ਮੱਛੀਆਂ ਨੂੰ ਤਾਜ਼ਾ ਰੱਖਣ ਲਈ ਲਾਸ਼ਾਂ ਸਾਂਭਣ ਵਾਲੇ ਕੈਮੀਕਲ ਦੀ ਹੁੰਦੀ ਹੈ ਵਰਤੋਂ

ਚੰਡੀਗੜ੍ਹ: ਮਰੀਆਂ ਮੱਛੀਆਂ ਨੂੰ ਤਾਜ਼ਾ ਰੱਖਣ ਲਈ ਲਾਸ਼ਾਂ ਸਾਂਭਣ ਲਈ ਵਰਤੇ ਜਾਂਦੇ ਕੈਮੀਕਲ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਮਕਸਦ ਲਈ ਇਕ ਜਾਨਲੇਵਾ ਕੈਮੀਕਲ ਫੋਰਮਾਲਿਨ ਵਰਤਿਆ ਜਾਂਦਾ ਹੈ, ਜੋ ਮੌਰੀਸਸ਼ ਵਿਚ ਲਾਸ਼ਾਂ ਨੂੰ ਖਰਾਬ ਹੋਣ ਤੋਂ ਬਚਾਉਂਦਾ ਹੈ। Ḕਟ੍ਰਿਬਿਊਨ’ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਚੰਡੀਗੜ੍ਹ ਤੇ ਪੰਜਾਬ ਵਿਚ ਮਿਲਦੀ ਮੱਛੀ ਵਿਚ ਫੋਰਮਾਲਿਨ ਦਾ ਤੱਤ ਭਾਰੀ ਮਾਤਰਾ ਵਿਚ ਪਾਇਆ ਗਿਆ ਹੈ।

ਇਸ ਖੇਤਰ ਵਿਚ ਕੋਈ ਦਸ ਤਰ੍ਹਾਂ ਦੀ ਸਮੁੰਦਰੀ ਮੱਛੀ ਖਾਧੀ ਜਾਂਦੀ ਹੈ। ਮੱਛੀਆਂ ਵਿਚ ਜ਼ਹਿਰੀਲੇ ਤੱਤ ਦੀ ਪਰਖ ਲਈ ਚੰਡੀਗੜ੍ਹ ਦੀ ਸੈਕਟਰ-21 ਸਥਿਤ ਮੀਟ ਮਾਰਕੀਟ ਵਿਚੋਂ ਕੁੱਝ ਮੱਛੀ ਖਰੀਦੀ ਅਤੇ ਇਨ੍ਹਾਂ ਨੂੰ ਟੈਸਟਿੰਗ ਲਈ ਖਰੜ ਸਥਿਤ ਫੂਡ ਐਂਡ ਕੈਮੀਕਲ ਟੈਸਟਿੰਗ ਲੈਬਰਾਟਰੀ ਵਿਚ ਭੇਜਿਆ। ਟੈਸਟ ਰਿਪੋਰਟ ਵਿਚ ਮੱਛੀ ਦੀਆਂ ਦੋ ਆਮ ਕਿਸਮਾਂ ਮਾਕੇਰੇਲ ਅਤੇ ਰੈੱਡ ਸਨੈਪਰ ਵਿਚ ਫੋਰਮਾਲਿਨ ਦਾ ਜ਼ਹਿਰੀਲਾ ਤੱਤ ਸਾਹਮਣੇ ਆਇਆ, ਜੋ ਕੈਂਸਰ ਦਾ ਕਾਰਨ ਬਣਦਾ ਹੈ। ਪੰਜਾਬ ਦੇ ਖੁਰਾਕ ਵਿਸ਼ਲੇਸ਼ਕ ਦੀ ਰਿਪੋਰਟ ਅਨੁਸਾਰ ਮਾਕੇਰੇਲ ਵਿਚ ਵੱਡੀ ਪੱਧਰ ‘ਤੇ ਇਹ ਕੈਮੀਕਲ ਮਿਲਿਆ ਹੈ ਅਤੇ ਰੈੱਡ ਸਨੈਪਰ ਵਿਚ ਫੋਰਮਾਲਿਨ ਮਿਲਿਆ ਹੈ।
ਪੰਜਾਬ ਸਿਹਤ ਵਿਭਾਗ ਦੇ ਸਰੋਤਾਂ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਾ ਕਿ ਇਹ ਪਹਿਲੀ ਵਾਰ ਨਹੀਂ ਕਿ ਮੱਛੀ ਵਿਚੋਂ ਫੋਰਮਾਲਿਨ ਮਿਲਿਆ ਹੈ। ਪਹਿਲਾਂ 2013 ਵਿਚ ਪਟਿਆਲਾ ਦੇ ਸਿਵਲ ਸਰਜਨ ਵੱਲੋਂ ਲਏ ਚਾਰ ਨਮੂਨਿਆਂ ਵਿਚ ਵੱਡੀ ਮਿਕਦਾਰ ਵਿਚ ਫੋਰਮਾਲਿਨ ਮਿਲੀ ਸੀ। ਸਿਹਤ ਮਾਹਰਾਂ ਅਨੁਸਾਰ ਫੋਰਮਾਲਿਨ ਫੋਰਮਲਡੀਹਾਈਡ ਦਾ ਇਕ ਤੱਤ ਹੈ। ਇਹ ਬੇਹੱਦ ਖਤਰਨਾਕ ਹੈ ਅਤੇ ਇਸ ਦੀ ਵਰਤੋਂ ਨਾਲ ਕੈਂਸਰ ਹੋਣ ਦਾ ਡਰ ਰਹਿੰਦਾ ਹੈ।
ਡਾæ ਓਂਕਾਰ ਸਿੰਘ ਵੜੈਚ ਪ੍ਰੋਫੈਸਰ (ਫਿਸ਼ ਤੇ ਫਿਸ਼ਰੀਜ਼), ਜ਼ੁਆਲੋਜੀ ਅਤੇ ਇਨਵਾਇਰਨਮੈਂਟ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਨੁਸਾਰ ਇਹ ਕੈਮੀਕਲ ਇੰਨਾ ਸ਼ਕਤੀਸ਼ਾਲੀ ਹੈ ਕਿ ਪੰਜ ਫੀਸਦੀ ਫੋਰਮਾਲਿਨ ਅਤੇ 95 ਫੀਸਦੀ ਪਾਣੀ ਨਾਲ ਮੱਛੀ ਨੂੰ ਕਰੀਬ ਇਕ ਸਦੀ ਤੱਕ ਲਈ ਬਚਾ ਕੇ ਰੱਖਿਆ ਜਾ ਸਕਦਾ ਹੈ। ਸਰੀਰ ਦੇ ਕਿਸੇ ਵੀ ਅੰਗ ਨੂੰ ਇਹ ਤਬਾਹ ਕਰਨ ਲਈ ਕਾਫੀ ਹੈ। ਇਹ ਅੰਤੜੀ ਰੋਗ ਫੈਲਾਅ ਸਕਦਾ ਹੈ ਤੇ ਸਮੁੱਚੇ ਹਾਜ਼ਮਾ ਪ੍ਰਬੰਧ ਨੂੰ ਤਬਾਹ ਕਰ ਸਕਦਾ ਹੈ। ਇਸ ਤੋਂ ਇਲਾਵਾ ਜਿਸ ਵੀ ਖੁਰਾਕੀ ਪਦਾਰਥ ਨੂੰ ਇਹ ਲਾਇਆ ਜਾਂਦਾ ਹੈ, ਉਸ ਦੇ ਖੁਰਾਕੀ ਤੱਤਾਂ ਦੀ ਗੁਣਵੱਤਾ ਵੀ ਘਟ ਜਾਂਦੀ ਹੈ। ਇਹ ਪਦਾਰਥ ਹਜ਼ਮ ਵੀ ਨਹੀਂ ਹੁੰਦੇ। ਮੱਛੀ ਦੀਆਂ ਇਹ ਦੋਵੇਂ ਕਿਸਮਾਂ ਮੁੰਬਈ ਤੋਂ ਆਉਂਦੀਆਂ ਹਨ ਤੇ ਸਪਸ਼ਟ ਹੈ ਕਿ ਫੋਰਮਾਲਿਨ ਮੁੰਬਈ ਵਿਚ ਮੱਛੀਆਂ ਨੂੰ ਤਾਜ਼ੀਆਂ ਰੱਖਣ ਲਈ ਵਰਤੀ ਜਾਂਦੀ ਹੋ ਸਕਦੀ ਹੈ।
ਮੱਛੀ ਥਰਮੋਕੋਲ ਡੱਬਿਆਂ ਵਿਚ ਬੰਦ ਹੋ ਕੇ ਆਉਂਦੀ ਹੈ। ਚੰਡੀਗੜ੍ਹ ਦੇ ਮੱਛੀ ਫਰੋਸ਼ਾਂ ਨੇ ਕਿਸੇ ਪ੍ਰਕਾਰ ਦੇ ਕੈਮੀਕਲ ਦੀ ਵਰਤੋਂ ਤੋਂ ਇਨਕਾਰ ਕੀਤਾ ਹੈ। ਇਕ ਦੁਕਾਨਦਾਰ ਨੇ ਕਿਹਾ ਕਿ ਮੁੰਬਈ ਤੋਂ ਮੱਛੀ ਆਉਣ ਬਾਅਦ ਉਹ ਦੋ ਦਿਨ ਵਿਚ ਅੱਗੇ ਵੇਚ ਦਿੰਦੇ ਹਨ। ਪੰਜਾਬ ਸਰਕਾਰ ਦੇ ਸੂਤਰਾਂ ਅਨੁਸਾਰ ਲੋਕਲ ਮਾਰਕੀਟ ਵਿਚ ਵੱਡੇ ਪੱਧਰ ਉਤੇ ਦਰਿਆਈ ਮੱਛੀ ਵਿਕਦੀ ਹੈ ਤੇ ਹੋ ਸਕਦਾ ਹੈ ਇਸ ਦੀ ਵਰਤੋਂ ਸਮੁੰਦਰੀ ਮੱਛੀ ਵਿਚ ਹੁੰਦੀ ਹੋਵੇ ਪਰ ਇਸ ਦੀ ਵਰਤੋਂ ਸਥਾਨਕ ਮੱਛੀ ਵਿਚ ਨਹੀਂ ਹੁੰਦੀ। ਆਮ ਤੌਰ ‘ਤੇ ਲੋਕਲ ਮੱਛੀ 24 ਘੰਟੇ ਵਿਚ ਵਰਤੀ ਜਾਂਦੀ ਹੈ ਤੇ ਇਹ ਬਰਫ ਵਿਚ ਲਾ ਕੇ ਸਾਂਭੀ ਜਾ ਸਕਦੀ ਹੈ।
_______________________
ਕੁਦਰਤੀ ਆਫਤਾਂ ਕਾਰਨ ਗਈਆਂ ਦੋ ਹਜ਼ਾਰ ਤੋਂ ਵੱਧ ਜਾਨਾਂ
ਪਟਿਆਲਾ: ਭਾਰਤ ਦੇ 26 ਰਾਜਾਂ ‘ਚ ਸਾਲ 2017 ਦੌਰਾਨ ਕੁਦਰਤੀ ਆਫਤਾਂ ‘ਚ 2 ਹਜ਼ਾਰ 57 ਮਨੁੱਖੀ ਜਾਨਾਂ ਗਈਆਂ। ਇਨ੍ਹਾਂ ਕੁਦਰਤੀ ਕਰੋਪੀਆਂ ‘ਚ 9 ਲੱਖ 15 ਹਜ਼ਾਰ 878 ਘਰਾਂ ਦਾ ਨੁਕਸਾਨ ਹੋਇਆ ਸੀ ਅਤੇ 47 ਲੱਖ ਹੈਕਟੇਅਰ ਵਿਚ ਫਸਲ ਪ੍ਰਭਾਵਤ ਹੋਈ ਸੀ। ਇਸੇ ਤਰ੍ਹਾਂ 46 ਹਜ਼ਾਰ 488 ਪਸ਼ੂਆਂ ਵੀ ਇਨ੍ਹਾਂ ਕੁਦਰਤੀ ਆਫਤਾਂ ‘ਚ ਮਾਰੇ ਗਏ। ਚੱਕਰਵਰਤੀ ਤੂਫਾਨ, ਹੜ੍ਹਾਂ, ਅਚਨਚੇਤ ਹੜ੍ਹਾਂ, ਜ਼ਮੀਨ ਖਿਸਕਣ, ਬੱਦਲ ਫਟਣ ਦੀ ਘਟਨਾਵਾਂ ‘ਚ ਸਾਲ 2016 Ḕਚ 1487 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 5 ਲੱਖ 46 ਹਜ਼ਾਰ 518 ਘਰ ਦੇਸ਼ ਭਰ ਵਿਚ ਨੁਕਸਾਨੇ ਗਏ ਸੀ।
41 ਹਜ਼ਾਰ 965 ਪਸ਼ੂ ਵੀ ਮਾਰੇ ਗਏ ਸੀ ਅਤੇ 25 ਲੱਖ ਹੈਕਟੇਅਰ ਇਲਾਕੇ ‘ਚ ਫਸਲ ਪ੍ਰਭਾਵਿਤ ਹੋਈ ਸੀ। ਸਾਲ 2015 ‘ਚ ਕੁਦਰਤੀ ਆਫਤਾਂ ‘ਚ 1460 ਵਿਅਕਤੀਆਂ ਦੀ ਜਾਨਾਂ ਇਨ੍ਹਾਂ ਕੁਦਰਤੀ ਆਫਤਾਂ ਵਿਚ ਚਲੀਆਂ ਗਈਆਂ ਸਨ ਅਤੇ 13 ਲੱਖ 13 ਹਜ਼ਾਰ 371 ਘਰ ਦੇਸ਼ ਦੇ 22 ਰਾਜਾਂ ‘ਚ ਨੁਕਸਾਨੇ ਗਏ ਸੀ। ਇਸੇ ਤਰ੍ਹਾਂ 31 ਲੱਖ ਹੈਕਟੇਅਰ ਇਲਾਕੇ ‘ਚ ਫਸਲ ਦਾ ਨੁਕਸਾਨ ਹੋਇਆ ਸੀ। ਸਾਲ 2015 ਵਿਚ ਮਰਨ ਵਾਲੇ ਪਸ਼ੂਆਂ ਦੀ ਗਿਣਤੀ 59 ਹਜ਼ਾਰ ਤੋਂ ਵੱਧ ਸੀ। ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਏਸ਼ੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਦਰਤੀ ਆਫਤਾਂ ਸਮੇਂ ਅਕਸਰ ਸਰਕਾਰੀ ਕੰਮਕਾਜ ‘ਚ ਕਈ ਖਾਮੀਆਂ ਦੇਖਣ ਨੂੰ ਮਿਲਦੀਆਂ ਹਨ।