ਭਾਰਤ ਰੰਗ ਮਹਾਉਤਸਵ

ਦਿੱਲੀ ਦੀ ਵੱਕਾਰੀ ਨਾਟ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ (ਐਨæਐਸ਼ਡੀæ) ਦਾ Ḕ17ਵਾਂ ਭਾਰਤ ਰੰਗ ਮਹਾਉਤਸਵḔ ਪੂਰੇ ਰੰਗ ਵਿਚ ਖੇਡਿਆ ਗਿਆ। ਇਸ ਨਾਟ-ਉਤਸਵ ਵਿਚ ਐਤਕੀਂ 12 ਦੇਸ਼ਾਂ ਦੀਆਂ 125 ਨਾਟ-ਮੰਡਲੀਆਂ ਵਲੋਂ ਕੁੱਲ 82 ਨਾਟਕ ਪੇਸ਼ ਕੀਤੇ ਗਏ। 23 ਭਾਸ਼ਾਵਾਂ ਵਿਚ ਤਿਆਰ ਕੀਤੇ ਗਏ ਇਹ ਨਾਟਕ ਆਪਣੇ ਆਪ ਵਿਚ ਅਜੂਬਾ ਸਨ।

ਐਤਕੀਂ ਪਹਿਲੀ ਵਾਰ ਇਸ ਰੰਗ ਮਹਾਉਤਸਵ ਲਈ ਕੁਝ ਹੋਰ ਸੰਸਥਾਵਾਂ ਨੇ ਵੀ ਸਹਿਯੋਗ ਦਿੱਤਾ ਜਿਨ੍ਹਾਂ ਵਿਚ ਲਲਿਤ ਕਲਾ ਅਕੈਡਮੀ, ਸਾਹਿਤ ਅਕੈਡਮੀ, ਸੰਗੀਤ ਨਾਟਕ ਅਕੈਡਮੀ ਅਤੇ ਸਰਕਾਰ ਨਾਲ ਸਬੰਧਤ ਕੁਝ ਹੋਰ ਸੰਸਥਾਵਾਂ ਸ਼ਾਮਲ ਸਨ। ਇਹ ਮਹਾਉਤਸਵ ਸ਼ੰਭੂ ਮਿੱਤਰਾ ਅਤੇ ਬੇਗਮ ਅਖਤਰ ਨੂੰ ਸਮਰਪਿਤ ਸੀ, ਪਰ ਇਸ ਵਾਰ ਪਾਕਿਸਤਾਨ ਦੀ ਕਿਸੇ ਨਾਟਕ ਮੰਡਲੀ ਨੂੰ ਇਸ ਮਹਾਉਤਸਵ ਵਿਚ ਬੁਲਾਇਆ ਨਹੀਂ ਗਿਆ। ਐਨæਐਸ਼ਡੀæ ਦੇ ਡਾਇਰੈਕਟਰ ਵਾਮਨ ਕੇਂਦਰੇ ਨੇ ਭਾਵੇਂ ਇਸ ਬਾਰੇ ਸਫ਼ਾਈ ਦਿੰਦਿਆਂ ਕਿਹਾ ਕਿ ਐਤਕੀਂ ਕਿਸੇ ਵੀ ਮਿਆਰੀ ਪਾਕਿਸਤਾਨੀ ਨਾਟਕ ਦੀ ਐਂਟਰੀ ਨਹੀਂ ਆਈ। ਉਨ੍ਹਾਂ ਮੁਤਾਬਕ, ਇਸ ਮਹਾਉਤਸਵ ਲਈ ਕੁੱਲ 500 ਐਂਟਰੀਆਂ ਆਈਆਂ ਅਤੇ ਇਨ੍ਹਾਂ ਵਿਚੋਂ ਕੁਝ ਐਂਟਰੀਆਂ ਪਾਕਿਸਤਾਨ ਤੋਂ ਵੀ ਸਨ, ਪਰ ਤਿੰਨ ਪੜਾਵੀ ਚੋਣ ਤੋਂ ਬਾਅਦ ਕੋਈ ਵੀ ਪਾਕਿਸਤਾਨੀ ਨਾਟਕ ḔਪਾਸḔ ਨਹੀਂ ਹੋ ਸਕਿਆ।
ਯਾਦ ਰਹੇ ਕਿ ਪਿਛਲੇ ਸਾਲ ਪਾਕਿਸਤਾਨੀ ਨਾਟ-ਮੰਡਲੀਆਂ ਦੇ 2 ਨਾਟਕ ਇਸ ਮਹਾਉਤਸਵ ਲਈ ਚੁਣੇ ਗਏ ਸਨ ਪਰ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਣ ਕਾਰਨ ਇਹ ਪਾਕਿਸਤਾਨੀ ਨਾਟਕ ਖੇਡੇ ਨਹੀਂ ਗਏ। ਮਾਹਿਰਾਂ ਨੇ ਪਾਕਿਸਤਾਨ ਦੀ ਐਤਕੀਂ ਵਾਲੀ ਗੈਰ-ਹਾਜ਼ਰੀ ਨੂੰ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਖਰਾਬ ਹੋਏ ਰਿਸ਼ਤਿਆਂ ਨਾਲ ਹੀ ਜੋੜਿਆ ਹੈ। ਇਨ੍ਹਾਂ ਮਾਹਿਰਾਂ ਦਾ ਸਪਸ਼ਟ ਕਹਿਣਾ ਸੀ ਕਿ ਪਾਕਿਸਤਾਨ ਨੂੰ ਜਾਣ-ਬੁੱਝ ਕੇ ਇਸ ਮਹਾਉਤਸਵ ਵਿਚੋਂ ਬਾਹਰ ਰੱਖਿਆ ਗਿਆ। ਇਹ ਸਾਜ਼ਿਸ਼ ਭਾਰਤ ਸਰਕਾਰ ਵਲੋਂ ਚੁੱਪ-ਚਪੀਤੇ ਕੀਤੀ ਗਈ ਅਤੇ ਮਿਆਰੀ, ਗੈਰ-ਮਿਆਰੀ ਨਾਟਕਾਂ ਦਾ ਬਹਾਨਾ ਲਾ ਕੇ ਪਾਕਿਸਤਾਨ ਤੋਂ ਆਈਆਂ ਐਂਟਰੀਆਂ ਇਕ-ਇਕ ਕਰ ਕੇ ਪਿਛਾਂਹ ਸੁੱਟ ਦਿੱਤੀਆਂ ਗਈਆਂ।
ਮਹਾਉਤਸਵ ਵਿਚ ਇੰਗਲੈਂਡ, ਜਰਮਨੀ, ਚੀਨ, ਅਮਰੀਕਾ, ਪੋਲੈਂਡ, ਸਵਿਟਜ਼ਰਲੈਂਡ, ਸ੍ਰੀ ਲੰਕਾ, ਬੰਗਲਾਦੇਸ਼, ਨੇਪਾਲ ਸਣੇ 12 ਦੇਸ਼ਾਂ ਨੇ ਹਿੱਸਾ ਲਿਆ। ਗੌਰਤਲਬ ਹੈ ਕਿ ਇਹ ਮਹਾਉਤਸਵ ਹੈ ਤਾਂ ਭਾਵੇਂ ਸਰਕਾਰੀ, ਪਰ ਇਹ ਸੰਸਾਰ ਭਰ ਵਿਚ ਬੜਾ ਮਿਆਰੀ ਮੰਨਿਆ ਜਾਂਦਾ ਹੈ ਅਤੇ ਪਿਛਲੇ ਸਾਲਾਂ ਦੌਰਾਨ ਪਾਕਿਸਤਾਨੀ ਟੀਮਾਂ ਇਸ ਵਿਚ ਹੁੰਮ-ਹੁਮਾ ਕੇ ਪੁੱਜਦੀਆਂ ਰਹੀਆਂ ਹਨ। ਕਨਸੋਅ ਹੈ ਕਿ ਇਸ ਵਾਰ ਕੇਂਦਰ ਵਿਚ ਸੱਤਾ ਤਬਦੀਲੀ ਦਾ ਅਸਰ ਇਸ ਮਹਾਉਤਸਵ ਉਤੇ ਵੀ ਪਿਆ ਹੈ। ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਮਾਂ ਜਥੇਬੰਦੀ ਆਰæਐਸ਼ਐਸ਼ ਹਰ ਖੇਤਰ ਵਿਚ ਵੱਡੇ ਪੱਧਰ ਉਤੇ ਘੁਸਪੈਠ ਕਰ ਰਹੀਆਂ ਹਨ। ਸਿੱਖਿਆ ਅਤੇ ਕਲਾ ਦੇ ਖੇਤਰਾਂ ਨੂੰ ਇਨ੍ਹਾਂ ਜਥੇਬੰਦੀਆਂ ਨੇ ਆਪਣਾ ਮੁੱਖ ਨਿਸ਼ਾਨਾ ਬਣਾਇਆ ਹੋਇਆ ਹੈ। ਇਨ੍ਹਾਂ ਜਥੇਬੰਦੀਆਂ ਦਾ ਟੀਚਾ ਇਹੀ ਹੈ ਕਿ ਦੋਵਾਂ ਖੇਤਰਾਂ ਵਿਚ ਹਿੰਦੂਤਵ ਦੇ ਹੱਕ ਵਿਚ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਵਿਚਾਰਧਾਰਾ ਭਾਰੂ ਕੀਤੀ ਜਾਵੇ। ਆਰæਐਸ਼ਐਸ਼ ਅਤੇ ਭਾਰਤੀ ਜਨਤਾ ਪਾਰਟੀ ਦੀ ਪਾਕਿਸਤਾਨ ਪ੍ਰਤੀ ਪਹੁੰਚ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਇਹ ਜਥੇਬੰਦੀਆਂ ਸਦਾ ਹੀ ਹਿੰਦੂਆਂ ਦੇ ਮਨਾਂ ਵਿਚ ਮੁਸਲਮਾਨਾਂ ਦੇ ਖਿਲਾਫ਼ ਜ਼ਹਿਰ ਭਰਦੀਆਂ ਆ ਰਹੀਆਂ ਹਨ। ਪਾਕਿਸਤਾਨ ਸਦਾ ਹੀ ਇਨ੍ਹਾਂ ਜਥੇਬੰਦੀਆਂ ਦੇ ਨਿਸ਼ਾਨੇ Ḕਤੇ ਰਿਹਾ ਹੈ। ਇਸ ਮਹਾਉਤਸਵ ਵਿਚ ਪਾਕਿਸਤਾਨ ਨੂੰ ਬਾਹਰ ਰੱਖਣਾ ਵੀ ਇਸ ਮਾਨਸਿਕਤਾ ਵਿਚੋਂ ਨਿਕਲਿਆ ਹੈ।
ਦੇਸ਼ ਦੀਆਂ ਕੁਝ ਅਹਿਮ ਸ਼ਖਸੀਅਤਾਂ ਅਤੇ ਸੰਸਥਾਵਾਂ ਨੇ ਮਹਾਉਤਸਵ ਦੇ ਪ੍ਰਬੰਧਕਾਂ ਦੀ ਇਸ ਕਾਰਵਾਈ ਨੂੰ ਸ਼ਰਾਰਤਪੂਰਨ ਅਤੇ ਹੋਛੀ ਕਰਾਰ ਦਿੱਤਾ ਹੈ। ਸੰਸਾਰ ਪੱਧਰ ਦੇ ਅਜਿਹੇ ਮਹਾਉਤਸਵ ਵਿਚ ਇਸ ਤਰ੍ਹਾਂ ਦਾ ਛੋਟਾਪਣ ਸੋਭਾ ਨਹੀਂ ਦਿੰਦਾ। ਇਸ ਨਾਲ ਅਜਿਹੇ ਮਿਆਰੀ ਮਹਾਉਤਸਵ ਦੀ ਭਰੋਸੇਯੋਗਤਾ ਉਤੇ ਹੀ ਸਵਾਲੀਆ ਨਿਸ਼ਾਨ ਲਗਦਾ ਹੈ। ਨਾਲੇ ਕਲਾ ਅਤੇ ਕਲਾਕਾਰਾਂ ਦਾ ਤਾਂ ਕੋਈ ਮਜ਼ਹਬ, ਜਾਤ ਜਾਂ ਨਸਲ ਨਹੀਂ ਹੁੰਦੀ। ਕਲਾ ਅਤੇ ਕਲਾਕਾਰ ਤਾਂ ਸਭ ਦੇ ਸਾਂਝੇ ਹੁੰਦੇ ਹਨ ਅਤੇ ਇਨ੍ਹਾਂ ਦਾ ਇਕੋ ਇਕ ਸੁਨੇਹਾ ਮਨੁੱਖੀ ਜ਼ਿੰਦਗੀ ਨੂੰ ਸੋਹਣਾ, ਸੁਨੱਖਾ ਤੇ ਸੌਖਾ ਬਣਾਉਣਾ ਹੁੰਦਾ ਹੈ।
-ਸਨੋਬਰ ਸਾਰਾ