ਨਿਉਂਦਾ ਖਾਈਏ

ਬਲਜੀਤ ਬਾਸੀ
ਦੁਆਬੀ ਵਿਚ ਪਿਉ ਨੂੰ ਪੇਅ, ਘਿਉ ਨੂੰ ਘੇਅ, ਸਿਉ ਨੂੰ ਸੇਅ ਕਿਹਾ ਜਾਂਦਾ ਹੈ। ਲਿਹਾਜਨ ਨਿਉਂਦਾ ਨੂੰ ਨੇਂਦਾ ਬੋਲਿਆ ਜਾਂਦਾ ਹੈ। ਛੋਟੇ ਹੁੰਦੇ ਨੇਂਦਾ ਖਾਣ ਦਾ ਬਹੁਤ ਚਾਅ ਹੁੰਦਾ ਸੀ। ਜੇ ਕਿਸੇ ਘਰੋਂ ਇਸ ਦਾ ਸੱਦਾ ਆਉਣਾ ਤਾਂ ਮਾਂ ਨੇ ਕਹਿਣਾ ਕਿ ਨੇਂਦੇ ਤੇ ਜ਼ਰੂਰ ਜਾਣਾ ਚਾਹੀਦਾ ਹੈ, ਜੇ ਤੁਸੀਂ ਜਾਓਗੇ ਤਾਂ ਲੋਕ ਤੁਹਾਡੇ ਆਉਣਗੇ। ਪਰ ਮਹਾਤੜ ਨੂੰ ਤਾਂ ਖਾਣ ਨਾਲ ਵਾਸਤਾ ਸੀ। ਨੇਂਦੇ ਵਿਚ ਇਕ ਤੋਂ ਵਧ ਖਾਣ ਵਾਲੇ ਚੋਸੇ ਹੁੰਦੇ ਸਨ- ਸਬਜ਼ੀ, ਮਾਂਹ ਦੀ ਦਾਲ, ਪਕੌੜੀਆਂ ਵਾਲਾ ਖੱਟਾ/ਮਠਾ, ਫੁਲਕੇ ਅਤੇ ਅਖੀਰ ਵਿਚ ਕੜਾਹ ਪ੍ਰਸ਼ਾਦ ਹੁੰਦਾ ਸੀ। ਸਬਜ਼ੀ ਵਜੋਂ ਅਕਸਰ ਹੀ ਮੋਟੇ ਛਿੱਲੜਾਂ, ਤੰਦੂਏ ਵਰਗੇ ਰੇਸ਼ਿਆਂ ਅਤੇ ਵੱਡੇ ਵੱਡੇ ਬੀਆਂ ਨਾਲ ਭਰਿਆ ਲੇਸਦਾਰ ਜਿਹਾ ਕੱਦੂ ਪਰੋਸਿਆ ਹੁੰਦਾ ਸੀ ਜਿਸ ਨੂੰ ਥਾਲੀ ਵਿਚ ਰਿੜਦੇ ਨੂੰ ਬੁਰਕੀਆਂ ਲਾ ਲਾ ਕੇ ਸਮੇਟਿਆ ਜਾਂਦਾ ਸੀ। ਅੱਜ ਕਲ੍ਹ ਦੇ ਬਹੁਤੇ ਜਵਾਕ ਅਜਿਹੇ ਨੇਂਦੇ ਤੋਂ ਨੱਕ ਬੁੱਲ੍ਹ ਅਟੇਰਦੇ ਹਨ ਪਰ ਆਪਾਂ ਤਾਂ ਨੇਂਦਾ ਖਾ ਕੇ ਬੁਲ੍ਹਾਂ ਤੇ ਜੀਭ ਫੇਰਦੇ ਆਈਦਾ ਸੀ।
ਨਿਉਂਦਾ ਸ਼ਬਦ ਤੋਂ ਆਮ ਤੌਰ ‘ਤੇ ਵਿਆਹ ਸ਼ਾਦੀ ਜਾਂ ਕਿਸੇ ਰਸਮ ਵਿਚ ਬੁਲਾਵੇ ਵਾਲੇ ਭੋਜ ਤੋਂ ਹੀ ਭਾਵ ਲਿਆ ਜਾਂਦਾ ਹੈ। ਨਿਉਂਦੇ ਵਿਚ ਸੱਦੇ, ਬੁਲਾਵੇ ਜਾਂ ਨਿਮੰਤ੍ਰਣ ਦਾ ਭਾਵ ਹੈ ਪਰ ਮੁਢਲੇ ਤੌਰ ‘ਤੇ ਹਰ ਤਰ੍ਹਾਂ ਦਾ ਸੱਦਾ ਨਿਉਂਦਾ ਨਹੀਂ ਹੈ ਭਾਵੇਂ ਕਿ ਅੱਜ ਕਲ੍ਹ ਇਸ ਦੀ ਲਾਖਣਿਕ ਵਰਤੋਂ ਵੀ ਆਮ ਹੈ ਜਿਵੇਂ Ḕਗਵਰਨਰ ਵਲੋਂ ਫਲਾਣੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਨਿਉਂਦਾ।Ḕ ਨਿਉਂਦਾ ਆਮ ਤੌਰ ‘ਤੇ ਰਸਮ ਤੋਂ ਪਹਿਲਾਂ ਸ਼ਰੀਕੇ ਭਾਈਚਾਰੇ ਜਾਂ ਹੋਰ ਜਾਣ-ਪਛਾਣ ਦੇ ਬੰਦਿਆਂ ਲਈ ਹੁੰਦਾ ਹੈ। ਸਬੰਧਾਂ ਦੀ ਨੇੜਤਾ ਅਨੁਸਾਰ ਨਿਉਂਦੇ Ḕਤੇ ਬੁਲਾਏ ਘਰ ਦੇ ਜੀਅ ਘਟ ਵਧ ਹੋ ਸਕਦੇ ਹਨ। ਚੁਲ੍ਹੇ-ਨਿਉਂਦ ਉਹ ਹੁੰਦੀ ਹੈ ਜਿਸ ਵਿਚ ਘਰ ਦੇ ਸਾਰੇ ਜੀਅ ਸੱਦੇ ਗਏ ਹੋਣ ਮਤਲਬ ਕਿ ਚੁਲ੍ਹੇ ਨੂੰ ਹੀ ਆਰਾਮ ਹੈ, ਠੰਡਾ ਚੁੱਲ੍ਹਾ ਵਿਚਾਰਾ ਭਾਵੇਂ ਬਾਲਣ ਖੁਣੋਂ ਭੁਖਾ ਹੀ ਰਹਿ ਜਾਵੇ। ਹਰਿਆਣਵੀ ਵਿਚ ਚੁਲ੍ਹੇ-ਨਿਉਂਦ ਚੁੱਲ-ਨੌਤ ਹੈ, ਭੋਜਪੁਰੀ ਵਿਚ ਸਬਹਰ ਨੇਵਤਾ ਅਤੇ ਰਾਜਸਥਾਨੀ ਵਿਚ ਜੂੰਤੋਂ। ਸ਼ਾਦੀ ਆਦਿ ਸਮੇਂ ਬੁਲਾਏ ਹੋਏ ਸਬੰਧੀ ਅਤੇ ਮਿੱਤਰਾਂ ਵਲੋਂ ਦਿੱਤੀ ਰਕਮ ਨੂੰ ਵੀ ਨਿਉਂਦਾ ਕਿਹਾ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਬਾਲ ਵਿਸ਼ਵਕੋਸ਼ ਨੇ ਨਿਉਂਦੇ ਦੀ ਭਰਵੀਂ ਵਿਆਖਿਆ ਕੀਤੀ ਹੈ। ਪਰ ਇਸ ਗਿਆਨ ਭੰਡਾਰੇ ਦੀ ਇਕ ਗੱਲ ਅੱਖਰਦੀ ਹੈ। ਇਸ Ḕਬਾਲ ਵਿਸ਼ਵਕੋਸ਼Ḕ ਨੂੰ ਜਦ ਮੈਂ ਪਹਿਲੀ ਵਾਰ ਖੋਲ੍ਹ ਕੇ ਦੇਖਿਆ ਤਾਂ ਪਹਿਲੇ ਪੰਨਿਆਂ ਵਿਚ ਹੀ “ਸੰਰਚਨਾਵਾਦ” ਦਾ ਇੰਦਰਾਜ ਨਜ਼ਰ ਆਇਆ। ਮੈਂ ਸੋਚਿਆ ਸਾਡੇ ਨਿਆਣੇ ਬੜੇ ਪ੍ਰੋੜ ਹੋ ਗਏ ਹੋਣਗੇ ਜੋ ਯੂਨੀਵਰਸਿਟੀ ਵਾਲਿਆਂ ਇਸ ਦਾ ਗਿਆਨ ਬਾਲਾਂ ਨੂੰ ਮੁਹੱਈਆ ਕਰਾਉਣ ਦੀ ਸੋਚੀ, ਆਪਣੇ ਭੇਜੇ ਵਿਚ ਤਾਂ ਇਸ ਵਾਦ ਨੇ ਜੂੰ ਨਹੀਂ ਸਰਕਾਈ।
ਖੈਰ! ਵਿਆਹ ਸ਼ਾਦੀ ਮੌਕੇ ਵਿਸ਼ੇਸ਼ ਤੌਰ ‘ਤੇ ਸੱਦੇ ਸਾਕ-ਸਬੰਧੀ ਜਾਂ ਬਰਾਦਰੀ ਦੇ ਲੋਕ ਆਪਣੇ ਵਿਤ ਅਤੇ ਸਾਕਾਦਾਰੀ ਅਨੁਸਾਰ ਓਨੀ ਰਾਸ਼ੀ ਸ਼ਗਨ ਦੇ ਰੂਪ ਵਿਚ ਵਿਆਹ ਵਾਲੇ ਪਰਿਵਾਰ ਨੂੰ ਦਿੰਦੇ ਹਨ ਜਿੰਨੀ ਉਨ੍ਹਾਂ ਆਪ ਲਈ ਹੁੰਦੀ ਹੈ ਜਾਂ ਭਵਿੱਖ ਵਿਚ ਵਸੂਲ ਕਰਨ ਦੀ ਸੰਭਾਵਨਾ ਦੇਖਦੇ ਹਨ। ਆਮ ਤੌਰ ‘ਤੇ ਖੁਦ ਵਸੂਲੀ ਰਾਸ਼ੀ ਤੋਂ ਵੱਧ ਕੇ ਸ਼ਗਨ ਦਿੱਤਾ ਜਾਂਦਾ ਹੈ, ਜਾਣੋਂ ਮਹਿੰਗਾਈ ਅਤੇ ਵਿਆਜ ਨੂੰ ਐਡਜਸਟ ਕਰ ਲਿਆ ਜਾਂਦਾ ਹੈ। ਬਰਾਬਰ ਦੇ ਪੈਸੇ ਮੋੜਨਾ ਅੱਗੋਂ ਤੋਂ ਲੈਣ-ਦੇਣ ਦਾ ਸਿਲਸਿਲਾ ਤੋੜਨ ਦਾ ਸੰਕੇਤ ਹੈ। ਲਏ ਗਏ ਸ਼ਗਨ ਦੀ ਮਾਤਰਾ ਆਮ ਤੌਰ ‘ਤੇ ਇਕ ਵਹੀ ਵਿਚ ਹਲਦੀ ਦੀਆਂ ਲੀਕਾਂ ਖਿਚ ਕੇ ਲਿਖ ਲਈ ਜਾਂਦੀ ਹੈ ਤਾਂ ਕਿ ਦੇਣ ਸਮੇਂ ਦੇਣਦਾਰੀ ਦਾ ਲੇਖਾ ਹੋ ਸਕੇ। ਪਾਂਧਾ ਉਚਰਨ ਲਗਦਾ ਹੈ, Ḕਪਹਿਲਾਂ ਲਿਖਾਓ ਭਾਈ ਨਾਨਕਿਆਂ ਦਾ ਕੀ ਲਿਖਾਉਣਾ ਹੈ? ਇੱਕੀ, ਇਕੱਤੀ, ਇਕਵੰਜਾ, ਕੋਤਰ ਸੌæææ।Ḕ ਜੇ ਨਾ ਲਿਖਵਾਉਣਾ ਹੋਵੇ ਤਾਂ ਲੱਪ ਪਾਣੀ ਪਾ ਕੇ ਛੱਡ ਦਿੰਦੇ ਹਨ, Ḕਨਾਨਕਿਆਂ ਨੇ ਤਾਂ ਭਾਈ ਚੂਲੀ ਛੱਡ ਦਿੱਤੀ ਹੈ।Ḕ ਫਿਰ ਮਾਸੀਆਂ, ਭੂਆ ਆਦਿ ਦਰਜਾ-ਬਦਰਜਾ ਭੁਗਤੀ ਜਾਂਦੀਆਂ ਹਨ। ਨਿਉਂਦੇ ਵਿਚ ਟੁੰਮਾਂ, ਕਪੜਾ-ਲਿੱਤਾ, ਭਾਡਾ-ਟੀਂਡਾ ਆਦਿ ਵੀ ਸ਼ੁਮਾਰ ਹੁੰਦਾ ਹੈ। ਇਥੇ ਹੀ ਪਤਾ ਲਗਦਾ ਹੈ ਕਿ ਕਿਸ ਨੇ ਹੁੱਬ ਕੇ ਵਰਤਣਾ ਹੈ ਤੇ ਕਿਸ ਨੇ ਖੰਬ ਸੰਕੋਚ ਲਏ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਰਸਮ ਸਮੇਂ ਇਹ ਵੀ ਪਰਖਿਆ ਜਾਂਦਾ ਹੈ ਕਿ ਦਿੱਤੇ ਹੋਏ ਰੁਪੱਈਏ ਅਤੇ ਟੂੰਮਾਂ ਖਰੇ-ਖੋਟੇ ਵੀ ਹੈਣ! ਕਿਸੇ ਬੇਔਲਾਦ ਤੋਂ ਨਿਉਂਦਾ ਲੈਣ ਤੋਂ ਇਸ ਲਈ ਸੰਕੋਚ ਕੀਤਾ ਜਾਂਦਾ ਹੈ ਕਿਉਂਕਿ ਉਸ ਨੂੰ ਕਿਹੜਾ ਪਰਤਾਉਣਾ ਹੁੰਦਾ ਹੈ। ਹਾਂ, ਥੋੜਾ ਬਹੁਤਾ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਕਿ ਉਸ ਨੂੰ ਬੇਔਲਾਦੇ ਹੋਣ ਦਾ ਅਹਿਸਾਸ ਨਾ ਹੋਵੇ। ਨਿਉਂਦੇ ਨੂੰ ਇਕ ਤਰ੍ਹਾਂ ਨਾਲ ਮੋੜਨ ਦੇ ਰੂਪ ਵਿਚ ਹੀ ਦੇਖਿਆ ਜਾਂਦਾ ਹੈ ਇਸੇ ਲਈ ਆਪਣੇ ਤੋਂ ਘਟ ਬੱਚਿਆਂ ਵਾਲੇ ਪਰਿਵਾਰ ਨੂੰ ਵੱਧ ਦਿੱਤਾ ਜਾਂਦਾ ਹੈ ਕਿਉਂਕਿ ਬੱਚਿਆਂ ਦੀ ਨਿਸਬਤ ਉਸ ਤੋਂ ਬਹੁਤੇ ਦੀ ਆਸ ਹੁੰਦੀ ਹੈ। ਇਸੇ ਕਰਕੇ ਨਿਉਂਦੇ ਨੂੰ ਇਕ ਤਰ੍ਹਾਂ ਭਾਜੀ ਮੋੜਨ ਦੇ ਆਸ਼ੇ ਵਿਚ ਵੀ ਲਿਆ ਜਾਂਦਾ ਹੈ। ਇਸ ਪ੍ਰਸੰਗ ਵਿਚ ਨਿਉਂਦਰਾ-ਭਾਜੀ ਸ਼ਬਦ ਜੁੱਟ ਵੀ ਚਲਦਾ ਹੈ।
ਪਹਿਲਾਂ ਚਰਚਿਤ ਵਿਸ਼ਵਕੋਸ ਵਿਚ ਰਸਮ ਬਾਰੇ ਵਧੀਆ ਜਾਣਕਾਰੀ ਦਿੱਤੀ ਗਈ ਹੈ ਪਰ ਇਹ ਗੱਲ ਮੇਰੇ ਹਜਮ ਨਹੀਂ ਹੋਈ, Ḕਨਿਉਂਦਾ ਅਤੇ ਨਿਉਤਾḔ ਸ਼ਬਦ ਸਮਾਨਆਰਥਕ ਅਰਥਾਂ ਦੇ ਧਾਰਨੀ ਹਨ ਪਰ ਅਜੋਕੇ ਸਮੇਂ ਵਿਚ ਇਨ੍ਹਾਂ ਦੀ ਕਾਰਜਸ਼ੀਲਤਾ ਵਿਚ ਬਦਲਾਉ ਦਿਸ ਆਉਂਦਾ ਹੈ। ਨਿਉਤਾ ਸੱਦੇ ਦੇ ਰੂਪ ਵਿਚ ਵਰਤਿਆ ਜਾਂਦਾ ਹੈ ਜਦ ਕਿ ਨਿਉਂਦਾ ਦੇ ਅਰਥ ਤੋਲ ਵਿਚ ਨਿਉਂਦਾ (ਪੱਲੜੇ ਵਿਚ ਵਧ ਵਸਤ) ਅਤੇ ਵਿਆਹ ਸਮੇਂ ਸ਼ਗਨ ਦੇ ਰੂਪ ਵਿਚ ਲੈਣ-ਦੇਣ ਵਜੋਂ ਕੀਤੀ ਜਾਣ ਵਾਲੀ ਰੀਤ ਦੇ ਲਏ ਜਾਂਦੇ ਹਨ। ਇਥੇ ਦੋ ਨੁਕਤੇ ਹਨ। ਦਰਅਸਲ ਨਿਉਂਦਾ ਤੇ ਨਿਉਤਾ ਮੂਲਕ ਤੌਰ ‘ਤੇ ਵੀ ਤੇ ਅਰਥ ਵਜੋਂ ਵੀ ਇਕ ਹੀ ਸ਼ਬਦ ਦੇ ਦੋ ਰੁਪਾਂਤਰ ਹਨ। ਹੋ ਸਕਦਾ ਹੈ ਕਿਸੇ ਉਪਭਾਸ਼ਾ ਵਿਚ ਨਿਉਤਾ ਸ਼ਬਦ ਸਿਰਫ ਵਿਆਹ ਆਦਿ ਦੀ ਰੋਟੀ ਲਈ ਸੱਦਾ ਅਤੇ ਨਿਉਂਦਾ ਸ਼ਬਦ ਸਿਰਫ ਸ਼ਗਨ ਦੇ ਅਰਥਾਂ ਲਈ ਰੂੜ੍ਹ ਹੋਇਆ ਹੋਵੇ ਪਰ ਬਹੁਤੀਆਂ ਉਪਭਾਸ਼ਾਵਾਂ ਵਿਚ ਕੇਵਲ ਨਿਉਂਦਾ ਸ਼ਬਦ ਹੀ ਦੋਨੋਂ ਅਰਥਾਂ ਵਿਚ ਵਰਤਿਆ ਜਾਂਦਾ ਹੈ ਜਦ ਕਿ ਨਿਉਤਾ ਹਿੰਦੀ ਸ਼ਬਦ ਹੈ। ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਸ਼ਗਨ ਦੇ ਅਰਥਾਂ ਵਾਲਾ ਨਿਉਂਦਾ ਤੋਲ ਵਿਚ ਨਿਉਂਦਾ ਹੋਣ (ਤੱਕੜੀ ਦੇ ਵਧੇਰੇ ਭਾਰ ਵਾਲੇ ਪਲੜੇ ਦਾ ਨੀਵਾਂ ਹੋਣਾ) ਦਾ ਅਰਥਾਵਾਂ ਨਹੀਂ ਹੈ। ਇਸ ਦੀ ਵਿਆਖਿਆ ਅੱਗੇ ਚੱਲ ਕੇ ਕੀਤੀ ਜਾਵੇਗੀ।
ਨਿਉਂਦਾ ਸ਼ਬਦ Ḕਨਿਮੰਤ੍ਰḔ ਦਾ ਬਦਲਿਆ ਰੁਪਾਂਤਰ ਹੈ। ਇਸ ਤੋਂ ਬਣੇ ਕਿਰਿਆਵੀ ਨਾਂਵ Ḕਨਿਮੰਤ੍ਰਣḔ ਤੋਂ ਕਈ ਵਾਕਿਫ ਹੋਣਗੇ ਤੇ ਕਈ ਇਸ ਨੂੰ ਸੰਸਕ੍ਰਿਤ, ਹਿੰਦੀ ਦਾ ਗਰਦਾਨਦੇ ਹੋਏ ਇਸ ਨੂੰ ਨਾਕਾਬਲੇ ਬਰਦਾਸ਼ਤ ਅਤੇ ਇਸ ਦੀ ਵਰਤੋਂ ਤੋਂ ਪਰਹੇਜ਼ਗਾਰ ਹੋਣਗੇ। ਨਿਮੰਤ੍ਰ ਸ਼ਬਦ “ਨਿ” ਅਗੇਤਰ ਅੱਗੇ “ਮੰਤ੍ਰ” ਸ਼ਬਦ ਲਗ ਕੇ ਬਣਿਆ ਹੈ। ਇਸ ਦਾ ਇਕ ਭੇਦ ਮੰਤ ਵੀ ਹੈ ਜਿਵੇਂ “ਤੰਤ ਮੰਤ” (ਤੰਤਰ-ਮੰਤਰ) ਸ਼ਬਦ ਜੁੱਟ ਵਿਚ। ਗੁਰੂ ਅਰਜਨ ਦੇਵ ਨੇ ਇਹ ਸ਼ਬਦ ਵਰਤਿਆ ਹੈ, “ਜੋ ਇਹੁ ਮੰਤ ਕਮਾਵੈ ਨਾਨਕ॥”
ਪੰਜਾਬੀ ਵਿਚ ਰਚ ਮਿਚ ਗਏ ਸੰਸਕ੍ਰਿਤ ਮੰਤ੍ਰ ਸ਼ਬਦ ਦੇ ਅਨੇਕਾਂ ਅਰਥ ਹਨ। ਮੁਢਲੇ ਤੌਰ ‘ਤੇ ਵੇਦ ਦੀਆਂ ਰਿਚਾਵਾਂ ਨੂੰ ਮੰਤ੍ਰ ਕਿਹਾ ਜਾਂਦਾ ਹੈ ਜਿਸ ਤੋਂ ਇਸ ਦੀਆਂ ਕਈ ਅਰਥ-ਪ੍ਰਛਾਈਆਂ ਦਾ ਵਿਕਾਸ ਹੋਇਆ। ਇਨ੍ਹਾਂ ਰਿਚਾਵਾਂ ਦੇ ਜਪਣ ਨਾਲ ਮਨ ਦੈਵ-ਪ੍ਰਾਇਣ ਅਤੇ ਉਦਾਤ ਹੋ ਜਾਂਦਾ ਹੈ ਇਸ ਲਈ ਅਜਿਹਾ ਅਸਰ ਕਰਦੀ ਕੋਈ ਹੋਰ ਰਚਨਾ ਵੀ ਮੰਤ੍ਰ/ਮੰਤਰ ਹੈ। ਮੰਤਰ ਵਿਚ ਇਹ ਗੁਣ ਇਸ ਦੀ ਸੰਮੋਹਕ ਕਾਵਿਕਤਾ ਅਤੇ ਸੰਖੇਪਤਾ ਕਾਰਨ ਹੁੰਦੇ ਹਨ ਇਸ ਲਈ ਤਾਂਤਰਿਕ ਅਤੇ ਜਾਦੂਗਰੀ ਕਰਨ ਵਾਲੇ ਲੋਕ ਅਜਿਹੀ ਅਦਭੁਤ ਅਤੇ ਚਕਾਚੌਂਧ ਕਰਨ ਵਾਲੀ ਕਾਵਿਕ ਰਚਨਾ ਨਾਲ ਦੈਵੀ ਸ਼ਕਤੀ ਨੂੰ ਕਿਸੇ ਸਿਧੀ ਦੇ ਮਨੋਰਥ ਹਿਤ ਬੁਲਾਉਣ ਅਤੇ ਸਰੋਤੇ ਨੂੰ ਮੰਤਰ-ਮਗਧ ਕਰਨ ਦੀ ਚੇਸ਼ਟਾ ਕਰਦੇ ਹਨ। ਇਸ ਨੂੰ ਉਹ ਮੰਤਰ ਕਹਿੰਦੇ ਹਨ, “ਛੂ ਮੰਤਰ ਕੀ ਡਾਲੀ ਡਾਲੀ, ਆਪਣਾ ਵਾਰ ਨਾ ਜਾਏ ਖਾਲੀ।” ਨਾਲੇ “ਜੋਗੀ ਮਾਰ ਮੰਤਰ ਕਰੇ ਸੱਪ ਹਾਜ਼ਰ, ਜਾ ਲਿਆ ਵਲਾਇਕੇ ਵਾਰੀਆਂ ਜੀ। ਵਾਰਸ ਸ਼ਾਹ ਓਥੇ ਨਾਹੀਂ ਫੁਰੇ ਮੰਤਰ, ਜਿੱਥੇ ਇਸ਼ਕ ਨੇ ਦੰਦੀਆਂ ਮਾਰੀਆਂ ਜੀ।”
ਗੁਰੂ ਅਰਜਨ ਦੇਵ ਨੇ ਉਤਮ ਮੰਤਰ, ਨੇਕ ਸਲਾਹ ਲਈ ਸੁਮੰਤ੍ਰ ਸ਼ਬਦ ਵਰਤਿਆ ਹੈ, “ਸੁਮੰਤ੍ਰ ਸਾਧੁਬਚਨਾ”। ਮੰਤਰ ਮਾਰਨ ਵਾਲਿਆਂ ਲਈ ਵਰਤੇ ਜਾਂਦੇ ਮਾਂਦਰੀ ਅਤੇ ਮਦਾਰੀ ਸ਼ਬਦ ḔਮੰਤਰਕਾਰḔ ਦੇ ਸੌਖੇ ਰੂਪ ਹਨ। ਮੰਤਰ ਦੀ ਸੰਖੇਪਤਾ ਦੇ ਗੁਣ ਕਾਰਨ ਇਸ ਦੇ ਅਰਥ ਟੋਟਕਾ, ਫਾਰਮੂਲਾ, ਗੁਰ ਵੀ ਹੋ ਗਏ ਹਨ। ਮੰਤਰ ਏਨਾ ਸੰਖੇਪ ਕਿ ਇਕ ਅੱਖਰਾ ਵੀ ਹੋ ਸਕਦਾ ਹੈ। ਇਸੇ ਨਜ਼ਰੀਏ ਤੋਂ ਓਮ ਅਤੇ ੴ ਮੰਤਰ ਹਨ, ਮੂਲ ਮੰਤਰ ਥੋੜ੍ਹਾ ਵੱਡਾ ਹੁੰਦਾ ਹੈ। ਆਮ ਅਰਥਾਂ ਵਿਚ ਮੰਤ੍ਰ ਦਾ ਅਰਥ ਉਪਦੇਸ਼, ਸਲਾਹ ਮਸ਼ਵਰਾ ਆਦਿ ਵੀ ਹੈ, “ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ॥” -ਭਗਤ ਨਾਮਦੇਵ। ਸੋ, ਨਿਮੰਤ੍ਰਣ ਵਿਚ ਕਿਸੇ ਨੂੰ ਬੁਲਾ ਕੇ ਸਲਾਹ-ਮਸ਼ਵਰਾ ਕਰਨ ਤੋਂ ਭਾਵ ਹੈ। ਇਹ ਸਲਾਹ-ਮਸ਼ਵਰਾ ਭੋਜ ਨਾਲ ਹੁੰਦਾ ਹੈ। ਸਮਾਂ ਪਾ ਕੇ ਇਸ ਤੋਂ ਰੋਟੀ ਨਿਵਾਜਣ ਦਾ ਭਾਵ ਰੂੜ੍ਹ ਹੋ ਗਿਆ ਪਰ ਧਿਆਨ ਦਿਓ, ਵਿਆਹ ਦੇ ਨਿਉਂਦੇ ਵਿਚ ਰਿਸ਼ਤੇਦਾਰ, ਸਰੀਕਾ, ਭਾਈਚਾਰਾ, ਦੋਸਤ ਅਤੇ ਕਰੀਬੀ ਵਿਆਹ ਦੇ ਜ਼ਰੂਰੀ ਪੱਖਾਂ ‘ਤੇ ਵਿਚਾਰ ਕਰਦੇ ਹਨ। ਇਥੇ ਆਮੰਤ੍ਰਣ ਸ਼ਬਦ ਵਿਚਾਰਨਾ ਵੀ ਜ਼ਰੂਰੀ ਹੈ। ਪਾਣਿਨੀ ਨੇ ਦੋਵਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਨ੍ਹਾਂ ਸ਼ਬਦਾਂ ਦਾਂ ਟੀਕਾ ਕਰਦਿਆਂ ਕਿਹਾ ਗਿਆ ਹੈ ਕਿ ਨਿਮੰਤ੍ਰਣ ਸ਼ਬਦ ਦਾ ਪ੍ਰਯੋਗ ਉਦੋਂ ਕੀਤਾ ਜਾਂਦਾ ਹੈ ਜਦ ਨਿਮੰਤ੍ਰਿਤ ਵਿਅਕਤੀ ਦਾ ਆਉਣਾ ਲਾਜ਼ਮੀ ਅਤੇ ਕਰਤਵਬਧ ਸਮਝਿਆ ਜਾਵੇ। ਆਮੰਤ੍ਰਣ ਦਾ ਮਤਲਬ ਹੈ ਆਮ ਬੁਲਾਵਾ, ਅਗਲਾ ਆਵੇ ਜਾਂ ਨਾ ਆਵੇ। ਮੇਰਾ ਖਿਆਲ ਹੈ ਕਿ ਆਵ੍ਹਤ ਸ਼ਬਦ ਅਮੰਤ੍ਰਣ ਦਾ ਵਿਗੜਿਆ ਰੂਪ ਹੈ। ਤਤਪਰਜ ਕਿ ਨਿਮੰਤ੍ਰਣ/ਨਿਉਂਦਾ ਕਰੀਬੀਆਂ ਲਈ ਹੁੰਦਾ ਹੈ ਅਤੇ ਇਸ ਦਾ ਮੁਢਲਾ ਮਨੋਰਥ ਸਲਾਹ-ਮਸ਼ਵਰਾ ਹੈ। ਉਂਜ ਆਮੰਤ੍ਰਣ ਦਾ ਮਕਸਦ ਵੀ ਸਲਾਹ ਮਸਵਰੇ ਜਾਂ ਵਿਚਾਰ ਵਟਾਂਦਰੇ ਲਈ ਆਮ ਲੋਕਾਂ ਨੂੰ ਸੱਦਾ ਹੈ। ਗੁਰੂ ਅਰਜਨ ਦੇਵ ਨੇ ਮੰਤ੍ਰਣਹ ਸ਼ਬਦ ਸਿਖਿਆ, ਉਪਦੇਸ਼ ਲਈ ਵਰਤਿਆ ਹੈ, “ਸਿਮਰਤਬਯ ਰਿਦੈ ਗੁਰ ਮੰਤ੍ਰਣਹ” ਅਰਥਾਤ ਗੁਰੂ ਦਾ ਉਪਦੇਸ਼ ਹਿਰਦੇ ਵਿਚ ਟਿਕਾ ਕੇ ਰੱਖਣਾ ਚਾਹੀਦਾ ਹੈ। ਧਿਆਨ ਨਾਲ ਸੋਚਿਆ ਜਾਵੇ ਤਾਂ ਸਲਾਹ ਮਸ਼ਵਰੇ ਵਿਚ ਵੀ ਸਿੱਖਿਆ, ਉਪਦੇਸ਼ ਦੇ ਅਰਥ ਛੁਪੇ ਹੋਏ ਹਨ। ਗੁਰੂ ਦੀ ਸਲਾਹ ਉਪਦੇਸ਼ ਹੀ ਹੈ। ਇਨ੍ਹਾਂ ਹੀ ਅਰਥਾਂ ਵਿਚ ਮੰਤਨ ਸ਼ਬਦ ਵੀ ਆਇਆ ਹੈ, “ਕਿਲਵਿਖ ਸਭ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੇ॥” -ਗੁਰੂ ਅਰਜਨ ਦੇਵ।
ਉਪਰੋਕਤ ਸਾਰੇ ਸ਼ਬਦ “ਮਨ” ਧਾਤੂ ਤੋਂ ਵਿਕਸਿਤ ਹੋਏ ਹਨ ਜਿਸ ਵਿਚ ਸੋਚਣ, ਵਿਚਾਰਨ ਦੇ ਭਾਵ ਹਨ। ਸੋਚਣ ਸ਼ਕਤੀ ਵਾਲੇ ਮਨ ਬਾਰੇ ਸਭ ਜਾਣਦੇ ਹਨ। ਇਸ ਮਨ ਦਾ ਅਰਥ-ਪਸਾਰਾ ਮਨ ਦੀ ਡੂੰਘਾਈ ਅਤੇ ਵਿਸ਼ਾਲਤਾ ਜਿੰਨਾ ਹੀ ਹੈ ਜਿਸ ਲਈ ਕਈ ਲੇਖ ਦਰਕਾਰ ਹਨ। ਉਡੀਕ ਕਰੋ।