ਨਿੰਦਿਆ ਨੂੰ ਨਮਸਕਾਰ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮਨੁੱਖੀ ਰਿਸ਼ਤਿਆਂ ਦੀ ਗੱਲ ਕੀਤੀ ਸੀ ਕਿ ਇਹ ਰਿਸ਼ਤੇ ਦੋ ਤਰ੍ਹਾਂ ਦੇ ਹਨ, ਇਕ ਨਿਰੀ ਜਾਣ-ਪਛਾਣ ਜਾਂ ਸੰਪਰਕ ਅਤੇ ਦੂਜੇ ਸਬੰਧਾਂ ਦੇ।

ਉਹ ਕਹਿੰਦੇ ਹਨ, “ਸਬੰਧ ਹੋਣ ਤਾਂ ਗਲਵੱਕੜੀ ‘ਚੋਂ ਵਿਸਮਾਦ ਪੈਦਾ ਹੁੰਦਾ ਅਤੇ ਸਕੂਨ ਤੇ ਅਪਣੱਤ ਦੀ ਮਹਿਕ ਫੈਲਦੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਮਨੁੱਖੀ ਸੁਭਾਅ ‘ਚ ਨਿੰਦਿਆ ਦੇ ਗੁਣ/ਔਗੁਣ ਦਾ ਵਿਸਥਾਰ ਵਿਚ ਚਿੰਤਨ ਕੀਤਾ ਹੈ। ਉਹ ਕਹਿੰਦੇ ਹਨ, ਨਿੰਦਿਆ ਜੇ ਉਸਾਰੂ ਹੋਵੇ ਅਤੇ ਨਿੰਦਿਆ ਸਹਿਣ ਵਾਲਾ ਇਸ ਨੂੰ ਉਸਾਰੂ ਰੂਪ ਵਿਚ ਲਵੇ ਤਾਂ ਇਹ ਬਹੁਤ ਲਾਹੇਵੰਦ ਹੁੰਦੀ ਹੈ। ਉਹ ਕਹਿੰਦੇ ਹਨ, “ਨਿੰਦਿਆ ਕੌੜੀ, ਕੁਸੈਲੀ ਤੇ ਤਿੱਖੀ ਵੀ ਹੁੰਦੀ। ਕਈ ਵਾਰ ਰੂਹ ਨੂੰ ਜਖਮੀ ਵੀ ਕਰਦੀ, ਪਰ ਬਹੁਤੀ ਵਾਰ ਇਹੀ ਨਿੰਦਿਆ ਮਨੁੱਖ ਨੂੰ ਤਰਾਸ਼ਦੀ, ਉਸ ਦੇ ਮਨ ਵਿਚੋਂ ਕੂੜ-ਕੁਸੱਤ ਦਾ ਮੁਲੰਮਾ ਉਤਾਰਦੀ, ਸੋਚ ਨੂੰ ਸੇਧ ਅਤੇ ਸਮਰਪਣ ਵੱਲ ਉਲਾਰਦੀ।” ਉਹ ਦੱਸਦੇ ਹਨ ਕਿ ਨਿੰਦਿਆ ਅਤੇ ਚੁਗਲੀ ਵਿਭਿੰਨ। ਚੁਗਲੀ ਹਮੇਸ਼ਾ ਨਾਕਾਰਾਤਮਕ ਹੁੰਦੀ ਜਦ ਕਿ ਨਿੰਦਿਆ ਸਾਕਾਰਾਤਮਕ ਅਤੇ ਨਾਕਾਰਾਤਮਕ ਹੁੰਦੀ। ਉਹ ਭਗਤ ਕਬੀਰ ਦੇ ਫੁਰਮਾਨ ਦਾ ਹਵਾਲਾ ਦਿੰਦੇ ਹਨ, “ਨਿੰਦੋ ਨਿੰਦੋ ਮੋ ਕੋ ਲੋਗ ਨਿੰਦੋ…॥” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਨਿੰਦਿਆ, ਕਿਸੇ ਦੀਆਂ ਊਣਤਾਈਆਂ ‘ਤੇ ਉਂਗਲ, ਕਮੀਨਗੀਆਂ ਦਾ ਜੱਗ-ਜਾਹਰ, ਜਾਂ ਕਿਸੇ ਦੀਆਂ ਕੁਤਾਹੀਆਂ ਦਾ ਕੱਚਾ-ਚਿੱਠਾ ਫਰੋਲਣਾ।
ਨਿੰਦਿਆ, ਕਿਸੇ ਦੀਆਂ ਖਾਮੀਆਂ ਨੂੰ ਚਿਤਾਰਨਾ ਅਤੇ ਇਸ ‘ਚੋਂ ਖੁਦ ਦੀ ਖੁਦੀ ਨੂੰ ਉਭਾਰਨਾ। ਮਨੁੱਖ ਦੀ ਕੇਹੀ ਫਿਤਰਤ ਹੈ ਕਿ ਉਹ ਕਿਸੇ ਨੂੰ ਨੀਵਾਂ ਦਿਖਾ ਕੇ ਖੁਦ ਉਪਰ ਉਠਣ ਦੀ ਤਵੱਕੋ ਮਨ ਵਿਚ ਪਾਲਦਾ-ਪਾਲਦਾ ਆਪਣੀਆਂ ਨਜ਼ਰਾਂ ਵਿਚ ਹੀ ਡਿੱਗ ਪੈਂਦਾ।
ਨਿੰਦਿਆ, ਕਿਸੇ ਦੀ ਕਿਰਤ, ਕਲਾ, ਕਾਰਾਗਰੀ ਅਤੇ ਕਾਰਗੁਜ਼ਾਰੀ ਨੂੰ ਅਸਾਵੀਂ ਨਜ਼ਰ ਨਾਲ ਤੱਕਣਾ ਅਤੇ ਪਾਸਕੂੰ ਨਾਲ ਤੋਲ ਕੇ ਤ੍ਰਿਸਕਾਰਨਾ।
ਨਿੰਦਿਆ, ਲਿਆਕਤ, ਸੁਹੱਪਣ, ਯੋਗਤਾ, ਰੁਤਬਾ ਅਤੇ ਸ਼ਖਸੀਅਤ ਦੇ ਵੱਖ-ਵੱਖ ਪਹਿਲੂਆਂ ਨੂੰ ਨਿੱਜੀ ਕੋਣਾਂ ਤੋਂ ਮਾਪ ਕੇ ਆਪਣੇ ਮਾਪਦੰਡਾਂ ਰਾਹੀਂ ਘਟੀਆਪਣ ਨੂੰ ਹੀ ਸਾਹਮਣੇ ਲਿਆਉਣਾ ਜਦ ਕਿ ਚੰਗਿਆਈ ਨੂੰ ਨਜ਼ਰ-ਅੰਦਾਜ਼ ਕਰਨਾ।
ਨਿੰਦਿਆ, ਹਾਂ-ਪੱਖੀ ਵੀ ਅਤੇ ਨਾਂਹ-ਪੱਖੀ ਵੀ। ਇਹ ਮਨੁੱਖ ‘ਤੇ ਨਿਰਭਰ ਕਰਦਾ ਕਿ ਉਸ ਨੇ ਉਸਾਰੂ ਨਿੰਦਿਆ ਨੂੰ ਆਪਣੀ ਜੀਵਨ-ਜਾਚ ਬਣਾਉਣਾ ਜਾਂ ਆਪਣੀ ਨਾਂਹ-ਵਾਚਕ ਧਾਰਨਾ ਨਾਲ ਕਿਸੇ ਦੀ ਸ਼ਖਸੀਅਤ ਦੀ ਖਿੱਲੀ ਉਡਾਉਣਾ।
ਨਿੰਦਿਆ, ਮਨੁੱਖ ਨੂੰ ਨਿਖਾਰ ਵੀ ਸਕਦੀ ਅਤੇ ਵਿਗਾੜ ਵੀ। ਤਰਜ਼ੀਹਾਂ ਤੇ ਤਮੰਨਾਵਾਂ ਨੂੰ ਉਸਾਰੂ ਸੇਧ ਵੀ ਜਾਂ ਪੈਰਾਂ ਵਿਚ ਬੇਲੋੜੀ ਭਟਕਣ ਵੀ। ਇਹ ਤਾਂ ਮਨੁੱਖੀ ਸੋਚ ‘ਤੇ ਨਿਰਭਰ ਕਰਦਾ ਕਿ ਉਸ ਨੇ ਨਿੰਦਿਆ ਨੂੰ ਕਿਸ ਸੰਦਰਭ ਵਿਚ ਲੈਣਾ? ਕਿਹੜੇ ਸਰੋਕਾਰਾਂ ਅਤੇ ਸੁਪਨਿਆਂ ਨੂੰ ਦੀਦਿਆਂ ਵਿਚ ਪਰੋਣਾ? ਜਾਂ ਸੁਪਨਿਆਂ ਦੀ ਕਬਰ ‘ਤੇ ਬਹਿ ਕੇ ਰੋਣਾ?
ਨਿੰਦਿਆ ਕੌੜੀ, ਕੁਸੈਲੀ ਤੇ ਤਿੱਖੀ ਵੀ ਹੁੰਦੀ। ਕਈ ਵਾਰ ਰੂਹ ਨੂੰ ਜਖਮੀ ਵੀ ਕਰਦੀ, ਪਰ ਬਹੁਤੀ ਵਾਰ ਇਹੀ ਨਿੰਦਿਆ ਮਨੁੱਖ ਨੂੰ ਤਰਾਸ਼ਦੀ, ਉਸ ਦੇ ਮਨ ਵਿਚੋਂ ਕੂੜ-ਕੁਸੱਤ ਦਾ ਮੁਲੰਮਾ ਉਤਾਰਦੀ, ਸੋਚ ਨੂੰ ਸੇਧ ਅਤੇ ਸਮਰਪਣ ਵੱਲ ਉਲਾਰਦੀ।
ਨਿੰਦਿਆ, ਜ਼ਿੰਦਗੀ ਵਿਚ ਅਹਿਮ। ਨਿੰਦਾ ਕਰਨ ਵਾਲੇ ਲੋਕ, ਸਮਾਜ ਦਾ ਅਨਿੱਖੜਵਾਂ ਹਿੱਸਾ। ਉਨ੍ਹਾਂ ਤੋਂ ਬਗੈਰ ਕੌਣ ਸਾਡੀਆਂ ਕਮੀਆਂ, ਕੁਤਾਹੀਆਂ, ਕੁਰੀਤੀਆਂ ਅਤੇ ਕੋਹਝਾਂ ਦੀ ਨਿਸ਼ਾਨਦੇਹੀ ਕਰੇਗਾ? ਕੌਣ ਸੁਚੇਤ ਕਰ ਜੀਵਨ-ਧਾਰਾ ਦੇ ਅਮੋੜ ਵਹਿਣ ਨੂੰ ਕਿਨਾਰਿਆਂ ਵਿਚ ਵਹਿਣ ਅਤੇ ਨਿਰੰਤਰਤਾ ਕਾਇਮ ਰੱਖਣ ਲਈ ਉਤਸ਼ਾਹਿਤ ਕਰੇਗਾ?
ਨਿੰਦਿਆ ਅਤੇ ਚੁਗਲੀ ਵਿਭਿੰਨ। ਚੁਗਲੀ ਹਮੇਸ਼ਾ ਨਾਕਾਰਾਤਮਕ ਹੁੰਦੀ ਜਦ ਕਿ ਨਿੰਦਿਆ ਸਾਕਾਰਾਤਮਕ ਅਤੇ ਨਾਕਾਰਾਤਮਕ ਹੁੰਦੀ। ਨਿੰਦਿਆ ਦਾ ਸਾਕਾਰਾਤਮਕ ਰੂਪ ਹੀ ਸਮਾਜ ਲਈ ਆਦਮੀਅਤ ਦਾ ਦਰ ਖੋਲ੍ਹਦਾ।
ਨਿੰਦਿਆ, ਆਪਣੇ ਵੀ ਕਰਦੇ ਅਤੇ ਬਾਹਰਲੇ ਵੀ, ਪਰ ਆਪਣਿਆਂ ਦੀ ਨਿੰਦਿਆ ਵਿਚ ਸ਼ੁਭ-ਚਿੰਤਨ ਹੁੰਦਾ। ਉਹ ਸਾਡੇ ਖੈਰਖਾਹ, ਮੰਜ਼ਿਲਾਂ ਲਈ ਮਾਰਗ-ਦਰਸ਼ਕ ਅਤੇ ਸਫਲਤਾ ਲਈ ਅਸੀਸ ਤੇ ਅਸ਼ੀਰਵਾਦ। ਉਹ ਰਹਿਮਤਾਂ ਅਤੇ ਦੁਆਵਾਂ ਵਰਗੀ ਨਿੰਦਿਆ ਵਿਚੋਂ ਸਾਨੂੰ ਸ਼ੁੱਧ ਬਣਾਉਣਾ ਲੋਚਦੇ। ਸਾਡੀ ਸੰਪੂਰਨਤਾ ਵਿਚੋਂ ਹੀ ਉਨ੍ਹਾਂ ਦੀਆਂ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ। ਬਾਹਰਲੇ ਵਿਅਕਤੀਆਂ ਦੀ ਨਿੰਦਿਆ ਵਿਚ ਈਰਖਾ ਭਾਰੂ ਹੁੰਦੀ। ਉਹ ਹੀਣ-ਭਾਵਨਾ ਤਹਿਤ ਨਿੰਦਿਆ-ਰੂਪੀ ਹਥਿਆਰ ਨੂੰ ਸਮਾਜਕ ਤਾਣੇ-ਬਾਣੇ ਨੂੰ ਉਲਝਾਉਣ ਅਤੇ ਨਿੱਜੀ ਮੁਫਾਦ ਨੂੰ ਚੋਗਾ ਪਾਉਣ ਖਾਤਰ ਹੀ ਨਿੰਦਿਆ ਨੂੰ ਤਰਜ਼ੀਹ ਦਿੰਦੇ। ਕੁਝ ਤਾਂ ਨਿੰਦਿਆ ਵਿਚੋਂ ਹੀ ਖੁਦ ਦੀ ਭਰਮ-ਪੂਰਤੀ ਦਾ ਅਹਿਸਾਸ ਮਨ ਵਿਚ ਉਪਜਾਉਂਦੇ ਅਤੇ ਅਡੰਬਰੀ ਸੋਚਾਂ ਤੇ ਸੁਪਨਿਆਂ ਦਾ ਕਾਫਲਾ ਉਜੜੀ ਬਸਤੀ ਦੇ ਨਾਮ ਲਾਉਂਦੇ।
ਨਿੰਦਿਆ ਜਦ ਕਿਸੇ ਲਈ ਨਿੱਤ ਦੀ ਕਰਮ-ਧਾਰਨਾ ਬਣ ਜਾਵੇ ਤਾਂ ਇਹ ਸਵੈ ਲਈ ਮਾਰੂ ਹੁੰਦੀ। ਦੂਸਰੇ ਦੀ ਨਿੰਦਿਆ ਵਿਚੋਂ ਕੁਝ ਨਹੀਂ ਪ੍ਰਾਪਤ ਹੁੰਦਾ ਸਗੋਂ ਤੁਹਾਡੀ ਸੋਚ ਵਿਚ ਨਾਕਾਰਾਤਮਕਤਾ ਹਾਵੀ ਹੁੰਦੀ, ਜੋ ਤੁਹਾਨੂੰ ਧੁਆਂਖਦੀ, ਤੁਹਾਡੀ ਕਰਮ-ਯੋਗਤਾ ਅਤੇ ਧਾਰਮਕ ਅਕੀਦੇ ਨੂੰ ਸਿਆਹ ਕਰਦੀ।
ਨਿੰਦਿਆ ਜਦ ਧਰਮ ਦੇ ਅਲੰਬਰਦਾਰਾਂ ਦੀ ਬਾਂਦੀ ਬਣ ਜਾਵੇ ਤਾਂ ਧਾਰਮਕਤਾ ਖਤਮ ਹੋ ਜਾਂਦੀ। ਦੂਜੇ ਦੇ ਧਰਮ ਨੂੰ ਨੀਵਾਂ ਸਿੱਧ ਕਰਨ ਅਤੇ ਆਪਣੇ ਧਰਮ ਨੂੰ ਉਚੇਰਾ ਸਿੱਧ ਕਰਨ ਲਈ ਵਰਤਿਆ ਜਾ ਰਿਹਾ ਨਿੰਦਾ-ਰੂਪੀ ਹਰਬਾ ਮਨੁੱਖ ਨੂੰ ਇਨਸਾਨ ਨਹੀਂ ਰਹਿਣ ਦਿੰਦਾ। ਸਗੋਂ ਆਦਮੀ ਹਿੰਦੂ, ਮੁਸਲਮਾਨ, ਈਸਾਈ ਜਾਂ ਸਿੱਖ ਬਣ ਜਾਂਦਾ। ਫਿਰ ਖੁਦਾ ਬੌਰਿਆਂ-ਹਾਰ ਕੂਕਦਾ ਕਿ ਮੇਰਾ ਬੰਦਾ ਕਿਧਰ ਗਿਆ?
ਨਿੰਦਿਆ ਜਾਰੀ ਰਹੇ ਤਾਂ ਇਹ ਚੁਗਲੀ, ਈਰਖਾ ਅਤੇ ਘ੍ਰਿਣਾ ਦਾ ਰੂਪ ਵਟਾਵੇ, ਇਨਸਾਨੀਅਤ ਨੂੰ ਦਾਗ ਲਾਵੇ ਅਤੇ ਮਾਨਵੀ ਸਰੋਕਾਰਾਂ ਦੀ ਧੂਣੀ ਧੁਖਾਵੇ, ਜਿਸ ਦਾ ਸੇਕ ਬੰਦਿਆਈ ਨੂੰ ਰਾਖ ਕਰ ਜਾਵੇ।
ਕੋਰੀ ਨਿੰਦਿਆ, ਸਿਰਫ ਕਮ-ਦਿਲੇ, ਕਮੀਨੇ ਅਤੇ ਅਸਮਰਥ ਲੋਕਾਂ ਦਾ ਕਰਮ। ਉਨ੍ਹਾਂ ਦੀ ਦਿਸ਼ਾਹੀਣਤਾ ਅਤੇ ਉਦਾਸੀਨਤਾ ਵਿਚੋਂ ਹੀ ਨਿੰਦਿਆ ਪ੍ਰਗਟ ਹੁੰਦੀ ਕਿਉਂਕਿ ਕੁਝ ਨਾ ਕਰਨ ਵਾਲੇ ਲੋਕ ਹੀ, ਕੁਝ ਕਰਨ ਵਾਲਿਆਂ ਦੀ ਨਿੰਦਿਆ ਕਰਕੇ ਖੁਦ ਦੀ ਢੀਠਤਾ ਨੂੰ ਤਰਕਸੰਗਤ ਕਹਿੰਦੇ।
ਨਿੰਦਿਆ, ਸਹਿ-ਕਰਮੀਆਂ ਸਹਿ-ਪਾਠੀਆਂ, ਹਮਸਫਰਾਂ, ਹਮ-ਪਿਆਲਿਆਂ, ਹਮਜੋਲੀਆਂ ਜਾਂ ਹਮ-ਫੇਸਬੁੱਕੀਆਂ ਦੀ ਹੋਵੇ ਤਾਂ ਇਸ ਵਿਚੋਂ ਨਿੰਦਿਆ ਕਰਨ ਵਾਲੇ ਨੂੰ ਕੁਝ ਨਹੀਂ ਮਿਲਦਾ ਅਤੇ ਨਾ ਹੀ ਨਿੰਦਾ ਕੀਤੇ ਜਾਣ ਵਾਲੇ ਦਾ ਕੁਝ ਵਿਗੜਦਾ। ਅਜਿਹੇ ਵਿਅਕਤੀ ਮਾਨਸਿਕ ਦਵੰਦ ਅਤੇ ਅਪਾਹਜਤਾ ਦਾ ਸ਼ਿਕਾਰ। ਤੰਦਰੁਸਤ ਜਾਪਦੇ ਵੀ ਅੰਦਰੋਂ ਬਿਮਾਰ। ਬੌਣਾ ਜਿਹਾ ਕਿਰਦਾਰ। ਜੀਵਨ ਦੇ ਪੈਂਡਿਆਂ ‘ਚ ਮਿਲਦੀ ਏ ਹਾਰ; ਤਾਂ ਹੀ ਬਨਾਉਟੀ ਜਿਹਾ ਹੁੰਦਾ ਏ ਉਨ੍ਹਾਂ ਦਾ ਕਿਰਦਾਰ, ਸਦਾਚਾਰ ਅਤੇ ਵਿਹਾਰ।
ਕਾਲਖੀ ਨਿੰਦਿਆ, ਮਨੁੱਖੀ ਸ਼ਖਸੀਅਤ ‘ਤੇ ਦਾਗ। ਇਸ ਦਾ ਕਾਲਾਪਣ ਮਨੁੱਖੀ ਕਾਰਗਰਤਾ ਨੂੰ ਸਿਉਂਕਦਾ। ਅਜਿਹੀ ਨਿੰਦਿਆ ਦੀ ਜੀਵਨ-ਯਾਤਰਾ ਹੁੰਦੀ ਏ, ਕੁੰਭੀ-ਨਰਕ।
ਨਿੰਦਿਆ ਜਦ ਉਸਾਰੂ ਹੁੰਦੀ ਤਾਂ ਇਹ ਸ਼ਖਸੀਅਤ ਵਿਕਾਸ ਦਾ ਮੁੱਢ ਬਣਦੀ। ਨਵੀਆਂ ਸੋਚਾਂ, ਸੁਪਨਿਆਂ ਅਤੇ ਸਰੋਕਾਰਾਂ ਨੂੰ ਸੋਚ ਦੇ ਨਾਮ ਲਾ, ਨਵੀਆਂ ਪੈੜਾਂ ਅਤੇ ਸੇਧਾਂ ਦਾ ਸਿਰਨਾਵਾਂ ਸਿਰਜਦੀ। ਇਹ ਕਮੀ ਨੂੰ ਕਾਮਯਾਬੀ, ਵਿਗਾੜ ਨੂੰ ਸੁਧਾਰ, ਅੰਧਕਾਰ ਨੂੰ ਰੁਸ਼ਨਾਈ, ਕੁਤਾਹੀ ਨੂੰ ਕਾਰੀਗਰੀ, ਅਧੂਰੇਪਣ ਨੂੰ ਸੰਪੂਰਨਤਾ ਅਤੇ ਕਲਮ ਨੂੰ ਕਲਾ ਤੇ ਕਿਰਤ ਦਾ ਜਾਗ ਲਾਉਂਦੀ। ਉਸਤਾਦ ਲੋਕ ਕਿਸੇ ਵੀ ਸਿਖਾਂਦਰੂ ਦੀਆਂ ਕਮੀਆਂ ਵਿਚੋਂ ਹੀ ਉਸ ਦੀ ਸਿਰਜਣਾਤਮਕ ਪਛਾਣ ਕਰਦੇ। ਉਨ੍ਹਾਂ ਦੀ ਨਿੰਦਿਆ ਸੁਚਾਰੂ ਹੁੰਦੀ। ਉਨ੍ਹਾਂ ਦੀ ਸੋਚ ਦਾ ਸਚਿਆਰਾਪਣ ਹੀ ਮਨੁੱਖ ਨੂੰ ਇਨਸਾਨ ਬਣਨ ਦੇ ਰਾਹ ਤੋਰਦਾ।
ਨਿੰਦਿਆ ਕਈ ਵਾਰ ਕਲਾ-ਬਿਰਤੀਆਂ ਅਤੇ ਸੋਚ-ਉਡਾਣ ਦੇ ਪਰਾਂ ਨੂੰ ਕੁਤਰ, ਸੋਚ ‘ਚੋਂ ਅੰਬਰੀਂ ਉਡਾਣ ਹੀ ਮਨਫੀ ਕਰ ਦਿੰਦੀ, ਪਰ ਇਹ ਮਾਨਸਿਕ ਪਕਿਆਈ ਅਤੇ ਸੋਚ-ਦ੍ਰਿੜਤਾ ਹੀ ਹੁੰਦੀ, ਜਿਸ ਨਾਲ ਨਿੰਦਿਆ ‘ਚੋਂ ਉਭਰਨਾ ਜਾਂ ਨਿੰਦਿਆ ਦੇ ਭਾਰ ਹੇਠ ਦੱਬੇ ਜਾਣਾ ਸੰਭਵ ਹੁੰਦਾ। ਇਕ ਰੂਸੀ ਚਿੰਤਕ ਦਾ ਕਹਿਣਾ ਹੈ ਕਿ ਦੀਵੇ ਨੂੰ ਇੰਨੀ ਕੁ ਫੂਕ ਮਾਰੋ ਕਿ ਉਹ ਜਗਦਾ ਰਹੇ। ਇੰਨੀ ਜੋਰ ਨਾਲ ਵੀ ਫੂਕ ਨਾ ਮਾਰੋ ਕਿ ਉਹ ਬੁਝ ਜਾਵੇ। ਦੀਵਾ ਬੁਝਾਉਣ ਵਾਲੇ ਤਾਂ ਤੁਹਾਨੂੰ ਜੀਵਨ ਦੇ ਹਰ ਮੋੜ ‘ਤੇ ਮਿਲਣਗੇ ਪਰ ਤੁਹਾਡੇ ਲਈ ਦੀਵਾ ਡੰਗਣ ਵਾਲੇ ਬਹੁਤ ਵਿਰਲੇ ਹੁੰਦੇ।
ਨਿੰਦਿਆ, ਦਰਅਸਲ ਸਥਾਪਤੀ ਦੀ ਵੰਗਾਰ ਵਿਚੋਂ ਵੀ ਕਈ ਵਾਰ ਜਨਮ ਲੈਂਦੀ। ਸੰਸਾਰ ਵਿਚ ਜਦ ਵੀ ਕੋਈ ਸੋਚ, ਧਾਰਨਾ, ਵਿਚਾਰਧਾਰਾ ਜਾਂ ਮੁਹਿੰਮ ਸਥਾਪਤੀ ਨੂੰ ਵੰਗਾਰਦੀ ਤਾਂ ਉਸ ਦੀ ਨਿੰਦਿਆ ਸੁਭਾਵਕ। ਪਰ ਇਸ ਨਿੰਦਿਆ ਵਿਚੋਂ ਉਭਰਨਾ ਹੀ ਸਥਾਪਤੀ ਨੂੰ ਬਦਲਣ ਅਤੇ ਇਸ ਵਿਚਲੀਆਂ ਖਾਮੀਆਂ ਨੂੰ ਦਰੁਸਤ ਕਰਕੇ, ਰੌਸ਼ਨ ਮੁਹਾਂਦਰੇ ਨਾਲ ਸਮਾਜਕ ਦਾਇਰਿਆਂ ਦੀ ਪਰਿਕਰਮਾ ਕਰਨਾ ਹੁੰਦਾ। ਸਾਹਿਤ ਵਿਚ ਸਥਾਪਤ ਮਾਪਦੰਡਾਂ ਵਿਚ ਹੋ ਰਹੀ ਆਲੋਚਨਾ ਨਵੀਂਆਂ ਸਾਹਿਤਕ ਵੰਨਗੀਆਂ ਦੇ ਉਭਾਰ ਨੂੰ ਰੋਕਣ ਅਤੇ ਨਵੀਆਂ ਕਲਮਾਂ ਵਲੋਂ ਹਰਫੀ-ਸੰਵੇਦਨਾ ਨੂੰ ਉਲਥਾਉਣ ਤੋਂ ਮਨਾਹੀ ਦੇ ਬਰਾਬਰ।
ਮੇਰੀ ਪਹਿਲੀ ਕਾਵਿ-ਪੁਸਤਕ ਦਾ ਮੁੱਖਬੰਦ ਜਦ ਇਕ ਬਹੁਤ ਵੱਡੇ ਸਾਹਿਤਕਾਰ ਨੇ ਲਿਖ ਕੇ ਭੇਜਿਆ ਤਾਂ ਉਸ ਨੂੰ ਆਸ ਸੀ ਕਿ ਇੰਨਾ ਆਲੋਚਨਾਤਮਕ ਮੁੱਖਬੰਦ, ਮੈਂ ਆਪਣੀ ਪਹਿਲੀ ਪੁਸਤਕ ਵਿਚ ਛਾਪਣ ਦਾ ਹੌਂਸਲਾ ਨਹੀਂ ਕਰਾਂਗਾ। ਮੈਂ ਉਹ ਮੁੱਖਬੰਦ ਮੂਲ ਰੂਪ ਵਿਚ ਹੀ ਛਾਪ ਦਿੱਤਾ। ਉਸ ਲੇਖਕ ਦੇ ਮਾਨਸਿਕ ਬੋਝ ਦਾ ਇਹ ਆਲਮ ਏ ਕਿ ਉਹ ਹੁਣ ਤੀਕ ਵੀ ਪਛਤਾ ਰਿਹਾ ਏ ਕਿ ਪਲੇਠੀ ਪੁਸਤਕ ਦਾ ਅਜਿਹਾ ਮੁੱਖਬੰਦ ਨਹੀਂ ਸੀ ਲਿਖਣਾ ਚਾਹੀਦਾ, ਪਰ ਮੇਰੇ ਸਾਹਿਤਕ ਸਫਰ ਲਈ ਉਹ ਮੁੱਖਬੰਦ ਇਕ ਵੰਗਾਰ ਬਣ ਗਿਆ। ਇਸ ਨਾਲ ਖੁਦ ਨੂੰ ਤਰਾਸ਼ਣ ਅਤੇ ਪਹਿਲ-ਕਦਮੀਆਂ ਤੇ ਪੇਸ਼ਬੰਦੀਆਂ ਕਰਨ ਦਾ ਹੌਸਲਾ ਅਤੇ ਹੀਆ ਪੈਦਾ ਹੋਇਆ, ਜੋ ਹੁਣ ਤੀਕ ਵੀ ਬਾ-ਦਸਤੂਰ ਜਾਰੀ ਏ। ਨਿੰਦਿਆ ਨੂੰ ਉਸਾਰੂ ਭਾਵ ਵਿਚ ਲੈਣ ‘ਤੇ ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ ਹੁੰਦੀ।
ਨਿੰਦਿਆ, ਨਵੀਂ ਨੁਹਾਰ ਦਾ ਨਗਮਾ। ਨਵੀਨਤਮ ਧਰਾਤਲ ਨੂੰ ਪ੍ਰਣਾਮ। ਨਵੀਂਆਂ ਚੁਣੌਤੀਆਂ ਦੇ ਸਨਮੁੱਖ ਹੋਣ ਲਈ ਖੁਦ ਨੂੰ ਵਿਸ਼ਾਲਣਾ ਅਤੇ ਵਿਗਾਸਣਾ।
ਨਿੰਦਿਆ ਨੂੰ ਗੁਰਬਾਣੀ ਵਿਚ ਬਹੁਤ ਸਾਰੇ ਸ਼ਬਦਾਂ ਰਾਹੀਂ ਵੱਖ-ਵੱਖ ਰੂਪਾਂ ਵਿਚ ਪ੍ਰਗਟਾਇਆ ਗਿਆ ਏ। ਗੁਰਬਾਣੀ, ਇਕ ਜੀਵਨ-ਜਾਚ ਏ ਜਿਸ ਵਿਚ ਮਨੁੱਖ ਦੇ ਹਰ ਸ਼ਖਸੀ ਪਹਿਲੂ ਨੂੰ ਵਿਚਾਰ ਕੇ ਇਸ ਦੀ ਸੁੱਚਮਤਾ, ਉਚਮਤਾ ਤੇ ਪ੍ਰਮੁੱਖਤਾ ਨੂੰ ਦਾਰਸ਼ਨਿਕ ਰੂਪ ਵਿਚ ਪ੍ਰਗਟ ਕੀਤਾ ਗਿਆ ਹੈ। ਗੁਰਬਾਣੀ ਵਿਚ ਨਿੰਦਿਆ ਦੇ ਉਸਾਰੂ ਨਜ਼ਰੀਏ ਨੂੰ ਹੀ ਪ੍ਰਮੁੱਖਤਾ ਦਿਤੀ ਗਈ ਹੈ। ਭਗਤ ਕਬੀਰ ਦਾ ਫੁਰਮਾਨ, “ਨਿੰਦੋ ਨਿੰਦੋ ਮੋ ਕੋ ਲੋਗ ਨਿੰਦੋ…॥” ਦਰਅਸਲ ਖੁਦ ਦੀ ਨਿੰਦਿਆ ਵਿਚੋਂ ਖੁਦ ਦੀਆਂ ਕਮੀਆਂ ਨੂੰ ਜਾਣ ਕੇ, ਇਸ ਨੂੰ ਦੂਰ ਕਰ, ਇਨਸਾਨ ਬਣਨ ਦੇ ਮਾਰਗ ਵੰਨੀਂ ਤੁਰਨ ਦਾ ਅਹਿਦ ਹੀ ਤਾਂ ਹੈ। ਇਕ ਹੋਰ ਥਾਂ ਗੁਰਬਾਣੀ ਦਾ ਬਚਨ ਹੈ,
ਪਰ ਨਿੰਦਾ ਕਰੇ ਅੰਤਰਿ ਮਲੁ ਲਾਏ॥
ਮਲੁ ਧੋਵੈ ਮਨ ਕੀ ਜੂਠਿ ਨ ਜਾਏ॥
ਯਾਨਿ ਜੋ ਲੋਕ ਦੂਜਿਆਂ ਦੀ ਨਿੰਦਿਆ ਕਰਦੇ ਹਨ, ਉਹ ਆਪਣੇ ਮਨ ਨੂੰ ਪਲੀਤ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਬਾਹਰ ਦੀ ਮੈਲ ਧੋ ਰਹੇ ਹਨ ਪਰ ਉਨ੍ਹਾਂ ਦੇ ਮਨ ਅੰਦਰਲੀ ਮੈਲ ਅਤੇ ਕਰੂਪਤਾ ਕਦੇ ਨਹੀਂ ਜਾਂਦੀ।
ਗੁਰੂ ਜੀ ਤਾਂ ਨਿੰਦਕ ਨੂੰ ਆਪਣਾ ਮੀਤ ਦਰਸਾਉਂਦਿਆਂ ਕਿੰਨੇ ਕਮਾਲ ਨਾਲ ਫੁਰਮਾਉਂਦੇ ਹਨ,
ਨਿੰਦਾ ਕਰੈ ਸੁ ਹਮਰਾ ਮੀਤੁ॥
ਨਿੰਦਕੁ ਮਾਹਿ ਹਮਾਰਾ ਚੀਤੁ॥
ਨਿੰਦਕੁ ਸੋ ਜੋ ਨਿੰਦਾ ਹੋਰੈ॥
ਹਮਰਾ ਜੀਵਨ ਨਿੰਦਾ ਲੋਰੈ॥
ਮਤਲਬ ਕਿ ਜੋ ਸਾਨੂੰ ਭੰਡਦਾ ਹੈ, ਉਹ ਦਰਅਸਲ ਸਾਡਾ ਮਿੱਤਰ ਹੈ। ਅਸੀਂ ਆਪਣੇ ਨਿੰਦਕ ਦੀ ਗੱਲ ਬੜੇ ਹੀ ਧਿਆਨ ਨਾਲ ਸੁਣਦੇ ਹਾਂ। ਨਿੰਦਾ ਕਰਨ ਵਾਲਾ ਉਹ ਭਲਾ ਪੁਰਸ਼ ਹੁੰਦਾ ਹੈ, ਜੋ ਸਾਡੇ ਐਬਾਂ ਨੂੰ ਦੱਸ ਕੇ, ਜੱਗ ਵਿਚ ਨਸ਼ਰ ਹੋਣ ਤੋਂ ਰੋਕਦਾ ਹੈ। ਇਸ ਨਾਲ ਉਹ ਸਾਡੇ ਜੀਵਨ ਵਿਚ ਚੰਗਿਆਈ ਭਰਨ ਲਈ ਹੀ ਸਾਡੀ ਨਿੰਦਿਆ ਕਰਦਾ ਹੈ। ਇਸ ਨਾਲ ਤਾਂ ਸਗੋਂ ਅਸੀਂ ਇਨਸਾਨ ਬਣਦੇ ਹਾਂ।
ਮਨੁੱਖੀ ਮਨ, ਐਬਾਂ ਅਤੇ ਬੁਰੀਆਂ ਆਦਤਾਂ ਨਾਲ ਭਰਿਆ ਪਿਆ ਹੈ ਅਤੇ ਉਹ ਖੁਦ ਹੀ ਅੰਤਰੀਵ ਯਾਤਰਾ ਨਾਲ ਉਨ੍ਹਾਂ ਤੋਂ ਛੁਟਕਾਰਾ ਪਾ ਸਕਦਾ ਹੈ। ਗੁਰਬਾਣੀ ਦਾ ਫੁਰਮਾਨ ਹੈ,
ਕਾਮ ਕ੍ਰੋਧ ਲੋਭ ਝੂਠ ਨਿੰਦਾ
ਇਨ ਤੇ ਆਪਿ ਛਡਾਵਹਿ॥
ਗੁਰਬਾਣੀ ਇਕ ਹੋਰ ਬਚਨ ਰਾਹੀਂ ਸਮਾਜ ਦਾ ਬਹੁਤ ਵੱਡਾ ਸੱਚ ਪ੍ਰਗਟ ਕਰਦੀ ਹੈ,
ਪਰ ਨਿੰਦਾ ਮੁਖ ਤੇ ਨਹੀ ਛੂਟੀ
ਨਿਫਲ ਭਈ ਸਭ ਸੇਵਾ॥
ਜੋ ਲੋਕ ਨਿੰਦਿਆ ਕਰਨ ਦੀ ਆਦਤ ਤੋਂ ਬਾਜ਼ ਨਹੀਂ ਆਉਂਦੇ, ਉਨ੍ਹਾਂ ਦੀ ਕੀਤੀ ਹੋਈ ਸੇਵਾ ਵੀ ਸਫਲ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਦੀ ਨਿੰਦਿਆ, ਉਨ੍ਹਾਂ ਦਾ ਆਤਮਿਕ ਬਿੰਬ ਹੈ, ਜੋ ਧੁੰਦਲਕੇ ਨਾਲ ਭਰਿਆ ਹੋਇਆ ਹੈ। ਫਿਰ ਉਹ ਕਿਹੜੀ ਆਸਥਾ ਨਾਲ ਸੇਵਾ ਕਰ ਸਕਦੇ ਨੇ ਅਤੇ ਉਨ੍ਹਾਂ ਦੀਆਂ ਕਿਨ੍ਹਾਂ ਭਾਵਨਾਵਾਂ ਨੂੰ ਸੁੱਚਮ ਅਤੇ ਉਚਮ ਕਿਹਾ ਜਾ ਸਕਦਾ ਹੈ?
ਨਿੰਦਿਆ ਤਾਂ ਹੀ ਹੁੰਦੀ ਕਿ ਤੁਸੀਂ ਕੁਝ ਹੋ। ਤੁਹਾਡੀ ਹੋਂਦ ਕਿਸੇ ਲਈ ਕੋਈ ਅਰਥ ਰੱਖਦੀ ਏ। ਕਿਸੇ ਲਈ ਖਤਰਾ ਹੋ ਸਕਦੀ ਆ। ਜੇ ਤੁਸੀਂ ਕੁਝ ਨਾ ਬੋਲੋ, ਕੁਝ ਨਾ ਕਰੋ ਅਤੇ ਆਪਣੀ ਹੋਂਦ ਤੋਂ ਮੁੱਨਕਰ ਹੋ ਜਾਵੋ ਤਾਂ ਕੋਈ ਤੁਹਾਡੀ ਨਿੰਦਿਆ ਨਹੀਂ ਕਰੇਗਾ। ਨਿੰਦਾ ਸਿਰਫ ਉਨ੍ਹਾਂ ਹੀ ਲੋਕਾਂ ਦੀ ਹੁੰਦੀ, ਜਿਨ੍ਹਾਂ ਦੀ ਕੋਈ ਦੇਣ ਹੁੰਦੀ ਆ।
ਨਿੰਦਿਆ ਜਦ ਅਸੀਂ ਖੁਦ ਆਪਣੀ ਕਰਦੇ ਹਾਂ, ਖੁਦ ਨੂੰ ਖੁਦ ਦੇ ਤਰਾਜ਼ੂ ਵਿਚ ਤੋਲਦੇ ਹਾਂ, ਪਾਸਕੂੰ ਭਾਲਦੇ ਹਾਂ ਅਤੇ ਇਸ ਦੀ ਪੂਰਨਤਾ ਵੰਨੀਂ ਸੁਚੇਤ ਹੁੰਦੇ ਹਾਂ ਤਾਂ ਇਹ ਨਿੰਦਿਆ, ਸੰਪੂਰਨਤਾ ਦਾ ਮਾਰਗ ਬਣ ਜਾਂਦੀ।
ਨਿੰਦਿਆ ਨੂੰ ਆਪਣੀ ਬਿਹਤਰੀ ਲਈ ਵਰਤੋ, ਆਪਣੇ ਸਰੂਪ ਨੂੰ ਸੁਹੰਢਣਾ ਅਤੇ ਸਾਜ਼ਗਾਰ ਬਣਾਓ ਅਤੇ ਇਨਸਾਨੀਅਤ ਦਾ ਮਾਰਗ ਅਪਨਾਓ। ਨਿੰਦਿਆ, ਸੁੰਦਰਤਾ ਦਾ ਸਬੱਬ ਸਾਬਤ ਹੋਵੇਗੀ।
ਨਿੰਦਿਆ ਨੂੰ ਸਵੀਕਾਰੋ। ਕਦੇ ਵੀ ਚੇਤਿਆਂ ‘ਚੋਂ ਨਾ ਵਿਸਾਰੋ। ਇਸ ਦੀ ਯਾਦ ਹੀ ਤੁਹਾਡੀ ਤਾਕਤ ਅਤੇ ਪ੍ਰੇਰਨਾ ਬਣੇਗੀ, ਜੋ ਤੁਹਾਡੇ ਰਾਹਾਂ ਦੇ ਮੱਥੇ ‘ਤੇ ਸਫਲਤਾ ਦਾ ਸਿਰਨਾਵਾਂ ਖੁਣੇਗੀ।
ਨਿੰਦਿਆ ਕਰਨ ਵਾਲੇ ਨਾਲ ਤੁਸੀਂ ਹਰ ਵੇਲੇ ਅਤੇ ਹਰ ਨੁਕਤੇ ਤੋਂ ਸਹਿਮਤ ਨਹੀਂ ਹੁੰਦੇ, ਪਰ ਨਿੰਦਾ ਹੋਣਾ ਵੀ ਜ਼ਰੂਰੀ ਹੈ, ਸਿਹਤਮੰਦ ਵਿਚਾਰਾਂ ਅਤੇ ਸੰਤੁਲਤ ਸ਼ਖਸੀਅਤ ਲਈ ਤਾਂ ਕਿ ਮਨੁੱਖੀ ਉਕਾਈਆਂ ਨੂੰ ਸੁਧਾਰਨ ਦੀ ਗੁੰਜਾਇਸ਼ ਬਣੀ ਰਹੇ। ਨਿੰਦਿਆ ਜਦ ਹੁੰਦੀ ਤਾਂ ਮਨੁੱਖੀ ਧਿਆਨ ਉਨ੍ਹਾਂ ਨੁਕਤਿਆਂ ਦੀ ਨਜ਼ਰਸਾਨੀ ਜਰੂਰ ਕਰਦਾ, ਜੋ ਨਿੰਦਿਆ ਵਿਚ ਉਠਾਏ ਜਾਂਦੇ।
ਨਿੰਦਿਆ, ਉਸਤਤੀ ਨਾਲੋਂ ਕਈ ਗੁਣਾ ਬਿਹਤਰ। ਕਈ ਪੱਖਾਂ ਤੋਂ ਮਨੁੱਖ ਨੂੰ ਸੁਚਾਰੂ ਸੇਧ ਪ੍ਰਦਾਨ ਕਰਦੀ। ਨਿੰਦਿਆ ਪ੍ਰਗਤੀ ਦਾ ਮਾਰਗ ਜਦ ਕਿ ਉਸਤਤ ਤਬਾਹੀ ਨੂੰ ਜਾਂਦਾ ਰਾਹ। ਚਾਪਲੂਸ ਲੋਕਾਂ ਦੀ ਭੀੜ ਦੀ ਥਾਂ ਕੁਝ ਕੁ ਨਿੰਦਕ ਲੋਕਾਂ ਦੀ ਨਜ਼ਰਾਂ ਵਿਚ ਰਹਿਣਾ, ਜੀਵਨ-ਜਾਚ ਦਾ ਹਰ ਅਧਿਆਏ ਸਾਰੀ ਉਮਰ ਯਾਦ ਰਹੇਗਾ।
ਨਿੰਦਿਆ ਤੋਂ ਨਿਰੰਤਰ ਨਿਖਾਰ ਵੱਲ ਵਧਣਾ। ਪਾਕੀਜ਼ਗੀ ਵੱਲ ਪ੍ਰੇਰਿਤ ਹੋਣਾ। ਆਪਣੀਆਂ ਊਣਤਾਈਆਂ ਨੂੰ ਜਾਣਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਉਠਾਏ ਕਦਮ ਹੀ ਨਿੰਦਿਆ ਵਿਰੁਧ ਸਭ ਤੋਂ ਕਾਰਗਾਰ ਅਤੇ ਸਮਰੱਥ ਸਾਧਨ। ਇਸ ਨੇ ਹੀ ਸਫਲਤਾ ਦਾ ਨਵਾਂ ਅੱਖਰ, ਅਧਿਆਏ ਅਤੇ ਇਤਿਹਾਸ ਸਿਰਜਣ ਵੱਲ ਪਹਿਲ ਕਰਨੀ ਏ। ਤੁਸੀਂ ਇਸ ਪਹਿਲ ਦਾ ਪਹਿਲਾ ਕਦਮ ਜਰੂਰ ਬਣਨਾ, ਨਿੰਦਿਆ ਤੁਹਾਨੂੰ ਨਮਸਕਾਰ ਕਰੇਗੀ।