ਮਹਾਰਾਜਾ ਰਣਜੀਤ ਸਿੰਘ ਪਨੋਰਮਾ ਬਦ-ਇੰਤਜ਼ਾਮੀ ਦਾ ਸ਼ਿਕਾਰ

ਅੰਮ੍ਰਿਤਸਰ: ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਉਤੇ ਅਧਾਰਤ ਉਨ੍ਹਾਂ ਦੀ ਯਾਦ ਵਿਚ ਰਾਮ ਬਾਗ (ਕੰਪਨੀ ਬਾਗ) ਵਿਚ ਬਣਾਇਆ ਮਹਾਰਾਜਾ ਰਣਜੀਤ ਸਿੰਘ ਪਨੋਰਮਾ ਪ੍ਰਸ਼ਾਸਨਿਕ ਨਜ਼ਰ ਅੰਦਾਜ਼ੀ ਕਾਰਨ ਪ੍ਰਸਿੱਧੀ ਦਾ ਮੁਕਾਮ ਹਾਸਲ ਕਰਨ ‘ਚ ਸਫਲ ਨਹੀਂ ਹੋ ਸਕਿਆ। ਪਾਣੀਪਤ ਤੋਂ ਬਾਅਦ ਇਹ ਦੂਸਰਾ ਪਨੋਰਮਾ ਬਣਾਇਆ ਗਿਆ ਸੀ ਜਿਸ ਦਾ ਨੀਂਹ ਪੱਥਰ 18 ਨਵੰਬਰ 2001 ਵਿਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਰੱਖਿਆ ਗਿਆ ਸੀ।

ਤਕਰੀਬਨ ਸਾਢੇ 4 ਏਕੜ ‘ਚ ਬਣੇ ਇਸ ਪਨੋਰਮਾ ਉਤੇ ਉਸ ਵੇਲੇ ਸਾਢੇ ਪੰਜ ਕਰੋੜ ਰੁਪਏ ਖਰਚ ਆਏ ਅਤੇ ਇਸ ਨੂੰ ਕੇਂਦਰੀ ਸੈਰ ਸਪਾਟਾ ਤੇ ਸਭਿਆਚਾਰ ਮੰਤਰਾਲੇ ਦੇ ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮ ਵੱਲੋਂ 4 ਸਾਲ ‘ਚ ਤਿਆਰ ਕੀਤਾ ਗਿਆ। 20 ਜੁਲਾਈ 2006 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਇਸ ਪਨੋਰਮਾ ਵਿਚ 2 ਨਿੱਕੇ ਡਾਇਰੋਮਾ ਹਾਲ ਤੇ ਇਕ ਵੱਡਾ ਮੁੱਖ ਹਾਲ ਹੈ। ਇਸ ਡਾਇਰੋਮਾ ਹਾਲ ਨੰਬਰ ਇਕ ‘ਚ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ 4 ਵੱਖ-ਵੱਖ ਇਤਿਹਾਸਕ ਦ੍ਰਿਸ਼ ਪੇਸ਼ ਕੀਤੇ ਗਏ ਹਨ।
ਪਹਿਲੇ ਸਥਾਨ ਉਤੇ ਮਹਾਰਾਜਾ ਰਣਜੀਤ ਦੀ ਬਾਲ ਅਵਸਥਾ, ਉਸ ਦੇ ਅੱਗੇ ਉਨ੍ਹਾਂ ਦੇ ਅਨੰਦ ਕਾਰਜ, ਤੋਪ ਜਮਜਮਾ ਤੇ ਕਬਜ਼ੇ ਅਤੇ ਸ੍ਰੀ ਹਰਿਮੰਦਰ ਸਾਹਿਬ ਉਤੇ ਸੋਨਾ ਚੜ੍ਹਾਉਣ ਦੀ ਸੇਵਾ ਨੂੰ ਦਰਸਾਇਆ ਗਿਆ ਹੈ। ਤੀਸਰੇ ਡਾਇਰੋਮਾ ਹਾਲ ‘ਚ ਕੋਹੇਨੂਰ ਦੀ ਪ੍ਰਾਪਤੀ, ਆਪਣੇ ਸੈਨਿਕਾਂ ਨਾਲ ਅਟਕ ਦਰਿਆ ਨੂੰ ਪਾਰ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ, ਸੈਨਾ ਦਾ ਆਧੁਨਿਕੀਕਰਨ ਤੇ ਰੋਪੜ ਸੰਧੀ ਨੂੰ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਦੂਸਰਾ ਡਾਇਰੋਮਾ ਹਾਲ ਜੋ ਸਭ ਤੋਂ ਵੱਡਾ ਹੈ ਜਿਸ ‘ਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਲੜੀਆਂ 6 ਵੱਖ-ਵੱਖ ਜੰਗਾਂ ਨੂੰ ਬਿਆਨ ਕੀਤਾ ਗਿਆ ਹੈ। ਇਹ ਪਨੋਰਮਾ ਆਮ ਲੋਕਾਂ ਲਈ 12 ਸਾਲ ਪਹਿਲਾਂ ਖੁੱਲ੍ਹਾ ਸੀ ਪਰ ਇਸ ਦੇ ਪ੍ਰਚਾਰਨ ਸਬੰਧੀ ਜੋ ਮੁਕਾਮ ਇਸ ਨੂੰ ਹਾਸਲ ਹੋਣਾ ਚਾਹੀਦਾ ਸੀ, ਉਹ ਇਸ ਨੂੰ ਨਸੀਬ ਨਹੀਂ ਹੋਇਆ। ਭਾਵੇਂ ਗੁਰੂ ਨਗਰੀ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਲਈ ਸਰਕਾਰਾਂ ਵੱਲੋਂ ਕਈ ਉਪਰਾਲੇ ਕੀਤੇ ਗਏ ਪਰ ਦੇਸ਼ ਦੇ ਇਸ ਦੂਸਰੇ ਪਨੋਰਮਾ ਵੱਲ ਕਿਸੇ ਵੀ ਝਾਤ ਨਹੀਂ ਪਈ।
ਪਨੋਰਮਾ ਦੇਖਣ ਆਉਣ ਵਾਲਿਆਂ ਦਰਸ਼ਕਾਂ ਦੀ ਸਹੂਲਤ ਲਈ ਇਥੇ ਇਕ ਵੱਡਾ ਏ. ਸੀ. ਲਾਇਆ ਗਿਆ ਹੈ ਪਰ ਇਹ ਏ. ਸੀ. ਲੰਮੇ ਅਰਸੇ ਤੋਂ ਬੰਦ ਪਿਆ ਹੈ ਜਿਸ ਕਰ ਕੇ ਲਾਈਟਾਂ ਦੀ ਤਪਸ਼ ਨਾਲ ਇਹ ਹਾਲ ਗਰਮੀ ਨਾਲ ਤਪ ਜਾਂਦੇ ਹਨ ਤੇ ਜਿਸ ‘ਚ ਖੜ੍ਹੇ ਹੋਣਾ ਮੁਸ਼ਕਿਲ ਹੋ ਜਾਂਦਾ ਹੈ। ਵੱਡੇ ਹਾਲ ‘ਚ ਗਰਮੀ ਵਧੇਰੇ ਹੋਣ ਕਰ ਕੇ ਇਸ ਵਿਚ ਬਣਿਆ ਮਹਾਰਾਜਾ ਰਣਜੀਤ ਸਿੰਘ ਦੀਆਂ ਜੰਗਾਂ ਸਬੰਧੀ ਪੇਂਟਿੰਗਾਂ ਵੀ ਖਰਾਬ ਹੋ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਇਸ ਪਨੋਰਮਾ ਨੂੰ ਦੇਖਣ ਆਉਣ ਵਾਲਿਆਂ ਦੀ ਔਸਤਨ ਗਿਣਤੀ ਰੋਜ਼ਾਨਾ 150 ਦੇ ਕਰੀਬ ਹੈ। ਸਰਕਾਰੀ ਤੌਰ ਉਤੇ ਜ਼ਿਆਦਾ ਪ੍ਰਚਾਰ ਨਾ ਹੋਣ ਕਰ ਕੇ ਗੁਰੂ ਨਗਰੀ ‘ਚ ਆਉਣ ਵਾਲੇ ਵਧੇਰੇ ਕਰ ਕੇ ਸੈਲਾਨੀਆਂ ਨੂੰ ਇਸ ਪਨੋਰਮਾ ਬਾਰੇ ਕੋਈ ਇਲਮ ਹੀ ਨਹੀਂ ਹੈ। ਪਨੋਰਮਾ ‘ਚ ਬਣੇ 2 ਹਾਲ ਤਾਂ ਧਰਾਲਤ ਮੰਜ਼ਿਲ ‘ਤੇ ਬਣੇ ਹਨ ਜਦ ਕਿ ਇਕ ਵੱਡਾ ਹਾਲ ਉਪਰ ਵਾਲੀ ਮੰਜ਼ਿਲ ਉਤੇ ਬਣਿਆ ਹੈ, ਜਿਸ ‘ਚ ਜਾਣ ਲਈ ਪੌੜੀਆਂ ਬਣਾਈਆਂ ਗਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਅਪਾਹਜਾਂ ਲਈ ਦੂਸਰੇ ਹਾਲ ‘ਚ ਜਾਣ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਤੋਂ ਇਲਾਵਾ ਪਨੋਰਮਾ ‘ਚ ਲੱਗਾ ਜਨਰੇਟਰ ਵੀ ਬੰਦ ਪਿਆ ਹੈ।

ਅਮਰੀਕੀ ਅੱਡੇ ‘ਤੇ ਸਿੱਖ ਮੰਤਰੀ ਨੂੰ ਪੱਗ ਲਾਹੁਣ ਲਈ ਕੀਤਾ ਮਜਬੂਰ
ਟੋਰਾਂਟੋ: ਕੈਨੇਡਾ ਦੇ ਇਕ ਸਿੱਖ ਮੰਤਰੀ ਨੂੰ ਹਵਾਈ ਯਾਤਰਾ ਦੌਰਾਨ ਅਮਰੀਕਾ ਦੇ ਡੈਟਰੌਇਟ ਹਵਾਈ ਅੱਡੇ ਉਤੇ ਸੁਰੱਖਿਆ ਸਬੰਧੀ ਜਾਂਚ ਲਈ ਆਪਣੀ ਪੱਗ ਲਾਹੁਣ ਲਈ ਕਿਹਾ ਗਿਆ ਜਦੋਂ ਕਿ ਹਵਾਈ ਅੱਡੇ ਦਾ ਮੈਟਲ ਡਿਟੈਕਟਰ ਬਿਲਕੁਲ ਸਹੀ ਕੰਮ ਕਰ ਰਿਹਾ ਸੀ। ਕੈਨੇਡਾ ਦੇ ਸਾਇੰਸ, ਖੋਜ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਨੇ ਇਥੇ ਫਰੈਂਚ ਭਾਸ਼ਾ ਦੇ ਇਕ ਅਖਬਾਰ ਨੂੰ ਦੱਸਿਆ ਕਿ ਉਹ ਅਪਰੈਲ ਵਿੱਚ ਜਦੋਂ ਮਿਸ਼ੀਗਨ ਸਟੇਟ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਟੋਰਾਂਟੋ ਪਰਤ ਰਹੇ ਸਨ ਤਾਂ ਡੈਟਰੌਇਟ ਮੈਟਰੋ ਹਵਾਈ ਅੱਡੇ Ḕਤੇ ਉਨ੍ਹਾਂ ਸਾਰੀ ਸੁਰੱਖਿਆ ਪ੍ਰਕਿਰਿਆ ਪੂਰੀ ਕਰ ਲਈ ਪਰ ਪੱਗ ਬੰਨ੍ਹੇ ਹੋਣ ਕਾਰਨ ਉਨ੍ਹਾਂ ਨੂੰ ਵਾਧੂ ਸੁਰੱਖਿਆ ਜਾਂਚ ਕਰਾਉਣ ਲਈ ਕਿਹਾ ਗਿਆ।
ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਪੱਗ ਲਾਹ ਕੇ ਜਾਂਚ ਕਰਾਉਣ। ਇਸ Ḕਤੇ ਸ੍ਰੀ ਬੈਂਸ ਨੇ ਕਿਹਾ, ḔḔਜਦੋਂ ਤੁਹਾਡੇ ਸਾਰੇ ਮੈਟਲ ਡਿਟੈਕਟਰ ਸਹੀ ਕੰਮ ਕਰ ਰਹੇ ਹਨ ਤਾਂ ਮੈਂ ਆਪਣੀ ਪੱਗ ਕਿਉਂ ਲਾਹਵਾਂ।ḔḔ ਅਮਰੀਕਾ ਨੇ 2007 ਵਿੱਚ ਆਪਣੀ ਯਾਤਰਾ ਪਾਲਸੀ ਵਿੱਚ ਬਦਲਾਅ ਕੀਤਾ ਸੀ ਜਿਸ ਵਿੱਚ ਸਿੱਖਾਂ ਨੂੰ ਪੱਗ ਸਮੇਤ ਸੁਰੱਖਿਆ ਪ੍ਰਕਿਰਿਆ Ḕਚੋਂ ਨਿਕਲਣ ਦੀ ਆਗਿਆ ਦਿੱਤੀ ਗਈ ਸੀ। ਸ੍ਰੀ ਬੈਂਸ ਨੇ ਕਿਹਾ ਕਿ ਜਦੋਂ ਉਹ ਯਾਤਰਾ ਕਰਦੇ ਹਨ ਤਾਂ ਆਮ ਤੌਰ Ḕਤੇ ਕੈਬਨਿਟ ਮੰਤਰੀ ਵਜੋਂ ਆਪਣੀ ਪਛਾਣ ਜਨਤਕ ਨਹੀਂ ਕਰਦੇ ਕਿਉਂ ਜੋ ਇਸ ਨਾਲ ਆਮ ਜਨਤਾ ਵੱਲੋਂ ਯਾਤਰਾ ਦੌਰਾਨ ਝੱਲੀਆਂ ਜਾਂਦੀਆਂ ਪਰੇਸ਼ਾਨੀਆਂ ਦਾ ਪਤਾ ਲੱਗਦਾ ਹੈ। ਇਸ ਘਟਨਾ ਨੂੰ ਲੈ ਕੇ ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਅਮਰੀਕਾ ਕੋਲ ਰੋਸ ਪ੍ਰਗਟ ਕੀਤਾ ਜਿਸ Ḕਤੇ ਅਮਰੀਕਾ ਦੇ ਸੁਰੱਖਿਆ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਮੁਆਫੀ ਮੰਗੀ।
________________________
ਸ਼੍ਰੋਮਣੀ ਕਮੇਟੀ ਵੱਲੋਂ ਨਿੰਦਾ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੈਨੇਡਾ ਦੀ ਸਰਕਾਰ ‘ਚ ਸਿੱਖ ਮੰਤਰੀ ਨਵਦੀਪ ਸਿੰਘ ਬੈਂਸ ਨੂੰ ਅਮਰੀਕਾ ਦੇ ਇਕ ਹਵਾਈ ਅੱਡੇ ਉਤੇ ਦਸਤਾਰ ਉਤਾਰਨ ਲਈ ਮਜਬੂਰ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਕੈਨੇਡਾ ਦੇ ਮੰਤਰੀ ਹੁੰਦਿਆਂ ਵੀ ਸ੍ਰੀ ਬੈਂਸ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਹੈ।
_________________________________
ਜਾਂਚ ਵੇਲੇ ਦਸਤਾਰ ਉਤਾਰਨ ਦਾ ਕਾਨੂੰਨ ਨਹੀਂ: ਸੱਜਣ
ਟੋਰਾਂਟੋ: ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਹੈ ਕਿ ਅਮਰੀਕਾ ‘ਚ ਹਵਾਈ ਅੱਡਿਆਂ ਅੰਦਰ ਸੁਰੱਖਿਆ ਜਾਂਚ ਸਮੇਂ ਕਦੇ-ਕਦੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਸੁਰੱਖਿਆ ਕਰਮਚਾਰੀ ਅਕਸਰ ਕਾਨੂੰਨ ਦੀ ਆੜ ਹੇਠ ਦਸਤਾਰ ਉਤਾਰਨ ਨੂੰ ਆਖ ਦਿੰਦੇ ਹਨ। ਸ਼ ਸੱਜਣ ਨੇ ਕਿਹਾ ਕਿ ਸੁਰੱਖਿਆ ਜਾਂਚ ਵੇਲੇ ਸਿੱਖ ਦੀ ਦਸਤਾਰ ਉਤਾਰਨ ਦਾ ਕਾਨੂੰਨ ਨਹੀਂ ਹੈ।