ਬਾਦਲਾਂ ਵੱਲੋਂ ਲੋਕਾਂ ਦੀ ਸਿਆਸੀ ਨਬਜ਼ ਟੋਹਣ ਲਈ ਭੱਜ-ਨੱਠ

ਬਠਿੰਡਾ: ਬਠਿੰਡਾ ਸੰਸਦੀ ਹਲਕੇ ਦੇ ਲੋਕਾਂ ਦੀ ਸਿਆਸੀ ਨਬਜ਼ ਟੋਹਣ ਲਈ ਬਾਦਲਾਂ ਨੇ Ḕਗੁਪਤ ਫੀਡ ਬੈਕ ਮਿਸ਼ਨ’ ਸ਼ੁਰੂ ਕੀਤਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਕਾਇਦਾ ਬਠਿੰਡਾ ਹਲਕੇ ਦੀ ਸਿਆਸੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਬਠਿੰਡਾ ਜ਼ਿਲ੍ਹੇ ਦੇ ਅਕਾਲੀ ਲੀਡਰਾਂ ਨਾਲ ਦਿੱਲੀ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਹਲਕੇ ਦੇ ਲੋਕਾਂ ਦਾ ਰੁਖ ਜਾਨਣ ਦੀ ਹਦਾਇਤ ਕੀਤੀ ਹੈ। ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਠਿੰਡਾ ਦੇ ਅਬਜ਼ਰਵਰ ਐਨæਕੇæ ਸ਼ਰਮਾ ਅਤੇ ਨਵੇਂ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਨਕੱਈ ਵੀ ਇਸ ਮੀਟਿੰਗ ਵਿਚ ਸ਼ਾਮਲ ਸਨ।

ਸੂਤਰਾਂ ਅਨੁਸਾਰ ਮੀਟਿੰਗ ਵਿਚ ਸਪਸ਼ਟ ਖਾਕਾ ਤਿਆਰ ਕੀਤਾ ਗਿਆ, ਜਿਸ ਵਿਚ ਮੁੱਢਲੇ ਪੜਾਅ ‘ਤੇ ਪੇਂਡੂ ਤੇ ਸ਼ਹਿਰੀ ਲੋਕਾਂ ਦੇ ਮੂਡ ਨੂੰ ਵੇਖਣਾ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਦੇ ਰੋਹ ਨੂੰ ਮਾਪਿਆ ਜਾਣਾ ਹੈ। ਉਨ੍ਹਾਂ ਟਕਸਾਲੀ ਆਗੂਆਂ ਦੀ ਸ਼ਨਾਖਤ ਕਰਨ ਵਾਸਤੇ ਹਦਾਇਤ ਕੀਤੀ ਹੈ, ਜੋ ਰੁਸੇਵੇਂ ਕਾਰਨ ਘਰ ਬੈਠ ਗਏ ਹਨ। ਬਠਿੰਡਾ ਸ਼ਹਿਰੀ ਹਲਕੇ ਵਿਚ ਪਿਛਲੇ ਦਿਨੀਂ ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਇਕ ਪੈਲੇਸ ਵਿਚ ਵਰਕਰਾਂ ਦਾ ਇਕੱਠ ਕੀਤਾ ਸੀ, ਜਿਸ ਦਾ ਮਤਲਬ ਸ਼ਹਿਰੀ ਲੋਕਾਂ ਨੂੰ ਨਵੇਂ ਮਿਸ਼ਨ ਦਾ ਸੁਨੇਹਾ ਦੇਣਾ ਸੀ। ਪਤਾ ਲੱਗਾ ਹੈ ਕਿ ਉਨ੍ਹਾਂ ਦੇ ਸੰਸਦੀ ਕੋਟੇ ਦੇ ਕਾਫੀ ਫੰਡ ਹਾਲੇ ਅਣਵਰਤੇ ਪਏ ਹਨ। ਇਧਰ ਪੰਚਾਇਤਾਂ ਭੰਗ ਹੋਣ ਕਰ ਕੇ ਹੁਣ ਪੰਚਾਇਤਾਂ ਸਰਕਾਰੀ ਪ੍ਰਬੰਧਕਾਂ ਕੋਲ ਹਨ। ਅਜਿਹੇ ਹਾਲਾਤ ਵਿਚ ਕੇਂਦਰੀ ਮੰਤਰੀ ਆਪਣੇ ਸੰਸਦੀ ਕੋਟੇ ਦੇ ਫੰਡਾਂ ਨੂੰ ਕਾਂਗਰਸੀ ਹੱਥਾਂ ਵਿੱਚ ਜਾਣ ਤੋਂ ਰੋਕਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਪਿੰਡਾਂ ਵਿਚ ਕਈ ਕਈ ਧੜੇ ਵੰਡੇ ਹੋਏ ਹਨ, ਜਿਨ੍ਹਾਂ ਨੂੰ ਇਕਸੁਰ ਕਰਨ ਵਾਸਤੇ ਵੀ ਸੁਝਾਅ ਮੰਗੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਜ਼ਿਲ੍ਹਾ ਪ੍ਰਧਾਨਗੀ ਵੀ ਜਗਦੀਪ ਸਿੰਘ ਨਕੱਈ ਨੂੰ ਦਿੱਤੀ ਗਈ ਹੈ, ਜਿਨ੍ਹਾਂ ਦਾ ਆਪਣਾ ਹਲਕਾ ਵੀ ਬਠਿੰਡਾ ਸੰਸਦੀ ਹਲਕੇ ਵਿਚ ਪੈਂਦਾ ਹੈ ਜਦੋਂਕਿ ਪਿਛਲੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦਾ ਹਲਕਾ ਰਾਮਪੁਰਾ ਬੀਬਾ ਬਾਦਲ ਦੇ ਸੰਸਦੀ ਹਲਕੇ ਬਠਿੰਡਾ ਤੋਂ ਬਾਹਰ ਸੀ। ਸ਼੍ਰੋਮਣੀ ਅਕਾਲੀ ਦਲ ਇਸ ਗੱਲੋਂ ਖੁਸ਼ ਹੈ ਕਿ ਬਠਿੰਡਾ ਸ਼ਹਿਰੀ ਹਲਕੇ ਦੇ ਲੋਕ ਕਾਂਗਰਸ ਤੋਂ ਨਾਖੁਸ਼ ਹਨ। ਭਾਵੇਂ ਪੱਲੜਾ ਅਕਾਲੀ ਦਲ ਦੇ ਹੱਕ ਵਿਚ ਝੁਕਦਾ ਕਿਧਰੇ ਨਜ਼ਰ ਨਹੀਂ ਆ ਰਿਹਾ ਹੈ ਪਰ ਬਠਿੰਡਾ ਸ਼ਹਿਰੀ ਲੋਕਾਂ ਲਈ ਵਿਸ਼ੇਸ਼ ਵਿਉਂਤਾਂ ਬਣ ਰਹੀਆਂ ਹਨ।
ਪੰਜਾਬ ਸਰਕਾਰ ਵੱਲੋਂ ਐਤਕੀਂ 15 ਅਗਸਤ ਦੇ ਸਮਾਗਮਾਂ ‘ਤੇ ਵਜ਼ੀਰ ਨਵਜੋਤ ਸਿੰਘ ਸਿੱਧੂ ਨੂੰ ਭੇਜਿਆ ਜਾਵੇਗਾ, ਜੋ ਬਾਦਲ ਪਰਿਵਾਰ ਦੀ ਅੱਖਾਂ ਵਿਚ ਹਮੇਸ਼ਾ ਰੜਕਦੇ ਰਹੇ ਹਨ। ਭਾਵੇਂ ਸਮਾਰੋਹ ਵਿਚ ਕੋਈ ਸਿਆਸੀ ਗੱਲ ਤਾਂ ਨਹੀਂ ਹੋਣੀ ਪਰ ਸਿੱਧੂ ਅੱਗੇ ਪਿੱਛੇ ਬਾਦਲ ਪਰਿਵਾਰ ਨੂੰ ਉਨ੍ਹਾਂ ਦੇ ਹਲਕੇ ਦੇ ਵਿਚ ਹੀ ਨਿਸ਼ਾਨੇ ਲਗਾ ਸਕਦੇ ਹਨ। ਪਤਾ ਲੱਗਾ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਚਾਇਤ ਚੋਣਾਂ ਵਿਚ ਡਟ ਕੇ ਲੜਾਈ ਲੜਨ ਲਈ ਆਖਿਆ ਗਿਆ ਹੈ।
______________________
ਬਾਦਲ ਨੇ ਹਲਕਾ ਲੰਬੀ ਵਿਚ ਲਾਇਆ ਮੋਰਚਾ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਲੰਬੀ ਵਿਚ ਅਗੇਤੀ ਹੀ ਮੁਹਿੰਮ ਭਖਾ ਰੱਖੀ ਹੈ, ਜਿਸ ਤਹਿਤ ਉਹ ਪਿੰਡੋਂ ਪਿੰਡ ਲੋਕਾਂ ਦੇ ਖੁਸ਼ੀ ਗਮੀ ਦੇ ਸਮਾਗਮਾਂ ਵਿਚ ਹਾਜ਼ਰੀ ਭਰ ਰਹੇ ਸਨ। ਉਨ੍ਹਾਂ ਦੀ ਸਿਹਤ ਵੀ ਹੁਣ ਬਹੁਤੀ ਇਜਾਜ਼ਤ ਨਹੀਂ ਦਿੰਦੀ ਹੈ। ਸੂਤਰ ਆਖਦੇ ਹਨ ਕਿ ਕੇਂਦਰੀ ਮੰਤਰੀ ਹਰਸਿਮਰਤ ਦੀ ਬਠਿੰਡਾ ਹਲਕੇ ਤੋਂ ਹੁਣ ਤੀਸਰੀ ਚੋਣ ਹੋਵੇਗੀ, ਜਿਸ ਕਰ ਕੇ ਉਨ੍ਹਾਂ ਲਈ ਹੁਣ ਰਾਹ ਸੌਖੇ ਨਹੀਂ ਹਨ।
____________________________
Ḕਨੰਨ੍ਹੀ ਛਾਂ’ ਆਸਰੇ ਬੇੜੀ ਪਾਰ ਲਾਉਣ ਦੀ ਰਣਨੀਤੀ
ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸੰਸਦੀ ਹਲਕੇ ਬਠਿੰਡਾ ਵਿਚ ਹੁਣ Ḕਮਿਸ਼ਨ-2019′ ਦੀ ਤਿਆਰੀ ਵਜੋਂ Ḕਨੰਨ੍ਹੀ ਛਾਂ ਤੀਰਥ ਯਾਤਰਾ’ ਸ਼ੁਰੂ ਕੀਤੀ ਗਈ ਹੈ ਤਾਂ ਜੋ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਆਪਣੇ ਨਾਲ ਕੀਤਾ ਜਾ ਸਕੇ। ਬਠਿੰਡਾ-ਮਾਨਸਾ ਹਲਕੇ ਵਿਚ ਕਰੀਬ ਚਾਰ ਮਹੀਨਿਆਂ ਤੋਂ ਇਹ ਯਾਤਰਾ ਚੁੱਪ ਚੁਪੀਤੇ ਚੱਲ ਰਹੀ ਹੈ। ਇਸ ਸਿਆਸੀ ਮਿਸ਼ਨ ਵਿਚ ਬਾਜ਼ੀ ਮਾਰਨ ਲਈ ਬਾਦਲਾਂ ਵੱਲੋਂ ਪੇਂਡੂ ਔਰਤਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ। ਇਹ ਤੀਰਥ ਯਾਤਰਾ ਕੇਂਦਰੀ ਮੰਤਰੀ ਬੀਬੀ ਬਾਦਲ ਵੱਲੋਂ ਅਗਲੀ ਚੋਣ ਵੀ ਬਠਿੰਡਾ ਹਲਕੇ ਤੋਂ ਹੀ ਲੜੇ ਜਾਣ ਦਾ ਇਸ਼ਾਰਾ ਕਰਦੀ ਹੈ। ਇਹ ਯਾਤਰਾ ਵਿਸ਼ੇਸ਼ ਤੌਰ ‘ਤੇ ਮਾਵਾਂ-ਧੀਆਂ ਅਤੇ ਨੂੰਹਾਂ-ਸੱਸਾਂ ਲਈ ਹੈ।
ਦੱਸਣਯੋਗ ਹੈ ਕਿ Ḕਨੰਨ੍ਹੀ ਛਾਂḔ ਪ੍ਰੋਜੈਕਟ ਪਹਿਲਾਂ ਧੀਆਂ ਦੇ ਸਨਮਾਨ, ਬੂਟੇ ਵੰਡਣ ਅਤੇ ਸਿਲਾਈ ਸੈਂਟਰ ਖੋਲ੍ਹਣ ਤੱਕ ਸੀਮਤ ਸੀ ਜਦੋਂਕਿ ਹੁਣ ਇਸ ਤਹਿਤ ਤੀਰਥ ਯਾਤਰਾ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਤੱਕ ਬਠਿੰਡਾ- ਮਾਨਸਾ ਦੇ ਪਿੰਡਾਂ ਵਿਚੋਂ 12 ਬੱਸਾਂ ਭੇਜੀਆਂ ਜਾ ਚੁੱਕੀਆਂ ਹਨ ਅਤੇ ਕਰੀਬ 850 ਔਰਤਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਜਾ ਚੁੱਕੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਵਿਚ ਇਨ੍ਹਾਂ ਤੀਰਥ ਯਾਤਰੀਆਂ ਲਈ ਇਕ ਏæਸੀæ ਹਾਲ ਬਾਕਾਇਦਾ ਪੱਕੇ ਤੌਰ Ḕਤੇ ਬੁੱਕ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਰਹੂਮ ਬੀਬੀ ਸੁਰਿੰਦਰ ਕੌਰ ਬਾਦਲ ਵੀ ਹਲਕਾ ਪੱਧਰ Ḕਤੇ ਸ਼ਰਧਾਲੂਆਂ ਦੀਆਂ ਬੱਸਾਂ ਭਰ ਕੇ ਅੰਮ੍ਰਿਤਸਰ ਲਿਜਾਂਦੇ ਰਹੇ ਹਨ।