ਯੂਨਾਈਟਡ ਸਪੋਰਟਸ ਕਲੱਬ ਦਾ 14ਵਾਂ ਵਿਸ਼ਵ ਕੱਪ ਬੇਏਰੀਆ ਲਾਇਨਜ਼ ਸਪੋਰਟਸ ਕਲੱਬ ਨੇ ਜਿਤਿਆ

15ਵਾਂ ਵਿਸ਼ਵ ਕਬੱਡੀ ਕੱਪ ਅਗਲੇ ਸਾਲ 15 ਸਤੰਬਰ ਨੂੰ
ਯੂਨੀਅਨ ਸਿਟੀ (ਬਿਊਰੋ): ਇਥੇ ਲੋਗਨ ਹਾਈ ਸਕੂਲ ‘ਚ ਲੰਘੇ ਐਤਵਾਰ ਨੂੰ ਕਰਵਾਇਆ ਗਿਆ ਯੂਨਾਈਟਡ ਸਪੋਰਟਸ ਕਲੱਬ ਦਾ 14ਵਾਂ ਕਬੱਡੀ ਵਿਸ਼ਵ ਕੱਪ ਬੇਏਰੀਆ ਲਾਇਨਜ਼ ਸਪੋਰਟਸ ਕਲੱਬ ਨੇ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਲਾਸ ਬੈਨੋਸ ਨੂੰ 27 ਦੇ ਮੁਕਾਬਲੇ 44 ਅੰਕ ਨਾਲ ਹਰਾ ਕੇ ਆਪਣੇ ਨਾਂ ਕਰਵਾ ਲਿਆ।
ਮੁਕਾਬਲੇ ਵਿਚ ਕੁਲ ਚਾਰ ਟੀਮਾਂ-ਬੇਏਰੀਆ ਲਾਇਨਜ਼, ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਲਾਸ ਬੈਨੋਸ, ਬਾਬਾ ਸੰਗ ਜੀ ਸਪੋਰਟਸ ਕਲੱਬ ਮਿਡਵੈਸਟ ਅਤੇ ਰਾਇਲ ਕਿੰਗਜ਼ ਯੂæ ਐਸ਼ ਏæ ਭਿੜੀਆਂ। ਇਨ੍ਹਾਂ ਵੱਡੀਆਂ ਕਲੱਬਾਂ ਦੇ ਸ਼ੁਰੂਆਤੀ ਅਤੇ ਸੈਮੀਫਾਈਨਲ ਮੁਕਾਬਲੇ ਵੀ ਬਹੁਤ ਫਸਵੇਂ ਸਨ।

ਬੇ-ਏਰੀਆ ਸਪਰੋਟਸ ਕਲੱਬ ਅਤੇ ਲੱਛਰ ਭਰਾਵਾਂ ਦੀ ਲਾਸ ਬੈਨੋਸ ਦੀ ਟੀਮ ਵਿਚਾਲੇ ਫਾਈਨਲ ਮੁਕਾਬਲਾ ਏਨਾ ਦਿਲਚਸਪ ਸੀ ਕਿ ਪਹਿਲੇ ਅੱਧ ‘ਚ ਹਰ ਰੇਡ ‘ਤੇ ਕਬੱਡੀ ਪ੍ਰੇਮੀਆਂ ਨੇ ਸਟਾਪਰਾਂ ਤੇ ਰੇਡਰਾਂ ਲਈ ਦਿਲ ਖੋਲ੍ਹ ਕੇ ਨਕਦ ਇਨਾਮ ਦਿੱਤੇ। ਪਹਿਲਾ ਇਨਾਮ ਡਾਇਮੰਡ ਸਪੋਰਟਸ ਕਲੱਬ ਦੇ ਗੁਲਵਿੰਦਰ ਗਾਖਲ, ਨੇਕੀ ਅਟਵਾਲ ਅਤੇ ਪਿੰਕੀ ਅਟਵਾਲ ਵਲੋਂ ਸਪਾਂਸਰ ਕੀਤਾ ਗਿਆ ਸੀ, ਜਦੋਂਕਿ ਦੂਜਾ ਇਨਾਮ ਸਹੋਤਾ ਭਰਾਵਾਂ-ਜੁਗਰਾਜ ਸਿੰਘ ਸਹੋਤਾ ਤੇ ਨਰਿੰਦਰ ਸਿੰਘ ਸਹੋਤਾ ਵਲੋਂ ਆਪਣੇ ਪਿਤਾ ਸ਼ ਕਸ਼ਮੀਰ ਸਿੰਘ ਸਹੋਤਾ ਦੀ ਯਾਦ ਵਿਚ ਸਪਾਂਸਰ ਕੀਤਾ ਗਿਆ ਸੀ।
ਅੰਡਰ-21 ਦੇ ਮੁਕਾਬਲਿਆਂ ਵਿਚ ਸ਼ਹੀਦ ਬਾਬਾ ਦੀਪ ਸਿੰਘ ਅਕੈਡਮੀ ਸੈਕਰਾਮੈਂਟੋ ਦੀ ਟੀਮ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨੂੰ 39 ਦੇ ਮੁਕਾਬਲੇ 73 ਅੰਕਾਂ ਨਾਲ ਹਰਾ ਕੇ ਜੇਤੂ ਰਹੀ ਜਦੋਂ ਕਿ ਅੰਡਰ-25 ਵਿਚ ਖਾਲਸਾ ਸਪੋਰਟਸ ਦੀ ਟੀਮ ਨੇ ਯੂਬਾ ਬ੍ਰਦਰਜ਼ ਨੂੰ 25 ਦੇ ਮੁਕਾਬਲੇ 53 ਅੰਕਾਂ ਨਾਲ ਹਰਾਇਆ।
ਕਬੱਡੀ ਕੱਪ ਦਾ ਰਸਮੀ ਉਦਘਾਟਨ ਸੁਰਜੀਤ ਸਿੰਘ ਟੁੱਟ, ਮਾਈਕ ਬੋਪਾਰਾਏ, ਜਸਪ੍ਰੀਤ ਸਿੰਘ ਅਟਾਰਨੀ, ਮੇਜਰ ਸਿੰਘ ਬੈਂਸ ਅਤੇ ਹਰਦੁੱਮਣ ਸਿੰਘ ਬਿੱਲਾ ਸੰਘੇੜਾ ਨੇ ਸਾਂਝੇ ਰੂਪ ਵਿਚ ਕੀਤਾ ਤੇ ਇਸ ਕਬੱਡੀ ਕੱਪ ਲਈ ਯੂਨਾਈਟਿਡ ਸਪੋਰਟਸ ਕਲੱਬ ਅਤੇ ਗਾਖਲ ਭਰਾਵਾਂ ਨੂੰ ਵਧਾਈ ਦਿੱਤੀ।
ਇਸ ਵਿਸ਼ਵ ਕੱਪ ਦੀ ਸਫਲਤਾ ‘ਤੇ ਖੁਸ਼ੀ ਜਾਹਰ ਕਰਦਿਆਂ ਖੇਡ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਸਰਪ੍ਰਸਤ ਅਮੋਲਕ ਸਿੰਘ ਗਾਖਲ ਨੇ ਸਫਲਤਾ ਦਾ ਸਿਹਰਾ ਵੱਡੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਜੇ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਿਹਾ ਤਾਂ ਉਹ ਆਉਂਦੇ ਵਰ੍ਹਿਆਂ ਦੌਰਾਨ ਵੀ ਕਬੱਡੀ ਨੂੰ ਪ੍ਰਫੁਲਿਤ ਕਰਨ ਲਈ ਹੋਰ ਵੀ ਉਤਸ਼ਾਹ ਨਾਲ ਕੰਮ ਕਰਦੇ ਰਹਿਣਗੇ।
ਸ਼ ਗਾਖਲ ਨੇ ਐਲਾਨ ਕੀਤਾ ਕਿ ਸਾਲ 2019 ਦਾ 15 ਵਿਸ਼ਵ ਕਬੱਡੀ ਕੱਪ ਇਸੇ ਲੋਗਨ ਹਾਈ ਸਕੂਲ ‘ਚ 15 ਸਤੰਬਰ, ਐਤਵਾਰ ਨੂੰ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼ਾਇਦ ਇਹ ਪਹਿਲਾ ਕੌਮਾਂਤਰੀ ਕਬੱਡੀ ਕੱਪ ਹੈ ਜਿੱਥੇ ਦਰਸ਼ਕਾਂ ਨੂੰ ਅਤੁੱਟ ਲੰਗਰ ਛਕਾਇਆ ਜਾਂਦਾ ਹੈ ਅਤੇ ਚਾਹ, ਪਕੌੜੇ, ਪਾਣੀ ਅਤੇ ਜੂਸ ਦੀ ਸੇਵਾ ਕੀਤੀ ਜਾਂਦੀ ਹੋਵੇ। ਉਨ੍ਹਾਂ ਗੁਰਦੁਆਰਾ ਫਰੀਮਾਂਟ, ਸੈਨ ਹੋਜੇ, ਮਿਲਪੀਟਸ ਅਤੇ ਸਟਾਕਟਨ ਦਾ ਉਚੇਚਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਸਾਲ ਤੋਂ ਇਹ ਗੁਰੂਘਰ ਖੇਡ ਮੇਲੇ ਲਈ ਲੰਗਰ ਦੀ ਸੇਵਾ ਲਗਾਤਾਰ ਕਰਦੇ ਆ ਰਹੇ ਹਨ। ਰਾਜਾ ਸਵੀਟਸ ਦੇ ਗਿਆਨੀ ਰਵਿੰਦਰ ਸਿੰਘ ਅਤੇ ਮੱਖਣ ਸਿੰਘ ਬੈਂਸ ਵਲੋਂ ਚਾਹ ਪਕੌੜਿਆਂ ਦੀ ਸਾਰਾ ਦਿਨ ਸੇਵਾ ਕੀਤੀ ਜਾਂਦੀ ਹੈ।
ਸ਼ ਗਾਖਲ ਨੇ ਯੂਨਾਈਟਡ ਸਪੋਰਟਸ ਕਲੱਬ ਦੀ ਟੀਮ ਦਾ ਧੰਨਵਾਦ ਕਰਦਿਆਂ ਚੇਅਰਮੈਨ ਮੱਖਣ ਸਿੰਘ ਬੈਂਸ, ਵਿੱਤ ਸਕੱਤਰ ਜੁਗਰਾਜ ਸਿੰਘ ਸਹੋਤਾ ਤੇ ਨਰਿੰਦਰ ਸਿੰਘ ਸਹੋਤਾ, ਉਪ ਚੇਅਰਮੈਨ ਇਕਬਾਲ ਸਿੰਘ ਗਾਖਲ ਅਤੇ ਕਲੱਬ ਦੇ ਬੋਰਡ ਆਫ ਡਾਇਰੈਕਟਰ ਨੂੰ ਮੇਲੇ ਦੀ ਕਾਮਯਾਬੀ ਵਿਚ ਬਰਾਬਰ ਦੇ ਹਿੱਸੇਦਾਰ ਕਿਹਾ।
ਖੇਡ ਮੇਲੇ ਵਿਚ ਯੂਨੀਅਨ ਸਿਟੀ ਦੇ ਮੇਅਰ ਡੁਟਰਾ ਵਰਨਾਕੀ, ਕੌਂਸਲ ਮੈਂਬਰ ਪੈਟ ਡਾਕੋਸਕੌਟ, ਸਕੂਲ ਬੋਰਡ ਟਰੱਸਟੀ ਕਰਮਜੀਤ ਕੌਰ ਚੀਮਾ ਤੇ ਸ਼ੈਰਨ ਕੌਰ ਅਤੇ ਕੌਂਸਲ ਮੈਂਬਰ ਹੈਰੀ ਸਿੰਘ ਵੀ ਉਚੇਚੇ ਤੌਰ ‘ਤੇ ਪਹੁੰਚੇ।
ਇਸ ਵਾਰ ਦਰਸ਼ਕਾਂ ਦੀ ਗਿਣਤੀ ਇਕ ਰਿਕਾਰਡ ਸੀ। ਬਿਨਾ ਕਿਸੇ ਸੱਟ-ਫੇਟ ਨਿਰਵਿਘਨ ਨੇਪਰੇ ਚੜ੍ਹੇ 14ਵੇਂ ਕਬੱਡੀ ਕੱਪ ਦਾ ਹਰ ਪਲ ਦਰਜਨਾਂ ਸਟਿੱਲ ਤੇ ਵੀਡੀਓ ਕੈਮਰੇ ਕੈਮਰਾਬੱਧ ਕਰਦੇ ਰਹੇ ਅਤੇ ਲਾਈਵ ਕਬੱਡੀ ਡਾਟ ਕਾਮ ਦੇ ਮੈਨੀ ਦੀ ਟੀਮ ਵਲੋਂ ਸੋਸ਼ਲ ਸਾਈਟਾਂ ‘ਤੇ ਲਗਾਤਾਰ ਦਿਖਾਇਆ ਜਾ ਰਿਹਾ ਸੀ।
ਅਮੋਲਕ ਸਿੰਘ ਗਾਖਲ ਨੇ ਖੇਡ ਮੇਲੇ ਦਾ ਇਕ ਹੋਰ ਸਿਹਰਾ ਮਿਡਵੈਸਟ ਦੀ ਟੀਮ ਦੇ ਮੁੱਖ ਪ੍ਰਬੰਧਕ ਤਾਰੀ ਅਤੇ ਵਿੱਕੀ ਸੰਮੀਪੁਰੀਆ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਇਨ੍ਹਾਂ ਦੋ ਨੌਜਵਾਨਾਂ ਨੇ ਖੇਡ ਮੇਲੇ ਦੇ ਪ੍ਰਬੰਧ ‘ਚ ਵੱਡਾ ਯੋਗਦਾਨ ਪਾਇਆ। ਸ਼ ਗਾਖਲ ਨੇ ਰਾਇਲ ਕਿੰਗਜ਼ ਯੂæ ਐਸ਼ ਏæ ਦੇ ਮੁੱਖ ਸਰਬਜੀਤ ਸਿੰਘ ਉਰਫ ਸ਼ੱਬਾ ਥਿਆੜਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਇਸ ਮੇਲੇ ਵਿਚ ਧੜੱਲੇਦਾਰ ਟੀਮ ਹੀ ਲੈ ਕੇ ਹਾਜ਼ਰ ਨਹੀਂ ਹੋਇਆ ਸਗੋਂ ਕਲੱਬ ਦੇ ਮੋਢੇ ਨਾਲ ਮੋਢਾ ਲਾ ਕੇ ਅਹਿਮ ਰੋਲ ਵੀ ਅਦਾ ਕਰਦਾ ਰਿਹਾ।
ਖੇਡ ਮੇਲੇ ਵਿਚ ਗਾਖਲ ਭਰਾਵਾਂ ਨੇ ਆਪਣੇ ਪਿਤਾ ਸਵæ ਨਸੀਬ ਸਿੰਘ ਦੀ ਯਾਦ ਵਿਚ ਕਿੰਦੂ ਰਮੀਦੀ ਅਤੇ ਬੈਸਟ ਰੇਡਰ ਲਈ ਦੱਲੀ ਸੌਂਸਪੁਰੀਆ ਤੇ ਬੈਸਟ ਸਟਾਪਰ ਲਈ ਸੰਦੀਪ ਨੰਗਲ ਅੰਬੀਆਂ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ।
ਖੇਡ ਮੇਲੇ ਦੀ ਸਫਲਤਾ ‘ਚ ਪਲਵਿੰਦਰ ਸਿੰਘ ਗਾਖਲ, ਇੰਡੀਆ ਤੋਂ ਹਰ ਸਾਲ ਉਚੇਚਾ ਪਹੁੰਚਦੇ ਸਾਧੂ ਸਿੰਘ ਖਲੌਰ, ਦਵਿੰਦਰ ਸਿੰਘ ਪੱਡਾ, ਨੱਥਾ ਸਿੰਘ ਗਾਖਲ, ਦੇਬੀ ਸੋਹਲ, ਇੰਦਰਜੀਤ ਸਿੰਘ ਥਿੰਦ, ਬਖਤਾਵਰ ਸਿੰਘ ਗਾਖਲ, ਗੁਰਪ੍ਰੀਤ ਸਿੰਘ ਗਾਖਲ, ਬਲਵੀਰ ਭਾਟੀਆ, ਗਿਆਨੀ ਰਵਿੰਦਰ ਸਿੰਘ, ਬਲਜਿੰਦਰ ਸਿੰਘ ਗਾਖਲ, ਰਜਿੰਦਰ ਲੱਧੜ ਤੇ ਅਰੁਨਦੀਪ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਚੇਅਰਮੈਨ ਮੱਖਣ ਸਿੰਘ ਬੈਂਸ ਅਤੇ ਉਪ ਚੇਅਰਮੈਨ ਇਕਬਾਲ ਸਿੰਘ ਗਾਖਲ ਨੇ ਟੂਰਨਾਮੈਂਟ ਦੇ ਪ੍ਰਬੰਧ ਵਿਚ ਕੋਈ ਕਮੀ ਨਾ ਆਵੇ, ਇਸ ਗੱਲ ਦਾ ਖਾਸ ਖਿਆਲ ਰੱਖਿਆ।
ਲੱਖਾ ਸਿੱਧਵਾਂ, ਮੱਖਣ ਅਲੀ, ਸੁਰਜੀਤ ਕਕਰਾਲੀ, ਗੁਰਮੇਲ ਸਿੰਘ ਦਿਓਲ ਆਦਿ ਕੁਮੈਂਟੇਟਰਾਂ ਨੇ ਲੱਛੇਦਾਰ ਕੁਮੈਂਟਰੀ ਰਾਹੀਂ ਕਬੱਡੀ ਮੈਚਾਂ ਦਾ ਸਵਾਦ ਦੂਣਾ-ਤੀਣਾ ਕਰੀ ਰੱਖਿਆ। ਸਰਦੂਲ ਸਿੰਘ ਰੰਧਾਵਾ, ਅਜੀਤ ਸਿੰਘ ਬੱਲ ਅਤੇ ਸਾਧੂ ਸਿੰਘ ਖਲੌਰ ਨੇ ਤਕਨੀਕੀ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾਈ। ਸਟੇਜ ਸੰਚਾਲਨ ਕਲੱਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਐਸ਼ ਅਸ਼ੋਕ ਭੌਰਾ ਅਤੇ ਬੀਬੀ ਆਸ਼ਾ ਸ਼ਰਮਾ ਨੇ ਕੀਤਾ। ਗੀਤਕਾਰ ਮੱਖਣ ਬਰਾੜ ਨੇ ਦਰਸ਼ਕਾਂ ਨੂੰ ਆਪਣੇ ਖੂਬਸੂਰਤ ਸ਼ਿਅਰਾਂ ਨਾਲ ਹੱਸਣ ਅਤੇ ਤਾੜੀਆਂ ਵਜਾਉਣ ਲਈ ਮਜਬੂਰ ਕੀਤਾ।
ਖੇਡ ਮੇਲੇ ਵਿਚ ਕਬੱਡੀ ਪ੍ਰੇਮੀਆਂ ਤੋਂ ਸਿਵਾ ਖੇਡ ਕਲੱਬਾਂ ਨਾਲ ਜੁੜੇ ਲੋਕ, ਕੋਚ ਅਤੇ ਸਪਾਂਸਰ ਵੀ ਹਾਜ਼ਰ ਸਨ। ਟੋਰਾਂਟੋ ਤੋਂ ਸੇਵਾ ਸਿੰਘ ਰੰਧਾਵਾ, ਨਿਊ ਯਾਰਕ ਤੋਂ ਜਗੀਰ ਸਿੰਘ ਸਬਜ਼ੀ ਮੰਡੀ ਤੇ ਕੈਨੇਡਾ ਤੋਂ ਦੀਪੂ ਗਾਖਲ ਪਹੁੰਚੇ। ਖੇਡ ਰਿਪੋਰਟਰ ਸੰਤੋਖ ਸਿੰਘ ਮੰਡੇਰ ਨੇ ਮੇਲੇ ਦੀ ਫੋਟੋਗ੍ਰਾਫੀ ਕੀਤੀ।
______________________________
ਜੁਗਰਾਜ ਸਹੋਤਾ ਬਣੇ ਕਲੱਬ ਦੇ ਨਵੇਂ ਪ੍ਰਧਾਨ
ਯੂਨੀਅਨ ਸਿਟੀ (ਬਿਊਰੋ): ਖੇਡ ਮੇਲੇ ਦੀ ਸਫਲਤਾ ਤੋਂ ਬਾਅਦ ਜੁਗਰਾਜ ਸਿੰਘ ਸਹੋਤਾ ਨੂੰ ਇੱਥੇ ਰਾਜਾ ਸਵੀਟਸ ਵਿਖੇ ਸ਼ ਮੱਖਣ ਸਿੰਘ ਬੈਂਸ ਦੀ ਸਰਪ੍ਰਸਤੀ ਹੇਠ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਨਵਾਂ ਪ੍ਰਧਾਨ ਚੁਣ ਲਿਆ ਗਿਆ। ਸ਼ ਗਾਖਲ ਨੇ ਜੁਗਰਾਜ ਸਹੋਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਦੇ ਹਮੇਸ਼ਾ ਪ੍ਰਸ਼ੰਸਕ ਰਹੇ ਹਨ।
ਖੇਡ ਮੇਲੇ ਦੀ ਸਮਾਪਤੀ ਉਪਰੰਤ ਸ਼ ਗਾਖਲ ਤੇ ਮੱਖਣ ਸਿੰਘ ਬੈਂਸ ਨੇ ਆਪਣੇ ਸਾਰੇ ਸਪਾਂਸਰਾਂ ਸਹਿਯੋਗੀਆਂ, ਖੇਡ ਪ੍ਰਬੰਧਕਾਂ ਤੇ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ।