ਰੁੱਸੇ ਕਾਂਗਰਸੀ ਆਗੂਆਂ ਨੂੰ ਖੁਸ਼ ਕਰਨ ਦੀ ਤਿਆਰੀ

ਚੰਡੀਗੜ੍ਹ: ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਦੇ ਨਾਰਾਜ਼ ਕਾਂਗਰਸੀ ਆਗੂਆਂ ਨੂੰ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 72 ਕਾਂਗਰਸੀ ਆਗੂਆਂ ਦੀ ਸੂਚੀ ਭੇਜ ਕੇ ਇਨ੍ਹਾਂ ਨੂੰ ਸਰਕਾਰ ਵਿਚ ਕੋਈ ਨਾ ਕੋਈ ਅਹੁਦਾ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ

ਇਸ ਸੂਚੀ ‘ਚ ਜ਼ਿਆਦਾਤਰ ਉਹ ਨਾਰਾਜ਼ ਕਾਂਗਰਸੀ ਆਗੂ ਹਨ, ਜਿਨ੍ਹਾਂ ਨੂੰ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਨਹੀਂ ਮਿਲੀਆਂ, ਪਰ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਆਉਣ ਮਗਰੋਂ ਉਨ੍ਹਾਂ ਨੂੰ ਚੰਗੀ ਜਗ੍ਹਾ Ḕਐਡਜਸਟ’ ਕੀਤਾ ਜਾਵੇਗਾ। ਹਾਲਾਂਕਿ ਇਸ ਸਬੰਧੀ ਮੁੱਖ ਮੰਤਰੀ ਦਫਤਰ ਦੇ ਆਲਾ ਅਧਿਕਾਰੀ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ, ਪਰ ਪੁਰਾਣੇ ਟਕਸਾਲੀ ਕਾਂਗਰਸੀ ਆਗੂ ਇਨ੍ਹੀਂ ਦਿਨੀਂ ਸੀ. ਐਮ. ਓ. ਦੇ ਚੱਕਰ ਲਾਉਂਦੇ ਨਜ਼ਰ ਆ ਰਹੇ ਹਨ।
ਕੈਪਟਨ ਦੇ ਨੇੜਲੇ ਸੂਤਰਾਂ ਅਨੁਸਾਰ ਹਾਈਕਮਾਂਡ ਵੱਲੋਂ ਨਾਰਾਜ਼ ਆਗੂਆਂ ਨੂੰ ਕਿਵੇਂ ਨਾ ਕਿਵੇਂ ਮਨਾਉਣ ਦੀਆਂ ਹਦਾਇਤਾਂ ਹਨ ਤੇ ਅਜਿਹਾ ਸਿਰਫ ਉਨ੍ਹਾਂ ਨੂੰ ਅਹੁਦੇ ਦੇ ਕੇ ਹੀ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿਚ ਹੋਏ ਮੰਤਰੀ ਮੰਡਲ ਵਿਸਥਾਰ ਮਗਰੋਂ ਕਈ ਕਾਂਗਰਸੀ ਆਗੂ ਨਾਰਾਜ਼ ਹੋ ਕੇ ਜਿਥੇ ਪਾਰਟੀ ਛੱਡ ਗਏ ਸਨ, ਉਥੇ ਕਈਆਂ ਨੇ ਕੈਪਟਨ ਨਾਲ ਗੱਲ ਕਰਨ ਦੀ ਜਗ੍ਹਾ ਆਪੋ ਆਪਣੇ ਸਿਆਸੀ ਆਕਾਵਾਂ ਦੇ ਜਰੀਏ ਦਿੱਲੀ ਦਰਬਾਰ ਨਾਲ ਆਪਣਾ ਸੰਪਰਕ ਬਣਾ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ।
___________________
ਤਿੰਨ ਵਿਧਾਇਕਾਂ ਵੱਲੋਂ ਅਸਤੀਫੇ
ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਤਿੰਨ ਸੀਨੀਅਰ ਵਿਧਾਇਕਾਂ ਨੇ ਸੂਬੇ ਦੀ ਵਜ਼ਾਰਤ ਵਿਚ ਵਾਧੇ ਸਮੇਂ ਉਨ੍ਹਾਂ ਦੀ ਸੀਨੀਅਰਤਾ ਨੂੰ ਅਣਗੌਲਿਆ ਕੀਤੇ ਜਾਣ ਕਰ ਕੇ ਰੋਸ ਵਜੋਂ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਤੋਂ ਅਸਤੀਫੇ ਦੇ ਦਿੱਤੇ ਹਨ। ਇਸ ਕਰ ਕੇ ਅਗਲੇ ਦਿਨਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਪਾਰਟੀ ਦੇ ਕਈ ਵਿਧਾਇਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਸੀਨੀਅਰ ਵਿਧਾਇਕ ਰਣਦੀਪ ਸਿੰਘ ਨਾਭਾ, ਰਾਕੇਸ਼ ਪਾਂਡੇ ਅਤੇ ਅਮਰੀਕ ਸਿੰਘ ਢਿੱਲੋਂ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਅਸਤੀਫੇ ਭੇਜ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਰਵਾਇਤੀ ਕਾਂਗਰਸ ਪਰਿਵਾਰਾਂ ਲਾਲ ਸਬੰਧਤ ਹਨ ਤੇ ਫਿਰ ਵੀ ਉਨ੍ਹਾਂ ਦੀ ਸੀਨੀਅਰਤਾ ਨੂੰ ਨਜ਼ਰ ਅੰਦਾਜ਼ ਕੀਤਾ ਗਿਆ।