ਮੋਦੀ ਦਾ ਵਿਕਾਸ ਮੰਤਰ ਬਨਾਮ ਰਾਮ ਮੰਦਿਰ

ਅਯੁੱਧਿਆ ਦੇ ਐਨ ਲਾਗਵਾਂ ਕਸਬਾ ਫੈਜ਼ਾਬਾਦ ਮੁੜ ਖਬਰਾਂ ਵਿਚ ਹੈ। ਉਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆਨਾਥ ਸਰਕਾਰ ਨੇ ਫੈਜ਼ਾਬਾਦ ਜ਼ਿਲ੍ਹੇ ਦਾ ਨਾਂ ਬਦਲ ਕੇ ਅਯੁੱਧਿਆ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਦੀ ਰਾਜਧਾਨੀ ਅਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਰੱਖ ਦਿੱਤਾ ਗਿਆ ਸੀ। ਇਹ ਲਾਮਬੰਦੀਆਂ ਅਸਲ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵਲੋਂ ਅਗਲੇ ਸਾਲ ਆ ਰਹੀਆਂ ਲੋਕ ਸਭਾ ਚੋਣਾਂ ਦੀ ਵੱਡੀ ਤਿਆਰੀ ਦਾ ਹਿੱਸਾ ਹਨ।

ਭਾਰਤੀ ਜਨਤਾ ਪਾਰਟੀ ਦੀ ਸਰਪ੍ਰਸਤ ਆਰ. ਐਸ਼ ਐਸ਼ ਦੀ ਗਿਣਤੀ-ਮਿਣਤੀ ਇਹ ਹੈ ਕਿ ਵਿਕਾਸ ਦੇ ਨਾਂ ਉਤੇ ਅਗਲੀਆਂ ਲੋਕ ਸਭਾ ਜਿੱਤਣਾ ਮੁਸ਼ਕਿਲ ਹੈ। ਅਸਲ ਵਿਚ ਨਰੇਂਦਰ ਮੋਦੀ ਕੋਲ ਆਪਣਾ ਵਿਕਾਸ ਏਜੰਡਾ ਦਿਖਾਉਣ ਲਈ ਕੋਈ ਵੀ ਮੁੱਦਾ ਨਹੀਂ ਹੈ। ਇਸ ਲਈ ਹੁਣ ਸਾਰਾ ਧਿਆਨ ਰਾਮ ਮੰਦਿਰ ‘ਤੇ ਕੇਂਦਰਤ ਕੀਤਾ ਜਾ ਰਿਹਾ ਹੈ ਤਾਂ ਕਿ ਹਿੰਦੂਤਵ ਦਾ ਪ੍ਰਚਾਰ ਕਰਕੇ ਹਿੰਦੂ ਵੋਟਾਂ ਦਾ ਧਰੁਵੀਕਰਨ ਕੀਤਾ ਜਾ ਸਕੇ। ਇਸ ਵਿਉਂਤਬੰਦੀ ਤਹਿਤ ਹੀ ਸਭ ਤੋਂ ਪਹਿਲਾਂ ਦਸਹਿਰੇ ਮੌਕੇ ਆਰ. ਐਸ਼ ਐਸ਼ ਮੁਖੀ ਮੋਹਨ ਭਾਗਵਤ ਨੇ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਅਯੁੱਧਿਆ ਵਿਚ ਰਾਮ ਮੰਦਿਰ ਦੀ ਉਸਾਰੀ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਰਾਮ ਮੰਦਿਰ ਦੇ ਮੁੱਦੇ ‘ਤੇ ਆਰ. ਐਸ਼ ਐਸ਼, ਭਾਰਤੀ ਜਨਤਾ ਪਾਰਟੀ ਅਤੇ ਇਸ ਜੋਟੀ ਨਾਲ ਜੁੜੀਆਂ ਹੋਰ ਪਾਰਟੀਆਂ ਤੇ ਸੰਸਥਾਵਾਂ ਨੇ ਇਹ ਮੁੱਦਾ ਭਖਾ ਲਿਆ ਹੈ। ਅਖਿਲ ਭਾਰਤੀ ਸੰਤ ਸਮਿਤੀ ਨੇ ਉਚੇਚੀ ਮੀਟਿੰਗ ਕਰਕੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਰਾਮ ਮੰਦਿਰ ਦੀ ਉਸਾਰੀ ਲਈ ਰਾਹ ਪੱਧਰਾ ਕਰਨ ਲਈ ਆਰਡੀਨੈਂਸ ਲੈ ਕੇ ਆਵੇ। ਇਹ ਕੋੜਮਾ ਲਗਾਤਾਰ ਬਿਆਨ ਦਾਗ ਰਿਹਾ ਹੈ ਕਿ ਰਾਮ ਮੰਦਿਰ ਦੀ ਉਸਾਰੀ ਲਈ 1992 ਵਾਲਾ ਮਾਹੌਲ ਤਿਆਰ ਕੀਤਾ ਜਾ ਸਕਦਾ ਹੈ। ਯਾਦ ਰਹੇ, ਦਸੰਬਰ 1992 ਵਿਚ ਅਯੁੱਧਿਆ ਵਿਚ ਇਕੱਠੇ ਹੋਏ ਅਖੌਤੀ ਰਾਮ ਸੇਵਕਾਂ ਨੇ ਬਾਬਰੀ ਮਸਜਿਦ ਢਾਹ ਦਿੱਤੀ ਸੀ। ਇਸ ਤੋਂ ਪਹਿਲਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਮੁਲਕ ਦੇ ਕਈ ਹਿੱਸਿਆਂ ਵਿਚ ਰੱਥ ਯਾਤਰਾ ਕਰਕੇ ਲੋਕਾਂ ਨੂੰ ਰਾਮ ਮੰਦਿਰ ਦੀ ਉਸਾਰੀ ਲਈ ਉਕਸਾਇਆ ਸੀ।
ਯਾਦ ਰਹੇ, ਭਾਰਤੀ ਜਨਤਾ ਪਾਰਟੀ ਨੇ ਸਾਲ 2014 ਵਾਲੀਆਂ ਲੋਕ ਸਭਾ ਚੋਣਾਂ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਕਾਸ ਦੇ ਮੁੱਦੇ ‘ਤੇ ਲੜੀਆਂ ਸਨ। ਉਸ ਵਕਤ ਦਸ ਸਾਲ ਦੇ ਰਾਜ ਤੋਂ ਬਾਅਦ ਕਾਂਗਰਸ ਦੀ ਅਗਵਾਈ ਹੇਠਲੇ ਯੂ. ਪੀ. ਏ. ਦਾ ਬਹੁਤ ਮਾੜਾ ਹਾਲ ਹੋਇਆ ਪਿਆ ਸੀ ਅਤੇ ਖੁਦ ਕਾਂਗਰਸ ਦੇ ਲੀਡਰ ਭ੍ਰਿਸ਼ਾਟਾਚਾਰ ਦੇ ਕੇਸਾਂ ਵਿਚ ਬੁਰੀ ਤਰ੍ਹਾਂ ਫਸੇ ਹੋਏ ਸਨ। ਉਸ ਵਕਤ ਸਭ ਦੀ ਗਿਣਤੀ-ਮਿਣਤੀ ਸੀ ਕਿ ਚੋਣਾਂ ਵਿਚ ਕਾਂਗਰਸ ਨੂੰ ਤਕੜਾ ਝਟਕਾ ਭਾਵੇਂ ਲੱਗੇਗਾ ਪਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨ. ਡੀ. ਏ. ਨੂੰ ਬਹੁਮਤ ਮਿਲਣੀ ਏਨੀ ਸੁਖਾਲੀ ਨਹੀਂ ਪਰ ਜਦੋਂ ਨਤੀਜੇ ਸਾਹਮਣੇ ਆਏ ਤਾਂ ਹੇਠਲੀ ਉਤਾਂਹ ਹੋ ਚੁਕੀ ਸੀ। ਐਨ. ਡੀ. ਏ. ਤਾਂ ਛੱਡੋ ਭਾਰਤੀ ਜਨਤਾ ਪਾਰਟੀ ਨੇ ਇਕੱਲਿਆਂ ਹੀ ਬਹੁਮਤ ਜੋਗੀਆਂ ਸੀਟਾਂ ਹਾਸਲ ਕਰ ਲਈਆਂ ਸਨ। ਇਸ ਤੋਂ ਬਾਅਦ ਪੂਰੇ ਸਾਢੇ ਚਾਰ ਸਾਲ ਮੋਦੀ ਨੇ ਵਿਕਾਸ ਦਾ ਰਾਗ ਅਲਾਪਿਆ ਪਰ ਹੁਣ ਜਦੋਂ ਚੋਣਾਂ ਨੇੜੇ ਆ ਗਈਆਂ ਹਨ ਤਾਂ ਇਸ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਹੁਣੇ ਹੁਣੇ ਕਰਨਾਟਕ ਵਿਚ ਉਪ ਚੋਣਾਂ ਦੇ ਨਤੀਜਿਆਂ ਨੇ ਭਾਰਤੀ ਜਨਤਾ ਪਾਰਟੀ ਦੀ ਪਤਲੀ ਹਾਲਤ ਦੀ ਚੁਗਲੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਦੀਆਂ ਉਪ ਚੋਣਾਂ ਵਿਚ ਇਹ ਪਾਰਟੀ ਬੁਰੀ ਤਰ੍ਹਾਂ ਪਛਾੜ ਖਾ ਚੁੱਕੀ ਹੈ। ਹੁਣ ਤਿੰਨ ਅਹਿਮ ਸੂਬਿਆਂ-ਰਾਜਸਥਾਨ, ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਵਿਚੋਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਪਛੜ ਰਹੀ ਹੈ, ਭਾਵੇਂ ਛਤੀਸਗੜ੍ਹ ਵਿਚ ਇਸ ਦੀ ਹਾਲਤ ਕੁਝ ਚੰਗੀ ਹੈ ਕਿਉਂਕਿ ਅਜੀਤ ਜੋਗੀ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਕਾਰਨ ਉਥੇ ਤਿਕੋਣਾ ਮੁਕਾਬਲਾ ਸੰਭਾਵ ਹੈ ਜਿਸ ਦਾ ਸਿੱਧਾ ਲਾਹਾ ਭਾਰਤੀ ਜਨਤਾ ਪਾਰਟੀ ਨੂੰ ਮਿਲਣ ਦੇ ਆਸਾਰ ਹਨ।
ਜਾਹਰ ਹੈ ਕਿ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੂੰ ਪਛੜ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸੇ ਲਈ ਹੁਣ ਇਸ ਨੇ ਆਪਣੇ ‘ਰਾਮ ਬਾਣ’ ਸਮਝੇ ਜਾਂਦੇ ਰਾਮ ਮੰਦਿਰ ਦਾ ਮੁੱਦਾ ਲਿਆਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇਸ ਮੁੱਦੇ ਬਾਰੇ ਵੱਟੀ ਚੁੱਪ ਸਾਫ ਦੱਸਦੀ ਹੈ ਕਿ ਉਹ ਵੀ ਹੁਣ ਆਪਣਾ ਵਿਕਾਸ ਵਾਲਾ ਰਾਗ ਤਿਆਗ ਕੇ ਇਸ ਮੁੱਦੇ ਨੂੰ ਉਭਾਰਨ ਵਿਚ ਸਹਾਈ ਹੋ ਰਹੇ ਹਨ। ਅਜਿਹੀ ਸੂਰਤ ਵਿਚ ਹੁਣ ਸਾਰਾ ਦਾਰੋਮਦਾਰ ਵਿਰੋਧੀ ਧਿਰ ਉਤੇ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਇਸ ਮੁਹਿੰਮ ਦੇ ਟਾਕਰੇ ਲਈ ਕੀ ਨੀਤੀ ਅਪਨਾਉਂਦੀ ਹੈ। ਉਂਜ, ਪਿਛਲੇ ਸਮੇਂ ਦੀਆਂ ਸਿਆਸੀ ਚਾਰਾਜੋਈਆਂ ਨੇ ਇਹ ਸਾਫ ਕਰ ਦਿੱਤਾ ਹੋਇਆ ਹੈ ਕਿ ਜੇ ਵਿਰੋਧੀ ਧਿਰ ਇਕਜੁੱਟ ਹੋ ਕੇ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਦੀ ਹੈ ਤਾਂ ਇਸ ਨੂੰ ਪਛਾੜਿਆ ਜਾ ਸਕਦਾ ਹੈ। ਵਿਰੋਧੀ ਧਿਰਾਂ ਵਿਚੋਂ ਕੁਝ ਪਾਰਟੀਆਂ, ਖਾਸ ਕਰਕੇ ਖੇਤਰੀ ਪਾਰਟੀ ਨੇ ਇਕਜੁੱਟਤਾ ਲਈ ਹੰਭਲੇ ਵੀ ਮਾਰੇ ਹਨ ਪਰ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਵਿਰੋਧੀ ਧਿਰ ਦਾ ਮਹਾਂ ਗੱਠਜੋੜ ਇਸ ਦੀ ਮਰਜ਼ੀ ਮੁਤਾਬਕ ਬਣੇ। ਖੇਤਰੀ ਪਾਰਟੀਆਂ ਚਾਹੁੰਦੀਆਂ ਹਨ ਕਿ ਸਿਆਸਤ ਦੇ ਇਸ ਮੋੜ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਆਉਣ ਵਾਲੇ ਸਮੇਂ ਵਿਚ ਭਾਰਤ ਦੀ ਸਿਆਸਤ ਕੀ ਰੁਖ ਅਖਤਿਆਰ ਕਰਦੀ ਹੈ, ਇਹ ਤਾਂ ਭਾਰਤੀ ਜਨਤਾ ਪਾਰਟੀ ਦੀ ਮੰਦਿਰ ਮੁਹਿੰਮ ਅਤੇ ਵਿਰੋਧੀ ਧਿਰ ਦੀ ਇਕਜੁੱਟਤਾ ਉਤੇ ਹੀ ਨਿਰਭਰ ਕਰੇਗਾ ਪਰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਆਪਣੀ ਫਿਰਕੂ ਸਿਆਸਤ ਇਕ ਵਾਰ ਫਿਰ ਜਾਹਰ ਕਰ ਦਿੱਤੀ ਹੈ। ਸਿਤਮਜ਼ਰੀਫੀ ਇਹ ਹੈ ਕਿ ਪੰਜਾਬ ਵਿਚ ਇਸ ਪਾਰਟੀ ਦੀ ਭਾਈਵਾਲ ਬਣੀ ਹੋਈ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਬਾਰੇ ਚੂੰ ਤੱਕ ਨਹੀਂ ਕੀਤੀ ਹੈ। ਉਂਜ ਵੀ ਇਹ ਪਾਰਟੀ ਖੁਦ ਆਪਣੇ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਹੈ ਕਿਉਂਕਿ ਪਾਰਟੀ ਦੇ ਕੁਝ ਸੀਨੀਅਰ ਲੀਡਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਹੋਇਆ ਹੈ।