ਬਾਬਾ ਨਾਨਕ ਅਤੇ ‘ਪਹੁ-ਫੁਟਾਲਾ’

ਗੁਲਜ਼ਾਰ ਸਿੰਘ ਸੰਧੂ
ਸਰਬ ਸਾਂਝੀ ਧਾਰਨਾ ਅਨੁਸਾਰ ਗੁਰੂ ਨਾਨਕ ਦੇਵ ਦਾ ਪ੍ਰਗਟ ਹੋਣਾ ਧੁੰਦ ਮਿਟਾ ਕੇ ਚਾਨਣ ਵੰਡਣ ਵਾਲਾ ਹੈ। ਪੰਜਾਬ ਇਸਲਾਮਿਕ ਪਬਲੀਕੇਸ਼ਨਜ਼, ਮਲੇਰਕੋਟਲਾ ਦੇ ਮਾਸਿਕ ‘ਪਹੁ-ਫੁਟਾਲਾ’ ਦਾ ਜੁਲਾਈ 2018 ਅੰਕ ਨਸ਼ਿਆਂ ਵਿਰੁਧ ਇੱਕ ਜੁਟ ਹੋਣ ਦਾ ਸੱਦਾ ਦਿੰਦਾ ਹੈ। ਸੰਪਾਦਕੀ ਲੇਖ ‘ਬਾਬੇ ਨਾਨਕ ਦੀ ਧਰਤੀ ‘ਤੇ ਨਸ਼ਿਆਂ ਦਾ ਛੇਵਾਂ ਦਰਿਆ ਕਿਉਂ?’ ਹੈ। ਉਨ੍ਹਾਂ ਵਲੋਂ ਉਠਾਏ ਗਏ ਕੁਝ ਸਵਾਲ ਪ੍ਰਕਾਸ਼ ਪੁਰਬ ਦੇ ਪ੍ਰਸੰਗ ਵਿਚ ਪੇਸ਼ ਹਨ:

“ਇਕ ਪਾਸੇ ਪੰਜਾਬ ਸਰਕਾਰ ਨਸ਼ਿਆਂ ਲਈ ਮੌਤ ਦੀ ਸਜ਼ਾ ਤਜਵੀਜ਼ ਕਰਦੀ ਹੈ ਤੇ ਦੂਜੇ ਪਾਸੇ ਸ਼ਰਾਬ ਦੇ ਸਰਕਾਰੀ ਠੇਕੇ ਹਰ ਪਿੰਡ ਦੀ ਜੂਹ ਵਿਚ ਖੁੱਲ੍ਹੇ ਹੋਏ ਹਨ। ਤੰਬਾਕੂ ਦੀਆਂ ਪੁੜੀਆਂ, ਬੀੜੀਆਂ ਤੇ ਸਿਗਰਟਾਂ ਹਰ ਪਿੰਡ ਵਿਚ ਵਿਕਦੀਆਂ ਹਨ। ਕੀ ਤੰਬਾਕੂ ਤੇ ਸ਼ਰਾਬ ਨਸ਼ਾ ਨਹੀਂ ਹਨ? ਸੱਚਾਈ ਇਹ ਹੈ ਕਿ ਨਸ਼ੇ ਦੀ ਲਤ ਦੀ ਸ਼ੁਰੂਆਤ ਹੀ ਤੰਬਾਕੂ, ਸ਼ਰਾਬ, ਡੋਡਿਆਂ ਤੇ ਭੰਗ ਤੋਂ ਹੁੰਦੀ ਹੈ। ਸਰਗੋਸ਼ੀਆਂ ਹਨ ਕਿ ਪੰਜਾਬ ਸਰਕਾਰ ‘ਤੇ ਕਾਬਜ਼ ਲੋਕ ਇਹ ਸਮਝਦੇ ਹਨ ਕਿ ਇਨ੍ਹਾਂ ਨਸ਼ਿਆਂ ਦੀ ਵਿਕਰੀ ਤੋਂ ਹੋਣ ਵਾਲੀ ਕਰੋੜਾਂ ਰੁਪਿਆਂ ਦੀ ਆਮਦਨ ਤੋਂ ਬਿਨਾ ਸਰਕਾਰ ਨਹੀਂ ਚੱਲ ਸਕਦੀ। ਗੁਜਰਾਤ ਦੀ ਗੱਲ ਤਾਂ ਛੱਡੋ, ਅਮੀਰ ਸੂਬਾ ਹੈ, ਪਰ ਜੇ ਬਿਹਾਰ ਜਿਹਾ ਪੱਛੜਿਆ ਸੂਬਾ ਸ਼ਰਾਬ ਦੀ ਆਮਦਨ ਬਿਨਾ ਸਰਕਾਰ ਚਲਾ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ?
ਉਹ ਪੰਜਾਬ ਜੋ ਬਾਬੇ ਨਾਨਕ ਦੇ ਇੱਕ ਈਸ਼ਵਰਵਾਦ ਦੇ ਪੈਗਾਮ ਲਈ ਸਾਰੀ ਦੁਨੀਆਂ ਵਿਚ ਜਾਣਿਆ ਜਾਂਦਾ ਸੀ, ਜੋ ਸਿਹਤ ਤੇ ਤੰਦਰੁਸਤੀ ਲਈ ਦੇਸ਼ ਦਾ ਮੋਹਰੀ ਸੂਬਾ ਸੀ, ਜੋ ਸਰਦਾਰਾਂ ਦਾ ਦੇਸ਼ ਸੀ, ਅੱਜ ਨਸ਼ੇ ਕਰਕੇ ਜਾਣਿਆ ਤੇ ਪ੍ਰਚਾਰਿਆ ਜਾਂਦਾ ਹੋਵੇ-ਇਹ ਸਾਡੇ ਲਈ ਮਰ ਮਿਟਣ ਵਾਲੀ ਗੱਲ ਹੈ। ਇਸਲਾਮ ਨੇ ਸ਼ਰਾਬ ਨੂੰ ਸਾਰੀਆਂ ਬੁਰਾਈਆਂ ਦੀ ਜੜ੍ਹ ਕਿਹਾ ਹੈ। ਅੱਜ ਅਸੀਂ ਨਤੀਜੇ ਵੇਖ ਰਹੇ ਹਾਂ ਕਿ ਸ਼ਰਾਬ ਤੋਂ ਸ਼ੁਰੂ ਹੋਇਆ ਨਸ਼ਾ ਕਿਥੋਂ ਤੀਕ ਜਾ ਪੁੱਜਾ ਹੈ। ਜਰੂਰਤ ਇਸ ਗੱਲ ਦੀ ਹੈ ਕਿ ਬਿਹਾਰ ਦੀ ਤਰਜ਼ ‘ਤੇ ਇੱਥੇ ਵੀ ‘ਸ਼ਰਾਬ ਮੁਕਤ ਪੰਜਾਬ’ ਬਣਾਉਣ ਲਈ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ ਤਾਂ ਨਸ਼ਾ ਰਹਿਤ ਪੰਜਾਬ ਆਪਣੇ ਆਪ ਬਣ ਜਾਵੇਗਾ।”
‘ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ’ ਚੇਤੇ ਰੱਖੀਏ!
ਸਾਹਿਰ ਦੇ ਪੁਰਖਿਆਂ ਦਾ ਪਿੰਡ ਮਾਈ ਦਿੱਤਾਂ: ਪੰਜਾਬੀ ਕਹਾਣੀਕਾਰ ਸਾਂਵਲ ਧਾਮੀ ਪਿਛਲੇ ਕੁਝ ਸਾਲਾਂ ਤੋਂ ਯੂ ਟਿਊਬ ਚੈਨਲ ‘ਸੰਤਾਲੀ ਨਾਮਾ’ ਰਾਹੀਂ ਸੱਤਰ ਸਾਲ ਤੋਂ ਵਿਛੜਿਆਂ ਦੇ ਦੁਖ ਦਰਦ ਦੁਨੀਆਂ ਭਰ ਦੇ ਪੰਜਾਬੀਆਂ ਨਾਲ ਸਾਂਝੇ ਕਰ ਰਿਹਾ ਹੈ। ਉਸ ਦਾ ਪੇਸ਼ਾ ਅਧਿਆਪਨ ਹੈ ਪਰ ਸ਼ੁਗਲ ਅੰਤਾਂ ਦੇ ਮਹੱਤਵ ਵਾਲਾ। ਦੁਆਬੀਏ ਇਹ ਜਾਣ ਕੇ ਖੁਸ਼ ਹੋਣਗੇ ਕਿ ਉਰਦੂ ਦੇ ਪ੍ਰਸਿੱਧ ਸ਼ਾਇਰ ਸਾਹਿਰ ਲੁਧਿਆਣਵੀ ਦੇ ਪੁਰਖਿਆਂ ਦਾ ਪਿੰਡ ਦੁਆਬੇ ਦੇ ਵੱਡੇ ਪਿੰਡ ਔੜ ਨੇੜੇ ਮਾਈ ਦਿੱਤਾਂ ਸੀ। ਇਹ ਸੱਚ ਉਦੋਂ ਸਾਹਮਣੇ ਆਇਆ ਜਦੋਂ ਸਾਂਵਲ ਧਾਮੀ ਦੀ ਗੱਲ ਲਹਿੰਦੇ ਪੰਜਾਬ ਤੋਂ ਅਮਰੀਕਾ ਜਾ ਕੇ ਵੱਸਣ ਵਾਲੇ ਚੌਧਰੀ ਸ਼ਹਿਜ਼ਾਦ ਮੋਹਨਣ ਨਾਂ ਦੇ ਬੰਦੇ ਨਾਲ ਹੋਈ। ਉਸ ਦੇ ਪੁਰਖੇ ਵੀ ਮਾਈ ਦਿੱਤਾਂ ਤੋਂ ਉਧਰ ਗਏ ਸਨ। ਇਹ ਪਿੰਡ ਨਵਾਂ ਸ਼ਹਿਰ ਤਹਿਸੀਲ ਵਿਚ ਪੈਂਦਾ ਹੈ। ਫਿਲੌਰ-ਨਵਾਂ ਸ਼ਹਿਰ ਸੜਕ ਤੋਂ ਤਿੰਨ ਕਿਲੋਮੀਟਰ ਹਟਵਾਂ। ਇਸ ਦੀ ਅਜੋਕੀ ਵਸੋਂ ਢਾਈ ਸੌ ਤੋਂ ਘਟ ਹੈ ਤੇ ਡਾਕਘਰ ਮਹਿਮੂਦਪੁਰ। ਦੋਹੇਂ ਪਿੰਡ ਨਵਾਂ ਸ਼ਹਿਰ ਰੇਲਵੇ ਸਟੇਸ਼ਨ ਤੋਂ 9-10 ਕਿਲੋਮੀਟਰ ਹਨ। ਦੇਸ਼ ਵੰਡ ਤੋਂ ਪਹਿਲਾਂ ਇਥੇ ਮੁਸਲਮਾਨ ਗੁੱਜਰ ਰਹਿੰਦੇ ਸਨ।
ਸ਼ਹਿਜ਼ਾਦ ਮੋਹਨਣ ਦੇ ਕਥਨ ਅਨੁਸਾਰ ਸਾਹਿਰ ਤੇ ਉਸ ਦੇ ਅੱਬਾ ਦੋਸਤ ਸਨ। ਸਾਹਿਰ ਦੇ ਅੱਬਾ ਨੇ ਲੁਧਿਆਣਾ ਨੇੜੇ ਜਮੀਨ ਲੈ ਕੇ ਉਥੇ ਰਹਿਣਾ ਸ਼ੁਰੂ ਕਰ ਦਿੱਤਾ। ਉਹ ਜ਼ੈਲਦਾਰ ਦੀ ਪਦਵੀ ਤੱਕ ਪਹੁੰਚਿਆ। ਅੱਯਾਸ਼ ਏਨਾ ਕਿ ਸ਼ਹਿਜ਼ਾਦ ਦੇ ਅੱਬਾ ਨਾਲ ਇਕ ਸਫਰ ‘ਤੇ ਜਾਂਦਾ ਇੱਕ ਪਿੰਡ ਦੀ ਔਰਤ ਦੇ ਪੈਰ ਵੇਖ ਕੇ ਉਸ ਉਤੇ ਮੋਹਿਤ ਹੋ ਗਿਆ। ਉਹ ਦੋਵੇਂ ਗੋਰੇ ਪੈਰਾਂ ਵਾਲੀ ਔਰਤ ਦੇ ਘਰ ਪਾਣੀ ਪੀਣ ਗਏ ਸਨ। ਸਾਹਿਰ ਦਾ ਅੱਬਾ ਕਈ ਦਿਨ ਉਥੇ ਹੀ ਟਿਕਿਆ ਰਿਹਾ। ਇਹ ਗੱਲ ਝੂਠੀ ਨਹੀਂ ਹੋ ਸਕਦੀ। ਮੇਰੇ ਬਚਪਨ ਵਿਚ ਮੇਰੀ ਮਾਂ ਨੇ ਮਠ ਵਾਲੀ ਪੱਦੀ ਦੀ ਇੱਕ ਔਰਤ ਨੂੰ ਧਰਮ ਭੈਣ ਬਣਾ ਰੱਖਿਆ ਸੀ। ਇਹ ਪਿੰਡ ਮੇਰੇ ਜੱਦੀ ਪਿੰਡ ਸੂਨੀ ਤੇ ਬੰਗਾ ਦੇ ਅੱਧ ਵਿਚ ਹੈ। ਅਸੀਂ ਤੁਰ ਕੇ ਜਾਂਦੇ। ਆਉਂਦੇ ਉਹਦੇ ਘਰੋਂ ਪਾਣੀ ਮੰਗ ਕੇ ਪੱਲੇ ਬੱਧੀ ਰੋਟੀ ਖਾ ਕੇ ਸੁਸਤਾ ਲੈਂਦੇ। ਉਹ ਸਮੇਂ ਹੀ ਏਦਾਂ ਦੇ ਸਨ।
ਦੀਵਾਲੀ ਦੇ ਤੋਹਫੇ: ਇਸ ਵਰ੍ਹੇ ਦੀਆਂ ਦੀਵਾਲੀ ਮੁਬਾਰਕਾਂ ਵਿਚੋਂ ਤਿੰਨ ਦਾ ਜ਼ਿਕਰ ਕਰਨਾ ਚਾਹਾਂਗਾ: 1. ਮਲੇਰਕੋਟਲਾ ਦੀ ਜਾਣੀ ਪਛਾਣੀ ਹਸਤੀ ਅਬੂਦੁਸ ਸਕੂਰ ਦੇ ਸ਼ਬਦ ਹਨ, ਦੀਪਾਵਲੀ ਐਂਡ ਬੰਦੀ ਛੋੜ ਦਿਵਸ ਮੁਬਾਰਕ। 2. ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਪ੍ਰਾਪਤ ਹੋਈ ਸਰਘੀ ਨਾਂ ਦੀ ਸੀ. ਡੀ. ਅਤੇ ਡੀ. ਵੀ. ਡੀ. ਦੀਆਂ ਸੁਰਾਂ ਤੇ ਧੁਨੀ। 3. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਹਿਰੀਏ ਦਸਤਖਤਾਂ ਵਾਲਾ ਕਾਰਡ।
ਮੇਰੇ ਚਾਚੇ ਦਾ ਰੁਪਈਆ: ਮੈਥੋਂ ਚਾਰ ਸਾਲ ਵੱਡਾ ਘਰਾਂ ਵਿਚੋਂ ਮੇਰਾ ਚਾਚਾ ਮੇਰੇ ਨਾਲ ਖਾਲਸਾ ਕਾਲਜ ਮਾਹਿਲਪੁਰ ਪੜ੍ਹਦਾ ਸੀ। ਉਸ ਦਾ ਨਾਂ ਚਰਨਜੀਤ ਸਿੰਘ ਸੀ। ਅਸੀਂ ਉਸ ਨੂੰ ਚਾਚਾ ਚਰਨਾ ਕਹਿੰਦੇ। ਪਿਛਲੇ ਦਿਨੀਂ ਆਸਟ੍ਰੇਲੀਆਂ ਤੋਂ ਖਬਰ ਆਈ ਕਿ ਉਹ ਤੁਰ ਗਿਆ ਹੈ। ਉਹ ਆਪਣੇ ਬੇਟੇ ਜਸਵਿੰਦਰ ਸਿੰਘ ਕੋਲ ਜਾ ਕੇ ਉਥੋਂ ਦਾ ਵਸਨੀਕ ਹੋ ਚੁਕਾ ਸੀ। ਇਨ੍ਹੀਂ ਦਿਨੀਂ ਭਾਰਤ ਵਿਚ ਨੋਟਬੰਦੀ ਕਾਰਨ ਆਰਥਿਕ ਵਿਕਾਸ ਵਿਚ ਆਈ ਰੁਕਾਵਟ ਵੀ ਖਬਰਾਂ ਵਿਚ ਸੀ। ਮੈਨੂੰ ਚੇਤੇ ਆਇਆ ਕਿ ਸਾਡੀ ਵਿਦਿਆ ਪ੍ਰਾਪਤੀ ਦੇ ਦਿਨਾਂ ਵਿਚ ਇੱਕ ਰੁਪਏ ਦਾ ਨੋਟ ਨਵਾਂ ਨਵਾਂ ਚੱਲਿਆ ਸੀ। ਚਾਚਾ ਚਰਨਾ ਇਹ ਨੋਟ ਲੋਕਾਂ ਨੂੰ ਵਿਖਾਉਣ ਲਈ ਮਲਮਲ ਦੀ ਕਮੀਜ਼ ਦੀ ਅਗਲੀ ਜੇਬ ਵਿਚ ਪਾ ਕੇ ਪੜ੍ਹਨ ਜਾਂਦਾ ਸੀ। ਜੇ ਉਸ ਦਾ ਸਸਕਾਰ ਸਾਡੇ ਪਿੰਡ ਹੁੰਦਾ ਤਾਂ ਮੈਂ ਉਸ ਦੀ ਚਿਖਾ ਨੂੰ ਅਗਨੀ ਵਿਖਾਉਣ ਵੇਲੇ ਉਸ ਦੀ ਜੇਬ ਵਿਚ ਦੋ ਹਜ਼ਾਰ ਦਾ ਨੋਟ ਪਾਉਂਦਾ। ਨਵੇਂ ਨੋਟਾਂ ਦੀ ਕੀਮਤ ਮੁਰਦਾਬਾਦ!
ਅੰਤਿਕਾ: ਕਰਮ ਸਿੰਘ ‘ਸੋਹਣੀ’ ਵਾਲਾ
ਹੰਸਾਂ, ਮੋਰਾਂ, ਕਬੂਤਰਾਂ ਵਾਂਗ ਜੀਵੋ
ਦੁਸ਼ਮਣ ਸਮਝਣਾ ਛੱਡ ਦਿਓ ਭਾਈਆਂ ਨੂੰ।