‘ਬਣਜਾਰਾ’ ਫਿਲਮ ਨਾਲ ਬੱਬੂ ਮਾਨ ਦੀ ਪੰਜਾਬੀ ਪਰਦੇ ‘ਤੇ ਵਾਪਸੀ

ਬੱਬੂ ਮਾਨ ਪੰਜਾਬੀ ਸੰਗੀਤ ਖੇਤਰ ਦੀ ਇੱਕ ਵੱਡੀ ਸ਼ਖਸੀਅਤ ਦਾ ਨਾਂ ਹੈ, ਜਿਸ ਨੇ ਦੇਸ਼-ਵਿਦੇਸ਼ ਵਿਚ ਆਪਣਾ ਇੱਕ ਵੱਡਾ ਸਰੋਤਾ ਤੇ ਪ੍ਰਸ਼ੰਸਕ ਵਰਗ ਪੈਦਾ ਕੀਤਾ ਹੈ। ਗਾਇਕੀ ਤੋਂ ਫਿਲਮਾਂ ਵੱਲ ਤਾਂ ਬੱਬੂ ਮਾਨ ਬਹੁਤ ਪਹਿਲਾਂ ਹੀ ਆ ਗਿਆ ਸੀ ਪਰ ਉਹ ਮੌਜੂਦਾ ਦੌਰ ਦੇ ਸਿਨਮੇ ਵਾਂਗ ਕਿਸੇ ਭੇਡ ਚਾਲ ਦਾ ਹਿੱਸਾ ਨਹੀਂ ਸੀ ਬਣਿਆ ਸਗੋਂ ਸਮਾਜਕ ਕੁਰੀਤੀਆਂ ਨਾਲ ਦੋ ਹੱਥ ਹੁੰਦੇ ਵਿਸ਼ੇ ਨਾਲ ਲੈ ਕੇ ਤੁਰਿਆ। ਜਿੱਤ-ਹਾਰ ਦੀ ਉਸ ਨੇ ਕਦੇ ਪ੍ਰਵਾਹ ਨਹੀਂ ਕੀਤੀ, ਬੱਸ ਆਪਣੇ ਕੰਮ ‘ਤੇ ਵਿਸ਼ਵਾਸ ਰੱਖਿਆ।

ਬੱਬੂ ਮਾਨ ਨੇ ਧੜਾਧੜ ਫਿਲਮਾਂ ਵੀ ਨਹੀਂ ਬਣਾਈਆਂ। ਫਿਲਮ ‘ਹਸ਼ਰ’ ਨਾਲ ਪੰਜਾਬੀ ਫਿਲਮ ਇੰਡਸਟਰੀ ਵਿਚ ਆਪਣਾ ਇੱਕ ਵੱਖਰਾ ਦਰਸ਼ਕ ਵਰਗ ਪੈਦਾ ਕਰਨ ਵਾਲੇ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਕਈ ਯਾਦਗਾਰੀ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਹਨ। ਬੱਬੂ ਮਾਨ ਘੱਟ ਪਰ ਚੰਗੀਆਂ ਫਿਲਮਾਂ ਕਰਕੇ ਵੱਧ ਜਾਣਿਆ ਜਾਂਦਾ ਹੈ।
ਟਰੱਕ ਡਰਾਇਵਰਾਂ ਦੀ ਜ਼ਿੰਦਗੀ ‘ਤੇ ਆਧਾਰਤ ਗੀਤ ਤਾਂ ਬਹੁਤ ਸੁਣੇ ਹਨ ਪਰ ਫਿਲਮਾਂ ਬਹੁਤ ਘੱਟ ਬਣੀਆਂ ਹਨ। ਬੱਬੂ ਮਾਨ ਦਾ ਡਰਾਇਵਰਾਂ ਬਾਰੇ ਇੱਕ ਗੀਤ ‘ਟਰਾਲਾ’ ਬੀਤੇ ਸਮਿਆਂ ਵਿਚ ਬਹੁਤ ਚਰਚਿਤ ਹੋਇਆ। ਉਸ ਦੇ ਸਰੋਤਿਆਂ/ਦਰਸ਼ਕਾਂ ਨੇ ਬੱਬੂ ਮਾਨ ਦੇ ਹਰੇਕ ਗੀਤ ਵਾਂਗ ਇਸ ਗੀਤ ਨੂੰ ਵੀ ਬਹੁਤ ਪਿਆਰ ਦਿੱਤਾ। ਬੱਬੂ ਮਾਨ ਦੀ ਆ ਰਹੀ ਨਵੀਂ ਫਿਲਮ ਦੀ ਗੱਲ ਕਰੀਏ ਤਾਂ ਇਹ ਵੀ ਟਰੱਕ ਡਰਾਇਵਰ ਦੀ ਜ਼ਿੰਦਗੀ ‘ਤੇ ਆਧਾਰਤ ਹੈ, ਜਿਸ ਵਿਚ ਉਸ ਨੇ ਤਿੰਨ ਪੀੜ੍ਹੀਆਂ ਦੇ ਕਿਰਦਾਰ ਨੂੰ ਬਾਖੂਬੀ ਨਿਭਾਇਆ ਹੈ। ਹਰ ਕਿਰਦਾਰ ਵਿਚ ਦਰਸ਼ਕਾਂ ਨੂੰ ਇੱਕ ਨਵਾਂ ਬੱਬੂ ਮਾਨ ਨਜ਼ਰ ਆਵੇਗਾ। ਉਸ ਦਾ ਪਹਿਰਾਵਾ, ਬੋਲੀ ਤੇ ਅੰਦਾਜ਼ ਦਰਸ਼ਕਾਂ ਨੂੰ ਪ੍ਰਭਾਵਤ ਕਰਨਗੇ।
ਬੱਬੂ ਮਾਨ ਨੇ ਦੱਸਿਆ ਕਿ ਇਹ ਫਿਲਮ ਉਸ ਦੀਆਂ ਪਹਿਲੀਆਂ ਫਿਲਮਾਂ ਤੋਂ ਬਹੁਤ ਹਟ ਕੇ ਇੱਕ ਨਵੇਂ ਫਲੇਵਰ ਦੀ ਹੈ। ਦੇਸ਼ ਦੀ ਵੰਡ ਸਮੇਂ ਦੇ ਹਾਲਾਤ ਨਾਲ ਜੁੜੀ ਇਹ ਕਹਾਣੀ ਪੀੜ੍ਹੀ ਦਰ ਪੀੜ੍ਹੀ ਵਿਦੇਸਾਂ ਵਿਚ ਟਰੱਕ ਡਰਾਇਵਰੀ ਤੱਕ ਦੇ ਵੱਖ ਵੱਖ ਪਹਿਲੂਆਂ ਬਾਰੇ ਵੀ ਚਾਨਣਾ ਪਾਵੇਗੀ।
ਓਹਰੀ ਪ੍ਰੋਡਕਸ਼ਨ ਤੇ ਮਾਨ ਫਿਲਮਜ਼ ਦੀ ਪੇਸ਼ਕਸ਼ ਇਸ ਫਿਲਮ ਦੀ ਕਹਾਣੀ ਮੌਜੂਦਾ ਦੌਰ ਵਿਚ ਬਣ ਰਹੀ ਆਮ ਫਿਲਮਾਂ ਤੋਂ ਬਹੁਤ ਹਟ ਕੇ ਹੈ। ਨਿਰਦੇਸ਼ਕ ਮੁਸ਼ਤਾਕ ਪਾਸ਼ਾ ਦੇ ਨਿਰਦੇਸ਼ਨ ਵਿਚ ਬਣੀ ਇਸ ਫਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਧੀਰਜ ਰਤਨ ਨੇ ਲਿਖੇ ਹਨ ਤੇ ਡਾਇਲਾਗ ਲੇਖਕ ਸੁਰਮੀਤ ਮਾਵੀ ਨੇ। ਫਿਲਮ ਦੇ ਨਿਰਮਾਤਾ ਰਾਣਾ ਆਹਲੂਵਾਲੀਆ (ਕੈਨੇਡਾ), ਬਾਬੂ ਸਿੰਘ ਮਾਨ ਤੇ ਹਰਜੀਤ ਮੰਡੇਰ ਹਨ।
ਫਿਲਮ ਦਾ ਨਿਰਦੇਸ਼ਨ ਮੁਸ਼ਤਾਕ ਪਾਸ਼ਾ ਨੇ ਦਿੱਤਾ ਹੈ। ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਮਲੇਰਕੋਟਲਾ ਦਾ ਜੰਮਪਲ ਮੁਸ਼ਤਾਕ ਪਿਛਲੇ ਕਈ ਸਾਲਾਂ ਤੋਂ ਮੁੰਬਈ ਫਿਲਮ ਨਗਰੀ ਵਿਚ ਸਰਗਰਮ ਹੈ, ਜਿੱਥੇ ਉਸ ਨੇ ਕਈ ਵੱਡੇ ਫਿਲਮਕਾਰਾਂ ਨਾਲ ਕੰਮ ਕੀਤਾ ਹੈ। ਇਸ ਫਿਲਮ ਬਾਰੇ ਨਿਰਦੇਸ਼ਕ ਪਾਸ਼ਾ ਨੇ ਦੱਸਿਆ ਕਿ ਦਰਸ਼ਕ ਇਸ ਫਿਲਮ ਵਿਚ ਬੱਬੂ ਮਾਨ ਨੂੰ ਬਾਲੀਵੁੱਡ ਦੀਆਂ ਤਿੰਨ ਹੀਰੋਇਨਾਂ ਨਾਲ ਵੱਖ ਵੱਖ ਸਮੇਂ ਦੀਆਂ ਭੂਮਿਕਾਵਾਂ ਵਿਚ ਵੇਖਣਗੇ। ਇਸ ਤਰ੍ਹਾਂ ਉਸ ਦੀ ਅਦਾਕਾਰੀ ਦੇ ਕਈ ਰੰਗ ਨਜ਼ਰ ਆਉਣਗੇ। ਇਹ ਫਿਲਮ ਰੁਮਾਂਸ, ਐਕਸ਼ਨ ਅਤੇ ਕਾਮੇਡੀ ਦਾ ਸੁਮੇਲ ਹੈ, ਜੋ ਦਰਸ਼ਕਾਂ ਦਾ ਹਰ ਪੱਖੋਂ ਮਨੋਰੰਜਨ ਕਰੇਗੀ।
ਫਿਲਮ ਵਿਚ ਬੱਬੂ ਮਾਨ, ਸ਼ਰਧਾ ਆਰਿਆ, ਜੀਆ ਮੁਸਤਫਾ, ਸ਼ਾਰਾ ਖੱਤਰੀ, ਫਿਦਾ, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ, ਪਿੰਕੀ ਸੱਗੂ, ਪ੍ਰਕਾਸ਼ ਗਾਧੂ ਤੇ ਰਾਣਾ ਰਣਬੀਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਅਮਰੇਕਿਲ ਸਿਸਟਮਜ਼, ਰਾਣਾ ਆਹਲੂਵਾਲੀਆ ਪ੍ਰੋਡਕਸ਼ਨ ਤੇ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਓਹਰੀ ਪ੍ਰੋਡਕਸ਼ਨ ਵਲੋਂ ਫਿਲਮ 7 ਦਸੰਬਰ ਨੂੰ ਦੁਨੀਆਂ ਭਰ ‘ਚ ਰਿਲੀਜ਼ ਕੀਤੀ ਜਾ ਰਹੀ ਹੈ।
-ਸੁਰਜੀਤ ਜੱਸਲ