ਬਾਲ ਮਨਾਂ ‘ਚ ‘ਜੂਨ ਚੁਰਾਸੀ’ ਦੇ ਅਕਸ

ਤਰਲੋਚਨ ਸਿੰਘ ਦੁਪਾਲਪੁਰ
ਸਕੂਲੀ ਸਿਲੇਬਸ ਦੀ ਕਿਸੇ ਕਿਤਾਬ ਵਿਚ ਅਸੀਂ ਕਰਤਾਰ ਸਿੰਘ ਦੁੱਗਲ ਦੀ ਕਹਾਣੀ ‘ਕਰਾਮਾਤ’ ਪਹਿਲੀ ਵਾਰ ਪੜ੍ਹੀ। ਇਸ ਦੇ ਕਥਾਨਕ ਵਿਚ ਭਾਈ ਮਰਦਾਨੇ ਦਾ ਵਲੀ ਕੰਧਾਰੀ ਪਾਸੋਂ ਪਾਣੀ ਮੰਗਣ ਜਾਣ ਵਾਲ ਬਿਰਤਾਂਤ ਤਾਂ ਅਸੀਂ ਚੁੱਪ ਚਪੀਤੇ ਹੀ ਪੜ੍ਹ ਜਾਂਦੇ, ਕਿਉਂਕਿ ਇਹ ਸਾਖੀ ਅਸੀਂ ਗੁਰਦੁਆਰੇ ਵਿਚ ਕਈ ਵਾਰ ਸੁਣੀ ਹੋਈ ਸੀ, ਪਰ ਜਦ ਇਸ ਕਹਾਣੀ ਦੇ ਆਖਰੀ ਹਿੱਸੇ ਵਿਚ ਇਹ ਜ਼ਿਕਰ ਆਉਂਦਾ ਕਿ

ਪੰਜਾ ਸਾਹਿਬ ਵਿਖੇ ਵਾਪਰੇ ਸਾਕੇ ਦੇ ਦਿਨਾਂ ਵਿਚ ਬਾਲ ਉਮਰੇ ਦੁੱਗਲ ਅਤੇ ਉਸ ਦੀ ਨਿੱਕੀ ਭੈਣ ਆਪਣੀ ਮਾਂ ਦੀਆਂ ਉਂਗਲਾਂ ਫੜ੍ਹੀ ਗੁਰਦੁਆਰਾ ਪੰਜਾ ਸਾਹਿਬ ਨੂੰ ਜਾ ਰਹੇ ਹੁੰਦੇ ਨੇ…ਦੁੱਗਲ ਦੇ ਬਾਲ ਮਨ ਵਿਚ ‘ਸਾਕੇ’ ਬਾਰੇ ਸਿਰਫ ਇਹੀ ਅਕਸ ਬਣਦਾ ਕਿ ਅੱਜ ਸਾਡੇ ਘਰ ਰੋਟੀ ਨਹੀਂ ਪੱਕਣੀ…ਭੁੰਜੇ ਸੌਣਾ ਪਵੇਗਾ…!
ਆਪਣੇ ਦੋਹਾਂ ਬੱਚਿਆਂ ਨੂੰ ਨਾਲ ਲੈ ਕੇ ਹੰਝੂ ਕੇਰਦੀ ਤੁਰੀ ਜਾਂਦੀ ਮਾਂ ਵਾਲਾ ਦ੍ਰਿਸ਼ ਸਾਨੂੰ ਆਪਣਾ ਬਚਪਨ ਅਤੇ ਸਾਡੀ ਮਾਂ ਚੇਤੇ ਕਰਵਾ ਦਿੰਦਾ ਜਿਸ ਨੂੰ ਪੰਜਾ ਸਾਹਿਬ ਦੇ ਸਾਕੇ ਲਈ ਵਿਸ਼ੇਸ਼ ਤੌਰ ‘ਤੇ ਬਣਾਇਆ ਹੋਇਆ ‘ਗੱਡੀ ਛੰਦ’ ਮੂੰਹ ਜ਼ੁਬਾਨੀ ਯਾਦ ਸੀ।
ਪਾਕਿਸਤਾਨ ਦੇ ਜਿਲਾ ਸਰਗੋਧਾ ਵਿਚ ਸਿੱਖਾਂ ਵਾਲੇ ਰੇਲਵੇ ਸਟੇਸ਼ਨ ਦੇ ਲਾਗੇ ਚਾਗੇ ਵਸਦੇ ਉਨੀ ਚੱਕ ਵਿਚ ਜੰਮੀ ਪਲੀ ਅਤੇ ਰੌਲਿਆਂ ਤੋਂ ਕਈ ਵਰ੍ਹੇ ਚੜ੍ਹਦੇ ਪੰਜਾਬ ਵਿਆਹੀ ਆਈ ਸਾਡੀ ਮਾਂ ਸਾਨੂੰ ਆਪਣੇ ਬਚਪਨ ਵੇਲੇ ਦੀਆਂ ਗੱਲਾਂ ਸੁਣਾਇਆ ਕਰਦੀ ਸੀ। ਸਾਨੂੰ ਭੈਣ-ਭਰਾਵਾਂ ਨੂੰ ਸੌਣ ਵੇਲੇ ਗੁਰੂ ਕੀਆਂ ਸਾਖੀਆਂ ਸੁਣਾਉਣ ਵਾਲੀ ਮਾਂ ਜਦ ਕਿਤੇ ਦੱਸਦੀ ਕਿ ਅਸੀਂ ਆਪਣੇ ਕੋਠਿਆਂ ‘ਤੇ ਸੁੱਤੀਆਂ ਹੋਣਾ, ਲਾਗਿਓਂ ਲੰਘਦੀ ਰੇਲ ਗੱਡੀ ਵਿਚੋਂ ਧਾਰਨਾ ਪੜ੍ਹਦੇ ਜਾਂਦੇ ਸਿੱਖਾਂ ਦੀਆਂ ਆਵਾਜ਼ਾਂ ਸਾਨੂੰ ਸਾਫ ਸੁਣਾਈ ਦਿੰਦੀਆਂ,
ਕਿਉਂ ਜ਼ੁਲਮ ਕਮਾਉਨਾਂ ਏਂ
ਫਿਰੰਗੀਆ ਰਾਜ ਸਦਾ ਨਹੀਂ ਰਹਿਣਾ।
ਸਿੱਖ ਇਤਿਹਾਸ ਦਾ ਚੰਗਾ ਵਾਕਫ ਸਾਡਾ ਬਾਪ ਅਟੇ-ਸਟੇ ਹਿਸਾਬ ਜਿਹਾ ਲਾ ਕੇ ਦੱਸਦਾ ਕਿ ਹੋਵੇ ਨਾ, ਉਹ ਸਿੱਖ ਕੈਦੀ ਗੁਰੂ ਕੇ ਬਾਗ ਵਾਲੇ ਮੋਰਚੇ ਦੇ ਹੀ ਹੋਣਗੇ! ਜਦੋਂ ਬੀ. ਟੀ. ਦੀਆਂ ਡਾਂਗਾਂ ਨਾਲ ਮਾਰੇ ਕੁੱਟੇ ਅਤੇ ਘੋੜਿਆਂ ਦੇ ਸੁੰਮਾਂ ਹੇਠ ਲਿਤਾੜੇ ਸਿੰਘਾਂ ਨੂੰ ਅੰਗਰੇਜ਼ ਹਾਕਮ ਵਲੋਂ ਦੂਰ ਦਰਾਜ ਦੀਆਂ ਜੇਲ੍ਹਾਂ ਵਿਚ ਭੇਜਿਆ ਗਿਆ ਸੀ। ਰਾਤ ਦੇ ਸੰਨਾਟੇ ਵਿਚ ਸੁੰਨ ਜਿਹੇ ਹੋਏ ਪਿਆਂ ਨੂੰ ਫਿਰ ਸਾਡੀ ਮਾਂ ਦਰਦ ਭਰੀ ਆਵਾਜ਼ ਵਿਚ ‘ਗੱਡੀ’ ਸੁਣਾਇਆ ਕਰਦੀ ਸੀ,
ਗੱਡੀ ਭਰ ਕੇ ਅੰਬਰਸਰੋਂ ਤੋਰੀ
ਅਟਕ ਦੀ ਜੇਲ੍ਹ ਵੱਲ ਨੂੰ…।
ਉਹੀ ‘ਅੰਬਰਸਰ’, ਉਸੇ ਗੁਰੂ ਦੇ ਸਿੱਖ, ਪਰ ਸਮਾਂ ਬਦਲਣ ਨਾਲ ਹਾਕਮ ਬਦਲ ਗਏ, ਸਿੱਖਾਂ ਪ੍ਰਤੀ ਸੋਚ ਜਾਂ ਨੀਤੀ ਓਹੀ, ਸਗੋਂ ਓਦੂੰ ਵੀ ਗਲੀਚ-ਬੇਕਿਰਕ! ਕਹਿਣ ਨੂੰ ਦੇਸ਼ ਆਜ਼ਾਦ ਹੋ ਗਿਆ, ਪਰ ਗੁਰੂ ਕਿਆਂ ਨਾਲ ਜ਼ਾਲਮ ਬਾਬਰ ਕੇ ‘ਸਾਕੇ’ ਵਰਤਾਉਣੋਂ ਨਾ ਹਟੇ। ਸਾਕਾ ਜੂਨ ਚੁਰਾਸੀ, ਉਸੇ ਗੁਰੂ ਕੀ ਨਗਰੀ ਵਿਚ। ਪੰਜਾ ਸਾਹਿਬ ਦੇ ਸਾਕੇ ਦਾ ਕਾਰਨ ਬਣੀ ਗੱਡੀ, ਜਿਸ ਵਿਚ ਇਥੋਂ ਸਿੱਖ ਕੈਦੀ ਭਰ ਕੇ ਅਟਕ ਨੂੰ ਭੇਜੀ ਗਈ ਸੀ, ਪਰ ਜੂਨ ਚੁਰਾਸੀ ਦੇ ਘੱਲੂਘਾਰੇ ਮੌਕੇ ਸ਼ਹਿਰ ਦਾ ਕੂੜਾ-ਕਰਕਟ, ਗੰਦ-ਮੰਦ ਢੋਣ ਵਾਲੀਆਂ ਗੱਡੀਆਂ ਵਿਚ ਸਿੱਖਾਂ ਦੀਆਂ ਲਾਸ਼ਾਂ ਭਰ ਭਰ ਸ਼ਮਸ਼ਾਨਘਾਟਾਂ ਨੂੰ ਭੇਜੀਆਂ ਗਈਆਂ।
ਉਪਰ ਬਿਆਨੀ ਕਹਾਣੀ ‘ਕਰਾਮਾਤ’ ਵਿਚ ਜਿਸ ਤਰ੍ਹਾਂ ਅੰਝਾਣ ਉਮਰ ਦੇ ਦੁੱਗਲ ਅਤੇ ਉਸ ਦੀ ਨਿੱਕੜੀ ਭੈਣ ਨੇ ਪੰਜਾ ਸਾਹਿਬ ਦੇ ਸਾਕੇ ਤੋਂ ਦੁਖੀ ਆਪਣੀ ਮਾਂ ਦੇ ਤ੍ਰਿਪ ਤ੍ਰਿਪ ਹੰਝੂ ਵਗਦੇ ਦੇਖੇ, ਉਵੇਂ ਹੀ ਜੂਨ ਚੁਰਾਸੀ ਦੇ ਸਾਕੇ ਵੇਲੇ ਬਾਲ ਵਰੇਸ ਸਿੱਖ ਬੱਚਿਆਂ ਦੀਆਂ ਕੁਝ ਯਾਦਾਂ ਅੰਕਿਤ ਕਰ ਰਿਹਾ ਹਾਂ।
ਸੰਨ 1979 ‘ਚ ਜਨਮੇ ਆਪਣੇ ਵੱਡੇ ਬੇਟੇ ਨੂੰ ਜਦ ਕਦੇ ਮੈਂ ਉਨ੍ਹਾਂ ਭੀਹਾਵਲੇ ਦਿਨਾਂ ਦੀ ਕਿਸੇ ਯਾਦ ਬਾਰੇ ਪੁੱਛਦਾ ਹਾਂ, ਤਦ ਉਹ ਮਨ ਚਿੱਤਰ ਉਤੇ ਉਕਰੇ ਪਏ ਦ੍ਰਿਸ਼ਾਂ ਬਾਰੇ ਦੱਸਦਾ ਹੁੰਦਾ ਹੈ, “ਉਦੋਂ ਗਰਮੀ ਬਹੁਤ ਜ਼ਿਆਦਾ ਸੀ ਡੈਡੀ, ਤੁਸੀਂ ਰੇਡੀਓ ਏਧਰ-ਓਧਰ ਘੁਮਾਉਂਦਿਆਂ ਉਸ ਦਾ ਐਂਟੀਨਾ ਖਿੱਚ ਕੇ ਘੜੀ ਘੜੀ ਬਾਅਦ ਖਬਰਾਂ ਸੁਣੀ ਜਾ ਰਹੇ ਸੀ…ਬਾਹਰ ਵਿਹੜੇ ਵਿਚਲੀ ਜਾਮਣ ਥੱਲੇ ਡਹੇ ਮੰਜੇ ਉਤੇ ਬਾਬਾ ਜੀ ਤੇ ਬੀਬੀ ਹੁਣੀ ਬੜੇ ਗਮਗੀਨ ਤੇ ਉਦਾਸ ਹੋਏ ਬੈਠੇ ਸਨ।…ਅਸੀਂ ਭੈਣ-ਭਰਾ ਸੋਚ ਰਹੇ ਸਾਂ ਕਿ ਬਾਬਾ ਜੀ ਹੁਣੀ ਅੱਜ ਸਾਡੇ ਨਾਲ ਖੇਡਾਂ ਕਿਉਂ ਨਹੀਂ ਖੇਡਦੇ? ਜਦ ਕਦੇ ਅਸਮਾਨ ਵਿਚ ਉਡੇ ਜਾਂਦੇ ਹੈਲੀਕਾਪਟਰ ਦੀ ਗੂੰਜ ਕੰਨੀਂ ਪੈਂਦੀ ਤਦ ਬਾਬਾ ਜੀ ਅੱਖਾਂ ਲਾਲ ਕਰ ਕੇ ਆਪਣਾ ਢਾਂਗੂ ਅਕਾਸ਼ ਵੱਲ ਇਉਂ ਚੁੱਕ ਲੈਂਦੇ ਜਿਵੇਂ ਹੈਲੀਕਾਪਟਰ ਦਾ ਨਿਸ਼ਾਨਾ ਲਾ ਕੇ ਬੰਦੂਕ ਤਾਣ ਲਈ ਹੋਵੇ। ਫਿਰ ਉਹ ਉਚੀ ਉਚੀ ਬੋਲਦੇ, ‘ਓ ਲੁੱਟ ਲਿਆ ਓਇ ਪਾਪੀਆਂ ਨੇ ਸਾਡਾ ਦਰਬਾਰ…ਪਤਾ ਨਹੀਂ ਗੁਰੂ ਘਰੋਂ ਅੱਜ ਕਿਆ ਕਿਆ ਚੁੱਕ ਲਿਜਾਣਾ ਹੈ ਦੁਸ਼ਟਾਂ ਨੇ।…ਹੋਅ ਤੁਹਾਡਾ ਕੱਖ ਨਾ ਰਹੇ ਅਕ੍ਰਿਤਘਣੋ!’
ਸਾਨੂੰ ਇਹ ਕੁਝ ਦੇਖ ਕੇ ਸਮਝ ਤਾਂ ਕੋਈ ਨਾ ਪੈਂਦੀ ਕਿ ਕੌਣ ਕਿਹਨੂੰ ਲੁੱਟ ਕੇ ਕਿੱਥੇ ਨੂੰ ਲਿਜਾ ਰਿਹਾ ਹੈ ਪਰ ਉਸੇ ਮੰਜੇ ਉਤੇ ਰੋਂਦੀ ਹੋਈ ਦੁੱਪਟੇ ਨਾਲ ਅੱਖਾਂ ਪੂੰਝਦੀ ਬੈਠੀ ਬੀਬੀ ਵੱਲ ਦੇਖ ਕੇ ਅਸੀਂ ਡੌਰ ਭੌਰ ਹੋਏ ਏਹੀ ਸੋਚਦੇ ਕਿ ਕੁਝ ਬਹੁਤ ਬੁਰਾ ਹੋ ਗਿਆ ਹੋਣਾ ਹੈ। ਜੋ ਅਸਾਡੇ ਸਾਰੇ ਘਰ ਦੇ ਗੁੰਮ-ਸੁੰਮ ਹੋਏ ਪਏ ਹਨ।”
ਸੰਨ ਚੁਰਾਸੀ ਦੇ ਤਿੰਨ ਚਾਰ ਜੂਨ ਤੋਂ ਬਾਅਦ ਸਰਕਾਰੀ ਦਮਨ ਹੋਰ ਤੇਜ ਹੋ ਗਿਆ। ਮੇਰਾ ਛੋਟਾ ਭਰਾ, ਜੋ ਪੁਲਿਸ ਨੇ ਕਾਲਜ ਤੋਂ ਹੀ ਗ੍ਰਿਫਤਾਰ ਕਰ ਲਿਆ ਸੀ, ਉਸ ਨੂੰ ਤੇ ਉਸ ਦੇ ਹੋਰ ਸਾਥੀ ਵਿਦਿਆਰਥੀਆਂ ਨੂੰ ਅਸੀਂ ਕਚਹਿਰੀਆਂ ਵਿਚ ਹੋਰ ਸੰਗਤ ਨਾਲ ਮਿਲਣ ਜਾਂਦੇ। ਉਨ੍ਹਾਂ ਕਚਹਿਰੀ ਦੀਆਂ ਮੁਲਾਕਾਤਾਂ ਨੂੰ ਚਿਤਵਦਿਆਂ ਮੇਰੇ ਬੱਚੇ ਦੱਸਦੇ ਹੁੰਦੇ ਨੇ, “ਚਾਚਾ ਜੀ ਦੇ ਹੱਥਾਂ ਨੂੰ ਸੰਗਲਾਂ (ਹੱਥਕੜੀਆਂ) ਨਾਲ ਬੰਨ ਕੇ ਪੁਲਸੀਆਂ ਨੇ ਫੜ੍ਹਿਆ ਹੋਇਆ ਹੁੰਦਾ ਸੀ…ਜਦ ਰੋਟੀ ਖਾਣ ਤੋਂ ਬਾਅਦ ਪੁਲਿਸ ਵਾਲੇ ਚਾਚਾ ਜੀ ਹੋਰਾਂ ਨੂੰ ਫਿਰ ਬੱਸ ਵਿਚ ਚੜ੍ਹਾ ਲੈਂਦੇ, ਤਾਂ ਸਾਨੂੰ ਬੜਾ ਗੁੱਸਾ ਚੜ੍ਹਦਾ ਕਿ ਡੈਡੀ ਜੀ, ਪੁਲਿਸ ਵਾਲਿਆਂ ਨੂੰ ਕਿਉਂ ਨਹੀਂ ਕਹਿੰਦੇ ਕਿ ਅਸੀਂ ਆਪਣੇ ਭਰਾ ਨੂੰ ਘਰੇ ਲੈ ਕੇ ਜਾਣਾ ਹੈ!”
ਸੰਨ ਚੁਰਾਸੀ ਦੇ ਸਾਕੇ ਤੋਂ ਦੋ ਚਾਰ ਸਾਲ ਬਾਅਦ ਸਰਕਾਰੀ ਸਰਵਿਸ ਤੋਂ ਰਿਟਾਇਰ ਹੋ ਕੇ ਅਮਰੀਕਾ ਆ ਵੱਸੇ ਮੇਰੇ ਇਕ ਮਿੱਤਰ ਨੇ ਆਪਣੇ ਬੇਟੇ ਦੀ ਗੱਲ ਸੁਣਾਈ ਜੋ ਪਹਿਲੀ ਦੂਜੀ ‘ਚ ਪੜ੍ਹਦਾ ਹੀ ਆਪਣੇ ਮਾਂ-ਬਾਪ ਨਾਲ ਅਮਰੀਕਾ ਆ ਗਿਆ ਸੀ ਤੇ ਇਥੇ ਹੀ ਜਵਾਨ ਹੋਇਆ। ਸਥਾਨਕ ਗੁਰਦੁਆਰੇ ਵਿਚ ਆਯੋਜਿਤ ਹੁੰਦੇ ਘੱਲੂਘਾਰਾ ਦਿਵਸ ਮੌਕੇ ਬੁਲਾਰਿਆਂ ਤੋਂ ਸੁਣ ਕੇ ਅਤੇ ਕਿਤਾਬਾਂ ਜਾਂ ਨੈਟ ਤੋਂ ਇਹਦੇ ਬਾਰੇ ਮੁਕੰਮਲ ਜਾਣਕਾਰੀ ਲੈਣ ਵਾਲਾ ਇਹ ਸਿੱਖ ਗੱਭਰੂ ਇਕ ਦਿਨ ਬਣਾ ਸੁਆਰ ਕੇ ਆਪਣੇ ਸਰਦਾਰ ਪਿਓ ਨੂੰ ਕਹਿਣ ਲੱਗਾ, “ਪਾਪਾ, ਜਦੋਂ ਸਿੱਖਾਂ ਨਾਲ ਇਹ ਜੱਗੋਂ ਤੇਰਵੀਂ ਹੋ ਰਹੀ ਸੀ, ਪੰਥ ਦਾ ਅੰਧਾ ਧੁੰਦ ਘਾਣ ਹੋ ਰਿਹਾ ਸੀ, ਤਦ ਤੁਸੀਂ ਮਜ਼ੇ ਨਾਲ ਆਪਣੀ ਸਰਕਾਰੀ ਜਾਬ ਕਰਦੇ ਰਹੇ। ਤੁਹਾਡਾ ਦਿਲ ਕੌਮ ਦੇ ਦਰਦ ਵਿਚ ਜ਼ਰਾ ਵੀ ਨਾ ਪਿਘਲਿਆ? ਇਕ ਸਿੱਖ ਹੋਣ ਨਾਤੇ ਤੁਸੀਂ ਉਸ ਕੌਮੀ ਸੰਘਰਸ਼ ਵਿਚ ਕੀ ਯੋਗਦਾਨ ਪਾਇਆ ਸੀ?”
ਮੁੰਡੇ ਦਾ ਬਾਪ ਦੱਸੇ, ਅਖੇ ਨਿਰੁੱਤਰ ਤੇ ਛਿੱਥੇ ਪਏ ਨੂੰ ਮੈਨੂੰ ਲਾਹਣਤਾਂ ਪਾਉਣ ਵਾਲੀ ਟੋਨ ‘ਚ ਹੋਰ ਸ਼ਰਮਿੰਦਾ ਕਰਦਿਆਂ ਉਹ ਕਹਿੰਦਾ ਕਿ ਤੁਸੀਂ ਖੁਦ ਤਾਂ ਯੋਗਦਾਨ ਕੀ ਪਾਉਣਾ ਸੀ, ਤੁਸੀਂ ਤਾਂ ਉਸ ਸਾਕੇ ਦੇ ਇਤਿਹਾਸਕ ਪੱਖਾਂ ਬਾਰੇ ਸਾਨੂੰ ਵੀ ਕਦੇ ਨਹੀਂ ਦੱਸਿਆ! ਹੈਰਾਨ ਹੋਇਆ ਮੇਰਾ ਦੋਸਤ ਕਹਿ ਰਿਹਾ ਸੀ ਕਿ ਭਰਾਵਾ ਸ੍ਰੀ ਅਕਾਲ ਅਖਤ ‘ਤੇ ਹੋਏ ਅਟੈਕ ਬਾਰੇ ਸਾਡੇ ਬੱਚੇ ਉਹ ਤੱਥ ਵੀ ਜਾਣਦੇ ਹਨ, ਜੋ ਸਾਨੂੰ ਵੀ ਨਹੀਂ ਪਤਾ।
ਬਿਲਕੁਲ ਇਵੇਂ ਹੀ ਇਸੇ ਵਿਸ਼ੇ ‘ਤੇ ਹੋਏ ਇਕ ਸੈਮੀਨਾਰ ਮੌਕੇ ਅਮਰੀਕਨ ਜੰਮਪਲ ਇਕ ਸਿੱਖ ਲੜਕੇ ਨੇ ਸਵਾਲ ਕਰ ਕੇ ਮੈਨੂੰ ਚੁੱਪ ਕਰਾ’ਤਾ। ਕੈਲੀਫੋਰਨੀਆ ਦੇ ਇਕ ਗੁਰਦੁਆਰੇ ਵਿਚ ਹੋਏ ਸੈਮੀਨਾਰ ਵਿਚ ਬੋਲਦਾਆਂ ਮੈਂ ਪੰਜ ਸਦੀਆਂ ਦੇ ਵੈਰ ਦੀ ਖੋਲ੍ਹ ਕੇ ਵਿਆਖਿਆ ਕੀਤੀ। ਸਾਰਾ ਦੁਖਦਾਈ ਬਿਰਤਾਂਤ ਵਰਣਨ ਕਰ ਕੇ ਇਹ ਸ਼ਿਅਰ ਬੋਲਦਿਆਂ ਮੈਂ ਸਮਾਪਤੀ ਕੀਤੀ,
ਨੀਲੇ ਤਾਰੇ ਪੀਲੇ ਤਾਰੇ ਬੜੇ ਚੜ੍ਹੇ
ਅੰਮ੍ਰਿਤਸਰ ਤਾਂ ਫਿਰ ਘੁੱਗੀਂ ਵਸਦਾ ਹੈ।
ਆਪਣੇ ਕਾਗਜ਼ ‘ਤੇ ਏਹੀ ਸ਼ਿਅਰ ਨੋਟ ਕਰਕੇ ਇਕ ਨੌਜਵਾਨ ਮੇਰੇ ਕੋਲ ਆ ਬੈਠਾ। ਕਹਿੰਦਾ, ਅੰਕਲ ਜੀ, ਅੰਮ੍ਰਿਤਸਰ ਨੇ ਤਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਸਦਕਾ ਸਦਾ ਹੀ ਘੁੱਗ ਵਸਦੇ ਰਹਿਣਾ ਹੈ, ਪਰ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਜਿਹੜੇ ਸ਼ਾਤਰ ਦਿਮਾਗ ਸਿੱਖ ਸਿਆਸਤਦਾਨ ਜੂਨ ਚੁਰਾਸੀ ਵਾਲੇ ਅਟੈਕ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ‘ਤੇ ਕਾਬਜ ਸਨ, ਲਹੂ ਵੀਟਵੇਂ ਸੰਘਰਸ਼ ਤੋਂ ਬਾਅਦ ਪੰਜਾਬ ਨੇ ਉਨ੍ਹਾਂ ਨੂੰ ਹੀ ਸਿੱਖ ਕੇਂਦਰ ਕਿਉਂ ਸੌਂਪ ਦਿੱਤਾ? ਦਹਾਕਿਆਂ ਤੋਂ ਉਨ੍ਹਾਂ ਕੌਮ ਘਾਤੀ ਆਗੂਆਂ ਦੀ ਹੀ ਪਕੜ ਕਿਉਂ ਮਜ਼ਬੂਤ ਹੁੰਦੀ ਆ ਰਹੀ ਹੈ?
ਨਿਰਛਲ ਸੁਭਾਅ ਵਾਲੇ ਇਕ ਅਮਰੀਕੀ ਸਿੱਖ ਬੱਚੇ ਦੇ ਧੁਰ ਅੰਦਰੋਂ ਉਪਜੇ ਇਹ ਸਵਾਲ ਹਰ ਉਸ ਇਕੱਠ ਵਿਚ ਜਰੂਰ ਵਿਚਾਰਨ ਦੀ ਲੋੜ ਹੈ, ਜਿੱਥੇ ਵੀ ਵੀਹਵੀਂ ਸਦੀ ਦੇ ਘੱਲੂਘਾਰੇ ਦੀ ਯਾਦ ਵਿਚ ਸਿੱਖ ਸੰਗਤ ਜੁੜ ਬੈਠੀ ਹੋਵੇ।