ਮਾਈਆਂ ਕਿਥੋਂ ਆਈਆਂ?

ਬਲਜੀਤ ਬਾਸੀ
ਹਰਕੇਸ਼ ਸਿੰਘ ਕਹਿਲ ਚੰਦ ਉਨ੍ਹਾਂ ਵਿਦਵਾਨਾਂ ਵਿਚੋਂ ਹਨ ਜੋ ਆਪਣੇ ਬਲਬੂਤੇ ਪੰਜਾਬੀ ਸਭਿਆਚਾਰ ਤੇ ਠੋਸ ਕੰਮ ਕਰ ਰਹੇ ਹਨ। ‘ਅਲੋਪ ਹੋ ਰਿਹਾ ਵਿਰਸਾ’ ਉਨ੍ਹਾਂ ਦੀ ਇਨਸਾਇਕਲੋਪੀਡਕ ਪੱਧਰ ਦੀ ਪੁਸਤਕ ਹੈ ਜਿਸ ਵਿਚ ਉਨ੍ਹਾਂ ਪੰਜਾਬੀ ਸਭਿਆਚਾਰ ਦੇ ਤੇਜ਼ੀ ਨਾਲ ਗੁਆਚ ਰਹੇ ਪੱਖਾਂ ‘ਤੇ ਭਰਪੂਰ ਚਾਨਣਾ ਪਾਇਆ ਹੈ। ‘ਇੰਡੋ-ਕੈਨੇਡੀਅਨ ਟਾਇਮਜ਼’ ਵਿਚ ਹਰ ਵਰ ਇਸ ਪੁਸਤਕ ਵਿਚੋਂ ਕੁਝ ਇੰਦਰਾਜਾਂ ਦਾ ਪ੍ਰਕਾਸ਼ਨ ਹੁੰਦਾ ਹੈ। 31 ਜੁਲਾਈ ਦੇ ਅੰਕ ਵਿਚ ਪੰਜਾਬੀ ਵਿਆਹ ਦੀ ਇਕ ਰਸਮ ‘ਮਾਈਆਂ’ ਦੀ ਚਰਚਾ ਹੋਈ ਹੈ। ਇਸ ਵਿਚ ਪਹਿਲੇ ਸਮਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਵਿਆਹੇ ਜਾਣ ਵਾਲੇ ਮੁੰਡੇ-ਕੁੜੀ ਦੀ ਖੁਰਾਕ ਦਾ ਬਹੁਤ ਖਿਆਲ ਰੱਖਿਆ ਜਾਂਦਾ ਸੀ। ਪਿਛਲੇ ਦਿਨਾਂ ਵਿਚ ਦੁਧ ਘਿਉ ਤੋਂ ਹੀ ਬਣਦੇ ਪਦਾਰਥ ਉਪਲਭਧ ਸਨ ਤੇ ਇਹੀ ਤਾਕਤਵਰ ਸਮਝੇ ਜਾਂਦੇ ਸਨ। ਦੁਧ ਘਿਉ ਤੋਂ ਬਣਦੀ ਪੰਜੀਰੀ ਵਧੀਆ ਖੁਰਾਕ ਹੁੰਦੀ ਸੀ। ਸ੍ਰੀ ਕਹਿਲ ਦੇ ਸ਼ਬਦਾਂ ਵਿਚ, “ਇਸ ਤਰ੍ਹਾਂ ਮੁੰਡੇ-ਕੁੜੀ ਦੇ ਵਿਆਹ ਧਰਨ ਪਿਛੋਂ ਜੋ ਘਰ ਵਾਲੇ ਅਤੇ ਰਿਸ਼ੇਤਦਾਰ ਪੰਜੀਰੀ ਰਲਾ ਕੇ ਮੁੰਡੇ/ਕੁੜੀ ਨੂੰ ਖਾਣ ਨੂੰ ਦਿੰਦੇ ਸਨ, ਉਸ ਪੰਜੀਰੀ ਨੂੰ ਮਾਈਆਂ ਆਖਿਆ ਜਾਂਦਾ ਸੀ। ਪਹਿਲਾਂ ਮਾਈਆਂ ਮੁੰਡੇ-ਕੁੜੀ ਦੇ ਨਾਨਕੇ ਭੇਜਦੇ ਸਨ। ਫੇਰ ਭੂਆ ਭੇਜਦੀਆਂ ਸਨ। ਮਾਸੀਆਂ ਭੇਜਦੀਆਂ ਸਨ। ਘਰ ਵਾਲੇ ਦੀ ਪੰਜੀਰੀ ਤਾਂ ਹੁੰਦੀ ਹੀ ਸੀ। ਜਿਸ ਦਿਨ ਮੁੰਡੇ-ਕੁੜੀ ਦਾ ਵਿਆਹ ਨੀਅਤ ਕੀਤਾ ਜਾਂਦਾ ਸੀ, ਉਸੇ ਦਿਨ ਤੋਂ ਮੁੰਡੇ-ਕੁੜੀ ਨੂੰ ਮਾਈਏਂ ਪਿਆ ਕਿਹਾ ਜਾਂਦਾ ਸੀ।”
ਮੇਰੇ ਲਈ ਇਹ ਨਵੇਂ ਗਿਆਨ ਵਾਲੀ ਗੱਲ ਸੀ ਕਿ ਇਸ ਪੰਜੀਰੀ ਨੂੰ ਵੀ ਮਾਈਆਂ ਕਿਹਾ ਜਾਂਦਾ ਹੈ ਭਾਵੇਂ ਅੱਗੇ ਜਾ ਕੇ ਇਹ ਵੀ ਦੱਸਿਆ ਗਿਆ ਹੈ ਕਿ ਵਿਆਹ ਤੋਂ ਪਹਿਲਾਂ ਵਟਣਾ ਮਲਣ ਦੀ ਰਸਮ ਨੂੰ ਵੀ ਮਾਈਆਂ ਕਿਹਾ ਜਾਂਦਾ ਸੀ।
ਉਪਰੋਕਤ ਤੋਂ ਇਹ ਧਾਰਨਾ ਬਣ ਸਕਦੀ ਹੈ ਕਿ ਮਾਈਆਂ ਸ਼ਬਦ ਮੁਢਲੇ ਤੌਰ ‘ਤੇ ਪੰਜੀਰੀ ਲਈ ਵਰਤਿਆ ਜਾਂਦਾ ਹੈ ਹਾਲਾਂ ਕਿ ਅਜਿਹਾ ਕਦੇ ਪੜ੍ਹਨ-ਸੁਣਨ ਵਿਚ ਨਹੀਂ ਆਇਆ। ਮੈਂ ਬਚਪਨ ਵਿਚ ਸੋਚਿਆ ਕਰਦਾ ਸਾਂ ਕਿ ਰਸਮ ਕਰਨ ਵੇਲੇ ਕਿਉਂਕਿ ਮਾਈਆਂ (ਤੀਵੀਆਂ) ਮੁੰਡੇ-ਕੁੜੀ ਦੇ ਉਦਾਲੇ ਝੁਰਮਟ ਪਾ ਕੇ ਉਸ ਦੇ ਅੰਗਾਂ ‘ਤੇ ਵਟਣੇ ਦਾ ਮਾਂਜਾ ਲਾਉਣ ਜਿਹਾ ਜ਼ੋਰ ਕਰਨ ਲਗਦੀਆਂ ਹਨ ਇਸ ਲਈ ਇਸ ਰਸਮ ਲਈ ਮਾਈਆਂ ਸ਼ਬਦ ਰੂੜ ਹੋ ਗਿਆ ਹੋਵੇਗਾ। ਮਾਈਆਂ ਲਾਉਂਦਿਆਂ ਇਕ ਲੋਕ ਗੀਤ ਗਾਇਆ ਜਾਂਦਾ ਹੈ, ਜਿਸ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਜਾਪਦੀ ਹੈ,
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਦਾਦੀ ਸੌ ਪੁੱਤੀ, ਬਾਬਾ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਮਾਂ ਸੌ ਪੁੱਤੀਂ, ਪਿਉ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਚਾਚੀ ਸੌ ਪੁੱਤੀ, ਚਾਚਾ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਤਾਈ ਸੌ ਪੁੱਤੀ, ਤਾਇਆ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਭਰਜਾਈ ਸੌ ਪੁੱਤੀ, ਵੀਰਾ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।
ਪਰ ਮਾਈਆਂ ਸ਼ਬਦ ਦਾ ਮਾਈਆਂ (ਤੀਵੀਆਂ) ਤੋਂ ਬਣਨ ਵਾਲੀ ਗੱਲ ਗਲੇ ਨਹੀਂ ਉਤਰਦੀ। ਕੁਝ ਉਪ-ਬੋਲੀਆਂ ਵਿਚ ਮਾਈਆਂ ਦੀ ਥਾਂ ‘ਮਾਈਏਂ’ ਸ਼ਬਦ ਵੀ ਸੁਣਨ ਨੂੰ ਮਿਲਦਾ ਹੈ। ਡਾæ ਅਮਰਜੀਤ ਸਿੰਘ ਗਿੱਲ ਦੁਆਰਾ ਰਚਿਤ ਪੰਜਾਬੀ ਵਿਆਹ ਬਾਰੇ ਇਕ ਖੋਜ ਪੁਸਤਕ ਵਿਚ ਵਿਆਹ ਦੀਆਂ ਸਾਰੀਆਂ ਰਸਮਾਂ ਗਿਣਾਈਆਂ ਗਈਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਵਿਚ ‘ਮਾਈਆਂ’ ਰਸਮ ਅਤੇ ਸ਼ਬਦ ਦਾ ਜ਼ਿਕਰ ਮਾਤਰ ਵੀ ਨਹੀਂ।
ਮਾਈਆਂ ਸ਼ਬਦ ਦੀ ਵਿਉਤਪਤੀ ਬਾਰੇ ਮੈਨੂੰ ਜੀæਐਸ਼ ਰਿਆਲ ਦੀ ਵਿਆਖਿਆ ਵਧੇਰੇ ਮੰਨਣਯੋਗ ਪ੍ਰਤੀਤ ਹੁੰਦੀ ਹੈ। ਉਨ੍ਹਾਂ ਅਨੁਸਾਰ ਇਹ ਸ਼ਬਦ ਸੰਸਕ੍ਰਿਤ ‘ਮਾਰਜਨ’ ਦਾ ਬਦਲਿਆ ਰੂਪ ਹੈ। ਸੰਸਕ੍ਰਿਤ ਵਿਚ ਮਾਰਜਨ ਦਾ ਅਰਥ ਸਾਫ ਕਰਨਾ, ਰਗੜਨਾ, ਪੂੰਝਣਾ ਆਦਿ ਹੁੰਦਾ ਹੈ। ਇਥੇ ਮਾਰਜਨ ਦਾ ਅਰਥ ਵਟਣੇ ਦੀ ਸਮੱਗਰੀ ਅਰਥਾਤ ਹਲਦੀ, ਆਟਾ, ਤੇਲ ਆਦਿ ਹੋ ਸਕਦਾ ਹੈ। ਮਾਈਆਂ ਦੀ ਰਸਮ ਵਿਚ ਵਿਆਂਦੜ ਦੇ ਸਰੀਰ ‘ਤੇ ਵਟਣਾ ਹੀ ਰਗੜ ਰਗੜ ਕੇ ਮਲਿਆ ਜਾਂਦਾ ਹੈ ਤਾਂ ਕਿ ਚਮੜੀ ਵਿਚ ਨਿਖਾਰ ਆ ਜਾਵੇ।
ਇਹ ਗੱਲ ਕੁਝ ਹਾਸੋਹੀਣੀ ਵੀ ਹੈ ਕਿ ਵਿਆਹ ਤੋਂ ਕੁਝ ਦਿਨ ਪਹਿਲਾਂ ‘ਮਾਈਏਂ ਪੈਣ’ ਤੋਂ ਲੈ ਕੇ ‘ਮਾਈਆਂ ਲਾਉਣ’ ਦੇ ਵਕਫੇ ਦੌਰਾਨ ਮੁੰਡੇ-ਕੁੜੀ ਨੂੰ ਫਟੇ-ਪੁਰਾਣੇ ਅਤੇ ਮੈਲੇ-ਕੁਚੈਲੇ ਕੱਪੜੇ ਪਹਿਨਾਏ ਜਾਂਦੇ ਹਨ ਤਾਂ ਕਿ ਵਟਣਾ ਮਲਣ ਸਮੇਂ ਨਿਕਲੀ ਮੈਲ ਕਾਰਨ ਸਰੀਰ ‘ਤੇ ਵਧੇਰੇ ਰੂਪ ਚੜ੍ਹਿਆ ਮਾਲੂਮ ਹੋਵੇ। ਮੈਲੇ ਤੇ ਫਟੇ ਕੱਪੜੇ ਪਹਿਨਾਉਣ ਪਿਛੇ ਸੰਭਵ ਕਾਰਨ ਇਹ ਵੀ ਹੋ ਸਕਦਾ ਹੈ ਕਿ ਵਿਆਹ ਤੋਂ ਪਹਿਲਾਂ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਸਪਸ਼ਟ ਹੈ ਕਿ ਮਾਰਜਨ ਤੋਂ ਮਾਈਆਂ ਸ਼ਬਦ ਬਣਨ ਵਿਚ ਬਹੁਤ ਅਰਸਾ ਲੱਗਾ ਹੋਵੇਗਾ ਕਿਉਂਕਿ ਧੁਨੀ ਵਿਚ ਕਾਫੀ ਤਬਦੀਲੀ ਆਈ ਹੈ। ਮਾਈਆਂ ਦਾ ਪੰਜੀਰੀ ਵਾਲਾ ਅਰਥ ਇਸੇ ਦਾ ਅੱਗੇ ਵਿਸਥਾਰ ਹੈ। ਪ੍ਰਸ਼ਾਦ ਦਾ ਮੁਢਲਾ ਅਰਥ (ਇਸ਼ਟ ਦੀ) ਕਿਰਪਾ ਹੈ ਪਰ ਵਿਸਤ੍ਰਿਤ ਅਰਥ ਪੂਜਾ ਆਦਿ ਪਿਛੋਂ ਵੰਡਿਆ ਜਾਂਦਾ ਕੜਾਹ ਆਦਿ ਹੈ।
ਮਾਰਜਨ ਸ਼ਬਦ ਦਾ ਧਾਤੂ ਹੈ ‘ਮਾਰਜ’ ਜਿਸ ਵਿਚ ਰਗੜਨ, ਪੂੰਝਣ, ਸ਼ਿੰਗਾਰਨ, ਚਮਕਾਉਣ, ਲਿਸ਼ਕਾਉਣ, ਮਾਂਜਣ ਦੇ ਭਾਵ ਹਨ। ਅਸਲ ਵਿਚ ਤਾਂ ਮਾਂਜਣਾ ਸ਼ਬਦ ਵੀ ਇਸੇ ਮਾਰਜ ਤੋਂ ਬਣਿਆ ਹੈ। ਆਮ ਤੌਰ ‘ਤੇ ਸੁਆਹ ਜਾਂ ਰੇਤ ਨਾਲ ਭਾਂਡਿਆਂ ਨੂੰ ਸਾਫ ਕਰਨ ਦੀ ਕਿਰਿਆ ਨੂੰ ਮਾਂਜਣਾ ਕਿਹਾ ਜਾਂਦਾ ਹੈ। ਮਾਂਜਣਾ ਦਾ ਲਾਖਣਿਕ ਅਰਥ ਕਿਸੇ ਨੂੰ ਠਗਣਾ ਜਾਂ ਚਤੁਰਾਈ ਨਾਲ ਪੈਸੇ ਕਢਾ ਲੈਣਾ ਵੀ ਹੁੰਦਾ ਹੈ। ਭਾਵ ਕਿਸੇ ਦੀ ਜੇਬ ਦੀ ਸਫਾਈ ਕਰ ਦੇਣਾ। ਇਕ ਗੜਵੀ ਮਾਂਜਣਾ ਮੁਹਾਵਰਾ ਹੈ ਜਿਸ ਦਾ ਮਤਲਬ ਕਿਸੇ ਖੇਡ ਆਦਿ ਵਿਚ ਬੁਰੀ ਤਰ੍ਹਾਂ ਹਰਾ ਦੇਣਾ ਹੈ। ਡੋਲੂ ਵਾਂਗ ਮਾਂਜਣਾ ਦਾ ਵੀ ਇਹੋ ਜਿਹਾ ਹੀ ਅਰਥ ਹੈ। ਇਥੇ ਵੀ ਭਾਵ ਕਿਸੇ ਦੇ ਪੱਲੇ ਕੁਝ ਨਾ ਛੱਡਣਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੇ ਰੂਪ ਹਨ, ਮਾਂਜਿ, ਮਾਂਜਸਿ, ਮਾਂਜੀਐ, ਮਾਜੈ, ਮੰਜਾਈ ਆਦਿ। ‘ਬਾਸਨ ਮਾਂਜਿ ਚਰਾਵਹਿ ਊਪਰਿ॥’ -ਭਗਤ ਕਬੀਰ। ‘ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰ ਕੈ ਨਾਮੁ ਨਿਵਾਸ॥’ -ਗੁਰੂ ਅਰਜਨ ਦੇਵ। ‘ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ॥’ -ਗੁਰੂ ਨਾਨਕ ਦੇਵ। ‘ਸਾਧ ਧੂਰਿ ਕਰਿ ਸੁਧ ਮੰਜਾਈ॥’ -ਗੁਰੂ ਅਰਜਨ ਦੇਵ।
ਇਸੇ ਤੋਂ ਇਕ ਸ਼ਬਦ ਬਣਿਆ ਹੈ ਮਾਂਜਾ ਜੋ ਭਾਂਡੇ ਆਦਿ ਨੂੰ ਮਾਂਜਣ ਵਾਲੀ ਕੂਚੀ ਨੂੰ ਕਹਿੰਦੇ ਹਨ। ਇਹ ਸ਼ਬਦ ਪਿੜ ਵਿਚ ਵਰਤੀਂਦੇ ਮੋਟੇ ਤੀਲੀਆਂ ਵਾਲੇ ਝਾੜੂ ਲਈ ਵੀ ਵਰਤਿਆ ਜਾਂਦਾ ਹੈ। ਸੁੱਕ-ਮਾਂਜ ਦਾ ਮਤਲਬ ਹੈ- ਕਿਸੇ ਬਰਤਨ ਨੂੰ ਸਿਰਫ ਮਾਂਜ ਕੇ ਹੀ ਸਾਫ ਕਰਨਾ, ਧੋਣਾ ਨਹੀਂ। ਕਈ ਵਾਰੀ ਡਰਾਈਕਲੀਨ ਦੇ ਅਰਥਾਂ ਵਿਚ ਵੀ ਇਸ ਨੂੰ ਵਰਤ ਲਿਆ ਜਾਂਦਾ ਹੈ। ਸਿੰਘ ਬੋਲਿਆਂ ਵਿਚ ਇਸ ਤੋਂ ਭਾਵ ਭੁੱਖਾ ਹੁੰਦਾ ਹੈ। ਸੰਸਕ੍ਰਿਤ ਵਿਚ ਮਾਰਜ ਦਾ ਅਰਥ ਧੋਬੀ ਵੀ ਹੈ। ਅਭਿਆਸ ਨਾਲ ਕਿਸੇ ਵਿਸ਼ੇ ਆਦਿ ਵਿਚ ਮਾਹਰ ਵਿਅਕਤੀ ਜਾਂ ਉਸ ਦੀ ਸ਼ੈਲੀ ਨੂੰ ਮੰਜਿਆ ਹੋਇਆ ਕਹਿ ਦਿੱਤਾ ਜਾਂਦਾ ਹੈ। ਦੰਦ ਸਾਫ ਕਰਨ ਲਈ ਬਣਾਏ ਲੇਪ ਨੂੰ ਮੰਜਨ ਕਿਹਾ ਜਾਂਦਾ ਹੈ।
ਇਕ ਹੋਰ ਮਹੱਤਵਪੂਰਨ ਸ਼ਬਦ ਹੈ ਜਿਸ ਬਾਰੇ ਪਹਿਲੀ ਨਜ਼ਰੇ ਇਹ ਅਨੁਮਾਨ ਹੀ ਨਹੀਂ ਲਗਦਾ ਕਿ ਇਹ ਮਾਰਜ ਧਾਤੂ ਤੋਂ ਬਣਿਆ ਹੋ ਸਕਦਾ ਹੈ। ਇਹ ਸ਼ਬਦ ਪਤੰਗਬਾਜ਼ੀ ਨਾਲ ਸਬੰਧਤ ਹੈ। ਪਤੰਗ ਸਿਰਫ ਆਪਣੇ ਮਨੋਰੰਜਨ ਲਈ ਹੀ ਨਹੀਂ ਉਡਾਏ ਜਾਂਦੇ, ਇਨ੍ਹਾਂ ਦੇ ਗਹਿਗੱਚ ਮੁਕਾਬਲੇ ਵੀ ਹੋਇਆ ਕਰਦੇ ਹਨ। ਪਤੰਗ ਦੇ ਪਤੰਗ ਨਾਲ ਪੇਚੇ ਪੁਆਏ ਜਾਂਦੇ ਹਨ ਤੇ ਜਿਸ ਦਾ ਪਤੰਗ ਕੱਟਿਆ ਜਾਵੇ ਉਸ ਦੀ ਡੋ ਡੋ ਹੁੰਦੀ ਹੈ। ਪਤੰਗ ਡੋਰ ਦੇ ਸਹਾਰੇ ਉਡਦੀ ਹੈ। ਜਿਸ ਦੇ ਪਤੰਗ ਦੀ ਡੋਰ ਮਜ਼ਬੂਤ ਹੋਵੇ, ਉਹ ਹੀ ਦੂਜੇ ਦੇ ਪਤੰਗ ਨੁੰ ਕੱਟ ਸਕਦਾ ਹੈ। ਹਾਲਾਂਕਿ ਪਤੰਗ ਕੱਟਣ ਲਈ ਡੋਰ ਨੂੰ ਢਿੱਲ੍ਹਾ ਛੱਡਣ ਦੀ ਕਲਾ ਵੀ ਆਉਣੀ ਚਾਹੀਦੀ ਹੈ। ਡੋਰ ਨੂੰ ਪੱਕਾ ਕਰਨ ਲਈ ਮਾਝਾ ਲਾਇਆ ਜਾਂਦਾ ਹੈ। ਇਹ ਮਾਝਾਵੀ ਮਾਰਜ ਧਾਤੂ ਤੋਂ ਵਿਕਸਿਤ ਹੋਇਆ ਹੈ। ਮਾਝਾ ਬਣਾਉਣ ਦੀ ਕਲਾ ਵੀ ਕਾਫੀ ਵਿਕਸਿਤ ਹੋ ਗਈ ਹੈ। ਅਸੀਂ ਛੋਟੇ ਹੁੰਦੇ ਆਟੇ ਦੀ ਲੇਟੀ ਬਣਾ ਕੇ ਉਸ ਵਿਚ ਬੋਤਲਾਂ ਆਦਿ ਦੇ ਕੱਚ ਨੂੰ ਬਰੀਕ ਪੀਸ ਕੇ ਮਿਲਾ ਦਿੰਦੇ ਸਾਂ। ਵਿਚ ਕਦੇ ਕਦੇ ਸਰੇਸ਼ ਵੀ ਮਿਲਾ ਦੇਈਦਾ ਸੀ। ਫਿਰ ਕਾਫੀ ਕਸਾਅ ਰੱਖਦਿਆਂ ਡੋਰ ਦੇ ਸਿਰਿਆਂ ਨੂੰ ਦੋਨੋਂ ਪਾਸਿਆਂ ਤੋਂ ਦਰਖਤ ਆਦਿ ਨਾਲ ਬੰਨ੍ਹ ਲਈਦਾ ਸੀ। ਬੱਸ ਫਿਰ ਤਿਆਰ ਕੀਤਾ ਮਾਝਾ ਇਕ ਲੀਰ ਵਿਚ ਰੱਖ ਕੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਡੋਰ ਤੇ ਜ਼ੋਰ ਨਾਲ ਮਾਂਜਿਆ ਜਾਂਦਾ ਸੀ। ਸਮਝ ਲਿਆ ਜਾਂਦਾ ਸੀ ਕਿ ਡੋਰ ਹੁਣ ਲੋਹਾ ਹੀ ਬਣ ਗਈ ਹੈ। ਪਰ ਮੇਰੇ ਵਰਗੇ ਅਨਾੜੀ ਪਤੰਗਬਾਜ਼ ਦਾ ਪਤੰਗ ਫਿਰ ਵੀ ਪੇਚਾ ਪੈਂਦੇ ਸਾਰ ਹੀ ਕੱਟਿਆ ਜਾਂਦਾ ਸੀ। ਉਂਜ ਮਾਝਾ ਲੱਗੀ ਡੋਰ ਵੀ ਮਿਲ ਜਾਂਦੀ ਹੈ ਜਿਸ ਦੇ ਵਿਸ਼ੇਸ਼ ਕਾਰੀਗਰ ਹੁੰਦੇ ਹਨ। ਅੱਜ ਕਲ੍ਹ ਚਾਇਨਾ ਡੋਰ ਪ੍ਰਚਲਿਤ ਹੋ ਗਈ ਹੈ। ਇਸ ਦੇ ਮਾਝੇ ਵਿਚ ਜਿਸਤ ਅਤੇ ਪਲਾਸਟਿਕ ਮਿਲਿਆ ਹੁੰਦਾ ਹੈ ਜਿਸ ਕਾਰਨ ਪੰਜਾਬ ਵਿਚ ਬਹੁਤ ਸਾਰੇ ਹਾਦਸੇ ਹੋਏ ਹਨ। ਇਹ ਡੋਰ ਜੇ ਕਿਤੇ ਬਿਜਲੀ ਦੇ ਖੰਬੇ ਵਿਚ ਲੱਗ ਜਾਵੇ ਤਾਂ ਇਸ ਵਿਚ ਦੀ ਜਿਸਤ ਕਾਰਨ ਬਿਜਲੀ ਦਾ ਕਰੰਟ ਆ ਜਾਂਦਾ ਹੈ, ਜਿਸ ਨਾਲ ਪਤੰਗ ਚੜ੍ਹਾਉਣ ਵਾਲੇ ਦੀ ਮੌਤ ਤੱਕ ਹੋ ਜਾਂਦੀ ਹੈ। ਇਸ ਦੀ ਲਪੇਟ ਵਿਚ ਆਉਣ ਵਾਲੇ ਬਹੁਤ ਸਾਰੇ ਪੰਛੀ ਵੀ ਮਾਰੇ ਜਾਂਦੇ ਹਨ। ਇਸ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਮਾਰਜ ਸ਼ਬਦ ਭਾਰੋਪੀ ਖਾਸੇ ਵਾਲਾ ਹੈ ਅਰਥਾਤ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਇਸ ਦੇ ਸਗੋਤੀ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ੰeਲਗ ਕਲਪਿਆ ਗਿਆ ਹੈ ਜਿਸ ਦਾ ਅਰਥ ਪੂੰਝਣਾ, ਰਗੜਨਾ, ਮਲਣਾ ਆਦਿ ਹੈ। ਦੁੱਧ ਦੇ ਅਰਥਾਂ ਵਿਚ ਇਸ ਤੋਂ ਪ੍ਰਾਗ-ਜਰਮੈਨਿਕ ਭਾਸ਼ਾ ਵਿਚ ੰeਲੁਕਸ ਜਿਹਾ ਸ਼ਬਦ ਵਿਕਸਿਤ ਹੋਇਆ ਜਿਸ ਤੋਂ ਅਜੋਕੀ ਅੰਗਰੇਜ਼ੀ ਦਾ ਮਲਿਕ ਤੇ ਹੋਰ ਜਰਮੈਨਿਕ ਭਾਸ਼ਾਵਾਂ ਵਿਚ ਸਮਾਨ ਧੁਨੀਆਂ ਵਾਲੇ ਸ਼ਬਦ ਬਣੇ ਹਨ। ਦੁਧ ਦਾ ਭਾਵ ਇਸ ਤਰ੍ਹਾਂ ਵਿਕਸਿਤ ਹੋਇਆ ਕਿ ਦੁਧ ਚੋਣ ਸਮੇਂ ਜਾਨਵਰ ਦੇ ਥਣਾਂ ਨੂੰ ਰਗੜਿਆ ਜਾਂ ਮਲਿਆ ਜਾਂਦਾ ਹੈ। ਮਲਿਕ ਕਿਰਿਆ ਦਾ ਅਰਥ ਕਿਸੇ ਤੋਂ ਕੁਝ ਜਬਰੀ ਕਢਵਾਉਣਾ ਵੀ ਹੁੰਦਾ ਹੈ, ਐਨ ਮਾਂਜਣਾ ਦੀ ਤਰ੍ਹਾਂ। ਗਰੀਕ ਭਾਸ਼ਾ ਵਿਚ ਇਸ ਦਾ ਸੁਜਾਤੀ Aਮeਲਗeਨਿ, ਲਿਥੂਏਨੀਅਨ ਵਿਚ ੰeਲਡੁ, ਰੂਸੀ ਵਿਚ ੰੋਲੋਕੋ, ਚੈਕ ਵਿਚ ੰਲeਕੋ ਅਤੇ ਲਾਤੀਨੀ ਵਿਚ ੁੰਲਗeਰe ਹੁੰਦਾ ਹੈ। ਸਭ ਦਾ ਅਰਥ ਦੁਧ ਹੀ ਹੈ। ਲਾਤੀਨੀ ਵਿਚ ਇਕ ਮੁਹਾਵਰਾ ਹੈ, ੁੰਲਗeਰe ੍ਹਚੁਮ ਜਿਸ ਦਾ ਸ਼ਾਬਦਿਕ ਅਨੁਵਾਦ ਬੱਕਰਾ ਚੋਣਾ ਹੁੰਦਾ ਹੈ। ਇਸ ਦਾ ਓਹੀ ਮਤਲਬ ਹੈ ਜੋ ਪੰਜਾਬੀ ਵਿਚ ‘ਝੋਟਾ ਚੋਣਾ’ ਦਾ ਹੁੰਦਾ ਹੈ।

Be the first to comment

Leave a Reply

Your email address will not be published.