ਰੁੱਤ ਨਾਂ ਬਦਲਣ ਦੀ ਆਈ

ਬਲਜੀਤ ਬਾਸੀ
ਲੋਕ ਸਭਾ ਦੀਆਂ ਅਗਲੀਆਂ ਚੋਣਾਂ ਵਿਚ ਹਾਰ ਦੀ ਸੰਭਾਵਨਾ ਦੇਖਦਿਆਂ ਭਾਜਪਾ ਨੇ ਸ਼ਹਿਰਾਂ-ਕਸਬਿਆਂ ਦੇ ਨਾਂ ਬਦਲਣ ਦੀ ਨੀਤੀ ਅਪਨਾ ਲਈ ਲਗਦੀ ਹੈ। ਉਂਜ ਇਸ ਨੀਤੀ ਦਾ ਅਰੰਭ ਦਿੱਲੀ ਦੀ ਔਰੰਗਜ਼ੇਬ ਰੋਡ ਦਾ ਨਾਂ ਬਦਲ ਕੇ ‘ਏ. ਪੀ. ਜੇ. ਅਬਦੁਲ ਕਲਾਮ ਰੋਡ’ ਰੱਖਣ ਤੋਂ ਹੀ ਹੋ ਗਿਆ ਸੀ। ਇਹ ਨਾਂ ਬੀ. ਜੇ. ਪੀ. ਦੇ ਐਮ. ਪੀ. ਮਹੇਸ਼ ਗਿਰੀ ਨੇ ਬਦਲਵਾਇਆ ਸੀ, ਜਿਸ ਨੂੰ ਪਿਛੋਂ ਸ਼ਿਵਾਜੀ ਪੁਰਸਕਾਰ ਨਾਲ ਨਿਵਾਜਿਆ ਗਿਆ। ਸਨਮਾਨ ਮਿਲਣ ਸਮੇਂ ਉਸ ਕਿਹਾ ਸੀ, “ਆਜ ਕੀ ਭਾਸ਼ਾ ਮੇਂ ਔਰੰਗਜ਼ੇਬ ਟੈਰਰਿਸਟ ਹੈ।” ਫਿਰ ਹਰਿਆਣਾ ਦੇ ਗੁੜਗਾਵਾਂ ਦਾ ਨਾਂ ਬਦਲ ਕੇ ਗੁਰੂਗ੍ਰਾਮ ਰੱਖ ਦਿੱਤਾ ਗਿਆ।

ਮੈਂ ਇਸ ਪ੍ਰਵਿਰਤੀ ‘ਤੇ ਲਿਖਣ ਬਾਰੇ ਸੋਚ ਹੀ ਰਿਹਾ ਸਾਂ ਕਿ ਇੱਕ ਦਿਨ ਅਚਾਨਕ ਇਸ ਬਾਰੇ ਇੱਕ ਵੈਬ ਪਰਚੇ ਸਚਰੋਲਲ।ਨਿ ਵਿਚ ਸ਼ੋਏਬ ਦਨਿਆਲ ਦਾ ਲਿਖਿਆ ਦਿਲਚਸਪ ਲੇਖ ਪੜ੍ਹਨ ਨੂੰ ਮਿਲਿਆ, ਜੋ ਲਗਭਗ ਮੇਰੇ ਹੀ ਵਿਚਾਰਾਂ ਦੀ ਤਰਜਮਾਨੀ ਕਰਦਾ ਸੀ, ਮੇਰਾ ਕੰਮ ਕੁਝ ਸੁਖਾਲਾ ਹੋ ਗਿਆ।
ਹਾਲ ਹੀ ਵਿਚ ਯੂ. ਪੀ. ਦੇ ਮੁਗਲਸਰਾਏ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ‘ਦੀਨ ਦਿਆਲ ਉਪਾਧਿਆਏ’ ਰੱਖਿਆ ਗਿਆ ਹੈ; ਫਿਰ ਅਲਾਹਾਬਾਦ ਨੂੰ ਪ੍ਰਯਾਗਰਾਜ ਅਤੇ ਫੈਜ਼ਾਬਾਦ ਜ਼ਿਲੇ ਨੂੰ ਅਯੋਧਿਆ ਕਹੇ ਜਾਣ ਦਾ ਫੁਰਮਾਨ ਹੋਇਆ। ਜ਼ਿਬਹ ਹੋਣ ਵਾਲੇ ਹੋਰ ਸਥਾਨਾਂ ਦੇ ਨਾਂ ਹਨ: ਯੂ. ਪੀ. ਦੇ ਮੁਜ਼ੱਫਰਨਗਰ, ਆਗਰਾ, ਸੁਲਤਾਨਪੁਰ; ਤਿਲੰਗਾਨਾ ਦੇ ਹੈਦਰਾਬਾਦ, ਸਿਕੰਦਰਾਬਾਦ; ਗੁਜਰਾਤ ਦਾ ਅਹਿਮਦਾਬਾਦ। ਅਹਿਮਦਾਬਾਦ ਸ਼ਹਿਰ ਦਾ ਨਾਂ 15ਵੀਂ ਸਦੀ ਵਿਚ ਗੁਜਰਾਤ ਦੇ ਸੁਲਤਾਨ ਅਹਿਮਦ ਸ਼ਾਹ ਦੇ ਨਾਂ ‘ਤੇ ਰੱਖਿਆ ਗਿਆ ਸੀ। ਹਿੰਦੁਤਵੀ ਸ਼ਕਤੀਆਂ ਅਨੁਸਾਰ ‘ਇਹ ਨਾਂ ਗੁਲਾਮੀ ਦੇ ਚਿੰਨ੍ਹ ਹਨ।’
ਹਿੰਦੁਤਵੀ ਵਿਚਾਰਧਾਰਕਾਂ/ਇਤਿਹਾਸਕਾਰਾਂ ਅਨੁਸਾਰ ਮਧ ਯੁੱਗ ਦੇ ਮੁਸਲਮਾਨ ਸੁਲਤਾਨਾਂ, ਬਾਦਸ਼ਾਹਾਂ ਦੇ ਰਾਜ ਬਸਤੀਵਾਦੀ ਸਨ। ਇਹ ਲੋਕ ਅਕਸਰ ਹੀ 1200 ਸਾਲ ਦੇ ਵਿਦੇਸ਼ੀ ਰਾਜ ਦੀ ਗੱਲ ਕਰਦੇ ਹਨ। ਉਹ ਭੁੱਲ ਜਾਂਦੇ ਹਨ ਕਿ ਇਨ੍ਹਾਂ ਮੁਸਲਮਾਨ ਹਾਕਮਾਂ ਨੇ ਅੰਤਿਮ ਤੌਰ ‘ਤੇ ਭਾਰਤ ਨੂੰ ਹੀ ਆਪਣਾ ਦੇਸ਼ ਅਪਨਾਇਆ; ਉਹ ਅੰਗਰੇਜ਼ ਸ਼ਾਸਕਾਂ ਵਾਂਗ ਸਾਮਰਾਜੀ ਨਹੀਂ ਸਨ, ਜਿਨ੍ਹਾਂ ਸਾਡਾ ਦੇਸ਼ ਲੁੱਟ ਕੇ ਆਪਣਾ ਦੇਸ਼ ਭਰਿਆ। ਪਰਜਾ ‘ਤੇ ਅਥਾਹ ਜ਼ੁਲਮ ਹਿੰਦੂ ਰਾਜਿਆਂ-ਮਹਾਰਾਜਿਆਂ ਸਣੇ ਮਧ ਯੁੱਗ ਦੇ ਸਾਰੇ ਹੀ ਹਾਕਮ ਕਰਦੇ ਰਹੇ ਹਨ। ਤਥਾਕਥਿਤ ਇਸਲਾਮੀ ਗੁਲਾਮੀ ਦਾ ਜਿਉਂਦਾ ਜਾਗਦਾ ਸਬੂਤ ਦਰਸਾਉਣ ਲਈ ਉਹ ਕਈ ਸਥਾਨਾਂ ਦੇ ਫਾਰਸੀ ਨਾਂਵਾਂ ‘ਤੇ ਉਂਗਲੀ ਰੱਖਦੇ ਹਨ, ਕਿਉਂਕਿ ਇਨ੍ਹਾਂ ਮੁਸਲਮਾਨ ਹਾਕਮਾਂ ਨੇ ਇਸੇ ਭਾਸ਼ਾ ਦੀ ਸਰਪ੍ਰਸਤੀ ਕੀਤੀ।
ਦਰਅਸਲ ਫਾਰਸੀ ਅਤੇ ਕੁਝ ਹੱਦ ਤੀਕ ਅਰਬੀ ਜ਼ਬਾਨਾਂ ਭਾਰਤੀ ਸਭਿਆਚਾਰਕ ਜ਼ਿੰਦਗੀ ਦੇ ਹਰ ਖੇਤਰ ਵਿਚ ਧਸੀਆਂ ਹੋਈਆਂ ਹਨ। ਉਰਦੂ ਦਾ ਤਾਂ ਨਿਰਮਾਣ ਹੀ ਫਾਰਸੀ ਹਿੰਦੀ ਦੇ ਮੇਲ ਤੋਂ ਹੋਇਆ ਹੈ। ਉਤਰੀ ਭਾਰਤ ਦੀਆਂ ਭਾਸ਼ਾਵਾਂ ਵਿਚ ਇਸ ਦਾ ਪ੍ਰਭਾਵ ਕਾਫੀ ਦੇਖਣ ਨੂੰ ਮਿਲਦਾ ਹੈ। ਇਸ ਖਿੱਤੇ ਦੇ ਬਹੁਤ ਸਾਰੇ ਸਥਾਨ-ਨਾਂ ਫਾਰਸੀ ਜਾਂ ਅਰਬੀ ਭਾਸ਼ਾ ਦੇ ਹਨ। ਵਿਡੰਬਨਾ ਹੈ ਕਿ ‘ਹਿੰਦ’ ਫਾਰਸੀ ਅਸਲੇ ਦਾ ਸ਼ਬਦ ਹੈ ਤੇ ਇਸ ਤੋਂ ਬਣਿਆ ਹਿੰਦੁਤਵ ਵੀ। ਇਸ ਤਰ੍ਹਾਂ ‘ਹਿੰਦੀ, ਹਿੰਦੂ, ਹਿੰਦੁਸਤਾਨ’ ਦਾ ਨਾਹਰਾ ਹੀ ਫਾਰਸੀ ਭਾਸ਼ਾ ਵਿਚ ਲਪੇਟਿਆ ਪਿਆ ਹੈ।
ਉਤਰ ਪ੍ਰਦੇਸ਼ ਦੇ 45% ਵੱਡੇ ਸ਼ਹਿਰਾਂ ਦੇ ਨਾਂ ਫਾਰਸੀ-ਅਰਬੀ ਲਫਜ਼ਾਂ ਤੋਂ ਬਣੇ ਹਨ। ਦੇਸ਼ ਦੇ ਕਈ ਸਥਾਨ-ਨਾਂਵਾਂ ਵਿਚ ਅਗੇਤਰ-ਪਿਛੇਤਰ ਫਾਰਸੀ-ਅਰਬੀ ਵਾਲੇ ਹਨ। ਮਿਸਾਲ ਵਜੋਂ ਫਰੀਦਾਬਾਦ, ਫਤਿਹਾਬਾਦ ਆਦਿ ਵਿਚਲਾ ‘ਆਬਾਦ’; ਸ਼ਕੂਰ ਬਸਤੀ, ਬਸੀ ਕਾਸੋ, ਬਸੀ ਦੌਲਤ ਖਾਂ, ਵਿਚਲਾ ਬਸਤੀ ਜਾਂ ਬਸੀ, ਯੂ. ਪੀ. ਦੇ ਇੱਕ ਸ਼ਹਿਰ ਦਾ ਨਾਂ ਹੀ ਬਸਤੀ ਹੈ; ਪੋਰਬੰਦਰ, ਬੋਰੀਬੰਦਰ ਵਿਚਲਾ ਬੰਦਰ; ਬੰਦਰਗਾਹ ਸ਼ਬਦ ਵਿਚ ਵੀ ਬੰਦਰ ਬੋਲਦਾ ਹੈ; ਰਕਾਬ ਗੰਜ, ਪਹਾੜਗੰਜ, ਹਜ਼ਰਤ ਗੰਜ, ਮਕਲੋਡ ਗੰਜ ਆਦਿ ਵਿਚਲਾ ਮਾਰਕਟ ਦੇ ਅਰਥਾਂ ਵਾਲਾ ਗੰਜ; ਬੁਲੰਦਸ਼ਹਿਰ, ਸਦੂਲਸ਼ਹਿਰ ਵਿਚਲਾ ਸ਼ਹਿਰ; ਚਾਰਬਾਗ, ਕਰੋਲਬਾਗ ਵਿਚਲਾ ਬਾਗ; ਸਿਰਾਏ ਕਾਲੇ ਖਾਂ, ਸਰਾਇ ਰੋਹੀਲਾ ਵਿਚਲਾ ਸਰਾਇ ਆਦਿ।
ਉਤਰੀ ਭਾਰਤ ਦੇ ਤਾਂ ਪਿੰਡਾਂ, ਕਸਬਿਆਂ ਦੇ ਨਾਂਵਾਂ ਵਿਚ ਵੀ ਫਾਰਸੀ ਵਸੀ ਹੋਈ ਹੈ। ਵੱਡੇ ਪਿੰਡ ਲਈ ਵਰਤਿਆ ਜਾਂਦਾ ‘ਕਲਾਂ’ ਜਿਵੇਂ ਰੁੜਕਾ ਕਲਾਂ ਅਤੇ ਛੋਟੇ ਪਿੰਡ ਲਈ ਵਰਤਿਆ ਜਾਂਦਾ ‘ਖੁਰਦ’ ਫਾਰਸੀ ਪਿਛੇਤਰ ਹਨ। ਇਸੇ ਤਰ੍ਹਾਂ ਮਾਜਰਾ/ਮਜਾਰਾ ਤੇ ਮਜਾਰਾ/ਮਜਾਰੀ ਹਨ। ਅਜੇ ਅਸੀਂ ਬਾਜ਼ਾਰਾਂ, ਚੌਕਾਂ, ਮੁਹੱਲਿਆਂ, ਗਲੀਆਂ, ਕੂਚਿਆਂ, ਪੱਤੀਆਂ ਦੇ ਨਾਂਵਾਂ ਦੀ ਗੱਲ ਨਹੀਂ ਛੇੜੀ।
ਸਥਾਨ-ਨਾਂਵਾਂ ਦੀ ਹੀ ਗੱਲ ਨਹੀਂ, ਹੋਰ ਖੇਤਰਾਂ ਦੀ ਬਹੁਤ ਸਾਰੀ ਸ਼ਬਦਾਵਲੀ ਵੀ ਇਨ੍ਹਾਂ ਜ਼ਬਾਨਾਂ ਨਾਲ ਤੁਅਲਕ ਰੱਖਦੀ ਹੈ ਜਿਵੇਂ ਪ੍ਰਸ਼ਾਸਕੀ: ਜ਼ਿਲਾ, ਤਹਿਸੀਲ, ਤਾਅਲੁਕਾ, ਅਦਾਲਤ, ਕੋਤਵਾਲੀ ਆਦਿ; ਸੈਨਾ ਸਬੰਧੀ: ਫੌਜ, ਸਿਪਾਹੀ, ਸੂਬੇਦਾਰ, ਹਵਾਲਦਾਰ ਆਦਿ ਕਥਿਤ ਗੁਲਾਮੀ ਦੇ ਚਿੰਨ੍ਹ ਹਨ। ਸੋਲ੍ਹਵੀਂ ਸਦੀ ਦੇ ਗੋਸਵਾਮੀ ਤੁਲਸੀ ਦਾਸ ਨੇ ‘ਰਾਮਚਰਿਤਮਾਨਸ’ ਵਿਚ ‘ਗਰੀਬ ਨਵਾਜ’ ਸ਼ਬਦ ਵਰਤਿਆ ਹੈ, ਜੋ ਫਾਰਸੀ ‘ਗਰੀਬ ਨਿਵਾਜ਼’ ਦਾ ਤਦਭਵ ਹੈ,
ਰਘੁਵਰ ਤੁਮਕੋ ਮੇਰੀ ਲਾਜ
ਸਦਾ ਸਦਾ ਮੈਂ ਸ਼ਰਨ ਤੋਹਾਰੀ
ਤੁਮ ਹੋ ਗਰੀਬ ਨਵਾਜ।
ਹਿੰਦੀ ‘ਦੀਨ ਦਿਆਲ’ ਇਸੇ ਗਰੀਬ ਨਵਾਜ ਦਾ ਹੂਬਹੂ ਤਰਜਮਾ ਹੈ। ਦਿਲਚਸਪ ਗੱਲ ਹੈ ਕਿ ਦਾਰਾ ਸ਼ਿਕੋਹ ਨੇ ਤੁਲਸੀ ਰਮਾਇਣ ਦਾ ਫਾਰਸੀ ਵਿਚ ਅਨੁਵਾਦ ਕੀਤਾ, ਜੋ ਕੁਰਾਨ ਵਾਂਗ ‘ਬਿਸਮਿੱਲਾ ਅਰ-ਰਹਿਮਾਨ ਅਰ-ਰਹੀਮ’ ਨਾਲ ਸ਼ੁਰੂ ਹੁੰਦਾ ਹੈ। ਤੁਲਸੀ ਦਾਸ ਵਲੋਂ ਫਾਰਸੀ ਅਰਬੀ ਦੇ ਵਰਤੇ ਕੁਝ ਹੋਰ ਤਤਸਮ ਤਦਭਵ ਸ਼ਬਦ ਹਨ: ਸਾਹਿਬੀ, ਖੱਜਲ, ਸਹਿਨਾਈ, ਪੀਲ, ਸਰੀਕਤਾ (ਸ਼ਰੀਫ), ਮਿਸਕੀਨਤਾ, ਅਬਾਰੀ, ਬਲਾਈ, ਹਲਕ, ਅਕਾਸ, ਗਨੀ, ਤਾਜ, ਹਾਲ, ਖਾਸ, ਖਲਕ ਖਵਾਸ, ਖਸਮ, ਜਹਾਨ, ਜਮਾਤ ਬਕਸੀਸ, ਦਰਬਾਰ, ਕਸਮ, ਗੁਮਾਨ ਗਰੂਰ, ਮਸੀਹ, ਨਿਸਾਨ ਆਦਿ।
ਹੋਰ ਤਾਂ ਹੋਰ ‘ਸਰਦਾਰ’ ਪਟੇਲ, ਜਿਸ ਨੂੰ ਏਨਾ ਚੁੱਕਿਆ ਗਿਆ ਹੈ, ਵੀ ਬੌਣਾ ਰਹਿ ਜਾਵੇਗਾ; ਗਾਂਧੀ ਦੇ ਚਰਖੇ ਤੇ ਆਜ਼ਾਦ ਹਿੰਦ ਫੌਜ ਤੋਂ ਵਿਰਵੇ ਰਹਿ ਜਾਵਾਂਗੇ, ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਪਹਿਲੇ ਨਾਂ ਵੀ ਇਤਿਹਾਸ ‘ਚੋਂ ਮਿਟ ਜਾਣਗੇ। ਅਸੀਂ ਅਜੇ ਤਖੱਲਸਾਂ ਦੀ ਗੱਲ ਨਹੀਂ ਕਰਦੇ। ਮਧਯੁੱਗ ਵਿਚ ਹੋਂਦ ਵਿਚ ਆਏ ਬਹੁਤ ਸਾਰੇ ਹਿੰਦੂਆਂ ਦੇ ਉਪਨਾਮ ਅਰਬੀ ਫਾਰਸੀ ਸ਼ਬਦਾਂ ਤੋਂ ਬਣੇ। ਮਿਸਾਲ ਵਜੋਂ ਸਰਫ (ਸ਼ਰੋਫ ਤੋਂ), ਮਲਿਕ, ਮਜੂਮਦਾਰ, ਫੋਤੇਦਾਰ, ਫੜਨਵੀਸ, ਤਲੁਕਦਾਰ, ਸਰਕਾਰ, ਸਿਕਦਾਰ, ਕਾਨੂੰਗੋ, ਦਫਤਰੀ, ਦੀਵਾਨ ਆਦਿ। ਰਾਸ਼ਟਰੀ ਹਿੱਤ ਲਈ ਕਈ ਗਾਲਾਂ ਵੀ ਖਾਰਜ ਕਰਨੀਆਂ ਪੈਣਗੀਆਂ ਜਿਵੇਂ ਮਾਦਰ ਚੋਦ, ਗਾਂਡੂ, ਹਰਾਮਜ਼ਾਦਾ, ਕਮੀਨਾ, ਅਹਮਕ।
ਵੱਡਿਆਂ ਲਈ ਸਤਿਕਾਰ ਵਜੋਂ ਵਰਤਿਆ ਜਾਂਦਾ ਬਾਬਾ ਸ਼ਬਦ ਫਾਰਸੀ ਦਾ ਹੈ। ਦੁਰਗਾ ਮਾਤਾ ਨੂੰ ‘ਸ਼ੇਰਾਂਵਾਲੀ’ ਮਾਤਾ ਕਿਹਾ ਜਾਂਦਾ ਹੈ, ਇਸ ਵਿਚੋਂ ਫਾਰਸੀ ਸ਼ੇਰ ਨੂੰ ਖਾਰਜ ਕਰਕੇ ਬਣੇ ‘ਸਿੰਘਾਂਵਾਲੀ’ ਸ਼ਬਦ ਨੂੰ ਬੋਲ ਕੇ ਦੇਖੋ ਭਲਾ। ਪ੍ਰਧਾਨ ਮੰਤਰੀ ਮੋਦੀ ਵਲੋਂ ਪਹਿਨਿਆ ਜਾਂਦਾ ਕੁੜਤਾ, ਪਜਾਮਾ ਤੇ ਚਸ਼ਮਾ ਫਾਰਸੀ ਹਨ। ਸਲਵਾਰ, ਕਮੀਜ਼, ਸ਼ੇਰਵਾਨੀ, ਦਸਤਾਰ, ਗੁਰਗਾਬੀ, ਜੁਰਾਬਾਂ, ਸਾਬਣ, ਕਾਗਜ਼, ਤਕੀਆ, ਦੀਵਾਰ, ਪੜਦਾ, ਤੰਦੂਰ ਸਭ 1200 ਸਾਲ ਦੀ ਗੁਲਾਮੀ ਦੀ ਹੀ ਨਿਸ਼ਾਨੀ ਹਨ।
ਇਸਲਾਮ ਦੇ ਪ੍ਰਭਾਵ ਨੂੰ ਹਟਾ ਦੇਈਏ ਤਾਂ ਬੱਚਿਆਂ ਦੀ ‘ਚੀਜੀ’ ਸਮੇਤ ਸਾਡੇ ਕੋਲ ਸ਼ਾਇਦ ਹੀ ਕੋਈ ਚੱਜ ਦੀ ਖਾਣ ਵਾਲੀ ਮਿੱਠੀ ਨਮਕੀਨ ਚੀਜ਼ ਰਹਿ ਜਾਵੇਗੀ। ਸਬਜ਼ੀ, ਪਿਆਜ਼, ਸ਼ਲਗਮ, ਅਨਾਰ, ਆਲੂਬੁਖਾਰਾ, ਤਰਬੂਜ਼, ਖਰਬੂਜ਼ਾ; ਹਲਵਾ, ਜਲੇਬੀ, ਬਰਫੀ, ਸਮੋਸੇ ਤੇ ਫਿਰ ਪੁਲਾਅ, ਰੋਗਨਜੋਸ਼, ਬਰਿਆਨੀ ਜਿਹੇ ਚੰਗੇ ਚੋਸੇ ਕਿਵੇਂ ਚਖਾਂਗੇ? ਦਾਰੂ ਤੇ ਸ਼ਰਾਬ ਨਹੀਂ ਮਿਲਣਗੇ ਤੇ ਨਾ ਹੀ ਨਾਲ ਨੂੰ ਨੁਕਲ ਤੇ ਨਮਕ।
ਮੈਂ ਅੰਦਾਜ਼ਾ ਲਾਉਂਦਾਂ, ਜੇ ਫਾਰਸੀ ਅਰਬੀ ਵਾਲੇ ਨਾਂ ਜਾਂ ਲਫਜ਼ ਬਦਲਣ ਦਾ ਭੁਆਰਾ ਪੰਜਾਬ ਵਿਚ ਫੈਲ ਗਿਆ ਤਾਂ ਗੱਲ ਕਿੱਥੇ ਕੁ ਤੱਕ ਜਾਵੇਗੀ? ਇਸਲਾਮ ਅਤੇ ਅਰਬੀ ਫਾਰਸੀ ਦੀ ਸਭ ਤੋਂ ਵਧ ਮਾਰ ਤਾਂ ਪੰਜਾਬ ‘ਤੇ ਪਈ ਸੀ, ਪਰ ਇਤਿਹਾਸਕ, ਭੂਗੋਲਕ ਕਾਰਨਾਂ ਕਰਕੇ ਪੰਜਾਬੀ ਅਤੇ ਸਿੱਖ ਏਨੇ ਕੱਟੜ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਨ੍ਹਾਂ ਜ਼ਬਾਨਾਂ ਦੇ ਲਫਜ਼ਾਂ ਨਾਲ ਲਬਰੇਜ਼ ਹੈ। ਗੁਰੂ ਨਾਨਕ ਦੇਵ ਨੇ ਤਾਂ ਇੱਕ ਸ਼ਬਦ ਹੀ ਫਾਰਸੀ ਵਿਚ ਰਚਿਆ ਹੈ। ਸਿੱਖ ਧਰਮ ਨਾਲ ਸਬੰਧਤ ਚੰਗੀ ਖਾਸੀ ਸੰਕਲਪ ਸ਼ਬਦਾਵਲੀ ਅਰਬੀ ਫਾਰਸੀ ਵਾਲੀ ਹੈ: ਬੇਗਮਪੁਰਾ, ਖਾਲਸਾ, ਸਾਹਿਬ, ਅਰਦਾਸ, ਸੱਚਾ ਪਾਤਸ਼ਾਹ, ਅਕਾਲ ਤਖਤ, ਨਜ਼ਰ, ਹੁਕਮਨਾਮਾ, ਮੀਰੀ ਪੀਰੀ, ਤਨਖਾਹ, ‘ਵਾਹਿਗੁਰੂ ਜੀ ਕੀ ਫਤਿਹ’ ਵਿਚਲਾ ਫਤਿਹ, ਦਰਬਾਰ, ਜ਼ਫਰਨਾਮਾ, ਨੌਂਵੇਂ ਗੁਰੂ ਦਾ ਨਾਂ ਤੇਗ ਬਹਾਦਰ; ਦੋ ਸਾਹਿਬਜ਼ਾਦਿਆਂ ਦੇ ਨਾਂ; ਬੰਦਾ ਬਹਾਦਰ; ਰੁਮਾਲਾ ਸਾਹਿਬ, ਦੇਗ, ਲੰਗਰ, ਮਹਲ, ਜਲੂਸ ਆਦਿ ਫਾਰਸੀ-ਅਰਬੀ ਦੇ ਰਿਣੀ ਹਨ। ਪੰਜਾਂ ਦਰਿਆਵਾਂ ਦੀ ਧਰਤੀ ‘ਪੰਜਾਬ’ ਤੇ ਇਸ ਦੀ ਭਾਸ਼ਾ ‘ਪੰਜਾਬੀ’ ਫਾਰਸੀ ਸ਼ਬਦਾਂ ਪੰਜ+ਆਬ ਤੋਂ ਬਣੇ ਹਨ। ਸਭ ਗੁਰੂਆਂ, ਗੁਰਦੁਆਰਿਆਂ ਅਤੇ ਸਿੱਖਾਂ ਦੇ ਇਤਿਹਾਸਕ ਸਥਾਨਾਂ ਦੇ ਨਾਂਵਾਂ ਪਿਛੋਂ ਸਾਹਿਬ ਉਤਾਰਨਾ ਹੋਵੇਗਾ।
ਕਾਹਲੀ ਕਾਹਲੀ ਮੇਰੇ ਦਿਮਾਗ ਵਿਚ ਪੰਜਾਬ ਦੇ ਕੁਝ ਸ਼ਹਿਰਾਂ ਤੇ ਕਸਬਿਆਂ ਦੇ ਨਾਂ ਆਉਂਦੇ ਹਨ, ਜਿਨ੍ਹਾਂ ਵਿਚੋਂ ਅਰਬੀ-ਫਾਰਸੀ ਨਿਤਾਰਨੀ ਪਵੇਗੀ: ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਲੁਧਿਆਣਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਜਲਾਲਾਬਾਦ, ਫਤਿਹਗੜ੍ਹ, ਬਸੀ ਪਠਾਣਾਂ, ਸੁਲਤਾਨਪੁਰ, ਕਾਦੀਆਂ, ਅਹਿਮਦਗੜ੍ਹ, ਦੌਲਤਪੁਰ, ਫਤਿਹਨੰਗਲ, ਹਾਜੀਪੁਰ, ਹੁਸੈਨੀਵਾਲਾ, ਕੋਟ ਈਸੇ ਖਾਂ, ਮਲੇਰਕੋਟਲਾ, ਮੀਰਪੁਰ, ਮੁੱਲਾਂਪੁਰ, ਨੂਰਮਹਿਲ, ਸ਼ਾਹਕੋਟ, ਅਲਾਵਾਲਪੁਰ, ਬਹਿਰਾਮਪੁਰ, ਬੇਗੋਵਾਲੀ ਆਦਿ।
ਪੰਜਾਬ ਨੇ ਸ਼ਹਿਰਾਂ ਦੇ ਨਾਂ ਬਦਲ ਕੇ ਦੇਖ ਲਏ ਹਨ। ਭਲਾ ਮੁਹਾਲੀ ਨੂੰ ‘ਸਾਹਿਬਜ਼ਾਦਾ ਅਜੀਤ ਸਿੰਘ ਨਗਰ’ ਤੇ ਨਵਾਂ ਸ਼ਹਿਰ ਨੂੰ ‘ਸ਼ਹੀਦ ਭਗਤ ਸਿੰਘ ਨਗਰ’ ਕੌਣ ਕਹਿੰਦਾ ਹੈ? ਫਿਰ ਭਗਤ ਇਤਰਾਜ਼ ਕਰਦੇ ਹਨ, ਸਰਕਾਰ ਜਾਂ ਲੋਕਾਂ ਦੀ ਮਹਾਂਪੁਰਸ਼ਾਂ ਪ੍ਰਤੀ ਸ਼ਰਧਾ ਨਹੀਂ। ਨਾਂ ਹਮੇਸ਼ਾ ਮੂੰਹ ਚੜ੍ਹਨ ਵਾਲੇ ਹੀ ਚਲਦੇ ਹਨ। ਮਹਾਂਪੁਰਸ਼ਾਂ ਜਾਂ ਇਤਿਹਾਸਕ ਘਟਨਾਵਾਂ ਦੀਆਂ ਯਾਦਗਾਰਾਂ ਲਈ ਨਵੇਂ ਸ਼ਹਿਰ, ਨਗਰ, ਬਸਤੀਆਂ, ਮਹੱਲੇ ਆਦਿ ਵਸਾਏ ਜਾ ਸਕਦੇ ਹਨ ਤੇ ਹੋਰ ਪ੍ਰਾਜੈਕਟ ਸ਼ੁਰੂ ਕੀਤੇ ਜਾ ਸਕਦੇ ਹਨ।
ਅਰਬੀ ਫਾਰਸੀ ਤੋਂ ਖਹਿੜਾ ਛੁਡਾਉਣ ਵਾਲੀ ਗੱਲ ਨਵੀਂ ਨਹੀਂ। 1955 ਵਿਚ ਕੰਮ ਕਾਜ ਲਈ ਪ੍ਰਯੁਕਤ ਸੰਸਕ੍ਰਿਤ ਆਧਾਰਤ ਸਰਕਾਰੀ ਸ਼ਬਦਾਵਲੀ ਘੜਨ ਹਿੱਤ ਕਮਿਸ਼ਨ ਬਣਾਇਆ ਗਿਆ ਸੀ। ਕਿਧਰ ਗਏ ਉਸ ਸਮੇਂ ਘੜੇ ਗਏ ਜੀਭ-ਦੁਖਾਊ ਸ਼ਬਦ ਵਿਦਯੂਤ ਪਰਸਾਰਨ (ਰੇਡੀਓ), ਲੋਹਪਤ ਗਾਮਨੀ (ਰੇਲ ਗੱਡੀ) ਆਦਿ? ਫਾਰਸੀ ਪਿਛੋਕੜ ਵਾਲੇ ਸ਼ਬਦ ਕਾਇਮ-ਦਾਇਮ ਹਨ ਤੇ ਨਾਲ ਦੀ ਨਾਲ ਅੰਗਰੇਜ਼ੀ ਦੇ ਸ਼ਬਦ ਵੀ ਧੜਾ ਧੜ ਵੜੀ ਜਾ ਰਹੇ ਹਨ। ਭਾਸ਼ਾਵਾਂ ਅਲਹਿਦਗੀ ਵਿਚ ਨਹੀਂ ਵਿਚਰਦੀਆਂ ਤੇ ਨਾ ਹੀ ਵਧਦੀਆਂ ਫੁੱਲਦੀਆਂ ਹਨ।
ਸ਼ਬਦਾਂ ਦਾ ਇਤਿਹਾਸ ਨਾਲ ਨਹੁੰ-ਮਾਸ ਵਾਲਾ ਰਿਸ਼ਤਾ ਹੁੰਦਾ ਹੈ। ਅਨੇਕਾਂ ਧਰਮਾਂ, ਜਾਤਾਂ, ਖਿੱਤਿਆਂ, ਜ਼ਬਾਨਾਂ ਦੇ ਮਿਲਣ ਨਾਲ ਭਾਰਤੀ ਸਭਿਅਤਾ ਅਮੀਰ ਹੋਈ ਹੈ ਤੇ ਭਾਸ਼ਾਵਾਂ ਦੀ ਅਭਿਵਿਅਕਤੀ ਵਿਚ ਵਾਧਾ ਹੋਇਆ ਹੈ। ਜੇ ਕੱਲ੍ਹ ਨੂੰ ਕੋਈ ਇਲਾਹਾਬਾਦੀ ਆਪਣੇ ਆਪ ਨੂੰ ਪ੍ਰਯਾਗਰਾਜੀ ਕਹਾਉਣ ਲੱਗ ਪਏ ਤਾਂ ਪਤਾ ਲਗੇਗਾ ਕਿ ਨਾਂ ਬਦਲਣ ਵਾਲੇ ਲੋਕ ਕਿਥੇ ਕੁ ਤੱਕ ਸਫਲ ਹੋਏ ਹਨ!