ਬੇਪ੍ਰਵਾਹ ਹੀ ਸੀ-ਸੁਦਾਗਰ ਸਿੰਘ ਬੇਪ੍ਰਵਾਹ

ਐਸ਼ ਅਸ਼ੋਕ ਭੌਰਾ
ਵਕਤ ਨੇ ਬੰਦੇ ਹੀ ਨਹੀਂ ਖਾਧੇ, ਯੁੱਗ ਵੀ ਨਿਗਲ ਲਏ ਹਨ ਪਰ ਜੇ ਕੁਝ ਜਿਉਂਦਾ ਰਹਿੰਦਾ ਹੈ ਤਾਂ ਉਹ ਸਿਰਫ ਕਲਾ। ਜਦੋਂ ਜ਼ਿੰਦਗੀ ਦਾ ਮੌਸਮ ਸਭ ਤੋਂ ਸੁਹਾਵਣਾ ਹੁੰਦਾ ਹੈ, ਉਦੋਂ ਬੰਦਾ ਨਾ ਲੋਭੀ ਹੁੰਦਾ ਹੈ ਤੇ ਨਾ ਲਾਲਚੀ। ਅਸੀਂ ਉਹ ਕੁਝ ਕਰ ਰਹੇ ਹੁੰਦੇ ਹਾਂ ਜਿਸ ‘ਚੋਂ ਆਪਣੇ ਨੁਕਸਾਨ ਦਾ ਵੀ ਚੇਤਾ ਨਹੀਂ ਆਉਂਦਾ। ਬੁਰਕੀਆਂ ਮੂੰਹ ਵਿਚ ਗਿਣ ਕੇ ਪਾਉਣ ਦੀ ਆਦਤ ਉਦੋਂ ਪੈਂਦੀ ਹੈ ਜਦੋਂ ਤਮਾ ਅਤੇ ਸੁਆਰਥ ਤੁਹਾਡੇ ਦਿਲ ਦੇ ਵਿਹੜੇ ਵਿਚ ਪ੍ਰਾਹੁਣੇ ਬਣ ਕੇ ਬੈਠ ਜਾਂਦੇ ਹਨ।

ਸੰਗੀਤ ਕਲਾ ਨਾਲ ਹੋਣ ਕਰਕੇ ਮੈਂ ਢਾਡੀਆਂ ਦੇ ਸਿਰਹਾਣੇ ਹੇਠ ਬਾਂਹ ਰੱਖਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਕੋਈ ਅੱਖਾਂ ਮੀਟ ਲਵੇ ਤਾਂ ਮੈਂ ਅੱਖਰਾਂ ਦੀ ਬਣਦੀ ਸ਼ਰਧਾਂਜਲੀ ਦਿੱਤੀ ਹੈ, ਕੋਈ ਮਾਣ ਸਨਮਾਨ ਮਿਲੇ ਤਦ ਵੀ ਮੈਂ ਅਖਬਾਰਾਂ ਦੇ ਪੰਨਿਆਂ ਲਈ ਉਨ੍ਹਾਂ ਨੂੰ ਸ਼ਿੰਗਾਰ ਬਣਾਉਂਦਾ ਰਿਹਾ ਹਾਂ, ਤੇ ਦੁੱਖ-ਸੁੱਖ ਵੇਲੇ ਵੀ ਬਾਂਹ ਕੱਢੀ ਰੱਖੀ ਹੈ। ਇਸੇ ਲਈ ਬਿਨਾ ਝਿਜਕ ਕਹਾਂਗਾ ਕਿ ਸਿੱਖਾਂ ਦੀ ਸੁਪਰੀਮ ਸੰਸਥਾ ਸ਼੍ਰੋਮਣੀ ਕਮੇਟੀ ਧਰਮ ਨਾਲੋਂ ਰਾਜਸੀ ਹੁਣ ਆ ਕੇ ਵਧੇਰੇ ਬਣੀ ਹੈ ਪਰ ਢਾਡੀ ਸੋਹਣ ਸਿੰਘ ਸੀਤਲ ਵੀ ਇਹੋ ਕਹਿੰਦਾ ਤੁਰ ਗਿਆ ਕਿ ਇਸ ਸੰਸਥਾ ਨੇ ਸਿੱਖ ਇਤਿਹਾਸ ਦੇ ਸਭ ਤੋਂ ਵੱਡੇ ਪੇਸ਼ਕਾਰਾਂ ਦੀ ਮਾੜੇ ਦਿਨਾਂ ਵਿਚ ਕਦੇ ਬਾਂਹ ਤਾਂ ਕੀ ਫੜ੍ਹਨੀ ਸੀ, ਉਂਗਲ ਫੜ੍ਹਨ ਦੀ ਗੁਸਤਾਖੀ ਵੀ ਨਹੀਂ ਕੀਤੀ।
ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਹਾਂ ਕਿ ਜਦੋਂ ਸਿੱਖ ਨੌਜਵਾਨ ਸੰਘਰਸ਼ ਕਰ ਰਹੇ ਸਨ, ਢਾਡੀ ਸੁਦਾਗਰ ਸਿੰਘ ਬੇਪ੍ਰਵਾਹ ਦੇ ਜੋਸ਼ੀਲੇ ਭਾਸ਼ਣਾਂ ਤੋਂ ਕੰਬਦੀ ਕੇਂਦਰ ਸਰਕਾਰ ਉਹਨੂੰ ਐਨ. ਐਸ਼ ਏ. (ਨੈਸ਼ਨਲ ਸਕਿਉਰਿਟੀ ਐਕਟ) ਅਧੀਨ ਜੇਲ੍ਹੀਂ ਡੱਕ ਰਹੀ ਸੀ, ਤਦ ਵੀ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਬਚਨ ਸਿੰਘ ਟੌਹੜਾ ਚੁੱਪ ਸਨ। ਜਦੋਂ ਉਹ ਬਿਮਾਰੀ ਦੇ ਸਿਰੇ ਤੱਕ ਜਾ ਕੇ ਮੌਤ ਨੂੰ ਇੱਕ ਤਰ੍ਹਾਂ ਨਾਲ ਚਕਮਾ ਦੇ ਕੇ ਵਾਪਿਸ ਪਰਤਿਆ ਤਾਂ ਉਹਦਾ ਦਵਾ-ਦਾਰੂ ਤਾਂ ਕਿਸੇ ਨੇ ਕੀ ਕਰਾਉਣਾ ਸੀ, ਹਾਲ-ਚਾਲ ਵੀ ਨਹੀਂ ਪੁੱਛਿਆ।
ਨਵੀਆਂ ਪੀੜ੍ਹੀਆਂ ਲਈ ਦੱਸ ਦਿਆਂ ਕਿ ਮੈਂ ਉਸ ਢਾਡੀ ਸੁਦਾਗਰ ਸਿੰਘ ਬੇਪ੍ਰਵਾਹ ਦੀ ਗੱਲ ਕਰ ਰਿਹਾ ਹਾਂ ਜੋ ਆਪਣੇ ਜਥੇ ਨਾਲ ਪੇਸ਼ ਭਾਸ਼ਣਾਂ ਵਿਚ ਇੱਕ ਤਰ੍ਹਾਂ ਨਾਲ ਜੋਸ਼ ਤੇ ਗੁੱਸੇ ਦਾ ਪ੍ਰਦਰਸ਼ਨ ਕਰਕੇ ਕੰਧਾਂ ਵੀ ਕੰਬਣ ਲਾ ਦਿੰਦਾ ਸੀ। ਇੱਕ ਵੰਨਗੀ ਦੇਖੋ:
ਸਤਿਗੁਰ ਨਾਨਕ ਪ੍ਰਗਟ ਹੋ ਕੇ
ਨਿਰਮਲ ਪੰਥ ਚਲਾ ਦਿੱਤਾ।
ਜਾਤ ਪਾਤ ਦੇ ਬੰਧਨ ਤੋੜੇ
ਨੀਚੋ ਊਚ ਬਣਾ ਦਿੱਤਾ।
ਨੀਵਿਆਂ ਨੂੰ ਚੁੱਕ ਛਾਤੀ ਲਾਇਆ
ਤੋਰੀ ਰੀਤ ਪਿਆਰਾਂ ਦੀ।
ਕੁੱਲ ਕੌਮਾਂ ‘ਚੋਂ ਕੌਮ ਵੱਖਰੀ
ਸੁੱਚੇ ਸਿੰਘ ਸਰਦਾਰਾਂ ਦੀ।
ਖਾੜਕੂ ਸਫਰ ਵਿਚ ਵੀ ਇੱਕ ਵਾਰ ਸਮਾਂ ਸੀ ਕਿ ਸਭ ਤੋਂ ਵੱਧ ਸਤਿਕਾਰ ਭਰੀਆਂ ਨਜ਼ਰਾਂ ਬੇਪ੍ਰਵਾਹ ਵੱਲ ਹੀ ਝੁੱਕ ਗਈਆਂ ਸਨ।
ਇੱਕ ਗੱਲ ਵਿਚਾਰਨ ਵਾਲੀ ਇਹ ਹੈ ਕਿ ਢਾਡੀ ਪਰੰਪਰਾ, ਢਾਡੀ ਕਲਾ ਏਦਾਂ ਵੀ ਲੱਗਣ ਲੱਗ ਪਈ ਕਿ ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਜ਼ੁਰਗ ਢਾਡੀ ਇਸ ਕਰਕੇ ਰਹਿ ਗਏ ਹਨ ਕਿ ਸੰਗੀਤ ਦੀਆਂ ਮਾਰੂ ਪ੍ਰਵਿਰਤੀਆਂ ਕਾਰਨ ਯੁਵਾ ਸਿੱਖ ਵਰਗ ਇਸ ਤੋਂ ਦੂਰ ਹੁੰਦਾ ਜਾਂਦਾ ਪ੍ਰਤੀਤ ਹੋਣ ਲੱਗਾ ਸੀ ਪਰ ਚਰਨ ਸਿੰਘ ਆਲਮਗੀਰ, ਢਾਡੀ ਬਲਵੰਤ ਸਿੰਘ ਪਮਾਲ ਦੇ ਪੁੱਤਰ ਰਛਪਾਲ ਸਿੰਘ ਪਮਾਲ, ਦਇਆ ਸਿੰਘ ਦਿਲਬਰ ਦੇ ਬੇਟੇ ਕੁਲਜੀਤ ਸਿੰਘ ਦਿਲਬਰ ਤੇ ਢਾਡੀ ਤ੍ਰਿਲੋਚਨ ਸਿੰਘ ਭਮੱਦੀ ਹੋਰਾਂ ਜਦੋਂ ਇਸ ਪਾਸੇ ਮੂੰਹ ਘੁੰਮਾਇਆ ਤਾਂ ਇਕ ਤਰ੍ਹਾਂ ਨਾਲ ਇਸ ਮਹਾਨ ਵਿਰਾਸਤੀ ਕਲਾ ਨੂੰ ਮੁੜ ਵੱਡਾ ਹੁਲਾਰਾ ਮਿਲਿਆ। ਬੇਪ੍ਰਵਾਹ ਦੀ ਬਾਤ ਅੱਗੇ ਤੋਰਦਿਆਂ ਉਸ ਦੇ ਦੁੱਖਾਂ ਦੀ ਵੀ ਗੱਲ ਕਰਨੀ ਪਵੇਗੀ।
ਸਾਰੰਗੀ ਰਾਜਸਥਾਨ ਦਾ ਲੋਕ ਸਾਜ ਹੈ ਪਰ ਇਸ ਸਾਜ ਨੂੰ ਸਭ ਤੋਂ ਵੱਡਾ ਪੂਜਣਯੋਗ ਸਥਾਨ ਢਾਡੀਆਂ ਨੇ ਲੈ ਕੇ ਦਿੱਤਾ ਹੈ। ਕਿਉਂਕਿ ਇਸ ਕਲਾ ਦਾ ਸਿੱਧਾ ਵਾਹ ਧਰਮ ਨਾਲ ਰਿਹਾ ਹੈ, ਹਾਲੇ ਤੱਕ ਕੋਈ ਵੀ ਢਾਡੀ ਅਜਿਹਾ ਨਹੀਂ ਹੈ ਜੋ ਪੂਰਨ ਗੁਰਮਰਿਆਦਾ ਵਿਚ ਜਾਂ ਰਹਿਤ ਅੰਦਰ ਨਾ ਹੋਵੇ। ਜੇ ਸੁਦਾਗਰ ਸਿੰਘ ਬੇਪ੍ਰਵਾਹ ਬਾਰੇ ਤੁਸੀਂ ਵਿਸਥਾਰ ਵਿਚ ਜਾਣਨਾ ਚਾਹੋ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਦੋ ਦਲੀਲਾਂ ਦਿਆਂਗਾ। ਪਹਿਲੀ, ਮਾਲਵੇ ਦੇ ਪਿੰਡਾਂ ‘ਚੋਂ ਕਦੇ ਲੰਘਦੇ ਹੋਵੋ, ਬੋਹੜ ਜਾਂ ਪਿੱਪਲ ਹੇਠਾਂ ਬਜ਼ੁਰਗਾਂ ਦੀ ਸੱਥ ਲੱਗੀ ਹੋਵੇ ਤਾਂ ਦੋ ਪਲ ਬਹਿ ਕੇ ਪੁੱਛਿਓ, ‘ਭਲਾ ਢਾਡੀ ਬੇਪ੍ਰਵਾਹ ਨੂੰ ਜਾਣਦੇ ਹੋ?’ ਫੇਰ ਵੇਖਿਓ ਇਹ ਬਜ਼ੁਰਗ ਉਹਦੀ ਢਾਡੀ ਕਲਾ ਦੇ ਰੰਗਾਂ ਵਾਲੀ ਪਟਾਰੀ ‘ਚੋਂ ਕੀ ਕੀ ਕੱਢ ਕੇ ਵਿਖਾਉਂਦੇ ਨੇ?
ਦੂਜੀ ਤਸਵੀਰ ਇਹ ਕਿ ਖੁਫੀਆ ਵਿਭਾਗ ਦਾ ਕੋਈ ਸੀਨੀਅਰ ਅਫਸਰ ਮਿਲ ਜਾਵੇ ਤਾਂ ਸਵਾਲ ਕਰਿਓ, ਬੇਪ੍ਰਵਾਹ ‘ਤੇ ਐਨ. ਐਸ਼ ਏ. ਕਿਉਂ ਲੱਗਾ ਸੀ? ਉਹ ਦੱਸੇਗਾ ਕਿ ਉਹਦੀ ਸੀ. ਆਈ. ਡੀ. ਕਰਨ ਗਏ ਮੁਲਾਜ਼ਮ ਕਿਹਾ ਕਰਦੇ ਸਨ, ਅੰਦਰ ਭਾਵੇਂ ਬੇਪ੍ਰਵਾਹ ਨੂੰ ਸਵੇਰੇ ਡੱਕ ਦਿਓ ਪਰ ਕੇਰਾਂ ਸੁਣ ਕੇ ਤਾਂ ਵੇਖਿਓ ਲੈਕਚਰ ਕਰਦਿਆਂ ਕੰਧਾਂ ਕਿਵੇਂ ਕੰਬਣ ਲਾ ਦਿੰਦੈ, ਜਮਾਂ ਸੁਆਦ ਨਾਲ ਨੱਕੋ-ਨੱਕ ਕਰ ਸੁੱਟਦੈ।
ਦੇਵ ਦੇ ਪਿੰਡ ਥਰੀਕਿਆਂ ਨੂੰ ਪਹਿਲਾਂ ਡਾਕਖਾਨਾ ਦੇਵਖਾਨਾ ਦੇਤਵਾਲ ਲੱਗਦਾ ਸੀ ਤੇ ਇਹੀ ਪਿੰਡ ਹੈ ਸੁਦਾਗਰ ਸਿੰਘ ਬੇਪ੍ਰਵਾਹ ਦਾ। ਸੰਨ ਅਠਾਸੀ ਵਿਚ ਮੈਂ ਤੇ ਜਗਦੇਵ ਸਿੰਘ ਜੱਸੋਵਾਲ ਉਹਨੂੰ ਸਰਦੀਆਂ ਦੇ ਦਿਨਾਂ ਵਿਚ ਇਸੇ ਪਿੰਡ ਮਿਲਣ ਗਏ। ਉਦੋਂ ਉਹ ਦੇਸ਼ ਦੀ ਸੁਰੱਖਿਆ ਲਈ ਖਤਰਾ ਬਣ ਕੇ ਤਾਜ਼ਾ ਤਾਜ਼ਾ ਜੇਲ੍ਹ ‘ਚੋਂ ਛੁੱਟ ਕੇ ਆਇਆ ਸੀ। ਬਦਕਿਸਮਤੀ ਇਹ ਹੋਈ ਕਿ ਉਹ ਘਰੇ ਨਾ ਟੱਕਰਿਆ ਪਰ ਉਹਦੀ ਪਤਨੀ ਭਗਵਾਨ ਕੌਰ ਮਿਲ ਗਈ।
ਜਿਵੇਂ ਸਿਆਣੇ ਕਹਿੰਦੇ ਨੇ ਕੋਈ ਕਿੰਨਾ ਵੀ ਵੱਡਾ ਹੋਵੇ, ਮਾਂ ਤੇ ਪਤਨੀ ਦੀਆਂ ਨਜ਼ਰਾਂ ਵਿਚ ਸਧਾਰਣ ਮਨੁੱਖ ਹੀ ਹੁੰਦੈ। ਜਦੋਂ ਮੈਂ ਪੁੱਛਿਆ ਕਿ ਕਿੱਥੇ ਗਏ ਨੇ ਬੇਪ੍ਰਵਾਹ ਜੀ? ਇਹ ਕਹਾਣੀ ਉਦੋਂ ਦੀ ਹੈ ਜਦੋਂ ਮੈਂ ‘ਅਜੀਤ’ ‘ਚ ਹਫਤਾਵਾਰੀ ਕਾਲਮ ਲਿਖਦਾ ਹੁੰਦਾ ਸੀ, ‘ਸੁਰ ਸੱਜਣਾਂ ਦੀ।’ ਢਾਡੀਆਂ ਤੇ ਗਾਇਕਾਂ ਦੀਆਂ ਪਤਨੀਆਂ ਨਾਲ ਮੁਲਾਕਾਤਾਂ। ਅਖਬਾਰੀ ਦੁਨੀਆਂ ਤੋਂ ਅਭਿੱਜ ਬੀਬੀ ਭਗਵਾਨ ਕੌਰ ਨੇ ਜੋ ਕਿਹਾ, ਉਹਦੀਆਂ ਇਨ-ਬਿਨ ਸਤਰਾਂ ਪੇਸ਼ ਕਰ ਰਿਹਾ ਹਾਂ:
“ਮੈਂ ਇਸ ਬੰਦੇ ਨਾਲ ਬੜੀ ਔਖੀ ਗੁਜਾਰੀ ਐ ਜ਼ਿੰਦਗੀ। ਨਾ ਇਹਨੇ ਪੈਸਾ ਸੰਭਾਲਿਆ, ਨਾ ਸਿਹਤ। ਮਰਨ ਲੱਗਾ ਸੀ, ਹੋਣੀ ਨੂੰ ਫਤਿਹ ਬੁਲਾ ਕੇ ਆਇਐ। ਜਿਸ ਕੰਮ ਤੋਂ ਇਹਨੂੰ ਮੈਂ ਰੋਕਾਂ, ਪੁੱਤ ਵਰਜੇ, ਉਹ ਕੰਮ ਇਹਨੇ ਕਰਨਾ ਈ ਕਰਨੈ। ਏਸ ਬੰਦੇ ਤੋਂ ਅਖੇ ਮੁਲਖ ਨੂੰ ਖਤਰਾ, ਪੁਲਿਸ ਨੇ ਚੁੱਕ ਕੇ ਜੇਲ੍ਹ ‘ਚ ਡੱਕ ‘ਤਾ। ਕੁੱਤੇ ਦੇ ਡੰਡਾ ਮਾਰਨ ਜੋਗਾ ਨੀ ਇਹ, ਐਵੇਂ ਲੋਕ ਤੇ ਸਰਕਾਰਾਂ ਡਰੀ ਜਾਨੀਆਂ ਇਹਤੋਂ। ਅਖੇ ਲੈਚਕਰ ਕਰਦਾ ਕੰਧਾਂ ਕੰਬਣ ਲਾ ਦੇਂਦੈ, ਜਦ ਬੋਲਦਾ ਤਾਂ ਮੈਕ ਪਾੜ ਸੁੱਟਦੈ। ਲੁਧਿਆਣੇ ਨੂੰ ਗਿਐ ਕਿਤੇ ਥੋਨੂੰ ਟੱਕਰਿਆ ਤਾਂ ਪੁੱਛਿਓ ਪਈ ਮੰਜੇ ‘ਤੇ ਪਿਆ ਕੀ ਦੀਹਦਾ ਸੀ, ਮਰ ਜਾਣੇ ਨੇ ਪੀਲੀਆ ਕਰਾ ਲਿਆ ਪੀ ਪੀ ਕੇ। ਹੁਣ ਤਾਂ ਜਮ੍ਹਾਂ ਫੇਰ ਪਹਿਲਾਂ ਵਾਂਗ ਲਾਲ ਮੂੰਹ ਹੋ ਗਿਆ ਜੇ ਨਾ ਪੀਵੇ ਤਾਂ।”
ਇੱਕੋ ਸਾਹੇ ਉਹਨੇ ਬੇਪ੍ਰਵਾਹ ਨਾਲੋਂ ਵੀ ਲੰਬਾ ਭਾਸ਼ਣ ਝਾੜ ਸੁੱਟਿਆ। ਜਦੋਂ ਜੱਸੋਵਾਲ ਨੇ ਦੱਸਿਆ ਇਹ ਮੁੰਡਾ ਅਖਬਾਰ ‘ਚ ਲਿਖਣ ਲਈ ਆਇਆ ਸੀ ਤਾਂ ਨਿਕਲ ਗਈ ਭਗਵਾਨ ਕੌਰ ਦੇ ਪੈਰਾਂ ਹੈਠੋਂ ਜਮੀਨ। ਅਨਪੜ੍ਹ ਪੇਂਡੂ ਸੁਆਣੀ ਕਦੇ ਜੱਸੋਵਾਲ ਨੂੰ ਆਖੇ, ‘ਵੇ ਜਥੇਦਾਰਾ ਐਵੇਂ ਮੈਥੋਂ ਗੱਲਾਂ ਹੋ ਗਈਆਂ, ਚੰਗਾ ਵੀ ਬਥੇਰਾ ਜਮੀਨ ਬਾਪੂ ਆਲੀ ਨਾਲੋਂ ਵੱਧ ਢੱਡ ਵਜਾ ਕੇ ਬਣਾ ਲਈ ਐ, ਭੁੱਲ ਜੋ ਮੇਰੀਆਂ ਗੱਲਾਂ ਨੂੰ।’ ਕਦੇ ਮੈਨੂੰ ਆਖੇ, ‘ਵੇ ਤੂੰ ਤਾਂ ਜੁਆਕੜਾ ਮੇਰੇ ਪੁੱਤ ਤੋਂ ਵੀ ਲਵਾ ਜਿਹਾ, ਕਿਤੇ ਏਦਾਂ ਨਾ ਲਿਖਦੀਂ। ਇਹ ਬੰਦਾ ਬੜਾ ਕੱਬਾ, ਅੜਬ ਪੂਰਾ। ਮਸਾਂ ਹੱਡ ਕੁੱਟਣੋਂ ਹਟਿਆ, ਕਿਤੇ ਫੇਰ ਨਾ ਹੱਡੀਆਂ ਸੇਕ ਦੇਵੇ। ਵੇਖੀਂ ਵੇ ਪੁੱਤਾ ਮੇਰੇ ਬੋਲੇ ਡਾਂਟੇ ਦਾ ਖਿਆਲ ਰੱਖੀਂ।’ ਵਰ੍ਹੇ ਬੀਤਣ ‘ਤੇ ਵੀ ਇਹ ਸੰਵਾਦ ਵਾਰਤਾ ਮੇਰੇ ਚੇਤੇ ‘ਚ ਉਵੇਂ ਹੈ।
ਕੁਝ ਮਹੀਨਿਆਂ ਪਿੱਛੋਂ ਫੇਰ ਮੈਨੂੰ ਬੇਪ੍ਰਵਾਹ ਪ੍ਰੋ. ਮੋਹਨ ਸਿੰਘ ਮੇਲੇ ‘ਤੇ ਮਿਲਿਆ ਤਾਂ ਦੂਰੋਂ ਹੀ ਵੇਖ ਕੇ ਹੱਸ ਪਿਆ। ਕਹਿਣ ਲੱਗਾ, “ਯਾਰ ਇਨ੍ਹਾਂ ਤੀਵੀਆਂ-ਮਾਨੀਆਂ ਦਾ ਕੀ ਕਰੀਏ, ਗੂਠਾ ਟੇਕ ਐ ਵਿਚਾਰੀ, ਕੋਰੇ ਕਾਗਤ ਵਰਗੀ। ਕਹਿ ‘ਤਾ ਜੋ ਮਨ ‘ਚ ਸੀ। ਆਪਾਂ ਤਾਂ ਆਪਣੇ ਸੁਭਾਅ ਵਾਂਗ ਬੇਪ੍ਰਵਾਹ ਈ ਆਂ, ਚਿੱਤ ਚੇਤਾ ਜੋ ਆਹੰਦੀ ਸੀ। ਲਿਖ ਵੀ ਦਈਂ, ਕੁਛ ਨ੍ਹੀਂ ਹੁੰਦਾ।”
ਪੰਥ ਦੇ ਇੱਕ ਮਹਾਨ ਢਾਡੀ ਦੀ ਫਰਾਖਦਿਲੀ ਤੇ ਖੁਲ੍ਹਦਿਲੀ ‘ਤੇ ਸਦਕੇ ਜਾਣ ਨੂੰ ਜੀਅ ਕਰਦੈ ਹਾਲੇ ਵੀ। ਕਰੀਬ ਡੇਢ ਕੇ ਦਹਾਕਾ ਹੋ ਗਿਐ ਬੇਪ੍ਰਵਾਹ ਨੂੰ ਸਾਥੋਂ ਰੁਖਸਤ ਹੋਇਆਂ।
ਉਹਦੀ ਸੋਜ਼ ਭਰੀ ਅਵਾਜ਼ ਨਾਲ ਹਰ ਬੰਦਾ ਪੂਰੇ ਦਾ ਪੂਰਾ ਕੀਲਿਆ ਹੀ ਜਾਂਦਾ ਸੀ ਤੇ ਜਦੋਂ ਉਹ ਇਤਿਹਾਸਕ ਲੈਕਚਰ ਕਰਦਾ ਤਾਂ ਸਮਾਂ ਇੱਕ ਤਰ੍ਹਾਂ ਨਾਲ ਨਾਗ ਵਾਂਗ ਪਿਟਾਰੀ ਵਿਚ ਪੈ ਜਾਂਦਾ ਸੀ ਪਰ ਇਹ ਵੀ ਸੱਚ ਹੈ ਕਿ ਜੋ ਕੁਝ ਬੇਪ੍ਰਵਾਹ ਨੇ ਪੰਥ ਲਈ ਕੀਤਾ, ਕੌਮ ਲਈ ਕੀਤਾ, ਉਹਦਾ ਕੌਡੀ ਮੁੱਲ ਨਹੀਂ ਪਿਆ। ਜਿਨ੍ਹਾਂ ਲਈ ਉਹ ਜੇਲ੍ਹਾਂ ‘ਚ ਰੁਲਿਆ, ਮੰਜੇ ‘ਤੇ ਬਿਮਾਰ ਪਏ ਦੀ ਸ਼ਕਲ ਵੀ ਦੇਖਣ ਨਾ ਆਏ।
ਬੇਪ੍ਰਵਾਹ ਨੇ 65-66 ਵਰ੍ਹਿਆਂ ਦੀ ਉਮਰ ਬੜੇ ਪੈਂਠ ਤੇ ਰੋਅਬ ਨਾਲ ਗੁਜ਼ਾਰੀ ਪਰ ਆਖਰੀ ਚਾਰ ਕੁ ਵਰ੍ਹੇ ਉਹਨੇ ਖਿੱਚ-ਧੂਹ ਕੇ ਕੱਢੇ। ਨਿਰਾਸ਼ਾ ਕਰਕੇ ਵੱਧ, ਬਿਮਾਰੀ ਕਰਕੇ ਘੱਟ। ਸੁਦਾਗਰ ਸਿੰਘ ਨੂੰ ਬਚਪਨ ਵਿਚ ਕਵਿਤਾਵਾਂ ਲਿਖਣ ਦੀ ਚੇਟਕ ਲੱਗੀ ਤੇ ਹੋਸ਼ ਸੰਭਲਦਿਆਂ ਉਹ ਕਵੀਸ਼ਰੀ ਕਰਨ ਲੱਗ ਪਿਆ। ਜ਼ਿੰਦਗੀ ਦੇ ਸ਼ੁਰੂਆਤੀ ਕਲਾਤਮਕ ਸਮਿਆਂ ਵਿਚ ਉਹ ਕਰੀਬ ਦੋ ਦਹਾਕੇ ਕਵੀਸ਼ਰੀ ਜਥਾ ਬਣਾ ਕੇ ਪ੍ਰੋਗਰਾਮ ਕਰਦਾ ਰਿਹਾ। ਘਰ ਦਾ ਮਾਹੌਲ ਉਂਜ ਉਸ ਦੀ ਕਲਾ ਨਾਲ ਮੇਲ ਨਹੀਂ ਸੀ ਖਾਂਦਾ ਸੀ, ਕਿਉਂਕਿ ਪਿਤਾ ਸਰਦਾਰਾ ਸਿੰਘ ਆਪਣੇ ਵੇਲੇ ਦਾ ਮੰਨਿਆ-ਪ੍ਰਮੰਨਿਆ ਪਹਿਲਵਾਨ ਹੁੰਦਾ ਸੀ। ਪਿਉ ਨੇ ਬਥੇਰਾ ਕਿਹਾ ਕਿ ਸੁਦਾਗਰਾ ਰੁਮਾਲੀ ਸੁਆ ਲੈ, ਜ਼ੋਰ ਕਰ। ਉਹਨੇ ਪੰਜ ਕੱਕਾਰ ਪੂਰੇ ਕਰ ਲਏ। ਜਦੋਂ ਉਹਨੇ ਕਿਹਾ ਕਿ ਇਹ ਮੇਰੀ ਪ੍ਰਵਾਹ ਨਹੀਂ ਕਰਦਾ ਤਾਂ ਫਿਰ ਸੁਦਾਗਰ ਨੇ ਆਪਣੇ ਨਾਲ ਪੱਕੇ ਤੌਰ ‘ਤੇ ਹੀ ਬੇਪ੍ਰਵਾਹ ਜੋੜ ਲਿਆ। ਉਂਜ ਉਹ ਉਰਦੂ ਦੀਆਂ ਅੱਠ ਜਮਾਤਾਂ ਪਾਸ ਸੀ, ਨੌਕਰੀ ਤਾਂ ਮਿਲ ਸਕਦੀ ਸੀ ਪਰ ਉਹਨੇ ਰਾਗ ਕਲਾ ਨੂੰ ਹੀ ਇਕ ਤਰ੍ਹਾਂ ਨਾਲ ਜੀਵਨ ਦਾਨ ਕਰ ਦਿੱਤਾ। ਸ਼ੁਰੂ ਸ਼ੁਰੂ ਵਿਚ ਉਹਨੇ ਜਰਨੈਲ ਸਿੰਘ ਅੱਬੂਆਲ, ਨਿਰਮਲ ਸਿੰਘ ਮੱਲ੍ਹੀ ਨੂੰ ਢੱਡ ਅਤੇ ਜੈਗੋਪਾਲ ਸਿੰਘ ਨੂੰ ਸਾਰੰਗੀ ‘ਤੇ ਜੋੜ ਕੇ ਜਥਾ ਬਣਾਇਆ। ਸਿੱਖ ਇਤਿਹਾਸ ਦੀਆਂ ਖੋਜ ਭਰਪੂਰ ਪੁਸਤਕਾਂ ਦਾ ਅਧਿਐਨ ਕੀਤਾ ਤੇ ਆਪਣੇ ਆਪ ਨੂੰ ਇੱਕ ਬੁਲਾਰੇ ਵਜੋਂ ਸਥਾਪਤ ਕਰ ਲਿਆ।
ਬੇਪ੍ਰਵਾਹ ਦੀ ਕਲਮ ਦਾ ਵਹਾਅ ਏਨਾ ਕਾਬਲ-ਏ-ਗੌਰ ਸੀ ਕਿ ਸੁਣਨ ਵਾਲਾ ਵੀ ਕੁਝ ਘੜੀਆਂ ਲਈ ਬੇਪ੍ਰਵਾਹ ਜਿਹਾ ਹੀ ਹੋ ਜਾਂਦਾ ਸੀ। ਆਪਣੀ ਇੱਕ ਲਿਖਤ ‘ਸਤਿਸੰਗ ਕਰ ਬੰਦਿਆ ਜੇ ਤੈਂ ਕਰਨਾ ਜਨਮ ਸੁਹੇਲਾ’ ਦੇ ਅੰਤ ਵਿਚ ਉਹ ਕਿਆ ਖੂਬ ਲਿਖਦਾ ਹੈ:
ਗੱਲ ਸੁਣ ਲੈ ਬੇਪ੍ਰਵਾਹ
ਤੂੰ ਵੀ ਛੱਡ ਦੇ ਬੇਪ੍ਰਵਾਹੀਆਂ।
ਕੀਤੇ ਸ਼ੁਭ ਕਰਮ ਬਿਨਾ
ਦੇਣਗੇ ਚਿਤਰਗੁਪਤ ਗਵਾਹੀਆਂ।
ਇਸ ਲਾਗ ਸੁਹਾਵੇ ‘ਚੋਂ
ਛੱਡ ਭਰਿਆ ਮੇਲਾ।
ਸਤਿਸੰਗ ਕਰ ਬੰਦਿਆ…।
ਉਹਦੀਆਂ ਕੁਝ ਹੋਰ ਲਿਖਤਾਂ ਜ਼ਿਕਰਯੋਗ ਸਨ:
ਸਿੰਘ ਸੂਰਮੇ ਪਿਆਰੇ
ਕਲਗੀਧਰ ਦੇ ਦੁਲਾਰੇ
ਸਦਾ ਦੇਸ਼ ਉਤੋਂ ਜ਼ਿੰਦ ਜਾਨ
ਵਾਰਦੇ ਰਹੇ।
ਖੂਨ ਡੋਲ੍ਹ ਸੀਨਾ ਭਾਰਤ ਦਾ
ਠਾਰ੍ਹਦੇ ਰਹੇ।
ਜਿਸ ਰਚਨਾ ਨਾਲ ਉਹ ਜੋਸ਼ ਤੇ ਜੁੱਸੇ ਦਾ ਤਪਦਾ ਸੂਰਜ ਚੜ੍ਹਾ ਦਿੰਦਾ ਸੀ, ਜੀਹਦੇ ਕਰਕੇ ਖੁਫੀਆ ਏਜੰਸੀਆਂ ਪਿੱਛੇ ਲੱਗ ਗਈਆਂ ਸਨ, ਉਹ ਪੜ੍ਹਨ ਨਾਲੋਂ ਸੱਚੀ ਪੇਸ਼ਕਾਰੀ ‘ਚ ਅਨੁਭਵ ਕਰਨ ਵਾਲੀ ਸੀ:
ਸਿਦਕੀ ਸੂਰਿਆ ਸੰਤ ਸਿਪਾਹੀਆ
ਵਾਹ ਓਏ ਸ਼ੇਰ ਜਵਾਨਾ।
ਅਵਧ ਮੜ੍ਹਕ ਦਾ ਜੀਵਨ ਜੀਵੇਂ
ਵਾਹ ਸਿੱਖੀ ਦੀਆਂ ਸ਼ਾਨਾਂ।
ਉਹ ਆਪਣੇ ਭਾਸ਼ਣ ਦੇ ਜਲੌਅ ਵਿਚ ਸਿੱਖ ਗੱਭਰੂਆਂ ਨੂੰ ਸਮਝਾ ਜਾਂਦਾ ਸੀ ਕਿ ਇੱਕ ਸਿੱਖ ਲਈ ਮੜ੍ਹਕ ਤੇ ਅਣਖ ਅਸਲ ‘ਚ ਹੁੰਦੀ ਕੀ ਹੈ? ਊਂ ਉਹਦੀਆਂ ਕਾਵਿ ਰਚਨਾਵਾਂ ਵਿਚ ਦੇਸ਼ ਤੇ ਕੌਮ ਪ੍ਰਤੀ ਮੋਹ ਹੈ।
ਪੰਜਾਬੀ ਸੂਬੇ ਵੇਲੇ ਵੀ ਬੇਪ੍ਰਵਾਹ ਨੇ ਜੇਲ੍ਹ ਕੱਟੀ ਤੇ ਧਰਮਯੁੱਧ ਮੋਰਚੇ ‘ਚ ਵੀ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਮੂਹਰੇ ਰਿਹਾ। ਸਮੇਂ ਦੇ ਸੱਚ ਦੀ ਗੱਲ ਕਰਦਿਆਂ, ਹੱਕ ਦੀ ਕੂਕ ਮਾਰਦਿਆਂ ਉਹਨੇ ਕਈ ਕੰਨਾਂ ਦੇ ਪਰਦੇ ਵੀ ਖੋਲ੍ਹੇ। ਇਸੇ ਕਰਕੇ ਉਹਨੂੰ ਕਈ ਥਾਂ ਗੁਸੈਲੀਆਂ ਨਜ਼ਰਾਂ ਦਾ ਸ਼ਿਕਾਰ ਵੀ ਹੋਣਾ ਪਿਆ। ਉਹਨੇ ਆਪਣੇ ਜਥੇ ਨਾਲ ਇੰਗਲੈਂਡ, ਕੈਨੇਡਾ, ਸਿੰਘਾਪੁਰ, ਮਲਾਇਆ ਤੇ ਹੋਰ ਕਈ ਦੇਸ਼ਾਂ ਵਿਚ ਢਾਡੀ ਰਾਗ ਦਾ ਨਵਾਂ ਰੰਗ ਚੜ੍ਹਾਇਆ।
ਸੁਦਾਗਰ ਸਿੰਘ ਬੇਪ੍ਰਵਾਹ ਨੇ ਬੜੀ ਘਾਲਣਾ ਨਾਲ ਢਾਡੀ ਰਾਗ ਨੂੰ ਹਾਸਿਲ ਕੀਤਾ। ਰਸਮੀ ਤੌਰ ‘ਤੇ ਤਖਤੂਪੁਰੇ ਦੇ ਸ਼ੇਰ ਸਿੰਘ ਨੂੰ ਉਹਨੇ ਆਪਣਾ ਉਸਤਾਦ ਧਾਰਿਆ। ਉਹਦੇ ਜਥੇ ਵਿਚ ਕੰਮ ਕਰਨ ਵਾਲਿਆਂ ਦੀ ਅਦਲਾ-ਬਦਲੀ ਹੁੰਦੀ ਰਹੀ। ਬਹੁਤ ਸਮਾਂ ਉਹਨੇ ਢਮਵਾਲ ਪਿੰਡ ਹੀ ਗੁਜ਼ਾਰਿਆ ਤੇ ਕੁਝ ਜੇਲ੍ਹ ‘ਚ। ਸਵਰਗੀ ਅਮਰ ਸਿੰਘ ਸ਼ੌਂਕੀ ਦੇ ਪੁੱਤਰ ਪ੍ਰਗਟ ਸਿੰਘ ਤੇ ਸਵਰਾਜ ਸਿੰਘ ਵੀ ਕੁਝ ਸਮਾਂ ਉਹਦੇ ਜਥੇ ‘ਚ ਰਹੇ।
ਕੁਦਰਤੀ ਗੱਲ ਹੈ ਕਿ ਸੰਘਰਸ਼ਸ਼ੀਲ ਜ਼ਿੰਦਗੀ ਵਿਚ ਵਿਚਰਦਿਆਂ ਮਨੁੱਖ ਕਈ ਵਾਰ ਅਕੇਵਾਂ ਵੀ ਮਹਿਸੂਸ ਕਰਨ ਲੱਗ ਪੈਂਦਾ ਹੈ ਤੇ ਆਮ ਬੰਦੇ ਨੂੰ ਸੁਭਾਅ ਰੁੱਖਾ ਜਿਹਾ ਲੱਗਦੈ। ਇਉਂ ਬੇਪ੍ਰਵਾਹ ਦੇ ਮਾਮਲੇ ਵਿਚ ਵੀ ਉਹਨੂੰ ਜਾਣਨ ਵਾਲੇ ਆਖਦੇ ਹਨ।
ਉਹਦੇ ਪਰਿਵਾਰ ਵਾਲੇ ਦੱਸਦੇ ਹਨ ਕਿ ਜਿਸ ਬੇਪ੍ਰਵਾਹ ਨੇ ਜੁਆਨੀ ਵਿਚ ਪੈਸੇ ਦੀ ਪ੍ਰਵਾਹ ਨਹੀਂ ਕੀਤੀ, ਉਹ ਵਕਤ ਲੰਘਣ ‘ਤੇ ਜਮੀਨ ਤੋਂ ਸੂਈ ਡਿੱਗੀ ਵੀ ਭਾਲਦਾ ਰਿਹਾ।
ਬੇਪ੍ਰਵਾਹ ਨੇ ਜੋਸ਼ੀਲਾ ਲਿਖਿਆ ਅਤੇ ਜੇਲ੍ਹ ਵੀ ਕੱਟੀ ਪਰ ਇਸ ਨੂੰ ਰਿਕਾਰਡ ਰੂਪ ਵਿਚ ਸੰਭਾਲਿਆ ਨਹੀਂ। ਸ਼ਾਇਦ ਉਹਦੀ ਜੀਵਨ ਕਹਾਣੀ ਪ੍ਰਤੀ ਇਹ ਦੁਖਾਂਤ ਬਣ ਜਾਵੇਗਾ ਕਿ ਜਿੰਨਾ ਉਹਦੇ ਕੋਲ ਖਜ਼ਾਨਾ ਸੀ, ਉਹਦਾ ਸ਼ਾਇਦ ਕੁਝ ਵੀ ਬਣ ਨਾ ਸਕੇ।