‘ਮਾਣੋ ਬਿੱਲੀ ਆਈ ਆ’ ਵਾਲਾ ਬਾਲ ਗਾਇਕ ਕਮਲਜੀਤ ਨੀਲੋਂ

ਦਰਸ਼ਨ ਸਿੰਘ ‘ਆਸ਼ਟ’ (ਡਾæ)
ਫੋਨ: 91-98144-23703
ਸਾਹਿਤ ਅਕਾਦਮੀ ਦਿੱਲੀ ਵੱਲੋਂ ਇਸ ਵਾਰ ਪੰਜਾਬੀ ਭਾਸ਼ਾ ਲਈ ਬਾਲ ਸਾਹਿਤ ਪੁਰਸਕਾਰ ਜਾਣੇ-ਪਛਾਣੇ ਗਾਇਕ ਅਤੇ ਲੇਖਕ ਕਮਲਜੀਤ ਨੀਲੋਂ ਨੂੰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਪੁਰਸਕਾਰ ਕ੍ਰਮਵਾਰ ਜਸਬੀਰ ਭੁੱਲਰ, ਇਨ੍ਹਾਂ ਸਤਰਾਂ ਦੇ ਲੇਖਕ ਅਤੇ ਮਨਮੋਹਨ ਸਿੰਘ ਦਾਊਂ ਨੂੰ ਮਿਲ ਚੁੱਕਾ ਹੈ। ਇਸ ਪੁਰਸਕਾਰ ਵਿਚ 50 ਹਜ਼ਾਰ ਰੁਪਏ, ਮੈਡਲ, ਸ਼ਾਲ ਅਤੇ ਸਨਮਾਨ ਚਿੰਨ੍ਹ ਸ਼ਾਮਲ ਹੈ।
ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਪੈਂਦੇ ਨਿਕੇ ਜਿਹੇ ਪਿੰਡ ਨੀਲੋਂ ਵਿਚ 24 ਦਸੰਬਰ 1959 ਨੂੰ ਪ੍ਰਸਿੱਧ ਪੰਜਾਬੀ ਸ਼ਾਇਰ ਕੁਲਵੰਤ ਨੀਲੋਂ ਅਤੇ ਮਾਤਾ ਨਛੱਤਰ ਕੌਰ ਦੇ ਘਰ ਜਨਮੇ ਨੀਲੋਂ ਨੂੰ ਸਾਹਿਤਕ ਗੁੜ੍ਹਤੀ ਵਿਰਸੇ ਵਿਚ ਹੀ ਪ੍ਰਾਪਤ ਹੋਈ ਹੈ। ਉਸ ਦੀ ਬਾਲ ਪ੍ਰਤਿਭਾ ਨੂੰ ਮੁੱਖ ਰੱਖ ਕੇ ਨੀਲੋਂ ਪਿੰਡ ਦੇ ਪ੍ਰਾਇਮਰੀ ਸਕੂਲ ਇੰਚਾਰਜ ਅਧਿਆਪਕ ਨੇ ਉਸ ਨੂੰ ਹਰ ਸਨਿਚਰਵਾਰ ਨੂੰ ਲੱਗਣ ਵਾਲੀ ਬਾਲ ਸਭਾ ਦਾ ਸਕੱਤਰ ਬਣਾਇਆ ਹੋਇਆ ਸੀ। ਪਿਤਾ ਕੁਲਵੰਤ ਨੀਲੋਂ ਕਈ ਵਾਰੀ ਉਸ ਨੂੰ ਆਪਣੇ ਨਾਲ ਸਮਾਗਮਾਂ ਅਤੇ ਮੁਸ਼ਾਇਰਿਆਂ ‘ਤੇ ਨਾਲ ਲੈ ਜਾਂਦੇ ਸਨ। ਸਰਕਾਰੀ ਸਕੂਲ ਘੁਲਾਲ, ਮਾਲਵਾ ਕਾਲਜ ਬੌਂਦਲੀ ਅਤੇ ਈਵਨਿੰਗ ਕਾਲਜ ਲੁਧਿਆਣਾ ਤੋਂ ਸਿੱਖਿਆ ਪ੍ਰਾਪਤ ਕਰਕੇ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮæਏæ ਪੰਜਾਬੀ ਕੀਤੀ। ਟੈਲੀਫੋਨ ਵਿਭਾਗ ਵਿਚ ਕਲਰਕ ਦੀ ਨੌਕਰੀ ਵੀ ਮਿਲ ਗਈ। ਘਰੇਲੂ ਅਤੇ ਦਫ਼ਤਰੀ ਰੁਝੇਵਿਆਂ ਦੇ ਬਾਵਜੂਦ ਉਸ ਨੇ ਆਪਣੇ ਅੰਦਰਲੇ ਬਾਲ ਗਾਇਕ ਨੂੰ ਮਰਨ ਨਾ ਦਿੱਤਾ। ਉਹ ਵੱਖ ਵੱਖ ਸਕੂਲਾਂ, ਬਾਲ ਸਾਹਿਤ ਸਮਾਗਮਾਂ, ਬਾਲ ਦਰਬਾਰਾਂ ਵਿਚ ਜਾ ਕੇ ਆਪਣੀ ਸਿਰਜਣਾਤਮਕ ਅਤੇ ਗਾਇਨ ਕਲਾ ਦਾ ਪ੍ਰਦਰਸ਼ਨ ਕਰਦਾ ਰਿਹਾ।
ਕਮਲਜੀਤ ਨੀਲੋਂ ਨੇ ਬੱਚਿਆਂ ਲਈ ਜਿੱਥੇ ਪੁਸਤਕਾਂ ਲਿਖੀਆਂ ਉਥੇ ਸੰਗੀਤ ਸੰਸਾਰ ਵਿਚ ਪ੍ਰਵੇਸ਼ ਕਰਕੇ ਪਹਿਲਾ ਪੰਜਾਬੀ ਗਾਇਕ ਬਣਿਆ ਜਿਸ ਨੇ ਪੰਜਾਬੀ ਵਿਚ ਨਿਰੋਲ ਬੱਚਿਆਂ ਦੇ ਗੀਤ ਗਾਏ। ਜਦੋਂ 1986 ਵਿਚ ਜਲੰਧਰ ਦੂਰਦਰਸ਼ਨ ਦੇ ਪ੍ਰਸਿੱਧ ਪ੍ਰੋਗਰਾਮ ‘ਕੱਚ ਦੀਆਂ ਮੁੰਦਰਾਂ’ ਵਿਚ ਨੀਲੋਂ ਨੂੰ ਪਹਿਲੀ ਵਾਰੀ ਗਾਉਣ ਲਈ ਸੱਦਾ ਆਇਆ ਤਾਂ ਇਸ ਪ੍ਰੋਗਰਾਮ ਵਿਚ ਉਸ ਨੇ ਆਪਣਾ ਲਿਖਿਆ ਗੀਤ ‘ਸੌਂ ਜਾ ਬੱਬੂਆ ਮਾਣੋ ਬਿੱਲੀ ਆਈ ਐ’ ਗਾਇਆ ਜੋ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਚੜ੍ਹ ਗਿਆ। ਇਸ ਗੀਤ ਵਿਚ ਇਕ ਬਾਲੜੀ ਦੇ ਆਪਣੇ ਨੰਨ੍ਹੇ ਮੁੰਨੇ ਵੀਰੇ ਨੂੰ ਸੁਆਉਣ ਲਈ ਤੋਤਲੇ ਬੋਲ ਸੁਣ ਕੇ ਸ੍ਰੋਤੇ ਹੈਰਾਨ ਹੋ ਗਏ। ਉਦੋਂ ਤੋਂ ਲੈ ਕੇ ਹੁਣ ਤੱਕ ਨੀਲੋਂ ਦੀ ਗੀਤਕਾਰੀ ਤੇ ਗਾਇਕੀ ਦਾ ਸਫ਼ਰ ਜਾਰੀ ਹੈ। ਹੁਣ ਤੱਕ ਉਸ ਦੀਆਂ ਬੱਚਿਆਂ ਲਈ ਜਿਹੜੀਆਂ ਆਡੀਓ-ਕੈਸਿਟਾਂ ਅਤੇ ਸੀਡੀਆਂæ ਆ ਚੁੱਕੀਆਂ ਹਨ, ਉਨ੍ਹਾਂ ਵਿਚ ‘ਸੌਂ ਜਾ ਬੱਬੂਆ’, ‘ਹਾਥੀ ਨਾਨਕਿਆਂ ਨੂੰ ਚੱਲਿਆ’, ‘ਮਤਾਸ਼ਾ ਦੇਖਿਆ’, ‘ਆਕਾ ਬਾਕਾ ਚਿੜੀ ਚੜਾਕਾ’, ‘ਬਚਪਨ ਦੇ ਦਿਨ’ (ਧੀਆਂ ਮੋਰਨੀਆਂ) ਅਤੇ ‘ਰਿਸ਼ਤਾ ਨ੍ਹੀਂ ਮਾਂ ਵਰਗਾ’ ਆਦਿ ਅਹਿਮ ਹਨ। ਇਨ੍ਹਾਂ ਨੂੰ ਸੰਗੀਤ ਚਰਨਜੀਤ ਆਹੂਜਾ, ਗੁਲਸ਼ਨ ਕੁਮਾਰ, ਵਰਿੰਦਰ ਬੱਚਨ ਅਤੇ ਅਤੁਲ ਸ਼ਰਮਾ ਜਿਹੇ ਹੰਢੇ ਹੋਏ ਸੰਗੀਤਕਾਰਾਂ ਨੇ ਦਿੱਤਾ ਹੈ। ਉਸ ਦੇ ‘ਜਨਮ ਦਿਨ’, ‘ਰੇਲ ਗੱਡੀ’, ‘ਨਿੱਕੇ ਨਿੱਕੇ ਬੱਚਿਓ’, ‘ਜਾਗ ਬੱਬੂਆ’, ‘ਦਾਦੀ ਮਾਂ ਤੇਰੇ ਦੰਦ ਕੌਣ ਲੈ ਗਿਆ’, ‘ਮਾਪੇ’ ਅਤੇ ‘ਦਾਦੀ ਮਾਂ ਮੈਨੂੰ ਸੁਪਨਾ ਆਇਆ’ ਆਦਿ ਗੀਤਾਂ ਨੇ ਵੱਡੀ ਗਿਣਤੀ ਵਿਚ ਪੰਜਾਬੀ ਬੱਚਿਆਂ ਨੂੰ ਦੇਸ਼-ਵਿਦੇਸ਼ ਵਿਚ ਮੋਹਿਆ ਹੈ। ਪਿਛਲੇ ਕੁਝ ਅਰਸੇ ਤੋਂ ਉਹ ਧੀਆਂ ਧਿਆਣੀਆਂ ਨੂੰ ਲੜਕਿਆਂ ਵਾਂਗ ਪਿਆਰ-ਮੁਹੱਬਤ ਦੇਣ ਲਈ ਜਜ਼ਬਾਤੀ ਗੀਤ ਸਿਰਜ ਕੇ ਹਾਅ ਦਾ ਨਾਅਰਾ ਮਾਰ ਰਿਹਾ ਹੈ। ਨੰਨੀਆਂ-ਮੁੰਨੀਆਂ ਪ੍ਰਤੀ ਸਮਾਜ ਦਾ ਨਾਕਾਰਾਤਮਕ ਦ੍ਰਿਸ਼ਟੀਕੋਣ ਉਸ ਲਈ ਪ੍ਰੇਸ਼ਾਨੀ ਤੇ ਉਦਾਸੀ ਦਾ ਕਾਰਨ ਵੀ ਬਣਦਾ ਹੈ। ਉਹ ਆਪਣੇ ਗੀਤਾਂ ਵਿਚ ਬਾਲੜੀਆਂ ਨੂੰ ਕਦੇ ਚਿੜੀਆਂ ਅਤੇ ਕਦੇ ਕੋਮਲ ਕਲੀਆਂ ਨਾਲ ਉਪਮਾ ਦਿੰਦਾ ਹੈ। ਆਪਣੇ ਗੀਤਾਂ ਵਿਚ ਲੋਹੜੀ ਦੇ ਪ੍ਰਚਲਿਤ ਗੀਤ ‘ਸੁੰਦਰ ਮੁੰਦਰੀਏ’ ਨੂੰ ਦਰਦ ਭਰੀ ਭਾਵਨਾ ਨਾਲ ਇੰਜ ਉਲੀਕਦਾ ਹੈ, “ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ? ਆਪੋ ਧਾਪੀ ਪਈ ਹੋਈ ਏ, ਕੌਣ ਭਰਦਾ ਹੁੰਗਾਰਾ ਹੋ?”
ਨੀਲੋਂ ਆਖਦਾ ਹੈ ਕਿ ਬਾਬਲ ਦੀ ਘੂਰ ਬਾਲੜੀ ਦੇ ਕੋਮਲ ਮਨ ਨੂੰ ਤਾਰ-ਤਾਰ ਕਰ ਦਿੰਦੀ ਹੈ। ਬਾਬਲ ਦੀ ਘੂਰ ਤੋਂ ਤ੍ਰਹਿੰਦੀ ਇਕ ਮਾਸੂਮ ਧੀ ਦੀ ਭਾਵਨਾ ਨੂੰ ਨੀਲੋਂ ਇਉਂ ਕਲਮਬੱਧ ਕਰਦਾ ਹੈ, ‘ਘੂਰ ਨਾ ਵੇ ਬਾਬਲਾ, ਅਸਾਂ ਬੈਠੇ ਨਾ ਰਹਿਣਾ।’ ਸਮਾਜ ਵਿਚ ਮੁੰਡੇ-ਕੁੜੀ ਵਿਚਲੇ ਅੰਤਰ ਨੂੰ ਵੀ ਕਮਲਜੀਤ ਨੀਲੋਂ ਨਾ ਕੇਵਲ ਸ਼ਾਬਦਿਕ ਜਾਮਾ ਪਹਿਨਾਉਂਦਾ ਹੈ ਸਗੋਂ ਸਟੇਜਾਂ ‘ਤੇ ਛੋਟੀ ਉਮਰ ਦੀਆਂ ਸਕੂਲੀ ਵਿਦਿਆਰਥਣਾਂ ਨੂੰ ਆਪਣੇ ਨਾਲ ਖੜ੍ਹੀਆਂ ਕਰਕੇ ਸਮੂਹਿਕ ਰੂਪ ਵਿਚ ਮਾਂ ਨੂੰ ਨਿਹੋਰਾ ਦਿੰਦਾ ਹੈ ਅਤੇ ਧੀਆਂ ਦੇ ਹਿੱਸੇ ਆਉਂਦੀਆਂ ਲੋਰੀਆਂ ਅਤੇ ਲੋਹੜੀ ਦੀ ਮੰਗ ਕਰਦਾ ਹੈ, “ਬਹੁਤੀਆਂ ਨਹੀਂ ਸੀ ਤਾਂ ਦੇ ਦਿੰਦੀ ਥੋੜ੍ਹੀਆਂ, ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ।” ‘ਚਿੜੀਆਂ ਬਾਬਲਾ ਵੇ ਚਿੜੀਆਂ, ਵਿਹੜੇ ਦੇ ਵਿਚੋਂ ਉਡ ਜਾਣੀਆਂ’ ਗੀਤ ਗਾਉਂਦੇ ਸਮੇਂ ਉਸ ਨਾਲ ਸਕੂਲਾਂ ਦੀਆਂ ਕੁੜੀਆਂ ਵੀ ਆਪ ਮੁਹਾਰੇ ਸ਼ਾਮਲ ਹੋ ਜਾਂਦੀਆਂ ਹਨ ਕਿਉਂਕਿ ਇਸ ਗੀਤ ਵਿਚ ਉਨ੍ਹਾਂ ਦੀਆਂ ਆਪਣੀਆਂ ਭਾਵਨਾਵਾਂ ਛੁਪੀਆਂ ਹੋਈਆਂ ਹਨ। ਉਹ ਭਵਿੱਖ ਵਿਚ ਕੁਝ ਨਵੀਆਂ ਬਾਲ ਪੁਸਤਕਾਂ, ਜਿਨ੍ਹਾਂ ਦੇ ਚਿੱਤਰ ਉਸ ਨੇ ਖੁਦ ਬਣਾਏ ਹਨ, ਛਪਾਉਣ ਦੀ ਵਿਉਂਤ ਰੱਖਦਾ ਹੈ।
ਕਮਲਜੀਤ ਨੀਲੋਂ ਨੂੰ ਪ੍ਰਕਾਸ਼ਕਾਂ ‘ਤੇ ਵੱਡਾ ਗਿਲਾ ਹੈ ਅਤੇ ਉਹ ਉਨ੍ਹਾਂ ਵਪਾਰਕ ਸੋਚ ਵਾਲੇ ਪ੍ਰਕਾਸ਼ਕਾਂ ਨੂੰ ਨਿਹੋਰਾ ਦਿੰਦਾ ਹੈ ਜਿਹੜੇ ਉਸ ਕੋਲੋਂ ਵੀ ਕਈ ਵਾਰੀ ਕਿਤਾਬਾਂ ਛਾਪਣ ਲਈ ਪੈਸੇ ਦੀ ਮੰਗ ਕਰਦੇ ਹਨ। ਇਸ ਸਮੇਂ ਉਸ ਕੋਲ 12-13 ਬਾਲ ਸਾਹਿਤ ਖਰੜੇ ਅਣਛਪੇ ਪਏ ਹਨ ਪਰੰਤੂ ਬਾਲ ਸਾਹਿਤ ਨੂੰ ਘਾਟੇ ਵਾਲਾ ਸੌਦਾ ਸਮਝ ਕੇ ਪ੍ਰਕਾਸ਼ਕ ਇਨ੍ਹਾਂ ਨੂੰ ਹੱਥ ਨਹੀਂ ਪਾਉਂਦੇ। ਉਂਜ ਉਸ ਦਾ ਬਾਲ ਸਾਹਿਤ ਲਾਹੌਰੋਂ ਛਪਦੇ ਪੰਜਾਬੀ ਰਸਾਲੇ ‘ਪਖੇਰੂ’ ਵਿਚ ਅਕਸਰ ਛਪਦਾ ਰਹਿੰਦਾ ਹੈ। ਬਾਲ ਰਸਾਲੇ ‘ਨਿੱਕੀਆਂ ਕਰੂੰਬਲਾਂ’ ਨੇ ਵੀ ਉਹਦੇ ਲਿਖੇ ਅਤੇ ਗਾਏ ਬਾਲ ਗੀਤਾਂ ਦਾ ਵਿਸ਼ੇਸ਼ ਅੰਕ ਕੱਢਿਆ ਸੀ।
ਕਮਲਜੀਤ ਨੂੰ ਦੇਸ਼-ਵਿਦੇਸ਼ ਵਿਚ ਅਨੇਕ ਸਨਮਾਨ ਪ੍ਰਾਪਤ ਹੋ ਚੁੱਕੇ ਹਨ ਜਿਨ੍ਹਾਂ ਵਿਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਦਿੱਤਾ ਢਾਈ ਲੱਖ ਰੁਪਏ ਦਾ ‘ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ’ ਵੀ ਸ਼ਾਮਲ ਹੈ। ਉਹ ਇਨ੍ਹੀਂ ਦਿਨੀਂ ਭਾਰਤ ਸੰਚਾਰ ਮਹਿਕਮੇ ਵਿਚ ਢੋਲੇਵਾਲ (ਲੁਧਿਆਣਾ) ਨੌਕਰੀ ਕਰ ਰਿਹਾ ਹੈ। ਭਾਵੇਂ ਲੁਧਿਆਣਾ ਸ਼ਹਿਰ ਵਿਚ ਨੌਕਰੀ ਕਰਦਿਆਂ ਉਸ ਨੂੰ ਵਰ੍ਹੇ ਹੋ ਗਏ ਹਨ ਪਰ ਸ਼ਹਿਰੀ ਚਕਾਚੌਂਧ ਕਾਰਨ ਉਸ ਨੇ ਆਪਣੇ ਪਿੰਡ ਨੀਲੋਂ ਨੂੰ ਅਲਵਿਦਾ ਨਹੀਂ ਆਖੀ ਤੇ ਰੋਜ਼ ਸਵੇਰ ਸ਼ਾਮ ਆਉਣ ਜਾਣ ਦਾ ਸਫ਼ਰ ਜਾਰੀ ਹੈ। ਉਹ ਆਪਣੇ ਪਿੰਡ ਹੀ ਆਪਣੀ ਮਾਤਾ, ਪਤਨੀ ਪਰਮਜੀਤ ਕੌਰ, ਬੇਟੀ ਮਹਿਕਪ੍ਰੀਤ ਤੇ ਬੇਟੇ ਕੰਵਰਕੁਲਜੋਤ ਸਿੰਘ ਨਾਲ ਰਹਿ ਰਿਹਾ ਹੈ। ਉਹ ਚਾਹੁੰਦਾ ਹੈ ਕਿ ਪੰਜਾਬੀ ਦੀ ਬਾਲ ਗਾਇਕੀ ਦੇਸ਼ ਵਿਦੇਸ਼ ਵਿਚ ਹੋਰ ਪ੍ਰਫੁੱਲਤ ਹੋਵੇ। ਸ਼ਾਲਾ! ਬੱਚਿਆਂ ਦੇ ਇਸ ‘ਮਾਣੋ ਬਿੱਲੀ ਅੰਕਲ’ ਦਾ ਸੁਪਨਾ ਸਾਕਾਰ ਹੋਵੇ।

Be the first to comment

Leave a Reply

Your email address will not be published.