਤ ਨੂੰ ਡੇਰਾ ਪ੍ਰਬੰਧਕ ਮੈਡੀਕਲ ਕਾਲਜ ਦਾ ਦਰਜਾ ਦਿਵਾਉਣਾ ਚਾਹੁੰਦੇ ਸਨ ਤੇ ਮੈਡੀਕਲ ਕਾਲਜ ਲਈ ਹਰਿਆਣਾ ਸਰਕਾਰ ਨੇ ਹਾਮੀ ਵੀ ਭਰ ਦਿੱਤੀ ਸੀ, ਪਰ ਡੇਰਾ ਮੁਖੀ ਦੇ ਜੇਲ੍ਹ ਜਾਂਦੇ ਹੀ ਸਾਰੀ ਖੇਡ ਖਤਮ ਹੋ ਗਈ। ਡੇਰੇ ਵਿਚ ਕੰਮ ਕਰਨ ਵਾਲੇ ਜਿਹੜੇ ਲੋਕ ਆਪਣੇ ਜੱਦੀ-ਪੁਸ਼ਤੀ ਸਥਾਨਾਂ ਤੋਂ ਸਭ ਕੁਝ ਵੇਚ ਕੇ ਡੇਰੇ ‘ਚ ਸਥਾਈ ਤੌਰ ਉਤੇ ਆ ਕੇ ਵਸੇ ਸਨ, ਹੁਣ ਉਨ੍ਹਾਂ ਨੂੰ ਆਪਣਾ ਭਵਿੱਖ ਹਨੇਰੇ ‘ਚ ਨਜ਼ਰ ਆ ਰਿਹਾ ਹੈ। ਉਨ੍ਹਾਂ ਦੇ ਸਾਹਮਣੇ ਆਪਣਾ ਜੀਵਨ ਮੁੜ ਸ਼ੁਰੂ ਕਰਨ ਦਾ ਸੰਕਟ ਖੜ੍ਹਾ ਹੋ ਗਿਆ ਹੈ। ਡੇਰੇ ਦੀ ਕਾਲੋਨੀ ਵਿਚ ਫਲੈਟ ਤੇ ਕੋਠੀਆਂ ਵੀ ਅੱਜ-ਕੱਲ੍ਹ ਅੱਧੀਆਂ ਤੋਂ ਵੱਧ ਖਾਲੀ ਨਜ਼ਰ ਆ ਰਹੀਆਂ ਹਨ। ਜਿਹੜੀਆਂ ਦੁਕਾਨਾਂ ਜਾਂ ਸੰਸਥਾਨ ਖੁੱਲ੍ਹ ਵੀ ਗਏ ਹਨ ਉਥੇ ਵੀ 80 ਫੀਸਦੀ ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਹੁਣ ਜ਼ਿਆਦਾਤਰ ਸੰਸਥਾਨ ਬੰਦ ਹੋਣ ਤੇ ਡੇਰੇ ‘ਚ ਪ੍ਰੇਮੀਆਂ ਦੇ ਨਾ ਆਉਣ ਨਾਲ ਸੜਕ ਉਤੇ ਆ ਚੁੱਕੇ ਹਜ਼ਾਰਾਂ ਲੋਕ ਆਪਣਾ ਘਰ ਚਲਾਉਣ ਲਈ ਰੁਜ਼ਗਾਰ ਦੀ ਤਲਾਸ਼ ‘ਚ ਭਟਕ ਰਹੇ ਹਨ।
ਡੇਰੇ ਦੀਆਂ ਦੁਕਾਨਾਂ ਤੇ ਕਈ ਸੰਸਥਾਨ ਡੇਰੇ ਦੇ ਪੁਰਾਣੇ ਪ੍ਰੇਮੀਆਂ ਨੂੰ ਹਿੱਸੇਦਾਰੀ ਉਤੇ ਦਿੱਤੇ ਗਏ ਸਨ। ਮਤਲਬ, ਦੁਕਾਨਾਂ ਤੇ ਸੰਸਥਾਨ ਡੇਰੇ ਦੇ ਸਨ ਤੇ ਉਨ੍ਹਾਂ ‘ਚ ਸਾਮਾਨ ਪਾਉਣ ਤੇ ਚਲਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਪ੍ਰੇਮੀਆਂ ਨੂੰ ਦਿੱਤੀ ਗਈ ਸੀ। ਮੁਨਾਫੇ ਵਿਚ ਦੁਕਾਨਾਂ ਤੇ ਸੰਸਥਾਨ ਚਲਾਉਣ ਵਾਲੇ ਪ੍ਰੇਮੀਆਂ ਨੂੰ ਕੁਝ ਫੀਸਦੀ ਮੁਨਾਫਾ ਦੇਣ ਤੋਂ ਬਾਅਦ ਬਾਕੀ ਦਾ ਸਾਰਾ ਮੁਨਾਫਾ ਡੇਰਾ ਪ੍ਰਬੰਧਕਾਂ ਕੋਲ ਜਾਂਦਾ ਸੀ। ਹੁਣ ਇਨ੍ਹਾਂ ਸੰਸਥਾਨਾਂ ‘ਚ ਕੰਮ ਕਰਨ ਵਾਲੇ ਇਕਾ-ਦੁੱਕਾ ਕਰਮਚਾਰੀਆਂ ਦੀ ਤਨਖਾਹ ਤੇ ਬਿਜਲੀ ਦੇ ਬਿੱਲਾਂ ਦਾ ਖਰਚਾ ਕੱਢਣਾ ਵੀ ਮੁਸ਼ਕਲ ਹੋ ਗਿਆ ਹੈ। ਡੇਰਾ ਮੁਖੀ ਪਿਛਲੇ ਕਈ ਸਾਲਾਂ ਤੋਂ ਇਕ ਤੋਂ ਬਾਅਦ ਇਕ ਫਿਲਮ ਦਾ ਨਿਰਮਾਣ ਕਰਨ ‘ਚ ਲੱਗਾ ਹੋਇਆ ਸੀ ਜਿਸ ਲਈ ਉਸ ਨੇ ਦੱਖਣੀ ਸੂਬਿਆਂ ਤੋਂ ਪੱਕੇ ਤੌਰ ਉਤੇ ਇਥੇ ਲਿਆ ਕੇ ਇਕ ਪ੍ਰੋਡਕਸ਼ਨ ਯੂਨਿਟ ਵੀ ਤਿਆਰ ਕੀਤੀ ਸੀ ਜਿਸ ‘ਚ ਤਕਨੀਕੀ ਮਾਹਰਾਂ ਦੀ ਟੀਮ ਵੀ ਸ਼ਾਮਲ ਸੀ ਤੇ ਡੇਰੇ ਦੇ ਨਾਲ ਹੀ ਵਿਸ਼ਾਲ ਸਟੂਡੀਓ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ। ਰਾਮ ਰਹੀਮ ਦੇ ਜੇਲ੍ਹ ਜਾਂਦਿਆਂ ਹੀ ਨਾ ਸਿਰਫ ਡੇਰੇ ਦੀ ਰੌਣਕ ਗਾਇਬ ਹੋ ਗਈ, ਸਗੋਂ ਡੇਰੇ ਦੇ ਜ਼ਿਆਦਾਤਰ ਸੰਸਥਾਨਾਂ, ਬੇਕਰੀ, ਫੈਕਟਰੀ, ਕਾਰਖਾਨੇ, ਪ੍ਰਿੰਟਿੰਗ ਪ੍ਰੈੱਸ, ਫਿਲਮ ਪ੍ਰੋਡਕਸ਼ਨ ਯੂਨਿਟ, ਫਾਰਮੇਸੀ, ਸ਼ਾਪਿੰਗ ਮਾਲ, ਸਿਨੇਮਾ, ਬਾਜ਼ਾਰ ਦੀਆਂ ਜ਼ਿਆਦਾਤਰ ਦੁਕਾਨਾਂ ਤੇ ਡੇਰੇ ਨਾਲ ਜੁੜੇ ਸੰਸਥਾਨ ਬੰਦ ਹੋ ਗਏ, ਜਿਸ ਕਾਰਨ ਤਕਨੀਕੀ ਸਟਾਫ ਤੇ ਸਹਾਇਕ ਕਲਾਕਾਰ ਬੇਰੁਜ਼ਗਾਰ ਹੁੰਦੇ ਹੀ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਹਨ।
____________________________________________
ਰਾਮ ਰਹੀਮ ਨੂੰ ਭਜਾਉਣ ਦੀ ਸੀ ਤਿਆਰੀ
ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਦੋ ਸਾਧਵੀਆ ਨਾਲ ਬਲਾਤਕਾਰ ਦੇ ਮਾਮਲੇ ਵਿਚ 25 ਅਗਸਤ ਨੂੰ ਦੋਸ਼ੀ ਕਰਾਰ ਦੇਣ ਮਗਰੋਂ ਪੰਚਕੂਲਾ ਵਿਚ ਹਨੀਪ੍ਰੀਤ ਤੇ ਉਸ ਦੇ ਸਾਥੀਆਂ ਨੇ ਦੰਗਿਆਂ ਦੀ ਆੜ ਵਿਚ ਬਾਬੇ ਨੂੰ ਫਰਾਰ ਕਰ ਕੇ ਹਰਿਆਣਾ ਸਰਕਾਰ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ। ਇਹ ਖੁਲਾਸਾ ਹਰਿਆਣਾ ਪੁਲਿਸ ਨੇ ਹਨੀਪ੍ਰੀਤ ਖਿਲਾਫ ਦਾਇਰ ਚਾਰਜਸ਼ੀਟ ਵਿਚ ਕੀਤਾ ਹੈ। ਇਸ ਵਿਚ ਹਨੀਪ੍ਰੀਤ ਤੇ ਉਸ ਦੇ ਸਾਥੀਆਂ ਖਿਲਾਫ ਦੇਸ਼ ਧ੍ਰੋਹ ਤੇ ਪੰਚਕੂਲਾ ਵਿਚ ਹੋਏ ਦੰਗਿਆਂ ਦੀ ਸਾਜ਼ਿਸ਼ ਦੇ ਦੋਸ਼ ਲੱਗੇ ਸਨ। ਇਹ ਸਾਜ਼ਿਸ਼ ਹਨੀਪ੍ਰੀਤ, ਆਦਿੱਤਿਆ ਇੰਸਾ, ਪਵਨ ਇੰਸਾ, ਦਾਨ ਸਿੰਘ, ਰਾਕੇਸ਼, ਦਿਲਾਵਰ ਇੰਸਾ, ਚਮਕੌਰ ਸਿੰਘ, ਮਹਿੰਦਰ ਸਿੰਘ, ਗੋਬੀ ਰਾਮ, ਜਸਪਾਲ, ਗੋਪਾਲ, ਸੁਰਿੰਦਰ, ਅਰਸ਼ ਅਰੋੜਾ ਤੇ ਹੋਰ ਕਈ ਸਾਥੀਆਂ ਨੇ 17 ਅਗਸਤ, 2017 ਨੂੰ ਹੀ ਰਚ ਲਈ ਸੀ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰਾਮ ਰਹੀਮ ਨੂੰ ਪੁਲਿਸ ਹਿਰਾਸਤ ਵਿਚੋਂ ਭਜਾਉਣ ਦਾ ਪਹਿਲਾ ਇਸ਼ਾਰਾ ਹਨੀਪ੍ਰੀਤ ਨੇ ਹੀ ਦਿੱਤਾ ਸੀ। ਪੰਚਕੂਲਾ ਵਿਚ ਦੰਗੇ ਕਰਾਉਣ ਵਾਸਤੇ ਹਨੀਪ੍ਰੀਤ ਨੇ ਆਦਿੱਤਿਆ ਇੰਸਾ, ਪਵਨ ਇੰਸਾ ਤੇ ਗੋਬੀ ਰਾਮ ਨੂੰ 25-25 ਲੱਖ ਦਿੱਤੇ ਸੀ ਤੇ ਰਾਮ ਸਿੰਘ ਚੇਅਰਮੈਨ ਨੂੰ 18 ਲੱਖ ਦਿੱਤੇ ਸੀ। ਦੰਗੇ ਕਰਾਉਣ ਲਈ ਡੇਰੇ ਵਿਚੋਂ ਆਏ ਪੈਸੇ ਦਾ ਇਕ ਹਿੱਸਾ 24 ਲੱਖ 80 ਹਜ਼ਾਰ 500 ਰੁਪਏ ਪੁਲਿਸ ਨੇ ਸੈਕਟਰ 12 ਪੰਚਕੂਲਾ ਦੀ ਇਕ ਕੋਠੀ ਦੀ ਬੇਸਮੈਂਟ ਵਿਚੋਂ ਬਰਾਮਦ ਕੀਤੇ ਸੀ।