ਬਾਜਵਾ ਦੇ ਲੇਖ ਦਾ ਸੱਚ

ਸਤਿਕਾਰਯੋਗ ਸੰਪਾਦਕ ਜੀਓ,
ਮੈਂ Ḕਪੰਜਾਬ ਟਾਈਮਜ਼Ḕ ਦਾ ਪੱਕਾ ਪਾਠਕ ਹਾਂ ਤੇ ਇਸ ਦੀ ਨਿੱਗਰ ਸਮਗਰੀ ਦਾ ਪ੍ਰਸ਼ੰਸਕ ਵੀ ਹਾਂ। ਬੜੇ ਮਾਣ ਦੀ ਗੱਲ ਹੈ ਕਿ ਸੰਪਾਦਨ ਦੇ ਪਿੜ ਵਿਚ ਤੁਸੀਂ ਇਸ ਅਮਰੀਕੀ ਧਰਤੀ ‘ਤੇ ਆਪਣੇ ਝੰਡੇ ਗੱਡੇ ਹੋਏ ਹਨ ਜੋ ਦਹਾਕਿਆਂ ਤੋਂ ਕੋਈ ਨਹੀਂ ਉਖੇੜ ਸਕਿਆ ਹੈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਦਾਰਸ਼ਨਿਕ, ਰਾਜਨੀਤਕ, ਵਿਚਾਰਧਾਰਾ-ਆਤਮਿਕ, ਗਿਆਨ ਵਿਗਿਆਨ ਤੇ ਖੇਡਾਂ ਆਦਿ ਖੇਤਰਾਂ ਵਿਚ ਉਚ ਪਾਏ ਦੇ ਜਾਣਕਾਰੀ ਭਰਪੂਰ ਲੇਖ ਚੁਣ ਕੇ ਛਾਪਦੇ ਹੋ। ਇਸ ਤੋਂ ਇਲਾਵਾ ਤੁਸੀਂ ਅਖਬਾਰ ਵਿਚ ਹਮੇਸ਼ਾ ਮਿਆਰੀ ਨਵੀਆਂ, ਪੁਰਾਣੀਆਂ ਤੇ ਦੂਜੀਆਂ ਭਾਸ਼ਾਵਾਂ ਤੋਂ ਅਨੁਵਾਦਿਤ ਅਜਿਹੀਆਂ ਰਚਨਾਵਾਂ ਛਾਪਦੇ ਹੋ, ਜਿਨ੍ਹਾਂ ਦਾ ਇਕ ਇਕ ਸ਼ਬਦ ਪੜ੍ਹੇ ਬਿਨਾ ਪਾਠਕ ਅੱਗੇ ਨਹੀਂ ਤੁਰ ਸਕਦੇ। ਤੁਰਨ ਵੀ ਕਿਵੇਂ, ਤੁਸੀਂ ਇਸ ਬਹੁਮੁੱਲੀ ਸਮਗਰੀ ਦਾ ਅਜਿਹਾ ਮਿੱਠਾ ਘੋਲ ਬਣਾ ਕੇ ਪਰੋਸਦੇ ਹੋ ਕਿ ਇਕ ਇਕ ਘੁੱਟ ਵਿਚੋਂ ਅਨੂਠਾ ਰਸ ਆਉਂਦਾ ਹੈ, ਜੋ ਪਾਠਕ ਨੂੰ ਕੀਲ ਲੈਂਦਾ ਹੈ। ਮੇਰੀ ਇਸ ਪ੍ਰਸ਼ੰਸਾ ਵਿਚ ਉਨ੍ਹਾਂ ਸੈਂਕੜੇ ਪਾਠਕਾਂ ਦੀ ਰਾਏ ਸ਼ਾਮਲ ਹੈ, ਜਿਨ੍ਹਾਂ ਦਾ ਮੇਰੇ ਨਾਲ ਸਿੱਧਾ ਜਾਂ ਫੋਨ ਰਾਹੀਂ ਹਰ ਹਫਤੇ ਸੰਪਰਕ ਹੁੰਦਾ ਰਹਿੰਦਾ ਹੈ। ਕਈ ਤਾਂ ਦੱਸਦੇ ਹਨ ਕਿ ਉਹ ਸਾਲਾਂ ਤੋਂ ਇਸ ਵਡਮੁੱਲੇ ਸਾਹਿਤਕ ਖਜਾਨੇ ਦੀਆਂ ਕਾਪੀਆਂ ਸੰਭਾਲ ਕੇ ਰਖਦੇ ਆ ਰਹੇ ਹਨ।
16 ਜੂਨ ਦੇ ਪਰਚੇ ਵਿਚ ਪ੍ਰਿੰæ ਬਲਕਾਰ ਸਿੰਘ ਬਾਜਵਾ ਦਾ ਸੇਧ ਭਰਪੂਰ ਲੇਖ Ḕਜੀਵਨ ਦਾਨ ਕਿਸੇ ਦਾ, ਸ਼ੁਕਰਾਨਾ ਕਿਸੇ ਹੋਰ ਦਾḔ ਛਾਪ ਕੇ ਤੁਸੀਂ ਵਧਾਈ ਦੇ ਪਾਤਰ ਹੋ। ਇਸ ਲੇਖ ਦੀ ਚੋਣ ਜਿੱਥੇ ਤੁਹਾਡੀ ਨਿਰਪੇਖ ਤੇ ਅਗਾਂਹ-ਵਧੂ ਸੋਚ ਦਾ ਪ੍ਰਤੀਕ ਹੈ, ਉਥੇ ਇਹ ਤੁਹਾਡੀ ਬੇਬਾਕ ਤੇ ਪ੍ਰੌੜ੍ਹ ਸੰਪਾਦਕੀ ਦਾ ਵੀ ਸਬੂਤ ਹੈ। ਪ੍ਰਿੰਸੀਪਲ ਬਾਜਵਾ ਨੇ ਇਕ ਮਿਸਾਲ ਰਾਹੀਂ ਸਮੂਹ ਸਿੱਖ ਸੰਗਤਾਂ ਨੂੰ ਚੇਤੇ ਕਰਵਾਇਆ ਹੈ ਕਿ ਜੇ ਉਹ ਹਰ ਰੋਜ਼ ਮਨ ਲਾ ਕੇ ਵਿਵੇਕ ਦਾਨ ਤੇ ਭਰੋਸਾ ਦਾਨ ਦੀ ਕਾਮਨਾ ਕਰਦੇ ਹਨ ਤਾਂ ਗੁਰਬਾਣੀ ਦੇ ਸਹੀ ਅਰਥਾਂ ਅਨੁਸਾਰ ਇਸ ‘ਤੇ ਅਮਲ ਕਰਨਾ ਵੀ ਉਨ੍ਹਾਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਨੇ ਸਹੀ ਇਸ਼ਾਰਾ ਕੀਤਾ ਹੈ ਕਿ ਵਿਵੇਕ ਤੋਂ ਬਿਨਾ ਸ਼ਰਧਾਲੂ ਦਾ ਭਰੋਸਾ ਅੰਧ-ਵਿਸ਼ਵਾਸ ਵਿਚ ਬਦਲ ਜਾਂਦਾ ਹੈ ਤੇ ਅੰਧ-ਵਿਸ਼ਵਾਸ ਦਾ ਗੁਰਬਾਣੀ ਵਿਚ ਪੂਰਨ ਤੌਰ ‘ਤੇ ਖੰਡਨ ਹੈ। ਗੁਰੂ ਸਾਹਿਬ ਨੇ ਸਪਸ਼ਟ ਲਿਖਿਆ ਹੈ, “ਨ ਸਬਦੁ ਬੂਝੈ ਨ ਜਾਣੈ ਬਾਣੀ॥ ਮਨਮੁਖਿ ਅੰਧੇ ਦੁਖਿ ਵਿਹਾਣੀ॥ (ਧਨਾਸਰੀ ਮ: 3, ਪੰਨਾ 665)
ਗਿਆਨ ਦਾ ਭਾਵ ਹੈ ਵਿਵੇਕ ਜਾਂ ਤਰਕ ਆਧਾਰਤ ਗਿਆਨ। ਤਰਕ ਤੋਂ ਬਿਨਾ ਕੋਈ ਵੀ ਗਿਆਨ ਗਿਆਨ ਨਹੀਂ ਹੁੰਦਾ, ਅਟਕਲ-ਪੱਚੂ ਹੈ। ਇਸ ਨੂੰ ਸਮਝਿਆ ਨਹੀਂ ਜਾ ਸਕਦਾ, ਕੇਵਲ ਰੱਟਾ ਲਾਇਆ ਜਾ ਸਕਦਾ ਹੈ। ਵਿਵੇਕੀ ਗਿਆਨ ਵਿਚ ਕ੍ਰਿਆ ਤੇ ਉਦੇਸ਼ ਵਿਚਕਾਰ ਕਾਰਨ ਦਾ ਇਕ ਪੁਲ ਪੈਂਦਾ ਹੈ। ਹਰੇਕ ਉਦੇਸ਼ ਨੂੰ ਪ੍ਰਾਪਤ ਕਰਨ ਲਈ ਵਿਸ਼ੇਸ਼ ਕ੍ਰਿਆ ਕਰਨੀ ਪੈਂਦੀ ਹੈ। ਇਸ ਤੋਂ ਬਿਨਾ ਇਸ ਦਾ ਹੋਣਾ ਅਸੰਭਵ ਹੈ। ਗੁਰੂ ਸਾਹਿਬਾਨ ਨੇ ਇਸ ਖਾਸ ਕਿਸਮ ਦੀ ਕ੍ਰਿਆ ਨੂੰ ਕਰਮ ਦੀ ਸੰਗਿਆ ਦਿੱਤੀ ਹੈ। ਕਰਮ ਦਾ ਭਾਵ ਹੈ ਯੋਗ ਕੰਮ ਜੋ ਇਕ ਖਾਸ ਪ੍ਰਕਾਰ ਦਾ ਸਿੱਟਾ ਪੈਦਾ ਕਰਨ ਲਈ ਕੀਤਾ ਜਾਵੇ। ਕਿਸੇ ਖਾਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਉਸ ਅਨੁਸਾਰ ਢੁਕਵਾਂ ਕਰਮ ਕਰਨਾ ਬਣਦਾ ਹੈ। ਜੋ ਅਜਿਹਾ ਨਹੀਂ ਮੰਨਦਾ ਜਾਂ ਕਰਦਾ, ਉਸ ਲਈ ਗੁਰੂ ਸਾਹਿਬ ਲਿਖਦੇ ਹਨ, “ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ॥2॥” (ਆਸਾ ਮ: 2, ਪੰਨਾ 474)
ਪ੍ਰਥਮ ਪਾਤਸ਼ਾਹ ਗੁਰੂ ਨਾਨਕ ਦੇਵ ਨੇ ਮਨੁੱਖੀ ਅਨੁਭਵ ਨੂੰ ਵਿਵੇਕ ਦਾ ਆਧਾਰ ਮੰਨਦਿਆਂ ਹੀ ਹਰਿਦਵਾਰ ਦੇ ਪਾਂਡਿਆਂ ਨੂੰ ਇਹ ਦਰਸਾਇਆ ਸੀ ਕਿ ਸੂਰਜ ਨੂੰ ਪਾਣੀ ਦੇਣ ਦੀ ਕ੍ਰਿਆ ਉਨ੍ਹਾਂ ਦੇ ਉਦੇਸ਼ ਅਨੁਕੂਲ ਕਰਮ ਨਹੀਂ ਹੈ, ਇਸ ਲਈ ਇਹ ਇਕ ਪਖੰਡ ਜਾਂ ਨਿਰਮੂਲ ਕ੍ਰਿਆ ਹੈ।
ਗੁਰਬਾਣੀ ਦੇ ਇਸ ਨਿਯਮ ਨੂੰ ਲਾਗੂ ਕਰਨ ਲਈ ਹਰ ਗੁਰਸਿੱਖ ਦਾ ਫਰਜ ਹੈ ਕਿ ਉਹ ਹਰ ਵਰਤਾਰੇ ਨੂੰ ਸਹੀ ਸਮਝਣ ਲੱਗਿਆਂ ਉਸ ਦਾ ਅਸਲ ਕਾਰਕ ਲੱਭੇ। ਜੇ ਉਹ ਗਲਤ ਕਾਰਕ ‘ਤੇ ਉਂਗਲੀ ਰਖਦਾ ਹੈ ਤਾਂ ਉਹ ਗੁਰੂ ਦੀ ਸਿਖਿਆ ਵਿਚ ਹਾਲੇ ਕੱਚਾ ਹੈ। ਉਸ ਦੇ ਵਿਵੇਕ ਵਿਚ ਕਮੀ ਹੈ ਤੇ ਉਹ ਸੰਪੂਰਣ ਸਿੱਖ ਨਹੀਂ ਹੈ ਭਾਵ ਉਹ ਮਨਮੁੱਖ ਹੈ। ਪ੍ਰਿੰæ ਬਾਜਵਾ ਨੇ ਵਿਵੇਕੀ ਸਿੱਖ ਹੋਣ ਦੇ ਨਾਤੇ ਸਹੀ ਮਿਸਾਲ ਦੇ ਕੇ ਦੱਸਿਆ ਹੈ ਕਿ ਜੇ ਕੋਈ ਇਲਾਜ਼ ਤਾਂ ਹਸਪਤਾਲ ਦੇ ਡਾਕਟਰ ਤੋਂ ਕਰਵਾਏ ਤੇ ਸ਼ੁਕਰਾਨੇ ਦਾ ਪਾਠ ਕਿਤੇ ਹੋਰ ਕਰਵਾਵੇ ਤਾਂ ਕ੍ਰਿਆ ਤੇ ਕ੍ਰਿਆ-ਫਲ ਵਿਚਕਾਰ ਕਾਰਕ ਦਾ ਸਹੀ ਮੇਲ ਨਹੀਂ ਬਣਦਾ। ਅਥਵਾ ਇਹ ਵਿਸ਼ਵਾਸ ਨਹੀਂ, ਅੰਧ-ਵਿਸ਼ਵਾਸ ਹੈ। ਇਸ ਲਈ ਇਹ ਗੁਰਮਤਿ ਨਹੀਂ, ਮਨਮੱਤ ਹੈ।
ਪ੍ਰਿੰæ ਬਾਜਵਾ ਨੇ ਇਹ ਵੀ ਦਰੁਸਤ ਲਿਖਿਆ ਹੈ ਕਿ ਇਸ ਤਰ੍ਹਾਂ ਦੀ ਮਨਮੱਤ ਕਾਰਨ ਸਿੱਖੀ ਵਿਚ ਵੀ ਉਹੋ ਜਿਹੇ ਕਰਮ-ਕਾਂਡ ਪੈਦਾ ਹੋ ਗਏ ਹਨ, ਜਿਨ੍ਹਾਂ ਦਾ ਬਾਣੀ ਵਿਚ ਖੰਡਨ ਕੀਤਾ ਗਿਆ ਹੈ। ਸਿੱਖ ਸੰਗਤ ਖੁਦ ਬਾਣੀ ਪੜ੍ਹਦੀ ਨਹੀਂ ਤੇ ਨਾ ਹੀ ਇਸ ਦੇ ਅਰਥ ਕਰਦੀ ਹੈ। ਅਰਥ ਕਰਨੇ ਸੌਖੇ ਵੀ ਨਹੀਂ ਕਿਉਂਕਿ ਗੁਰਬਾਣੀ ਦਰਸ਼ਨ ਤੇ ਵਿਗਿਆਨ ਦੀ ਸਿਖਰ ਹੈ। ਇਸ ਦੇ ਸਮਝਣ ਲਈ ਇਨ੍ਹਾਂ ਦੋਹਾਂ ਵਿਸ਼ਿਆਂ ਵਿਚ ਪਰਪੱਕਤਾ ਹਾਸਲ ਕਰਨਾ ਜਰੂਰੀ ਹੈ। ਪਰ ਉਚ-ਸਿਖਿਆ ਦੀ ਘਾਟ ਕਾਰਨ ਅਜਿਹੀ ਵਿਦਿਆ ਜਨ ਸਾਧਾਰਨ ਦੀ ਪਹੁੰਚ ਤੋਂ ਦੂਰ ਹੈ। ਇਸ ਲਈ ਬਹੁਤੀ ਸਿੱਖ ਸੰਗਤ ਜਗਿਆਸੂ ਹੋਣ ਦੀ ਥਾਂ ਸ਼ਰਧਾਲੂ ਬਣਨ ਲਈ ਮਜ਼ਬੂਰ ਹੋ ਜਾਂਦੀ ਹੈ। ਇਸ ਨੂੰ ਗੁਰਬਾਣੀ ਨਾਲ ਦਿਮਾਗ ਦੀ ਕੜੀ ਜੋੜਨ ਲਈ ਅਜਿਹੀ ਮੱਧ-ਵਰਤੀ ਜਮਾਤ ਦਾ ਸਹਾਰਾ ਲੈਣਾ ਪੈਂਦਾ ਹੈ, ਜਿਸ ਦੇ ਨੁਮਾਇੰਦੇ ਆਪ ਵੀ ਇਸ ਇਲਮ ਤੋਂ ਕੋਰੇ ਹਨ। ਇੰਨਾ ਹੀ ਨਹੀਂ, ਪੇਸ਼ਾਵਰ ਹੋਣ ਕਰਕੇ ਇਸ ਜਮਾਤ ਦਾ ਵਧੇਰੇ ਹਿੱਤ ਬਾਣੀ ਦੇ ਸਹੀ ਪ੍ਰਚਾਰ ਨਾਲ ਨਹੀਂ ਸਗੋਂ ਸ਼ਰਧਾਲੂਆਂ ਨੂੰ ਤਰਕ-ਹੀਣ ਕਥਾਵਾਂ ਰਾਹੀਂ ਭਰਮਾ ਕੇ ਆਪਣੇ ਪ੍ਰਭਾਵ ਨਾਲ ਜੋੜੀ ਰੱਖਣ ਤੀਕ ਸੀਮਤ ਹੁੰਦਾ ਹੈ।
ਪ੍ਰਿੰæ ਬਾਜਵਾ ਨੇ ਠੀਕ ਲਿਖਿਆ ਹੈ ਕਿ ਅਜਿਹੀ ਕ੍ਰਿਆ ਦੇ ਚਲਣ ਨਾਲ ਸੰਗਤ ਅੰਧਵਿਸ਼ਵਾਸੀ ਤੇ ਕਰਮ-ਕਾਂਡੀ ਹੋ ਜਾਂਦੀ ਹੈ। ਫਿਰ ਉਹ ਫਸਲ ਨੂੰ ਹਲ ਵਾਹ ਕੇ ਬੀਜਦੀ ਆਪ ਹੈ, ਇਸ ਨੂੰ ਖਾਦ ਪਾਣੀ ਆਪ ਲਾਉਂਦੀ ਹੈ ਪਰ ਚੰਗੀ ਫਸਲ ਹੋਣ ਦਾ ਸਿਹਰਾ ਕਿਸੇ ਹੋਰ ਦੇ ਸਿਰ ਬੰਨਦੀ ਹੈ। ਇਹ ਬੇਇਨਸਾਫੀ ਦਾ ਨਿਜ਼ਾਮ ਉਸਰਦੀ ਹੈ ਜਿਸ ਵਿਚ ਮਿਹਨਤ ਕੋਈ ਕਰਦਾ ਹੈ ਤੇ ਫਲ ਕੋਈ ਹੋਰ ਖਾਂਦਾ ਹੈ। ਗੱਲ ਇਥੇ ਹੀ ਖਤਮ ਨਹੀਂ ਹੁੰਦੀ ਅਜਿਹੀ ਸੰਗਤ ਫਿਰ ਬਾਬਾ ਜੀ ਨੂੰ ਭੋਗ ਲਗਾਉਂਦੀ ਹੈ, ਪੀਹੜੀ ਦੇ ਪਾਵੇ ਘੁਟਦੀ ਹੈ, ਪੱਖਾ-ਹੀਟਰ ਲਾਉਂਦੀ ਹੈ ਤੇ ਅਜਿਹੇ ਕਈ ਹੋਰ ਕਰਮ ਕਾਂਡੀ ਕਾਰਜ ਕਰਦੀ ਹੈ। ਇਹ ਗੁਰੂ ਨਾਨਕ ਦੀ ਸਿਖਿਆ ਨਹੀਂ ਹੈ।
ਪ੍ਰਿੰæ ਬਾਜਵਾ ਨੇ ਤੀਜੇ ਗੁਰੂ ਸਾਹਿਬ ਤੁਕ ਵਰਤਣ ਲੱਗਿਆਂ ਉਸ ਦੇ ਸ਼ੁਰੂ ਵਿਚ Ḕਬਾਣੀ ਗੁਰੂḔ ਦੀ ਥਾਂ Ḕਸ਼ਬਦ ਗੁਰੂḔ ਲਿਖਿਆ ਹੈ ਜੋ ਇਕ ਅਸ਼ੁਧੀ ਹੈ। ਪਰ ਇਸ ਤਕਨੀਕੀ ਅਸ਼ੁਧੀ ਦੇ ਬਾਵਜੂਦ ਅਰਥ ਬਹੁਤੇ ਬਦਲੇ ਨਹੀਂ ਕਿਉਂਕਿ ਗੁਰੂ ਸਾਹਿਬਾਨ ਨੇ ਆਪ ਕਈ ਥਾਂ ਸ਼ਬਦ ਨੂੰ ਵੀ ਗੁਰੂ ਲਿਖਿਆ ਹੈ। ਮਿਸਾਲ ਵਜੋਂ ਗੁਰੂ ਅਰਜਨ ਦੇਵ ਲਿਖਦੇ ਹਨ, “ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦਿਨਾ ਜੀਉ॥ (ਮਾਝ ਮ: 5 ਪੰਨਾ 100) ਪਰ ਇਸ ਦਾ ਭਾਵ ਇਹ ਨਹੀਂ ਕਿ ਬਾਣੀ ਨੂੰ ਅਸ਼ੁਧ ਲਿਖਿਆ ਜਾਵੇ। ਸੋ ਲੇਖਕ ਦੀ ਜਿੰਮੇਵਾਰੀ ਬਣਦੀ ਹੈ ਕਿ ਹਰ ਤੁਕ ਦੀ ਸ਼ੁਧਤਾ ਨੂੰ ਲਿਖਣ ਤੋਂ ਪਹਿਲਾਂ ਤੇ ਲਿਖਣ ਤੋਂ ਬਾਅਦ ਗਹੁ ਨਾਲ ਪਰਖ ਲਵੇ।
-ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310