ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ

ਪ੍ਰਿੰਸੀਪਲ ਗੋਪਾਲ ਸਿੰਘ
ਫੋਨ: 408-806-0286
ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਦਾਤਾ, ਦੁੱਖ ਭੰਜਨ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਦੇ ਛੇਵੇਂ ਸਤਿਗੁਰੂ ਦਾ ਪ੍ਰਕਾਸ਼ ਅੰਮ੍ਰਿਤਸਰ ਨੇੜੇ ਵਡਾਲੀ ਗੁਰੂ ਵਿਚ 19 ਜੂਨ 1595 ਵਿਚ ਗੁਰੂ ਅਰਜਨ ਦੇਵ ਅਤੇ ਮਾਤਾ ਗੰਗਾ ਜੀ ਦੇ ਘਰ ਹੋਇਆ। ਬਚਪਨ ਵਿਚ ਗੁਰਬਾਣੀ, ਤੀਰ ਤੇ ਤਲਵਾਰ ਚਲਾਉਣ ਦੀ ਸਿਖਲਾਈ ਬਾਬਾ ਬੁੱਢਾ ਜੀ ਨੇ ਦਿੱਤੀ। ਉਹ ਵਧੀਆ ਘੋੜ ਸਵਾਰ ਅਤੇ ਸ਼ਿਕਾਰ ਖੇਡਣ ਦੇ ਸ਼ੌਕੀਨ ਸਨ। ਗੁਰੂ ਅਰਜਨ ਦੇਵ ਲਾਹੌਰ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਸਿਖਿਆ ਦੇ ਗਏ ਸਨ ਕਿ ਸ਼ਸਤਰਾਂ ਤੋਂ ਬਿਨਾ ਉਨ੍ਹਾਂ ਦੇ ਸੇਵਕਾਂ ਦੀ ਰੱਖਿਆ ਸੰਭਵ ਨਹੀਂ ਹੈ। ਇਸ ਲਈ ਗੱਦੀ ‘ਤੇ ਬੈਠਣ ਸਮੇਂ ਉਹ ਸ਼ਸਤਰ ਪਹਿਨ ਕੇ ਬੈਠਣ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਵੱਡੀ ਫੌਜ ਵੀ ਤਿਆਰ ਕਰਨ।

ਗੁਰੂ ਅਰਜਨ ਦੇਵ ਦੇ ਸਮੇਂ ਤੱਕ ਸਿੱਖ ਅਮਨਪਸੰਦ ਭਾਈਚਾਰਾ ਸੀ। ਛੇਵੇਂ ਪਾਤਿਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਮਹਿਸੂਸ ਕੀਤਾ ਕਿ ਮੁਗਲ ਹੁਕਮਰਾਨਾਂ ਦੇ ਜ਼ੁਲਮਾਂ ਦਾ ਮੁਕਾਬਲਾ ਕਰਨ ਲਈ ਸਖਤ ਸਾਧਨਾ ਦੀ ਲੋੜ ਹੈ। ਇਸ ਲਈ ਉਨ੍ਹਾਂ ਨੇ ਯੋਧਿਆਂ ਵਾਲਾ ਵੇਸ ਤੇ ਜੀਵਨ ਸ਼ੈਲੀ ਅਖਤਿਆਰ ਕੀਤੀ। ਗੁਰਗੱਦੀ ‘ਤੇ ਬੈਠਣ ਸਮੇਂ ਉਨ੍ਹਾਂ ਰਵਾਇਤੀ ਚਿੰਨ੍ਹ ਤਿਆਗ ਕੇ ਦੋ ਤਲਵਾਰਾਂ ਪਹਿਨੀਆਂ: ਇਕ ਮੀਰੀ ਦੀ (ਦੁਨਿਆਵੀ ਸ਼ਕਤੀ) ਅਤੇ ਇਕ ਪੀਰੀ ਦੀ (ਭਗਤੀ ਦੀ); ਇਕ ਸਿਆਸਤ ਦੀ ਅਤੇ ਦੂਜੀ ਭਗਤੀ ਦੀ; ਇਕ ਝੂਠ ਨੂੰ ਰੋਕਣ ਲਈ ਤੇ ਦੂਸਰੀ ਸੱਚ ਪ੍ਰਚਾਰਨ ਲਈ। ਉਨ੍ਹਾਂ ਸਿੱਖਾਂ ਨੂੰ ਕਿਹਾ, “ਅੱਜ ਤੋਂ ਮੇਰੀ ਪਿਆਰੀ ਭੇਟਾ ਚੰਗਾ ਸ਼ਸਤਰ ਤੇ ਚੰਗੀ ਜਵਾਨੀ ਹਨ।”
ਗੁਰੂ ਹਰਿਗੋਬਿੰਦ ਸਾਹਿਬ ਨੇ ਬੜੀ ਸਿਆਣਪ ਨਾਲ ਅਤੇ ਸੋਚ ਸਮਝ ਕੇ ਫੈਸਲਾ ਕੀਤਾ ਕਿ ਹੁਣ ਸ਼ਾਂਤਮਈ ਢੰਗ ਨਾਲ ਕੰਮ ਨਹੀਂ ਹੋ ਸਕੇਗਾ। ਹਥਿਆਰਬੰਦ ਹੋਏ ਬਿਨਾ ਸਿੱਖ ਜਥੇਬੰਦੀਆਂ ਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਸੰਭਵ ਨਹੀਂ। ਉਨ੍ਹਾਂ ਜ਼ੁਲਮ ਦਾ ਟਾਕਰਾ ਕਰਨ ਲਈ ਮਜਬੂਤ ਸੈਨਿਕ ਸ਼ਕਤੀ ਜਥੇਬੰਦ ਕੀਤੀ। ਉਨ੍ਹਾਂ ਪੰਜ ਸੌ ਹਥਿਆਰਬੰਦਾਂ ਦੀ ਫੌਜ ਤਿਆਰ ਕੀਤੀ। ਭਾਈ ਬਿਧੀ ਚੰਦ ਜੀ, ਪੈੜਾ ਜੀ, ਧੁਮਣਾ ਜੀ, ਜੇਠਾ ਜੀ ਤੇ ਭਾਈ ਲੰਗਾਹ ਜੀ ਸੌ ਸੌ ਸਵਾਰਾਂ ਦੇ ਸਰਦਾਰ ਥਾਪੇ ਗਏ। ਗੁਰੂ ਜੀ ਨੇ 52 ਹਥਿਆਰਬੰਦ ਸਿੱਖਾਂ ਦੀ ਟੁਕੜੀ ਆਪਣੀ ਰੱਖਿਆ ਲਈ ਰੱਖੀ ਹੋਈ ਸੀ। ਅੰਮ੍ਰਿਤਸਰ ਦੀ ਸੁਰੱਖਿਆ ਲਈ ਉਨ੍ਹਾਂ 1609 ਵਿਚ ਲੋਹਗੜ੍ਹ ਦਾ ਕਿਲ੍ਹਾ ਬØਣਾਇਆ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਜੂਨ 1606 ਵਿਚ ਅਕਾਲ ਤਖਤ ਬਣਵਾਇਆ। ਇਹ ਕਾਰਜ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਮੁਕੰਮਲ ਕੀਤਾ। ਉਹ ਅਕਾਲ ਤਖਤ ਅੱਗੇ ਜਿਸਮਾਨੀ ਮੁਕਾਬਲੇ ਕਰਵਾਉਂਦੇ, ਸੰਗਤਾਂ ਤੋਂ ਘੋੜੇ ਅਤੇ ਹਥਿਆਰਾਂ ਦੇ ਤੋਹਫੇ ਲੈਂਦੇ ਤੇ ਸੰਗਤਾਂ ਵੀ ਇਥੇ ਆ ਕੇ ਹੀ ਭੇਟਾ ਕਰਦੀਆਂ। ਇਥੇ ਹੀ ਢਾਡੀ ਅਬਦੁੱਲਾ ਤੇ ਨੱਥਾ ਯੋਧਿਆਂ ਦੀਆਂ ਬੀਰ-ਰਸੀ ਵਾਰਾਂ ਗਾਉਂਦੇ। ਅੰਮ੍ਰਿਤਸਰ ਸ਼ਹਿਰ ਵਿਚ ਰੌਣਕਾਂ ਵਧਣ ਲੱਗੀਆਂ ਤੇ ਇਹ ਸ਼ਹਿਰ ਰਾਜ ਅੰਦਰ ਰਾਜ ਬਣ ਗਿਆ। ਸੂਰਬੀਰਤਾ ਦੀ ਨਵੀਂ ਤਰੰਗ ਸਾਰੇ ਪੰਜਾਬ ਵਿਚ ਨਜ਼ਰ ਆਉਣ ਲਗ ਪਈ।
ਜਹਾਂਗੀਰ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਵਧ ਰਹੇ ਪ੍ਰਭਾਵ ਤੋਂ ਘਬਰਾ ਗਿਆ। ਚੰਦੂ ਸ਼ਾਹ ਵਰਗਿਆਂ ਨੇ ਉਸ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਗੁਰੂ ਸ਼ਾਹੀ ਠਾਠ ਨਾਲ ਰਹਿੰਦਾ ਹੈ, ਸਿਰ ‘ਤੇ ਕਲਗੀ ਸਜਾਉਂਦਾ ਹੈ, ਹਥਿਆਰਬੰਦ ਦਰਬਾਰੀ ਰੱਖਦਾ ਹੈ ਅਤੇ ਸਿੱਖ ਉਸ ਨੂੰ ਸੱਚਾ ਪਾਤਿਸ਼ਾਹ ਕਹਿ ਕੇ ਬੁਲਾਉਂਦੇ ਹਨ। ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਰਾਜਨੀਤਕ ਅਪਰਾਧੀ ਦਸਿਆ ਤੇ ਹੁਕਮ ਕੀਤਾ ਕਿ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਜਾਵੇ ਤੇ ਅਜਿਹਾ ਹੀ ਕੀਤਾ ਗਿਆ। ਗਵਾਲੀਅਰ ਦੇ ਕਿਲ੍ਹੇ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਕਈ ਰਾਜੇ ਵੀ ਕੈਦ ਸਨ, ਜਿਨ੍ਹਾਂ ਦੀ ਹਾਲਤ ਬੜੀ ਤਰਸਯੋਗ ਸੀ। ਕਿਲ੍ਹੇ ਵਿਚ ਸ਼ਾਹੀ ਕੈਦੀ ਜਾਂ ਜੋ ਰਾਜਨੀਤਕ ਅਪਰਾਧੀ ਹੁੰਦੇ ਸਨ, ਉਨ੍ਹਾਂ ਨੂੰ ਕੈਦ ਕਰਕੇ ਰੱਖਿਆ ਜਾਂਦਾ ਸੀ। ਗੁਰੂ ਜੀ ਦੇ ਆਉਣ ਨਾਲ ਸਵੇਰੇ ਸ਼ਾਮ ਦਾ ਦੀਵਾਨ ਲੱਗਣਾ ਸ਼ੁਰੂ ਹੋ ਗਿਆ। ਰਾਜਿਆਂ ਨੂੰ ਆਤਮਿਕ ਅਨੰਦ ਮਿਲਣਾ ਸ਼ੁਰੂ ਹੋ ਗਿਆ। ਸਿੱਖ ਸੰਗਤਾਂ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਂਦੀਆਂ ਤੇ ਬਾਹਰੋਂ ਹੀ ਕਿਲ੍ਹੇ ਦੀਆਂ ਦੀਵਾਰਾਂ ਨੂੰ ਮੱਥਾ ਟੇਕ ਕੇ ਵਾਪਸ ਮੁੜ ਜਾਂਦੀਆਂ। ਗਵਾਲੀਅਰ ਦਾ ਕਿਲ੍ਹਾ ਇਕ ਤਰ੍ਹਾਂ ਦਾ ਧਾਰਮਿਕ ਸਥਾਨ ਬਣ ਗਿਆ। ਅਖੀਰ ਮੀਆਂ ਮੀਰ, ਬਾਦਸ਼ਾਹ ਦੀ ਬੇਗਮ ਨੂਰਜਹਾਂ ਤੇ ਵਜ਼ੀਰ ਖਾਂ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ। ਗੁਰੂ ਜੀ ਦੀ ਰਿਹਾਈ ਸੁਣ ਕੇ ਸਾਰੇ ਰਾਜੇ ਉਦਾਸ ਹੋ ਗਏ। ਉਨ੍ਹਾਂ ਦੀ ਇਹ ਹਾਲਤ ਦੇਖ ਕੇ ਗੁਰੂ ਜੀ ਨੇ ਬਾਦਸ਼ਾਹ ਅੱਗੇ ਸ਼ਰਤ ਰੱਖੀ ਕਿ ਉਹ ਕਿਲ੍ਹਾ ਤਾਂ ਛੱਡਣਗੇ ਜੇ ਰਾਜਿਆਂ ਨੂੰ ਰਿਹਾ ਕੀਤਾ ਜਾਵੇ। ਇਸ ‘ਤੇ ਬਾਦਸ਼ਾਹ ਨੇ ਹੁਕਮ ਕੀਤਾ ਕਿ ਜਿਹੜਾ-ਜਿਹੜਾ ਰਾਜਾ ਗੁਰੂ ਸਾਹਿਬ ਦਾ ਪੱਲਾ ਫੜ੍ਹ ਕੇ ਜਾ ਸਕਦਾ ਹੈ, ਚਲਾ ਜਾਵੇ। ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਪਹਿਨ ਲਿਆ ਤੇ ਇਸ ਤਰ੍ਹਾਂ 52 ਰਾਜੇ ਵੀ ਪੱਲਾ ਫੜ੍ਹ ਕੇ ਰਿਹਾ ਹੋ ਗਏ। ਇਸੇ ਕਰਕੇ ਉਨ੍ਹਾਂ ਨੂੰ ‘ਬੰਦੀ ਛੋੜ ਬਾਬਾ’ ਕਿਹਾ ਜਾਂਦਾ ਹੈ ਤੇ ਉਸ ਸਥਾਨ ‘ਤੇ ਹੁਣ ਗੁਰਦੁਆਰਾ ਸ੍ਰੀ ਦਾਤਾ ਬੰਦੀ ਛੋੜ ਸਾਹਿਬ ਹੈ।
ਗੁਰੂ ਜੀ ਦੀ ਸ਼ਰਨ ਜੋ ਵੀ ਆਉਂਦਾ, ਗੁਰੂ ਜੀ ਉਸ ਦੀ ਮਦਦ ਕਰਦੇ। ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਪੁੱਤਰੀ ਕੌਲਾਂ ਮੀਆਂ ਮੀਰ ਦੀ ਮੁਰੀਦ ਸੀ। ਬਚਪਨ ਵਿਚ ਹੀ ਉਹ ਪ੍ਰਭੂ ਭਗਤੀ ਨਾਲ ਜੁੜ ਗਈ। ਸਾਈਂ ਮੀਆਂ ਮੀਰ ਤੋਂ ਉਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਉਪਮਾ ਸੁਣੀ ਸੀ। ਉਸ ਨੇ ਸਹਿਜੇ ਸਹਿਜੇ ਗੁਰਬਾਣੀ ਕੰਠ ਕਰ ਲਈ। ਕਾਜ਼ੀ ਨੂੰ ਇਹ ਗੱਲ ਪਸੰਦ ਨਹੀਂ ਸੀ। ਉਹ ਗੁਰੂ ਜੀ ਨੂੰ ਕਾਫਰ ਸਮਝਦਾ ਸੀ। ਗੁੱਸੇ ਵਿਚ ਕਹਿਣ ਲੱਗਾ, ਤੂੰ ਕਾਫਰ ਹੈਂ ਤੇ ਕਾਫਰ ਦੀ ਤਾਰੀਫ ਕਰਦੀ ਹੈਂ। ਇਸਲਾਮ ਵਿਚ ਕਾਫਰ ਦੀ ਤਾਰੀਫ ਕਰਨ ਵਾਲੇ ਦੀ ਸਜ਼ਾ ਮੌਤ ਹੈ। ਕੌਲਾਂ ਨੂੰ ਮੌਤ ਦਾ ਫਤਵਾ ਦਿੱਤਾ ਗਿਆ। ਮੀਆਂ ਮੀਰ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਗੁਰੂ ਜੀ ਦੀ ਸ਼ਰਨ ਵਿਚ ਅੰਮ੍ਰਿਤਸਰ ਚਲੀ ਜਾਵੇ। ਉਹ ਅੰਮ੍ਰਿਤਸਰ ਗੁਰੂ ਜੀ ਦੀ ਸ਼ਰਨ ਵਿਚ ਚਲੀ ਗਈ ਤੇ ਆਪਣਾ ਸਮਾਂ ਪਰਮਾਤਮਾ ਦੀ ਬੰਦਗੀ ਵਿਚ ਗੁਜ਼ਾਰਦੀ। ਉਸ ਨੇ ਆਪਣੇ ਗਹਿਣੇ ਤੇ ਨਗਦੀ ਗੁਰੂ ਜੀ ਨੂੰ ਧਾਰਮਿਕ ਕਾਰਜਾਂ ਲਈ ਦੇ ਦਿੱਤੇ। ਗੁਰੂ ਜੀ ਨੇ ਉਸ ਧਨ ਨਾਲ ਕੌਲਸਰ ਸਰੋਵਰ ਬਣਾਇਆ। ਇਹ ਪਹਿਲੀ ਰਾਜਸੀ ਸ਼ਰਨ ਸੀ ਜੋ ਗੁਰੂ ਜੀ ਨੇ ਦਿੱਤੀ।
ਗੁਰੂ ਹਰਿਗੋਬਿੰਦ ਸਾਹਿਬ ਨੇ ਲੋਹਗੜ੍ਹ, ਸ੍ਰੀ ਅਕਾਲ ਤਖਤ ਸਾਹਿਬ, ਡੇਹਰਾ ਸਾਹਿਬ ਲਾਹੌਰ, ਕੀਰਤਪੁਰ ਮਹਿਰਾਜ, ਕੌਲਸਰ, ਬਿਬੇਕਸਰ ਤੇ ਗੁਰੂਸਰ ਆਦਿ ਸਥਾਨ ਬਣਾਏ। ਉਨ੍ਹਾਂ ਮਨੁੱਖਤਾ ਦੀ ਆਜ਼ਾਦੀ ਅਤੇ ਸਵੈਮਾਣ ਲਈ ਜਬਰ ਤੇ ਜ਼ੁਲਮ ਵਿਰੁਧ ਚਾਰ ਯੁੱਧ ਲੜੇ।
ਜਹਾਂਗੀਰ ਦੀ ਮੌਤ ਪਿਛੋਂ ਫਰਵਰੀ 1628 ਵਿਚ ਸ਼ਾਹ ਜਹਾਨ ਦਿੱਲੀ ਦੇ ਤਖਤ ‘ਤੇ ਬੈਠਾ। ਇਕ ਵਾਰ ਸ਼ਾਹ ਜਹਾਨ ਅੰਮ੍ਰਿਤਸਰ ਨੇੜੇ ਸ਼ਿਕਾਰ ਖੇਡ ਰਿਹਾ ਸੀ ਕਿ ਉਸ ਦਾ ਬਾਜ ਸਿੱਖਾਂ ਦੇ ਹੱਥ ਲੱਗ ਗਿਆ। ਬਾਦਸ਼ਾਹ ਨੇ ਸਿੱਖਾਂ ਕੋਲ ਬਾਜ ਵਾਪਸ ਕਰਨ ਲਈ ਆਪਣੇ ਬੰਦੇ ਭੇਜੇ ਪਰ ਸਿੱਖਾਂ ਨੇ ਨਾਂਹ ਕਰ ਦਿੱਤੀ। ਸ਼ਾਹ ਜਹਾਨ ਬਹੁਤ ਨਿਰਾਸ਼ ਹੋਇਆ ਤੇ ਲਾਹੌਰ ਦੇ ਫੌਜਦਾਰ ਮੁਖਲਿਸ ਖਾਂ ਨੂੰ 7000 ਫੌਜ ਦੇ ਕੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ। ਮੁਖਲਿਸ ਖਾਂ ਜੰਗ ਵਿਚ ਮਾਰਿਆ ਗਿਆ ਤੇ ਸ਼ਾਹੀ ਫੌਜ ਲਾਹੌਰ ਵੱਲ ਭੱਜ ਗਈ। ਇਹ ਲੜਾਈ 1631 ਵਿਚ ਹੋਈ। ਲੜਾਈ ਤੋਂ ਕੁਝ ਦੇਰ ਬਾਅਦ ਗੁਰੂ ਜੀ ਨੇ ਅੰਮ੍ਰਿਤਸਰ ਛੱਡਣ ਵਿਚ ਸਿਆਣਪ ਸਮਝੀ ਅਤੇ ਕਦੇ ਵਾਪਸ ਨਹੀਂ ਆਏ। ਉਹ ਆਦਿ ਗ੍ਰੰਥ ਪਹਿਲੀ ਵਾਰ ਆਪਣੇ ਨਾਲ ਲੈ ਗਏ ਤੇ ਪਰਿਵਾਰ ਸਮੇਤ ਕਰਤਾਰਪੁਰ ਚਲੇ ਗਏ।
ਗੁਰੂ ਸਾਹਿਬ ਜਦੋਂ ਕਰਤਾਰਪੁਰ ਸਨ ਤਾਂ ਇਕ ਦਿਨ ਸ਼ਿਕਾਰ ਖੇਡਦੇ ਬਿਆਸ ਦਰਿਆ ਦੇ ਕੰਢੇ ਰਮਣੀਕ ਸਥਾਨਕ ਪੁਰਾਤਨ ਪਿੰਡ ਰੁਹੇਲਾ ਪਹੁੰਚੇ। ਗੁਰੂ ਜੀ ਨੇ ਇਸ ਸਥਾਨ ‘ਤੇ ਹਰਗੋਬਿੰਦਪੁਰ ਨਗਰ ਵਸਾਉਣਾ ਚਾਹਿਆ। ਪਿੰਡ ਦੇ ਵਸਨੀਕ ਖੁਸ਼ ਸਨ ਪਰ ਮੁਖੀਆ ਭਗਵਾਨ ਦਾਸ ਘੇਰੜ ਖੁਸ਼ ਨਹੀਂ ਸੀ। ਉਸ ਨੇ ਗੁਰੂ ਜੀ ਦੀ ਸ਼ਾਨ ਵਿਚ ਕੁਝ ਅਪਮਾਨਜਨਕ ਸ਼ਬਦ ਕਹੇ। ਸਿੱਖਾਂ ਨੇ ਬਰਦਾਸ਼ਤ ਨਾ ਕੀਤਾ ਤੇ ਭਗਵਾਨ ਦਾਸ ਨੂੰ ਮਾਰ ਕੇ ਦਰਿਆ ਵਿਚ ਸੁੱਟ ਦਿੱਤਾ।
ਭਗਵਾਨ ਦਾਸ ਦੇ ਪੁੱਤਰ ਰਤਨ ਚੰਦ ਨੇ ਜਲੰਧਰ ਦੇ ਸੂਬੇਦਾਰ ਅਬਦੁੱਲਾ ਖਾਂ ਨਾਲ ਗੁਰੂ ਜੀ ਨੂੰ ਜ਼ਿੰਦਾ ਫੜ੍ਹਨ ਅਤੇ ਮਾਰਨ ਦੀ ਸਾਜ਼ਿਸ਼ ਕੀਤੀ। ਅਬਦੁੱਲਾ ਖਾਂ ਨੇ ਚਾਰ ਹਜ਼ਾਰ ਸ਼ਾਹੀ ਫੌਜੀ ਲੈ ਕੇ ਗੁਰੂ ਜੀ ‘ਤੇ ਹਮਲਾ ਕਰ ਦਿੱਤਾ। ਘਮਸਾਣ ਦੀ ਲੜਾਈ ਹੋਈ। ਭਾਈ ਬਿਧੀ ਚੰਦ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਮੁਗਲ ਫੌਜਾਂ ਨੂੰ ਭਾਜੜਾਂ ਪੈ ਗਈਆਂ। ਸੂਬੇਦਾਰ ਅਬਦੁੱਲਾ ਖਾਂ, ਉਸ ਦੇ ਦੋ ਪੁੱਤਰ ਤੇ ਪੈਰੋਕਾਰ ਮਾਰੇ ਗਏ। ਮੁਗਲ ਫੌਜਾਂ ਮੈਦਾਨ ਛੱਡ ਕੇ ਭੱਜ ਗਈਆਂ ਤੇ ਜਿੱਤ ਗੁਰੂ ਸਾਹਿਬ ਦੀ ਹੋਈ। ਇਹ ਸਤੰਬਰ 1630 ਦੀ ਗੱਲ ਹੈ।
ਕਾਬਲ ਤੋਂ ਦੋ ਮਸੰਦ-ਬਖਤ ਮੱਲ ਤੇ ਤਾਰਾ ਚੰਦ ਗੁਰੂ ਜੀ ਲਈ ਵਧੀਆ ਨਸਲ ਦੇ ਦੋ ਘੋੜੇ-ਦਿਲਬਾਗ ਤੇ ਗੁਲਬਾਗ ਤੋਹਫੇ ਵਜੋਂ ਲਿਆਏ। ਇਹ ਘੋੜੇ ਬੜੇ ਦੁਰਲੱਭ ਤੇ ਫੁਰਤੀਲੇ ਸਨ। ਮੁਗਲਾਂ ਨੇ ਘੋੜੇ ਮਸੰਦਾਂ ਤੋਂ ਖੋਹ ਕੇ ਲਾਹੌਰ ਸ਼ਾਹੀ ਅਸਤਬਲ ਵਿਚ ਭੇਜ ਦਿੱਤੇ। ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਆਪਣੇ ਪਾਸ ਬੁਲਾਇਆ ਅਤੇ ਲਾਹੌਰੋਂ ਘੋੜੇ ਵਾਪਸ ਲਿਆਉਣ ਲਈ ਤੋਰ ਦਿਤਾ। ਭਾਈ ਬਿਧੀ ਚੰਦ ਦੋਵੇਂ ਘੋੜੇ ਲਾਹੌਰ ਦੇ ਅਸਤਬਲ ਵਿਚੋਂ ਲਿਜਾਣ ਵਿਚ ਸਫਲ ਹੋ ਗਿਆ। ਸੂਬੇਦਾਰ ਨੇ ਘੋੜਿਆਂ ਦੀ ਸੂਹ ਮਿਲਣ ‘ਤੇ ਲੱਲਾ ਬੇਗ ਤੇ ਕਮਰ ਬੇਗ ਨੂੰ ਦਸ ਹਜ਼ਾਰ ਫੌਜ ਦੇ ਕੇ ਗੁਰੂ ਜੀ ਪਾਸੋਂ ਘੋੜੇ ਵਾਪਸ ਲਿਆਉਣ ਲਈ ਭੇਜ ਦਿੱਤਾ। ਸ਼ਾਹੀ ਫੌਜ ਦੇ ਆਉਣ ਬਾਰੇ ਪਤਾ ਲੱਗਣ ‘ਤੇ ਗੁਰੂ ਜੀ ਨੇ ਪਿੰਡ ਨਿਥਾਣੇ ਨੇੜੇ ਪਾਣੀ ਦੀ ਢਾਬ ਕੋਲ ਮੋਰਚੇ ਲਾ ਲਏ। ਦੋਵੇਂ ਪਾਸੇ ਬਹੁਤ ਨੁਕਸਾਨ ਹੋਇਆ। ਲੱਲਾ ਬੇਗ ਤੇ ਕਮਰ ਬੇਗ ਜੰਗ ਵਿਚ ਮਾਰੇ ਗਏ ਤੇ ਸ਼ਾਹੀ ਫੌਜ ਲਾਹੌਰ ਵੱਲ ਭੱਜ ਗਈ।
ਕੁਝ ਸਮਾਂ ਸ਼ਾਂਤੀ ਨਾਲ ਬੀਤਿਆ। ਤਿੰਨ ਸਾਲ ਬਾਅਦ ਸਿੱਖਾਂ ਤੇ ਮੁਗਲ ਫੌਜਾਂ ਵਿਚਕਾਰ ਫਿਰ ਲੜਾਈ ਸ਼ੁਰੂ ਹੋ ਗਈ। ਇਹ ਲੜਾਈ ਗੁਰੂ ਘਰ ਦੇ ਧੋਖੇਬਾਜ਼ ਪੈਂਦੇ ਖਾਂ ਕਾਰਨ ਹੋਈ। ਪੈਂਦੇ ਖਾਂ ਬਹੁਤ ਲੰਮਾ, ਸੁਹਣਾ ਤੇ ਸਕਤੀਸ਼ਾਲੀ ਸੈਨਿਕ ਸੀ। ਉਸ ਦਾ ਗੁਰੂ ਜੀ ਨਾਲ ਝਗੜਾ ਸ਼ਾਹੀ ਬਾਜ਼ ਕਾਰਨ ਹੋਇਆ। ਗੁਰੂ ਜੀ ਨੇ ਉਸ ਦੀਆਂ ਸੇਵਾਵਾਂ ਖਤਮ ਕਰ ਕੇ ਦਰਬਾਰ ਵਿਚੋਂ ਕੱਢ ਦਿੱਤਾ। ਉਹ ਸ਼ਾਹੀ ਫੌਜ ਵਿਚ ਭਰਤੀ ਹੋ ਗਿਆ। ਪੈਂਦੇ ਖਾਂ ਨੇ ਬਾਦਸ਼ਾਹ ਨੂੰ ਭੜਕਾਇਆ। ਬਾਦਸ਼ਾਹ ਨੇ ਬਹੁਤ ਵੱਡੀ ਮੁਹਿੰਮ ਪੈਂਦੇ ਖਾਂ ਤੇ ਕਾਲੇ ਖਾਂ ਦੀ ਕਮਾਂਡ ਹੇਠ ਗੁਰੂ ਜੀ ਵਿਰੁਧ ਕਰਤਾਰਪੁਰ ਭੇਜੀ। ਪੈਂਦੇ ਖਾਂ ਤੇ ਕਾਲੇ ਖਾਂ ਨੇ ਕਰਤਾਰਪੁਰ ਨੂੰ ਘੇਰ ਲਿਆ। ਭਾਈ ਬਿਧੀ ਚੰਦ ਤੇ ਭਾਈ ਗੁਰਦਿੱਤਾ ਨੇ ਮੁਗਲ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ। ਜੰਗ ਬੜੀ ਭਿਆਨਕ ਤੇ ਖੁੱਲ੍ਹੀ ਸੀ। ਪੈਂਦੇ ਖਾਂ ਤੇ ਕਾਲੇ ਖਾਂ ਗੁਰੂ ਜੀ ਹੱਥੋਂ ਮਾਰੇ ਗਏ। ਸ਼ਾਹੀ ਫੌਜ ਜਿਧਰੋਂ ਆਈ ਸੀ, ਹਾਰ ਕੇ ਉਧਰ ਭੱਜ ਗਈ। ਇਸ ਤਰ੍ਹਾਂ ਮੁਗਲ ਕੋਈ ਵੀ ਫੈਸਲਾਕੁਨ ਜਿੱਤ ਪ੍ਰਾਪਤ ਨਹੀਂ ਕਰ ਸਕੇ।
ਗੁਰੂ ਹਰਿਗੋਬਿੰਦ ਸਾਹਿਬ ਇਨ੍ਹਾਂ ਲੜਾਈਆਂ ਕਾਰਨ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵੱਲ ਵਧੇਰੇ ਧਿਆਨ ਨਾ ਦੇ ਸਕੇ। ਉਨ੍ਹਾਂ ਆਪਣੇ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਸ਼ਾਂਤਮਈ ਸਥਾਨ ‘ਤੇ ਜਾਣਾ ਠੀਕ ਸਮਝਿਆ। ਕਹਿਲੂਰ ਦਾ ਰਾਜਾ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਗੁਰੂ ਜੀ ਨੂੰ ਚੋਖੀ ਜਮੀਨ ਦੇ ਦਿੱਤੀ। ਇਸ ਸਥਾਨ ‘ਤੇ ਉਨ੍ਹਾਂ ਕੀਰਤਪੁਰ ਸਾਹਿਬ ਵਸਾਇਆ। ਉਨ੍ਹਾਂ ਦੇ ਪੁੱਤਰ ਭਾਈ ਗੁਰਦਿੱਤਾ ਦਾ ਇਹ ਨਗਰ ਵਸਾਉਣ ਵਿਚ ਬਹੁਤ ਯੋਗਦਾਨ ਹੈ। ਉਨ੍ਹਾਂ ਨੇ ਜੰਗੀ ਨੀਤੀ ਤਿਆਗ ਕੇ ਸਿੱਖੀ ਪ੍ਰਚਾਰ ਵੱਲ ਵਿਸ਼ੇਸ਼ ਧਿਆਨ ਦਿੱਤਾ। ਉਨ੍ਹਾਂ ਨੇ 1636 ਵਿਚ ਬਾਬਾ ਗੁਰਦਿੱਤਾ ਨੂੰ ਵੱਖ ਵੱਖ ਇਲਾਕਿਆਂ ਵਿਚ ਸਿੱਖੀ ਦਾ ਪ੍ਰਚਾਰ ਕਰਨ ਲਈ ਫੂਲ, ਅਲਮਸਤ, ਗੋਂਦਾ ਤੇ ਬਲੂ ਹਸਨ ਪ੍ਰਚਾਰਕ ਨਿਯੁਕਤ ਕੀਤੇ।
ਗੁਰੂ ਹਰਿਗੋਬਿੰਦ ਸਾਹਿਬ ਦੇ ਤਿੰਨ ਮਹਿਲ-ਨਾਨਕੀ ਜੀ, ਦਮੋਦਰੀ ਜੀ ਤੇ ਮਹਾਂਦੇਵੀ ਜੀ ਅਤੇ ਛੇ ਬੱਚੇ-ਬਾਬਾ ਗੁਰਦਿੱਤਾ, ਅਣੀ ਰਾਏ, ਬਾਬਾ ਅਟੱਲ, ਸੂਰਜ ਮੱਲ, ਤੇਗ ਬਹਾਦਰ ਅਤੇ ਬੀਬੀ ਵੀਰੋ ਸਨ। ਪਹਿਲੇ ਤਿੰਨ ਸਰੀਰ ਤਿਆਗ ਚੁਕੇ ਸਨ। ਇਸ ਲਈ ਉਨ੍ਹਾਂ ਨੇ ਬਾਬਾ ਗੁਰਦਿੱਤਾ ਦੇ ਛੋਟੇ ਪੁੱਤਰ ਸ੍ਰੀ ਹਰਿਰਾਏ ਜੀ ਨੂੰ ਗੁਰਗੱਦੀ ਸੌਂਪੀ ਅਤੇ 3 ਮਾਰਚ 1644 ਨੂੰ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ।
ਗੁਰੂ ਹਰਿਗੋਬਿੰਦ ਸਾਹਿਬ ਸੂਰਬੀਰਤਾ, ਧੀਰਜ, ਸਹਿਨਸ਼ੀਲਤਾ, ਨਿਡਰਤਾ ਤੇ ਸ਼ਰਨ ਆਏ ਦੀ ਮਦਦ ਕਰਨਾ ਆਦਿ ਗੁਣਾਂ ਦੀ ਖਾਣ ਸਨ। ਹਰ ਸੈਨਿਕ ਕਰਤੱਵ, ਪ੍ਰਬੰਧ ਤੇ ਨਿਆਸ਼ੀਲਤਾ ਵਿਚ ਪ੍ਰਬੀਨ ਸਨ। ਉਨ੍ਹਾਂ ਦਾ ਪਹਿਰਾਵਾ ਬਾਦਸ਼ਾਹਾਂ ਵਰਗਾ ਤੇ ਰਹਿਣੀ ਫਕੀਰਾਂ ਵਰਗੀ ਸੀ। ਉਹ ਕਰਾਮਾਤਾਂ ਦਿਖਾਉਣ ਦੇ ਖਿਲਾਫ ਸਨ।