ਬਲੇਡ ਰਨਰ-ਆਸਕਰ ਪਿਸਟਰੀਓਸ

ਪਰਦੀਪ, ਸੈਨ ਹੋਜੇ
ਫੋਨ: 408-540-4547
ਇਨਸਾਨ ਹਮੇਸ਼ਾ ਆਪਣੇ ਅਤੇ ਨੇੜਲੇ ਚਾਹੁਣ ਵਾਲਿਆਂ ਲਈ ਤੰਦਰੁਸਤੀ ਦੀ ਦੁਆ ਕਰਦਾ ਹੈ। ਪਰ ਜ਼ਿੰਦਗੀ ਦੇ ਸਫਰ ਵਿਚ ਬੰਦਾ ਕਈ ਵਾਰ ਬੀਮਾਰੀ ਜਾਂ ਹਾਦਸੇ ਕਾਰਨ ਅਪਾਹਜ ਵੀ ਹੋ ਜਾਂਦਾ ਹੈ। ਉਸ ਦੀ ਇਹ ਅੰਗਹੀਣਤਾ ਉਸ ਲਈ ਤਾਂ ਦਰਰਨਾਕ ਹੁੰਦੀ ਹੀ ਹੈ ਪਰ ਉਸ ਨੂੰ ਚਾਹੁਣ ਵਾਲਿਆਂ ਨੂੰ ਵੀ ਪ੍ਰੇਸ਼ਾਨ ਕਰਦੀ ਹੈ। ਵ੍ਹੀਲਚੇਅਰ ‘ਤ ਬੈਠੇ ਇਕ ਇਨਸਾਨ ਦੇ ਸਰੀਰਕ ਕਸ਼ਟ ਵੇਖ ਕੇ ਤੁਸੀਂ ਹਮਦਰਦੀ ਤਾਂ ਜਾਹਰ ਕਰ ਸਕਦੇ ਹੋ

ਪਰ ਉਸ ਦੀ ਮਾਨਸਿਕ ਪੀੜ ਨੂੰ ਮਹਿਸੂਸ ਕਰਨਾ ਮੁਸ਼ਕਿਲ ਹੈ। ਉਹ ਹਰ ਰੋਜ਼ ਸਵੇਰੇ ਉਠ ਕੇ, ਆਪਣੇ ਸਰੀਰ ਅਤੇ ਮਨ ਨੂੰ ਮਜ਼ਬੂਤ ਕਰਕੇ ਮੁਸਕਰਾਉਣ ਦੀ ਕੋਸ਼ਿਸ਼ ਕਰਦਾ ਹੈ, ਨਹੀਂ ਚਾਹੁੰਦਾ ਕਿ ਉਸ ਕਾਰਨ ਕੋਈ ਪ੍ਰੇਸ਼ਾਨ ਹੋਵੇ। ਇਹ ਸਿੱਦਕ ਉਸ ਦੀ ਬਾਕੀ ਰਹਿੰਦੀ ਜ਼ਿੰਦਗੀ ਦਾ ਹਿੱਸਾ ਹੈ। ਤੁਸੀਂ ਉਸ ਨੂੰ ਜਿੰਨਾ ਮਰਜ਼ੀ ਪਿਆਰ ਕਰਦੇ ਹੋਵੋ ਅਤੇ ਮਦਦਗਾਰ ਵੀ ਹੋਵੋ ਪਰ ਉਸ ਦੇ ਮਨ ਦੀ ਪੀੜ ਨਹੀਂ ਘਟਾ ਸਕਦੇ। ਮੈਂ ਆਪਣੀ ਜ਼ਿੰਦਗੀ ਦੇ ਅਹਿਸਾਸ ਨਾਲ ਇਸ ਪੀੜ ਨੂੰ ਜਾਣਦਾ ਹਾਂ।
ਜੋ ਇਨਸਾਨ ਬੀਮਾਰੀ ਜਾਂ ਹਾਦਸੇ ਕਰਕੇ ਅੰਗਹੀਣਤਾ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਨੂੰ ਤੰਦਰੁਸਤੀ ਦਾ ਅਹਿਸਾਸ ਵੀ ਹੁੰਦਾ ਹੈ। ਜੋ ਬੱਚੇ ਜਨਮ ਤੋਂ ਹੀ ਅਪਾਹਜ ਹੋਣ, ਉਨ੍ਹਾਂ ਤੰਦਰੁਸਤ ਜੀਵਨ ਕਦੀਂ ਵੀ ਨਹੀਂ ਵੇਖਣਾ। ਆਸਕਰ ਪਿਸਟਰੀਓਸ ਦਾ ਇਸ ਦੁਨੀਆਂ ਵਿਚ ਪਰਵੇਸ਼ ਹੀ ਅੰਗਹੀਣਤਾ ਨਾਲ ਹੋਇਆ ਸੀ। ਉਸ ਨੇ ਆਪਣੇ ਹੌਂਸਲੇ ਅਤੇ ਹਿੰਮਤ ਨਾਲ ਅਸਮਾਨ ਨੂੰ ਛੋਹਿਆ। ਸ਼ੋਹਰਤ, ਦੌਲਤ ਅਤੇ ਰੋਮਾਂਸ ਦਾ ਅਨੰਦ ਵੀ ਮਾਣਿਆ। ਪਰ ਉਸ ਦੇ ਗੁੱਸੇ ਨੇ ਉਸ ਨੂੰ ਕਾਤਲ ਬਣਾ ਕੇ ਜੇਲ੍ਹ ਦੀਆਂ ਸਲਾਖਾਂ ਪਿਛੇ ਸੁੱਟ ਦਿੱਤਾ।
ਆਸਕਰ ਦਾ ਜਨਮ 22 ਨਵੰਬਰ 1986 ਨੂੰ ਦੱਖਣੀ ਅਫਰੀਕਾ ਦੇ ਸ਼ਹਿਰ ਜੌਹਨਸਬਰਗ ਨੇੜੇ ਹੋਇਆ। ਉਸ ਦੀ ਮਾਂ ਦਾ ਨਾਮ ਸ਼ੀਲਾ ਅਤੇ ਪਿਉ ਦਾ ਹੈਨਕੇ ਪਿਸਟਰੀਓਸ ਸੀ। ਆਸਕਰ ਦਾ ਭਾਰ ਜਨਮ ਸਮੇਂ ਤਿੰਨ ਕਿੱਲੋ 300 ਗਰਾਮ ਸੀ। ਉਸ ਦੀਆਂ ਲੱਤਾਂ ਫਾਈਬੁਲਾ ਹੇਮਿਮੇਲੀਆ ਦਾ ਸ਼ਿਕਾਰ ਸਨ, ਪੈਰ ਉਂਗਲਾਂ ਤੋਂ ਬਗੈਰ ਸਨ। ਲਗਦਾ ਸੀ, ਉਹ ਕਦੀ ਵੀ ਤੁਰ ਨਹੀਂ ਸਕੇਗਾ। ਡਾਕਟਰਾਂ ਦਾ ਕਹਿਣਾ ਸੀ ਕਿ ਜੇ ਇਸ ਦੀਆਂ ਲੱਤਾਂ ਬਚਪਨ ਵਿਚ ਹੀ ਕੱਟ ਦਿੱਤੀਆਂ ਜਾਣ ਤਾਂ ਇਹ ਪੈਰਾਂ ਤੋਂ ਬਿਨਾ ਤੁਰਨਾ ਸਿੱਖ ਜਾਵੇਗਾ। ਇਸ ਕਰਕੇ ਗਿਆਰਾਂ ਮਹੀਨੇ ਦੀ ਉਮਰ ਵਿਚ ਆਸਕਰ ਦੀਆਂ ਦੋਵੇਂ ਲੱਤਾਂ, ਗੋਡਿਆਂ ਅਤੇ ਗਿਟਿਆਂ ਵਿਚਕਾਰੋਂ ਕੱਟ ਦਿੱਤੀਆਂ। ਅਠਾਰਾਂ ਮਹੀਨੇ ਦੀ ਉਮਰ ਵਿਚ ਉਸ ਦੇ ਬਣਾਉਟੀ ਲੱਤਾਂ ਲੱਗ ਗਈਆਂ।
ਆਸਕਰ ਦਾ ਭਰਾ ਕਾਰਲ ਉਸ ਤੋਂ 18 ਮਹੀਨੇ ਵੱਡਾ ਸੀ। ਜਦੋਂ 1989 ਵਿਚ ਉਸ ਦੀ ਭੈਣ ਐਮੀ ਪੈਦਾ ਹੋਈ ਤਾਂ ਆਸਕਰ ਉਸ ਦੇ ਨਿੱਕੇ ਪੈਰਾਂ ਨੂੰ ਹੈਰਾਨੀ ਨਾਲ ਵੇਖਦਾ ਕਿਉਂਕਿ ਉਸ ਨੇ ਆਪਣੇ ਪੈਰ ਤਾਂ ਕਦੀਂ ਵੀ ਨਹੀਂ ਸਨ ਵੇਖੇ। ਇੱਕ ਵਾਰ ਉਹ ਸਮੁੰਦਰ ਕੰਢੇ ਰੇਤ ‘ਤੇ ਖੇਡ ਰਿਹਾ ਸੀ ਤਾਂ ਹੋਰ ਬੱਚੇ ਪੁੱਛਣ ਲੱਗੇ, ਤੇਰੇ ਪੈਰਾਂ ਦੇ ਨਿਸ਼ਾਨ ਦੀ ਥਾਂ ਡੂੰਘੇ ਟੋਏ ਕਿਉਂ ਪੈਂਦੇ ਹਨ? ਉਦੋਂ ਆਸਕਰ ਤਿੰਨ ਸਾਲ ਦਾ ਸੀ ਜਦ ਉਸ ਨੂੰ ਪਤਾ ਲੱਗਾ ਕਿ ਉਹ ਲੋਕਾਂ ਨਾਲੋਂ ਵੱਖਰਾ ਹੈ। ਉਸ ਦਾ ਭਰਾ ਕਾਰਲ ਹਮੇਸ਼ਾ ਉਸ ਦਾ ਧਿਆਨ ਰੱਖਦਾ।
ਆਸਕਰ ਆਪਣੀ ਸਵੈ-ਜੀਵਨੀ ‘ਬਲੇਡ ਰਨਰ’ ਵਿਚ ਦੱਸਦਾ ਹੈ ਕਿ ਉਸ ਦਾ ਬਾਪ ਅਮੀਰ ਸੀ। ਉਨ੍ਹਾਂ ਕੋਲ ਵੱਡਾ ਰੈਂਚ ਸੀ, ਜਿਸ ਵਿਚ ਉਹ ਖੇਡਦੇ ਸਨ। ਉਹ ਸ਼ਰਾਰਤੀ ਸੀ। ਬਣਾਉਟੀ ਲੱਤਾਂ ਨਾਲ ਦੌੜਦਿਆਂ ਕਦੀ ਵੀ ਮਦਦ ਦੀ ਲੋੜ ਨਹੀਂ ਸੀ ਪਈ, ਹਮੇਸ਼ਾ ਪਰਿਵਾਰ ਦੇ ਮੈਂਬਰਾਂ ਤੋਂ ਅੱਗੇ ਦੌੜਦਾ। ਆਸਕਰ ਲਈ ਔਖਾ ਸਮਾ ਉਦੋਂ ਆਇਆ ਜਦ ਉਸ ਦੇ ਮਾਂ ਪਿਉ ਦਾ ਤਲਾਕ ਹੋ ਗਿਆ। ਉਹ ਸਿਰਫ ਸੱਤ ਸਾਲ ਦਾ ਸੀ। ਉਨ੍ਹਾਂ ਨੂੰ ਆਪਣੀ ਮਾਂ ਨਾਲ ਰਹਿਣਾ ਪਿਆ। ਭਾਵੇਂ ਉਨ੍ਹਾਂ ਦਾ ਪਿਉ ਨਾਲ ਮੇਲ ਹੁੰਦਾ ਰਹਿੰਦਾ ਅਤੇ ਉਹ ਮਦਦ ਵੀ ਕਰਦਾ ਪਰ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਸੀ ਰਹੀ। ਉਨ੍ਹਾਂ ਦੀ ਮਾਂ ਨੂੰ ਕੰਮ ਕਰਨ ਲਈ ਮਜ਼ਬੂਰ ਹੋਣਾ ਪਿਆ। ਪਰ ਉਹ ਹਮੇਸ਼ਾ ਆਸਕਰ ਦਾ ਧਿਆਨ ਰੱਖਦੀ।
ਆਸਕਰ ਜਦੋਂ ਸਕੂਲ ਗਿਆ ਤਾਂ ਉਹ ਖੇਡਾਂ ਵਿਚ ਹਿੱਸਾ ਲੈਣ ਲੱਗਾ, ਕ੍ਰਿਕਟ, ਕੁਸ਼ਤੀ ਅਤੇ ਫੁਟਬਾਲ ਖੇਡਦਾ। ਕ੍ਰਿਕਟ ਖੇਡਦੇ ਸਮੇਂ ਪੈਡ ਨਹੀਂ ਸੀ ਪਾਉਂਦਾ, ਆਪਣੀਆਂ ਬਣਾਉਟੀ ਲੱਤਾਂ ਨਾਲ ਹੀ ਕੰਮ ਚਲਾ ਲੈਂਦਾ। ਪਰ ਬਣਾਉਟੀ ਲੱਤਾਂ ਬਹੁਤ ਮਹਿੰਗੀਆਂ ਹੋਣ ਕਰਕੇ ਉਨ੍ਹਾਂ ਦੇ ਟੁੱਟਣ ਦਾ ਡਰ ਵੀ ਸੀ। ਆਸਕਰ ਨੇ ਇੱਕ ਵਾਰ ਦੌੜਾਂ ਦੇ ਮੁਕਾਬਲੇ ਵਿਚ ਹਿੱਸਾ ਲਿਆ ਤਾਂ 100 ਮੀਟਰ ਦੀ ਦੌੜ 11.72 ਦੇ ਟਾਈਮ ਨਾਲ ਜਿੱਤ ਲਈ। ਜਦੋਂ ਪਤਾ ਲੱਗਾ ਕਿ ਇਹ ਵਧੀਆ ਟਾਈਮ ਹੈ ਤਾਂ ਉਸ ਨੇ ਦੌੜਾਂ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਛੇਤੀ ਹੀ ਉਹ ਦੌੜਾਂ ਵਿਚ ਮਸ਼ਹੂਰ ਹੋ ਗਿਆ ਤਾਂ ਸਾਰੇ ਪਾਸੇ ਉਸ ਦੀ ਚਰਚਾ ਹੋਣ ਲੱਗੀ। ਜਿਸ ਕੰਪਨੀ ਦੀਆਂ ਉਹ ਬਣਾਉਟੀ ਲੱਤਾਂ ਪਾਉਂਦਾ ਸੀ, ਉਹ ਉਸ ਨੂੰ ਮਸ਼ਹੂਰੀ ਦੇ ਪੈਸੇ ਦੇਣ ਲੱਗੀ। ਟੈਲੀਵਿਜ਼ਨ ‘ਤੇ ਉਹ ਮਸ਼ਹੂਰੀਆਂ ਕਰਨ ਲੱਗਾ। ਇਨ੍ਹਾਂ ਪੈਸਿਆਂ ਨਾਲ ਉਸ ਨੇ ਆਪਣੇ ਲਈ ਨਵੀਂ ਕਾਰ ਖਰੀਦੀ।
ਆਸਕਰ ਭਾਵੇਂ ਸਫਲਤਾ ਵੱਲ ਨੂੰ ਵਧ ਰਿਹਾ ਸੀ ਪਰ ਮੁਸ਼ਕਿਲਾਂ ਨੇ ਵੀ ਉਸ ਦਾ ਪਿੱਛਾ ਨਹੀਂ ਸੀ ਛੱਡਿਆ। ਤਲਾਕ ਪਿਛੋਂ ਉਸ ਦੀ ਮਾਂ ਨੇ 2001 ਵਿਚ ਦੂਜੀ ਸ਼ਾਦੀ ਕਰ ਲਈ। ਉਦੋਂ ਆਸਕਰ ਹੋਸਟਲ ਵਿਚ ਰਹਿੰਦਾ ਸੀ। ਪਰ ਉਸ ਨੂੰ ਉਸ ਸਮੇਂ ਬਹੁਤ ਦੁੱਖ ਹੋਇਆ ਜਦ 2006 ਵਿਚ ਬੀਮਾਰੀ ਨਾਲ ਉਸ ਦੀ ਮਾਂ ਦੀ ਮੌਤ ਹੋ ਗਈ। ਆਸਕਰ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ। ਉਸ ਨੇ ਮਾਂ ਦੇ ਜਨਮ ਅਤੇ ਮੌਤ ਦੀ ਤਰੀਕ ਆਪਣੀ ਬਾਂਹ ਉਪਰ ਉਕਰੀ ਹੋਈ ਹੈ। ਇਸ ਸਦਮੇ ‘ਚੋਂ ਮੁਸ਼ਕਿਲ ਨਾਲ ਨਿਕਲ ਕੇ ਆਸਕਰ ਨੇ ਫਿਰ ਦੌੜਾਂ ਵਾਲੇ ਪਾਸੇ ਧਿਆਨ ਦੇਣਾ ਸ਼ੁਰੂ ਕੀਤਾ।
ਆਸਕਰ 2004 ਵਿਚ ਏਥਨਜ਼ ਵਿਚ ਹੋਣ ਵਾਲੀਆਂ ਪੈਰਾਲਿੰਪਿਕਸ ਖੇਡਾਂ ਲਈ ਆਪਣੇ ਦੇਸ਼ ਦੀ ਟੀਮ ਲਈ ਚੁਣਿਆ ਗਿਆ। ਉਸ ਨੇ ਖਾਸ ਦੌੜਨ ਵਾਲੀਆਂ ਲੱਤਾਂ ਨਾਲ ਇਨ੍ਹਾਂ ਖੇਡਾਂ ਵਿਚ ਹਿੱਸਾ ਲਿਆ ਤੇ 17 ਸਾਲ ਦੀ ਉਮਰ ਵਿਚ 200 ਮੀਟਰ ਦੌੜ ‘ਚ ਸੋਨੇ ਦਾ ਤਮਗਾ ਜਿੱਤਿਆ, ਜਿਸ ਨੇ ਉਸ ਨੂੰ ਮਸ਼ਹੂਰ ਕਰ ਦਿੱਤਾ। ਆਪਣੇ ਦੇਸ਼ ਵਾਪਸ ਆਉਣ ‘ਤੇ ਲੋਕਾਂ ਦੀ ਭੀੜ ਉਸ ਨੂੰ ਵੇਖਣ ਲਈ ਇੱਕਠੀ ਹੋ ਜਾਂਦੀ। ਮੀਡੀਆ ਵਾਲੇ ਗੱਲ ਕਰਨ ਲਈ ਉਸ ਦੇ ਪਿੱਛੇ ਘੁੰਮਦੇ। ਆਸਕਰ ਨੇ ਅੰਗਹੀਣ ਲੋਕਾਂ ਦੀ ਮਦਦ ਲਈ ਇੱਕ ਦਾਨੀ ਸੰਸਥਾ ਖੋਲ੍ਹੀ ਤੇ ਬਣਾਉਟੀ ਲੱਤਾਂ ਸਸਤੀ ਕੀਮਤ ‘ਤੇ ਦੇਣ ਦਾ ਉਪਰਾਲਾ ਕੀਤਾ। ਜਦੋਂ ਉਹ ਅੰਗਹੀਣਾਂ ਦੀ ਮਦਦ ਕਰਦਾ ਤਾਂ ਸੋਚਦਾ, ਚੰਗਾ ਹੋਇਆ ਉਸ ਦੀਆਂ ਲੱਤਾਂ ਨਹੀਂ ਹਨ। ਜੇ ਉਹ ਤੰਦਰੁਸਤ ਜਨਮ ਲੈਂਦਾ ਤਾਂ ਲੋਕਾਂ ਦੀ ਲੋੜ ਨੂੰ ਸਮਝਣਾ ਨਹੀਂ ਸੀ।
ਹੁਣ ਆਸਕਰ ਹੋਰ ਮਿਹਨਤ ਕਰਨ ਲੱਗਾ। ਉਸ ਨੇ ਦੌੜਨ ਵਾਲੀਆਂ ਵਧੀਆਂ ਲੱਤਾਂ ਦਾ ਇੰਤਜ਼ਾਮ ਕਰਕੇ, ਚੰਗੇ ਕੋਚਾਂ ਤੋਂ ਟਰੇਨਿੰਗ ਲਈ। ਬੀਜ਼ਿੰਗ ਵਿਚ ਸੰਨ 2008 ਦੀਆਂ ਪੈਰਾਲਿੰਪਿਕਸ ਖੇਡਾਂ ਵਿਚ ਆਸਕਰ ਨੇ ਆਪਣੀ ਯੋਗਤਾ ਦਾ ਲੋਹਾ ਮੰਨਵਾ ਦਿੱਤਾ। ਉਸ ਨੇ 100, 200 ਅਤੇ 400 ਮੀਟਰ ਦੌੜ ਵਿਚ ਸੋਨੇ ਦੇ ਤਮਗੇ ਜਿੱਤੇ। 400 ਮੀਟਰ ਵਿਚ ਤਾਂ ਉਸ ਨੇ ਨਵਾਂ ਵਿਸ਼ਵ ਰਿਕਾਰਡ ਵੀ ਬਣਾਇਆ। ਇਸ ਪਿਛੋਂ ਆਸਕਰ ਦੀ ਸ਼ੋਹਰਤ ਹੋਰ ਵੀ ਵਧ ਗਈ। ਉਸ ਨੂੰ ਹੁਣ ਮਹਿਸੂਸ ਹੋਣ ਲੱਗਾ ਕਿ ਉਹ ਤੰਦਰੁਸਤ ਦੌੜਾਕਾਂ ਨਾਲ ਵੀ ਮੁਕਾਬਲਾ ਕਰ ਸਕਦਾ ਹੈ। ਪਰ ਇਹ ਸਫਰ ਇੰਨਾ ਅਸਾਨ ਨਹੀਂ ਸੀ। ਉਸ ਅੱਗੇ ਬਹੁਤ ਮੁਸ਼ਕਿਲਾਂ ਸਨ।
ਆਸਕਰ ਨੇ 2012 ਵਿਚ ਲੰਡਨ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸ ਦੀਆਂ ਕਾਰਬਨ ਬਲੇਡ ਵਾਲੀਆਂ ਲੱਤਾਂ ‘ਤੇ ਇਤਰਾਜ਼ ਹੋਣ ਲੱਗਾ। ਆਈ. ਏ. ਏ. ਐਫ਼ (ਇੰਟਰਨੈਸ਼ਨਲ ਐਸੋਸੀਏਸ਼ਨ ਆਫ ਅਥਲੈਟਿਕਸ ਫੈਡਰੇਸ਼ਨ) ਨੇ ਉਸ ਨੂੰ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਦੀ ਇਜ਼ਾਜਤ ਨਾ ਦਿੱਤੀ। ਕਮੇਟੀ ਨੇ ਹੋਰ ਦੌੜਾਕਾਂ ਨਾਲ ਕੈਮਰੇ ਲਾ ਕੇ ਜਰਮਨੀ ਵਿਚ ਉਸ ਦਾ ਟੈਸਟ ਲਿਆ। ਇਹ ਰਿਪੋਰਟ ਆਸਕਰ ਦੇ ਹੱਕ ਵਿਚ ਨਾ ਆਈ, ਪਰ ਉਸ ਨੇ ਉਮੀਦ ਨਾ ਛੱਡੀ ਅਤੇ ਆਪਣੀ ਲੜਾਈ ਜਾਰੀ ਰੱਖੀ। ਉਸ ਨੂੰ ਕਮੇਟੀ ਦੇ ਖਿਲਾਫ ਮੁਕੱਦਮਾ ਲੜਨਾ ਪਿਆ। ਇਟਲੀ ਦੀ ਅਦਾਲਤ ਵਿਚ ਉਸ ਦੇ ਵਕੀਲਾਂ ਨੇ ਕੇਸ ਲੜਿਆ ਅਤੇ ਅਮਰੀਕਾ ਦੇ ਡਾਕਟਰਾਂ ਨੇ ਉਸ ਦਾ ਪੱਖ ਲਿਆ। ਅੰਤ ਵਿਚ ਉਸ ਦੀ ਜਿੱਤ ਹੋਈ ਅਤੇ ਉਸ ਨੂੰ ਲੰਡਨ ਓਲੰਪਿਕਸ ਵਿਚ ਹਿੱਸਾ ਲੈਣ ਦੀ ਆਗਿਆ ਮਿਲ ਗਈ। ਉਹ ਦੁਨੀਆਂ ਦਾ ਦਸਵਾਂ ਐਥਲੀਟ ਬਣਿਆ ਜਿਸ ਨੇ ਅਪਾਹਜ ਹੁੰਦਿਆਂ ਵੀ ਓਲੰਪਿਕਸ ਵਿਚ ਹਿੱਸਾ ਲਿਆ।
ਆਸਕਰ ਲੰਡਨ ਓਲੰਪਿਕਸ ਵਿਚ ਦੌੜਿਆ ਪਰ ਕੋਈ ਤਮਗਾ ਨਾ ਜਿੱਤ ਸਕਿਆ। ਉਹ ਬਲੇਡ ਰਨਰ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਟੈਲੀਵਿਜ਼ਨ ਸ਼ੋਆਂ ਵਿਚ ਆਉਣ ਲੱਗਾ ਅਤੇ ਮਸ਼ਹੂਰੀਆਂ ਕਰਕੇ ਬਹੁਤ ਪੈਸੇ ਕਮਾਉਣ ਲੱਗਾ। ਉਸ ਨੇ ਅਮੀਰ ਇਲਾਕੇ ਵਿਚ ਮਹਿੰਗਾ ਘਰ ਖਰੀਦਿਆ ਅਤੇ ਵਧੀਆ ਕਾਰਾਂ ਰੱਖੀਆਂ। ਖੂਬਸੂਰਤ ਕੁੜੀਆਂ ਨਾਲ ਸਬੰਧ ਬਣਾਏ ਅਤੇ ਐਸ਼ ਦੀ ਜ਼ਿੰਦਗੀ ਜਿਉਣ ਲੱਗਾ। ਆਸਕਰ ਬਚਪਨ ਤੋਂ ਹੀ ਗੁੱਸੇਖੋਰ ਸੀ, ਜਿਸ ਕਰਕੇ ਜਵਾਨੀ ਵਿਚ ਉਸ ਨੂੰ ਕਈ ਵਾਰ ਕਾਨੂੰਨ ਦਾ ਸਾਹਮਣਾ ਕਰਨਾ ਪਿਆ। ਪਰ ਆਪਣੇ ਦੇਸ਼ ਦੇ ਲੋਕਾਂ ਦਾ ਉਹ ਨਾਇਕ ਸੀ। ਓਲੰਪਿਕਸ ਤੋਂ ਬਾਅਦ ਆਸਕਰ ਨੇ ਲੰਡਨ ਪੈਰਾਲਿੰਪਿਕਸ ਵਿਚ ਵੀ ਹਿੱਸਾ ਲਿਆ। ਹੁਣ ਤਕ ਉਹ ਪੈਰਾਲਿੰਪਿਕਸ ਖੇਡਾਂ ਵਿਚ ਛੇ ਸੋਨੇ ਦੇ, ਇੱਕ ਚਾਂਦੀ ਦਾ ਅਤੇ ਇੱਕ ਕਾਂਸੇ ਦਾ ਮੈਡਲ ਜਿੱਤ ਚੁਕਾ ਸੀ। ਭਾਵੇਂ ਉਸ ਦਾ ਅਸਲੀ ਕੱਦ 5 ਫੁੱਟ, 4 ਇੰਚ ਸੀ ਪਰ ਉਸ ਦੀ ਸ਼ੋਹਰਤ ਸਿਖਰ ‘ਤੇ ਸੀ। ਉਸ ਕੋਲ ਦੁਨੀਆਂ ਭਰ ਦੀ ਹਰ ਖੁਸ਼ੀ ਸੀ ਅਤੇ ਅਜੇ ਉਹ ਸਿਰਫ 26 ਸਾਲ ਦਾ ਸੀ।
ਆਸਕਰ ਦੇ ਕਈ ਖੂਬਸੂਰਤ ਕੁੜੀਆਂ ਨਾਲ ਸਬੰਧ ਰਹੇ ਸਨ ਪਰ ਲੰਡਨ ਓਲੰਪਿਕਸ ਤੋਂ ਬਾਅਦ ਉਸ ਨੂੰ ਰੇਵਾ ਸਟੈਨਕੈਂਪ ਨਾਂ ਦੀ ਮਾਡਲ ਕੁੜੀ ਨਾਲ ਪਿਆਰ ਹੋ ਗਿਆ। ਉਹ ਦੋਵੇਂ ਇੱਕ ਦੂਜੇ ਨੂੰ ਇੰਨਾ ਚਾਹੁੰਦੇ ਸਨ ਕਿ ਕਈ ਵਾਰ ਰੇਵਾ ਆਸਕਰ ਦੇ ਘਰ ਹੀ ਠਹਿਰ ਜਾਂਦੀ। ਰੇਵਾ ਬਹੁਤ ਖੂਬਸੂਰਤ ਸੀ ਅਤੇ ਆਸਕਰ ਉਸ ‘ਤੇ ਸ਼ੱਕ ਵੀ ਕਰਦਾ ਸੀ। ਕਈ ਵਾਰ ਦੋਹਾਂ ਦਾ ਤਕਰਾਰ ਵੀ ਹੋਇਆ, ਪਰ 14 ਫਰਵਰੀ 2013 ਨੂੰ ਉਨ੍ਹਾਂ ਦੀ ਜ਼ਿੰਦਗੀ ਵਿਚ ਭੁਚਾਲ ਆ ਗਿਆ। ਉਸ ਰਾਤ ਰੇਵਾ ਆਸਕਰ ਦੇ ਘਰ ਸੀ। ਅੱਧੀ ਰਾਤ ਤੋਂ ਬਾਅਦ ਆਸਕਰ ਨੇ ਗੋਲੀਆਂ ਮਾਰ ਕੇ ਆਪਣੀ ਪ੍ਰੇਮਿਕਾ ਰੇਵਾ ਨੂੰ ਮਾਰ ਦਿੱਤਾ। ਪੁਲਿਸ ਕੋਲ ਆਸਕਰ ਨੇ ਦੱਸਿਆ ਕਿ ਉਹ ਅਤੇ ਰੇਵਾ ਸੁੱਤੇ ਪਏ ਸਨ, ਕੋਈ ਲੁਟੇਰਾ ਉਨ੍ਹਾਂ ਦੇ ਬਾਥਰੂਮ ਦੀ ਖਿੜਕੀ ਰਾਹੀਂ ਅੰਦਰ ਦਾਖਲ ਹੋਇਆ ਤਾਂ ਉਸ ਨੇ ਗੋਲੀਆਂ ਮਾਰ ਦਿੱਤੀਆਂ, ਪਰ ਬਾਥਰੂਮ ਵਿਚ ਰੇਵਾ ਸੀ। ਇਹ ਉਸ ਕੋਲੋਂ ਭੁਲੇਖੇ ਨਾਲ ਹੋਇਆ। ਜਦੋਂ ਇਹ ਕੇਸ ਅਦਾਲਤ ਵਿਚ ਗਿਆ ਤਾਂ ਆਸਕਰ ਦੀ ਭੁਲੇਖੇ ਵਾਲੀ ਗੱਲ ਨੂੰ ਮੰਨ ਕੇ ਉਸ ਨੂੰ ਸਿਰਫ ਪੰਜ ਸਾਲ ਦੀ ਸਜ਼ਾ ਦਿੱਤੀ ਗਈ। ਪਰ ਸੁਪਰੀਮ ਕੋਰਟ ਨੇ ਉਸ ਨੂੰ ਕਾਤਲ ਕਰਾਰ ਦੇ ਕੇ 13 ਸਾਲ ਦੀ ਸਜ਼ਾ ਸੁਣਾਈ। ਹੁਣ ਆਸਕਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜ਼ਿੰਦਗੀ ਕੱਟ ਰਿਹਾ ਹੈ ਅਤੇ 2023 ਵਿਚ ਬਾਹਰ ਆ ਕੇ ਆਜ਼ਾਦ ਹਵਾ ਵਿਚ ਸਾਹ ਲੈ ਸਕੇਗਾ।