ਪ੍ਰਿੰ. ਸਿੱਧੂ ਦਾ ਲੇਖ ‘ਮਨ ਹਰਾਮੀ ਹੁੱਜਤਾਂ ਢੇਰ’

ਮਾਨਯੋਗ ਸੰਪਾਦਕ ਜੀਓ,
ਪੰਜਾਬ ਟਾਈਮਜ਼ ਦੇ 8 ਸਤੰਬਰ ਦੇ ਪਰਚੇ ਵਿਚ ਛਪਿਆ ਪ੍ਰਿੰਸੀਪਲ ਬ੍ਰਿਜਿੰਦਰ ਸਿੰਘ ਸਿੱਧੂ ਦਾ ਲੇਖ ‘ਮਨ ਹਰਾਮੀ ਹੁੱਜਤਾਂ ਢੇਰ’ ਪੜ੍ਹ ਕੇ ਬਹੁਤ ਖੁਸ਼ੀ ਹੋਈ। ਲੇਖਕ ਨੇ ਬਹੁਤ ਚੰਗਾ ਵਿਸ਼ਾ ਚੁਣ ਕੇ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਦਾ ਮੰਤਵ ਪਾਠਕਾਂ, ਖਾਸ ਕਰਕੇ ਉਹ ਜੋ ਪੱਛਮੀ ਮਾਹੌਲ ਵਿਚ ਵਿਚਰ ਰਹੇ ਹਨ, ਨੂੰ ਕੁਝ ਨਵੀਂ ਸੇਧ ਦੇਣ ਦਾ ਲਗਦਾ ਹੈ। ਉਨ੍ਹਾਂ ਅਨੁਸਾਰ ਜਦੋਂ ਸਾਨੂੰ ਕੰਮ ਕਰਨਾ ਚਾਹੀਦਾ ਹੈ, ਅਸੀਂ ਕਈ ਬਹਾਨੇ ਲਾ ਕੇ ਟਾਲ ਮਟੋਲ ਕਰਦੇ ਰਹਿੰਦੇ ਹਾਂ।

ਇਹ ਭਾਰਤੀ ਮਾਹੌਲ ‘ਚ ਪੈਦਾ ਹੋਈ ਨਾਂਹਪੱਖੀ ਆਦਤ ਹੈ, ਜੋ ਅਜੋਕੇ ਯੁਗ ਵਿਚ ਨਹੀਂ ਚਲਦੀ। ਕੋਈ ਛੁੱਟੀ ਆ ਜਾਵੇ, ਅਸੀਂ ਚਾਅ ਦੇ ਬਹਾਨੇ ਕੰਮ ਛੱਡ ਦਿੰਦੇ ਹਾਂ। ਕੋਈ ਛਿੱਕ ਆ ਜਾਵੇ ਤਾਂ ਕੰਮ ‘ਤੇ ਜਾਣਾ ਛੱਡ ਦਿੰਦੇ ਹਾਂ। ਕਿਸੇ ਨੂੰ ਫੋਨ ਕਰਨਾ ਹੋਵੇ ਤਾਂ ਢਿੱਲ ਮਠ ਕਰੀ ਜਾਂਦੇ ਹਾਂ ਕਿ ਛੱਡੋ ਪੰਜ ਵਜੇ ਹਨ, ਅਗਲਾ ਡਰਾਈਵ ਕਰ ਰਿਹਾ ਹੋਵੇਗਾ ਜਾਂ ਨੌਂ ਵਜੇ ਹਨ, ਸੌਂ ਗਿਆ ਹੋਵੇਗਾ। ਕਈ ਸੋਚਦੇ ਹਨ ਕਿ ਅੱਜ ਮੰਗਲਵਾਰ ਹੈ, ਕਾਲ ਕੀਤਿਆਂ ਕਿਤੇ ਅਗਲਾ ਲੜ ਹੀ ਨਾ ਪਵੇ। ਚਲਦੇ ਕੰਮ ਨੂੰ ਬਹਾਨੇ ਲਾ ਕੇ ਰੋਕਣ ਦੀ ਇਹ ਨਖੱਟੂ ਆਦਤ ਹੈ। ਇਸ ਵਲ ਸਭ ਦਾ ਧਿਆਨ ਜਾਣਾ ਚਾਹੀਦਾ ਹੈ ਤਾਂ ਜੋ ਇਸ ‘ਤੇ ਸਰਗਰਮੀ ਨਾਲ ਕਾਬੂ ਪਾਇਆ ਜਾਵੇ।
ਪ੍ਰਿੰਸੀਪਲ ਸਿੱਧੂ ਨੇ ਜੋ ਮਿਸਾਲਾਂ ਦਿੱਤੀਆਂ ਹਨ, ਉਹ ਸਭ ਵਾਜਬ ਤੇ ਦਿਲਚਸਪ ਹਨ। ਕਿੱਸੇ ਹੋਰ ਵੀ ਬਹੁਤ ਹਨ। ਦਰਅਸਲ ਜੀਵਨ ਦੇ ਕੋਨੇ ਕੋਨੇ ਵਿਚ ਅਸੀਂ ਆਪਣੇ ਵਿਚਾਰਾਂ ਤੇ ਆਦਤਾਂ ਦੇ ਭਾਰ ਕਾਰਨ ਖੜੋਤ ਦੀ ਜਕੜ ਵਿਚ ਆ ਜਾਂਦੇ ਹਾਂ ਤੇ ਬਹਾਨੇਬਾਜੀਆਂ ਕਰ ਕੇ ਰੂੜੀਵਾਦ ਨਾਲ ਜੁੜੇ ਰਹਿੰਦੇ ਹਾਂ। ਨੌਜਵਾਨ ਕਾਲਜ ਇਸ ਲਈ ਨਹੀਂ ਜਾਂਦੇ ਕਿ ਉਨ੍ਹਾਂ ਕੋਲ ਮੋਟਰ-ਸਾਈਕਲ ਨਹੀਂ ਹੈ, ਖੇਤੀ ਇਸ ਲਈ ਨਹੀਂ ਕਰਦੇ ਕਿ ਟਰੈਕਟਰ ਨਹੀਂ ਹੈ ਤੇ ਮਜ਼ਦੂਰੀ ਇਸ ਲਈ ਨਹੀਂ ਸਵੀਕਾਰਦੇ ਕਿ ਇਹ ਘਟੀਆ ਕੰਮ ਹੈ।
ਕਿਸੇ ਪੰਜਾਬੀ ਨੌਜਵਾਨ ਨੂੰ ਪੁੱਛੋ, ਕੰਮ ਕਿਉਂ ਨਹੀਂ ਕਰਦਾ? ਜਵਾਬ ਹੁੰਦਾ ਹੈ, ਇੱਥੇ ਸਹੂਲਤਾਂ ਨਹੀਂ ਹਨ। ਖੈਰ! ਉਹ ਸਹੂਲਤਾਂ ਤਾਂ ਅਮਰੀਕਾ ਕੋਲ ਵੀ ਨਹੀਂ ਹਨ ਜੋ ਅੱਜ ਤੋਂ ਸੌ ਸਾਲ ਬਾਅਦ ਆਉਣੀਆਂ ਹਨ। ਤਾਂ ਕੀ ਅਮਰੀਕੀ ਲੋਕ ਉਨ੍ਹਾਂ ਦੀ ਉਡੀਕ ਵਿਚ ਸੌ ਸਾਲ ਕੰਮ ਨਹੀਂ ਕਰਨਗੇ? ਅੱਜ ਸੰਸਾਰ ਵਿਚ ਜੋ ਦਕੀਆਨੂਸ ਵਿਚਾਰਧਾਰਾਵਾਂ ਫੈਲੀਆਂ ਹੋਈਆਂ ਹਨ ਤੇ ਵਿਗਿਆਨਕ ਰੁਚੀ ਦੀ ਪਿਛਾੜੀ ਆ ਰਹੀ ਹੈ, ਇਹ ਸਾਡੀ ਸਥਿਰ ਹੋਈ ਮਾਨਸਿਕਤਾ ਦਾ ਫਲ ਹੈ।
ਮੇਰੇ ਕੋਲ ਕਈ ਨੌਜਵਾਨ ਅਕਸਰ ਸ਼ਰਾਬ ਛੱਡਣ ਲਈ ਆਉਂਦੇ ਹਨ ਤੇ ਕਈਆਂ ਦੀਆਂ ਪਤਨੀਆਂ ਉਨ੍ਹਾਂ ਨੂੰ ਮਜ਼ਬੂਰਨ ਲੈ ਕੇ ਆਉਂਦੀਆਂ ਹਨ। ਜੇ ਕਿਸੇ ਨੂੰ ਪੁੱਛੋ ਕੀ ਸਮੱਸਿਆ ਹੈ ਜੋ ਤੂੰ ਦਾਰੂ ਪੀਂਦਾ ਹੈ, ਕਹੇਗਾ, “ਮੈਂ ਕਿਹੜਾ ਰੋਜ ਪੀਂਦਾ ਆਂ, ਕਦੇ ਕਦੇ ਮਿੱਤਰਾਂ ਦੋਸਤਾਂ ਨਾਲ ਜਾਂ ਵਿਆਹ ਸ਼ਾਦੀ ‘ਤੇ ਪੀ ਲੈਂਦਾ ਆਂ।” ਕੋਈ ਕਹਿੰਦਾ ਹੈ, ਉਹ ਸਾਰਾ ਦਿਨ ਕੰਮ ਕਰਕੇ ਥਕਾਵਟ ਉਤਾਰਨ ਲਈ ਪੀਂਦਾ ਹੈ ਤੇ ਕੋਈ ਪੀ ਕੇ ਚੰਗੀ ਨੀਂਦ ਆਉਣ ਦੀ ਗੱਲ ਦੱਸਦਾ ਹੈ। ਕੋਈ ਸਿਹਤ ਲਈ ਦਵਾਈ ਦੇ ਤੌਰ ‘ਤੇ ਅਤੇ ਕੋਈ ਟੈਨਸ਼ਨ ਦੂਰ ਕਰਨ ਲਈ। ਜਿੰਨੇ ਨੌਜਵਾਨ, ਉਨੇ ਬਹਾਨੇ। ਕੋਈ ਨਹੀਂ ਮੰਨਦਾ ਕਿ ਉਹ ਨਸ਼ੇੜੀ ਹੈ ਤੇ ਕੋਈ ਨਹੀਂ ਕਹਿੰਦਾ ਕਿ ਸ਼ਰਾਬ ਨੁਕਸਾਨਦਾਇਕ ਹੈ। ਦਵਾਈ ਦੇ ਕੇ ਛਡਾਓ ਤਾਂ ਹੋਰ ਗੱਲ ਹੈ ਪਰ ਆਪਣੇ ਆਪ ਛੱਡਣ ਲਈ ਕੋਈ ਰਾਜ਼ੀ ਨਹੀਂ ਹੁੰਦਾ। ਜੇ ਕੋਈ ਹੁੰਦਾ ਵੀ ਹੈ, ਉਹ ਕਹਿੰਦਾ ਹੈ ਕਿ ਅਗਲੇ ਸਾਲ ਛੱਡਾਂਗਾ। ਜਲਦ ਤੋਂ ਜਲਦ ਛੱਡਣ ਵਾਲਾ ਵੀ ਹਥਲਾ ਪੈਗ ਖਤਮ ਕਰ ਕੇ ਹੀ ਛੱਡਣ ਦੀ ਗੱਲ ਕਰਦਾ ਹੈ। ਇਹ ਤਾਂ ਹੋਮਿਓਪੈਥੀ ਦੇ ਸਦਕੇ ਜਾਈਏ ਜੋ ਉਨ੍ਹਾਂ ਦੇ ਮਨ ‘ਚੋਂ ਨਸ਼ੇ ਦਾ ਭੂਤ ਕੱਢਦੀ ਹੈ। ਪਰ ਉਹ ਤਾਂ ‘ਮਨ ਹਰਾਮੀ ਹੁੱਜਤਾਂ ਢੇਰ’ ਵਾਲੇ ਮੁਹਾਵਰੇ ਨੂੰ ਸੱਚ ਸਿੱਧ ਕਰਨ ਵਿਚ ਕੋਈ ਕਸਰ ਨਹੀਂ ਰਹਿਣ ਦਿੰਦੇ।
ਪ੍ਰਿੰਸੀਪਲ ਸਿੱਧੂ ਦਾ ਇਹ ਸਿਖਿਆਦਾਇਕ ਲੇਖ ਅੱਧ ਤੀਕ ਤਾਂ ਠੀਕ ਚਲਦਾ ਹੈ ਪਰ ਬਾਅਦ ਵਿਚ ਇਸ ਦੀ ਬੌਧਿਕ ਪਕੜ ਢਿੱਲੀ ਹੋ ਜਾਂਦੀ ਹੈ। ਖਾਸ ਕਰ ਕੇ ਗੁਰੂ ਗ੍ਰੰਥ ਸਾਹਿਬ ਵਿਚੋਂ ਦਿੱਤੀਆਂ ਟੂਕਾਂ ਤੇ ਕਵੀ ਨੰਦ ਲਾਲ ਨੂਰਪੁਰੀ ਦੀ ਕਵਿਤਾ ‘ਚੋਂ ਪੇਸ਼ ਕੀਤੇ ਬੰਦ ਦਾ ਲੇਖ ਵਿਚ ਮਹੱਤਵ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਇਆ। ਰਾਜਨੀਤਕ ਨੇਤਾਵਾਂ ਦੇ ਵਾਅਦੇ ਨਾ ਪੂਰੇ ਹੋਣ ਵਿਚ ਵਰਤੀ ਗਈ ਬਹਾਨੇਬਾਜੀ ਵੀ ਜੇ ਹੋਰ ਉਘਾੜ ਕੇ ਪੇਸ਼ ਕੀਤੀ ਜਾਂਦੀ ਤਾਂ ਚੰਗਾ ਸੀ। ਪਰ ਲਗਦਾ ਹੈ ਕਿ ਜਾਂ ਪ੍ਰਿੰਸੀਪਲ ਸਿੱਧੂ ਆਪ ਕਾਹਲੀ ਨਾਲ ਚਲੇ ਹਨ ਤੇ ਜਾਂ ਸੰਪਾਦਕ ਦੀ ਕੈਂਚੀ ਚਲ ਗਈ ਹੈ।
-ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310